ਅੱਜ ਕੱਲ ਪੰਛੀ ਸਹਿਮੇ ਸਹਿਮੇ ਰਹਿੰਦੇ ਨੇ
ਅੱਜ ਕੱਲ ਪੰਛੀ ਸਹਿਮੇ ਸਹਿਮੇ ਰਹਿੰਦੇ ਨੇ
ਉਝੜਿਆ ਰੈਨ-ਬਸੇਰਾ ਭਟਕੇ ਰਹਿੰਦੇ ਨੇ
ਹੁਣ ਚੱੜਦੇ ਸੂਰਜ ਨੂੰ ਸਲਾਮਾਂ ਹੋਵਣ ਜੀ
ਲੋੜ ਪੈਣ ਤੇ ਯਾਰ ਨਾ ਨੇੜੇ ਬਹਿੰਦੇ ਨੇ
ਹੱਕ ਸੱਚ ਦੀ ਗੱਲ ਜੋ ਮੂੰਹੋਂ ਕਢਦਾ ਏ
ਅੱਖੀਂ ਮੁਨਸਬ ਦੇ ਰੜਕਦੇ ਰਹਿੰਦੇ ਨੇ
ਜਖ਼ਮ ਮੁਹਬੱਤਾਂ ਵਾਲੇ ਕਈਆਂ ਖਾਦੇ ਜੀ
ਮਿਠਾ ਮਿਠਾ ਦਰਦ ਉਹ ਸਹਿੰਦੇ ਰਹਿੰਦੇ ਨੇ
ਤੂਤਾਂ ਵਾਲੇ ਖੂਹ ਤੇ ਬਣਦੀਆਂ ਢਾਣੀਆਂ ਸੀ
ਅੱਜ ਕੱਲ ਉਹ ਟਿੱਲੇ ਵੀ ਤੱਪਦੇ ਰਹਿੰਦੇ ਨੇ
ਜਗਮਗ ਤੇਰਾ ਸ਼ਹਿਰ ਤੇ ਖੂਬ ਨਜ਼ਾਰੇ ਸੀ
ਅੱਜ-ਕੱਲ ਪਰ ਉਸਨੂੰ ਤਾਂ ਜੰਗਲ ਕਹਿੰਦੇ ਨੇ
ਖੂਨ ਵਹਾਇਆ ਕਈਆਂ ਪੱਟ ਚਰਾਇਆ ਏ
ਉਲਫਤ ਦੇ ਵਿੱਚ ਪਾਗਲ ਜਿਹਾ ਕਹਾਉਂਦੇ ਨੇ
ਝੂਠਿਆਂ ਨੂੰ ਤਾਂ ਲੋਕ ਸਿੰਘਾਸਨ ਦੇਂਦੇ ਨੇ
ਸਚਿਆਂ ਨੂੰ ਸ਼ਮਸ਼ਾਨ ‘ਚ ਧੱਕਦੇ ਰਹਿੰਦੇ ਨੇ
ਸੋਹਲ ਕੋਲ ਜੋ ਆਇਆ ਕੋਈ ਤਾਂ ਮਤਲਬ ਹੈ
ਆਪਣਾ ਕੀਮਤੀ ਸਮਾਂ ਕੋਣ ਗਵਾਉਂਦੇ ਨੇ
ਤੇਰੇ ਦਰ ਉੱਤੇ ਆਏ ਹਾਂ ਫਕੀਰ ਬਣਕੇ
ਤੇਰੇ ਦਰ ਉੱਤੇ ਆਏ ਹਾਂ ਫਕੀਰ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਨੈਨ ਦੀਦ ਦੇ ਪਿਆਸੇ ਭੁੱਲੇ ਬੁੱਲੀਆਂ ਨੇ ਹਾਸੇ
ਰੂਹ ਨੂੰ ਭਟਕਣ ਤੇਰੀ ਤੈਨੂ ਲੋਚੇ ਚਾਰੇ ਪਾਸੇ
ਮੁੱਖ ਮੋੜੀ ਨਾਂ ਤੂੰ ਸਾਥੋ ਨੀ ਰਕੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਸੇਕ ਤੰਨ ਤੇ ਹੰਢਾਇਆ ਐਸਾ ਜੋਗ ਕਮਾਇਆ
ਮੇਰੀ ਜਿੰਦ ਦਾ ਸਵਾਮੀ ਸਾਨੂੰ ਮੋੜ ਲਿਆਇਆ
ਵਿੱਚ ਖੜ ਜਾ ਤੂੰ ਰੂਹਾਂ ਦੇ ਨਸੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਅਸੀਂ ਕੰਨ ਪੜਵਾਏ ਨਾਲੇ ਕੰਜਰੀ ਕੁਹਾਏ
