ਨਵੇਂ ਸਾਲ ਦੀ ਆਮਦ ’ਤੇ,
ਨਵਾਂ ਸਾਲ ਮੁਬਾਰਕਬਾਦ!
ਦੇ ਸੁਨੇਹਿਆਂ ਨਾਲ,
ਮੈਸੇਜ਼ ਬਾਕਸ ਭਰ ਗਿਆ ਹੈ।
ਸਮਝ ਨਹੀਂ ਆਉਂਦੀ,
ਕਿ ਨਵੇਂ ਸਾਲ ਵਿਚ,
ਨਵਾਂ ਕੀ ਹੋਏਗਾ?
ਬੜਾ ਸੋਚਦਾ ਹਾਂ,
ਕੀ ਇਸ ਸਾਲ,
ਸਾਲਮ ਏ.ਟੀ.ਐਮ ਚੋਰੀ ਕਰਨ ਦਾ ਅਮਲ,
ਰੁਕ ਜਾਵੇਗਾ?
ਪਾਰਲੇ ਪਾਸਿਉਂ ਆਉਂਦੀਆਂ,
ਮਣਾਂ ਮੂੰਹੀਂ ਬਰਬਾਦੀ ਦੀਆਂ ਪੰਡਾਂ ਨੂੰ,
ਠੱਲੇ੍ਹਗਾ ਕੋਈ ,
ਕਹਿਣੀ ਤੇ ਕਥਨੀ ਦਾ ਸੂਰਾ?
ਕੀ ਇਸ ਸਾਲ ਕੋਈ ਹੋਰ ਅਬਲਾ,
ਯਕੀਨਨ ਹੀ ਦਾਜ ਦੀ ਬਲੀ ਨਹੀਂ ਚੜ੍ਹੇਗੀ ?
ਕੋਈ ਹੋਰ ਮੁਟਿਆਰ,
ਕਿਸੇ ਮਹਾਂਨਗਰ ਦੇ ਬਿਊਟੀ ਪਾਰਲਰ ਵਿਚ,
ਕਿਸੇ ਲਾਲਚੀ ਵਹਿਸ਼ੀ ਦਰਿੰਦੇ ਵਲੋਂ,
ਸੁੱਟੇ ਗਏ ਤੇਜ਼ਾਬ ਦਾ,
ਸ਼ਿਕਾਰ ਨਹੀਂ ਹੋਵੇਗੀ?
ਕੀ ਨਵੇਂ ਸਾਲ ਵਿਚ,
ਭਰੂਣ ਹੱਤਿਆਵਾਂ ਰੁਕ ਜਾਣਗੀਆਂ?
ਸੁਣਾਈਆਂ ਗਈਆਂ ਸ਼ਜਾਵਾਂ ਕੱਟ ਚੁੱਕੇ ਕੈਦੀਆਂ ਨੂੰ,
ਸਮੇਂ ਦੀ ਸਿਆਸਤ ਰਿਹਾਅ ਕਰ ਦੇਵੇਗੀ?
ਕੀ ਫਿਰ ਕਿਸੇ ਕਹਿਣੀ ਤੇ ਕਥਨੀ ਦੇ ਸੂਰੇ,
ਗੁਰੂ ਕੇ ਸਿੱਖ ਨੂੰ,
ਲਗਾਤਾਰ 44 ਦਿਨ,
ਭੁੱਖ ਹੜਤਾਲ ਤੇ ਤਾਂ ਨਹੀਂ ਬਹਿਣਾ ਪਵੇਗਾ?
ਕੀ ਮਚਲੀ ਸਿਆਸਤ,
ਫਿਰ ਕਿਸੇ ਸ.ਗੁਰਬਖਸ਼ ਸਿੰਘ ਦੇ,
ਦਿ੍ਰੜ ਇਰਾਦੇ ਅਤੇ ਵਿਸ਼ਵਾਸ ਦਾ,
ਚੀਰ ਹਰਨ ਤਾਂ ਨਹੀਂ ਕਰੇਗੀ?
ਕੀ ਇੱਕ ਰੁਪਈਏ ਕਿੱਲੋ ਆਟੇ ਦੇ ਹੱਕ ਤੋਂ,
ਅਗਾਂਹ ਵੱਧਦੀ ਹੋਈ ਸਿਆਸਤ,
ਗਰੀਬ ਲੋਕਾਂ ਨੂੰ,
ਮਾਣ ਨਾਲ ਕੰਮ ਕਰਨ ਦਾ ਹੱਕ ਦੇਵੇਗੀ?
ਕੀ ਪੰਚਾਇਤਾਂ ਦੇ ਵਿਰੋਧ ਕਰਨ ਦੇ ਬਾਵਜੂਦ ,
ਹਾਕਮ ਧਿਰ,
ਧੱਕੇ ਨਾਲ ਠੇਕੇ ਖੁਲਵਾਉਣ ਦੇ ਅਮਲ ਨੂੰ ਇਸੇ ਤਰ੍ਹਾਂ ਜਾਰੀ ਰੱਖੇਗੀ?
ਕੀ ਇਹ ਸਟੰਟਬਾਜ਼ਾਂ ਦੀ ਦੁਨੀਆਂ,
ਨਵੇਂ ਵਰ੍ਹੇ ਵਿਚ ਸਟੰਟ ਕਰਨੋਂ ਬਾਜ ਆ ਜਾਵੇਗੀ?
ਕੀ ਆਮ ਲੋਕਾਂ ਦਾ,
ਏਸੇ ਤਰ੍ਹਾਂ ਹੀ ਸ਼ੋਸ਼ਣ ਹੁੰਦਾ ਰਹੇਗਾ?
ਜਾਂ ਫਿਰ ਕੋਈ ਉਠੇਗਾ ਨਵਾਂ ਕੇਜਰੀਵਾਲ?
ਭਲਾ ਤੂੰ ਹੀ ਦੱਸ?
ਸਮੇਂ ਦੇ ਮੱਥੇ ‘ਤੇ ਲਿਖਿਆ ਹੋਇਆ ਸੱਚ ,
ਬਦਲ ਜਾਵੇਗਾ ?
ਹਾਮੀ ਕਿਉਂ ਨਹੀਂ ਭਰਦਾ?
ਜੇ ਨਹੀਂ!
ਤੇ ਫਿਰ ਭਲਾ ਕਾਹਦਾ ਹੋਇਆ,
ਨਵਾਂ ਸਾਲ ਮੁਬਾਰਕਬਾਦ!
ਆ,
ਦੋ ਟੁੱਕ ਫੈਸਲਾ ਕਰੀਏ,
ਜਦੋਂ ਤੱਕ,
ਕੋਈ ਨਵਾਂ ਕੇਜਰੀਵਾਲ ਨਹੀਂ ਆਉਂਦਾ।
ਅਸੀਂ ਨਹੀਂ ਕਹਾਂਗੇ,
ਨਵਾਂ ਸਾਲ ਮੁਬਾਰਕਬਾਦ।

