(‘ਪੜ ਪਿਆ ਤਾਂ ਸਾਕ ਗਿਆ’ ਪੰਜਾਬੀ ਅਖਾਣ)
ਬਾਬੇ ਨੇ ਸਿਰ ਧੜ ਦੀ ਲਾਈ,
ਲਾ ਕੇ ਲੋਕਾਂ ਨਾਲ ਨਿਭਾਈ।
ਪੜਪੋਤੇ, ਜੋਕਾਂ ਨਾਲ ਖਲੋਤੇ॥
ਕਰਦੇ ਤਾਰਾ-ਰਾ-ਰਾ!!
ਜਿਸ ਦਿੱਲੀ –
ਲੋਕਾਂ ਦੀ ਖਾਤਰ,
ਬਾਬੇ ਕੀਤਾ ਸੀਸ ਨਿਛਾਵਰ।
ਓਥੇ ਲੋਕ-ਧਰੋਹ ਦਾ ਝੰਡਾ॥
ਝੂਲੇ ਤਾਰਾ-ਰਾ-ਰਾ!!
ਵਰ੍ਹੀ ਜੋ ਅੱਗ ਜਰਵਾਣੀ,
ਬਾਬੇ ਸਿਰ ਦੀ ਛਤਰੀ ਤਾਣੀ।
ਓਥੇ ਸਿਰਾਂ ਨੂੰ ਲਾਂਬੂ ਲਾਉਂਦੇ॥
ਗਾਉਂਦੇ ਤਾਰਾ-ਰਾ-ਰਾ **!!
ਬਾਬੇ ਹਿੰਦ ਤੇ ਚਾਦਰ ਦਿੱਤੀ,
ਪੜ-ਪੋਤਰਿਆਂ ਨੇ ਲਾਹ ਸਿੱਟੀ।
ਨੰਗਾ ਨੱਚੇ ਹਿੰਦੋਸਤਾਨ॥
ਤਾਂਡਵ ਤਾਰਾ-ਰਾ-ਰਾ!!
_________________________
‘ਚ ਬਲ਼ਦੇ ਟਾਇਰ ਪਾ ਕੇ ਉਹਨਾਂ ਦੁਆਲੇ ਘੁੰਮਦੇ ‘ਤਾਰਾ-ਰਾ-ਰਾ’
ਕਰਦੇ ਸਨ।
***
ਪੰਜਾਬੋਂ ਖ਼ਬਰਾਂ
ਪੰਜਾਬ ਦੇ ਪੁੱਤ
ਚਾਂਦਨੀ ਚੌਕ ਗਏ
ਲੋਕਾਂ ਸਿਰੋਂ ਜ਼ਹਿਰੀ ਡੰਗ ਲਾਹੁਣ
ਪੰਜਾਬ ਉਦੋਂ
ਖ਼ਬਰਾਂ ‘ਚ ਸੀ
‘ਹਿੰਦ ਦੀ ਚਾਦਰ’ ਕਰਕੇ।
ਪੰਜਾਬ ਦੇ ਪੁੱਤ
ਚਾਂਦਨੀ ਚੌਕ ਗਏ ਨੇ
ਸਿਰਾਂ ਨੂੰ ਜ਼ਹਿਰੀ ਡੰਗ ਲੁਆਉਣ!**
ਪੰਜਾਬ ਹੁਣ
ਖ਼ਬਰਾਂ ‘ਚ ਹੈ
ਪੁਰਖਿਆਂ ਦੇ ਨਿਰਾਦਰ ਕਰਕੇ॥
***
ਅੱਤਵਾਦ
ਉਹ ‘ਪ੍ਰਭਾਕਰਨ’1 ਦੇ ਪਿੰਡਾਂ ਦਾ
ਮਛਵਾਰਾ ਮੁੰਡਾ ਹੈ
ਅੱਤਵਾਦ ਖਿਲਾਫ਼ ਬੋਲਦਾ
‘ਟਾਈਗਰਾਂ’2 ਨੂੰ
ਤਾਮਿਲ ‘ਚ ਗਾਲ੍ਹਾਂ ਕੱਢਣ ਲੱਗਦਾ ਹੈ।
ਗਲੋਬਲੀ ਕੰਪਨੀ ਦੇ ਦਫਤਰੋਂ
ਦਸ-ਘੰਟੇ ਦੀ ਸਿ਼ਫਟ ਲਾ
ਅਸੀਂ ਭਾਂਅ ਭਾਂਅ ਕਰਦੀ
ਪਾਰਕਿੰਗ ਲਾਟ ‘ਚ
ਸਿਰਫ਼ ਸਾਡੀ ਖੜੀ ਕਾਰ ਵੱਲ ਵੱਧ ਰਹੇ ਹਾਂ।
ਉਹ ਮੇਰੇ ਪਿੱਛੇ ਪਿੱਛੇ
ਆਉਂਦਾ ਰੁਕ ਗਿਆ ਹੈ…
ਆਲ-ਦੁਆਲੇ ਦੇਖ ਕੇ ਕਹਿ ਰਿਹਾ ਹੈ
‘ਅੰਨਾ3! ਵਟ ਇਜ਼ ਦਿਸ
ਅੱਜ ਕਹਿੰਦੇ ਦਿਨ ਸੁਹਣਾ ਸੀ
ਆਲ ਗੋਰਾਅਸ ਗੌਨ
ਜਸਟ ਯੂ ਐਂਡ ਮੀਂ ਲੈਫਟ
ਟੂ ਫਿਨਸ਼ ਦ ਫੱਕਨ-ਵਰਕ!