ਤੈਨੂੰ ਵੇਖਾਂ ਇੱਕ ਵਾਰੀ ਹੰਝੂ ਲਹੁ ਦੇ ਵਹਾਏ
ਜਿੰਦ ਬਚ ਜਾਉ ਆ ਜਾ ਤੂੰ ਤਬੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਪਈ ਜਦੋਂ ਦੀ ਜੁਦਾਈ ਭੁੱਲੇ ਰੱਬ ਦੀ ਖੁਦਾਈ
ਰੱਬ ਮੰਨ ਲਿਆ ਤੈਨੂੰ ਦੇਂਦਾ ਫਿਰਾਂ ਮੈਂ ਦੁਹਾਈ
ਰਹਾਂ ਜੱਪਦਾ ਮੈਂ ਤੈਨੂੰ ਨੀ ਕਰੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
***
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਕਿਹੜੀ ਸਾਥੋਂ ਭੁੱਲ ਦੱਸ ਦੋਸ਼ ਹੋਏ ਜਿਹੜੇ
ਤੇਰੇ ਅੱਗੇ ਸ਼ੀਸ਼ ਚੰਨਾ ਨਿੱਤ ਮੈਂ ਝੁਕਾਇਆ ਏ
ਪਿਆਰ ਵਾਲਾ ਨਗਮਾ ਤੇਰੇ ਸੰਗ ਗਾਇਆ ਏ
ਤੇਰੇ ਬਿਨਾ ਬੋਲ ਗੁੰਗੇ ਕੋਣ ਸਾਜ਼ ਛੇੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਢਲ ਗਈਆਂ ਸ਼ਾਮਾਂ ਅਤੇ ਹੋ ਗਿਆ ਹਨੇਰਾ ਵੇ
ਕਦੋਂ ਰਾਤ ਮੁੱਕੇ ਕਦੋਂ ਹੋਏਗਾ ਸਵੇਰਾ ਵੇ
ਹੋਲੀ ਹੋਲੀ ਗਮ ਹੁਣ ਹੋਏ ਨੇੜੇ-ਨੇੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਚੀਰ ਚ ਸੰਦੂਰ ਯਾਦਾਂ ਤੇਰੀਆਂ ਦਾ ਪਾਇਆ ਏ
ਚੂੜਾ ਸੁਹਾਗ ਸੋਹਣੀ ਵੀਣੀ ਤੇ ਸਜਾਇਆ ਏ
ਕਾਥੋਂ ਦੇਰੀ ਲਾਈ ਕਿਓਂ ਤੂੰ ਪਾਏ ਨੇ ਬਖੇੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਮਾਹੀ ਦੇ ਮਿਲਾਪ ਵਾਲਾ ਦੀਵਾ ਮੈਂ ਜਗਾਉਦੀ ਹਾਂ
ਝੁੱਲਦੇ ਤੁਫਾਨਾਂ ਵਿੱਚ ਬੁਝਨੋੰ ਬਚਾਉਂਦੀ ਹਾਂ
ਆਵੇਂਗਾ ਜਦੋਂ ਵੇ ਪੈਰ ਚੁੰਮਲਾਂਗੀ ਤੇਰੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਈ-ਮੇਲ: rbsohal@gmail.com

