ਮਾਫ਼ ਕਰੀਂ
ਪਰ ਹੁਣ ਮੈਂ
ਚਨਾਹ ਵਿੱਚ ਡੁਬ ਕੇ ਨਹੀਂ ਮਰਾਂਗਾ
ਨਾ ਹੁਣ ਜੰਡ ਥਲੇ ਵਡਿਆ ਜਾਵਾਂਗਾ
ਹੁਣ ਮੈਂ ਤੇਰੇ ਨਾਲ ਜੀਣਾ ਚਾਹੁੰਦਾ ਹਾਂ
ਹੁਣ ਮੈਨੂੰ ਲੋਚਾ ਹੈ ਜਿਉਣ ਦੀ
ਮੈਂ ਨਕੋ-ਨਕ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਹਾਂ
ਬੰਧਣ, ਮੇਰੇ ਲਈ ਅਰਥਹੀਨ ਹੈ
ਮੈਂ ਆਜ਼ਾਦ ਹਾਂ
ਗਾਲ੍ਹਾਂ ਕੱਢਣ ਲਈ
ਇਸ਼ਕ਼ ਕਰਣ ਲਈ
ਮੈਂ ਤੇ ਤੂੰ ਇਕ-ਦੂਜੇ ਦੇ ਹਾਂ
ਪਰ ਯਾਦ ਰਖੀਂ
ਮੈਂ ਦਾ ਭਾਵ ਸਿਰਫ਼ ਸ਼ਰੀਰ ਨਹੀਂ ਹੁੰਦਾ
ਪਰ ਐਤਕੀਂ ਮੈਂ
ਕਿਸੇ ਲਈ ਪਹਾੜ ਚੀਰ ਨਹਿਰ ਨਹੀਂ ਕੱਢਣੀ
ਮੈਂ ਸੁਤੰਤਰ ਹਾਂ
ਸਵਾਲ ਕਰਨ ਲਈ
ਜਵਾਬ ਦੇਣ ਲਈ
ਤੇ ਚੁੱਪ ਰਹਿਣ ਲਈ
ਤੂੰ ਮੇਰੇ ਇਸ਼ਕ਼ ਨੂੰ ਗੁਲਾਮੀ ਨਾ ਸਮਝੀ
ਮੈਂ ਬਿਸਤਰ ਵਿੱਚ ਬੈਠ ਸਿਗਰਟ ਪੀਣੀ ਹੈ
ਤੇ ਤੇਰੀ ਛਾਤੀ ਤੇ ਸਿਰ ਰਖ ਸੋਣਾ ਵੀ ਹੈ
ਪਰ ਇਸ ਵਾਰ
ਜੇ ਯਾਰ ਮਨਾਵਾਂ ਤੇ ਪੈਰੀਂ ਘੁੰਗਰੂ ਹੋਣ
ਇਹ ਜ਼ਰੂਰੀ ਨਹੀਂ
ਮੈਨੂੰ ਵਰਕਿਆਂ ’ਤੇ ਵਾਹੀਆਂ ਲਕੀਰਾਂ ਨੂੰ ਪੀਣ ਦਾ ਸ਼ੌਕ ਹੈ
ਤੇ ਕਾਗਜ਼ ਕਾਲੇ ਕਰਨ ਦਾ
ਪਰ ਇਸ ਵਾਰ ਮੈਂ ਤੇਰੇ ਲਈ ਹੀਰ ਲਿਖਾਂ
ਇਸ ਦੀ ਆਸ ਨਾ ਰਖੀਂ
ਹੁਣ ਤੂੰ ਤੇ ਮੈਂ ਆਜ਼ਾਦ ਰਹਾਂਗੇ
ਤੇਰੇ ਖ਼ੁਦਾ ਤੇ ਮੇਰੇ ਵਿਚਾਰਾਂ ਵਾਂਗ
ਮੈਂ ਕਿਸੇ ਨੂੰ ਸਫਾਈ ਦੇਣ ਲਈ ਨਹੀਂ ਜੰਮਿਆਂ
ਤੂੰ ਮੈਨੂੰ ਜਿਉਣ ਤੋਂ ਨਾ ਰੋਕੀਂ
ਤੂੰ ਖ਼ਤ ਪਾਈ
ਭਾਵੇਂ ਮੇਰੇ ਬਿਸਤਰ` ’ਚ ਰਹੀਂ
ਪਰ ਮਾਫ਼ ਕਰੀਂ
ਮੈਂ ਤੈਨੂੰ ਏਸ ਦਫ਼ਾ ਪਟ ਚੀਰ ਕੇ ਖਵਾਂਵਾਂ
ਏਸ ਬਾਰੇ ਨਾ ਸੋਚੀਂ
ਮੈਂ ਜਿਊਣ ਆਇਆਂ ਹਾਂ
ਤੇ ਜਿਉ ਕੇ ਜਾਵਾਂਗਾ
ਸੰਪਰਕ: 7508003044
ਈ ਮੇਲ: john.kafir@gmail.com