ਸਮਥਿੰਗ ਰਾਂਗ ਵਿਦ ਦਿਸ ‘ਸਿਸ..ਟਮ’।”
‘ਸਿਸ..ਟਮ’ ਲਫ਼ਜ਼ ਕਹਿੰਦਿਆਂ
ਉਸਨੇ ਅਪਣੀਆਂ ਐਨਕਾਂ ਨੂੰ ਸਾਫ਼ ਕੀਤਾ ਹੈ।
‘ਸਿਸ’ ਅਤੇ ‘ਟਮ’ ਵਿਚਲੇ ਉਸਦੇ ‘ਪਾਉਜ਼’ ‘ਚ
ਅੱਤਵਾਦੀ ਸਪੇਸ ਹੈ॥
1. ਸ੍ਰੀ ਲੰਕਾ ਦੇ ‘ਲਿਟੇ’ ਖਾੜਕੂਆਂ ਦਾ ਸਰਗਨਾ 2. ਸ੍ਰੀ ਲੰਕਾ ਦੇ ‘ਲਿਟੇ’ ਖਾੜਕੂ 3. ‘ਭਾਅ-ਜੀ’ ਦਾ ਤਾਮਿਲ ਰੂਪ
***
ਬਿੰਬ,ਬੰਬ ਅਤੇ ਕਵਿਤਾ
ਕਵੀ ਸੌਂ ਗਿਆ।
ਇਕ ਅਛੂਤਾ ਬਿੰਬ
ਕਵਿਤਾ ਹੋਣੋ ਰਹਿ ਗਿਆ।
ਬਿੰਬ ਨੇ ਨਿਰਾਸ਼ਾ ‘ਚ
ਅਪਣੀ ‘ਸਿਹਾਰੀ’
ਵਗਾਹ ਮਾਰੀ।
ਅਤੇ ‘ਬੰਬ’ ਹੋ ਗਿਆ।
***
ਬਰਛੇ ਨੂੰ ਦਲੀਲ
ਗੁਰਾਂ ਹਰਿਮੰਦਰ ਸਾਜਿਆ।
ਚਹੁੰ ਵਰਨਾ ਕੋ ਦਰਵਾਜ਼ੇ
ਇਕੋ ਰਾਹ।
ਓਸ ਰਾਹੇ
ਹੁਣ
ਵਾਰਾ-ਪਹਿਰਾ
ਬਰਛੇ ਵਾਲੇ ਰਹਿਤਨਾਮੇ ਦਾ।
ਕਿ ਅੰਦਰ:
ਮਰਦਾਨਿਆਂ ਨੂੰ ਕੀਰਤਨ ਮਨ੍ਹਾਂ
ਬੀਬੀਆਂ ਭਾਨੀਆਂ ਸ਼ੁੱਧ ਨਹੀਂ ‘ਸੇਵਾ ਲਈ’
……………………………
ਮੀਆਂ ਮੀਰ ਦੇ ਕਰ ਕਮਲ
ਮਾਤਾ ਸੁੰਦਰੀ ਦਾ ਹੱਥ ਲੱਗੇ ਪਤਾਸੇ
ਦਲੀਲ ਦੇਣੀ ਚਾਹੁੰਦੇ
ਬਰਛੇ ਨੂੰ॥
***
ਕੁਝ ਸਿ਼ਅਰ
ਦਿਨ-ਬ-ਦਿਨ ਇਉਂ ਹਰ ਹਕੀਕਤ, ਘਟਦੀ ਘਟਦੀ ਘਟ ਰਹੀ ਹੈ।
ਜਿ਼ੰਦਗੀ ਜਿਉਂ ਹੌਲੀ ਹੌਲੀ, ਸੁਪਨੇ ਦੇ ਵਿਚ ਵਟ ਰਹੀ ਹੈ॥
ਅਪਣੇ ਮਾਲਕ ਦੀ ਹਥੇਲੀ, ਤਕ ਹੀ ਹੈ ਜਦ ਹਰ ਉਡਾਰੀ
ਪਿੰਜਰੇ ਦੀ ਬਚਤ ਚੋਂ ਹੁਣ ਬੋਨਸ ਬੁਰਕੀ ਬਟ ਰਹੀ ਹੈ॥
ਤਿਉਂ ਤਿਉਂ ਅੰਬਰ ਛੋ ਰਹੇ ਨੇ, ਪੁਰਸਕਾਰਾਂ ਨਾਲ ਲੇਖਕ
ਲੇਖਣੀ ਜਿਉਂ ਜਿਉਂ ਉਨਾਂ ਦੀ, ਧਰਤੀ ਨਾਲੋਂ ਕਟ ਰਹੀ ਹੈ॥
ਅਜਨਬੀ ਜਿਹੀ ਲੋਅ ’ਚ ਰੌਸ਼ਨ, ਹੋ ਰਹੀ ਹੈ ਅਸਲੀ ਦੁਨੀਆਂ
ਅਪਣੇਪਨ ਤੇ ਦੋਸਤੀ ਦੀ, ਧੁੰਦ ਜਿਉਂ ਜਿਉਂ ਛਟ ਰਹੀ ਹੈ॥
ਵਾਲ ਸਟਰੀਟੀ ਖਿਡਾਰਨ, ਸ਼ਾਹੀ ਘਰ ਦੀ ਰੁਤਬੇਦਾਰਨ
ਇਕ ਫਫੇਕੁਟਣੀ ਦਮੂੰਹੀ, ਕਾਮਰੇਡੀ ਰਟ ਰਹੀ ਹੈ॥

