ਪਹਿਲੇ ਪਹਿਰ ਉੱਸ ਆਣ ਜਗਾਇਆ ਨਰਮ ਹੱਥਾਂ ਨਾਲ ਫੜ ਕੇ I
ਨਰਮ ਬਦਨ ਉਹਦਾ ਭਿੱਜਿਆ ਜਿਵੇਂ ਆਈ ਝਿਨਾ ਉਹ ਤਰ ਕੇ I
ਦਿਲ ਦੀ ਗੱਲ ਹੋਠਾਂ ਤੇ ਆਈ ਪਰ ਉਹ ਕੁਝ ਨਾ ਕਹਿ ਸਕਿਆ,
ਹਰ ਲਫਜ਼ ਮੈਂ ਤਰ ਲਿਆ ਸੀ ਉਹਦੇ ਨੈਣ ਸਮੁੰਦਰ ਹੜ ਕੇ I
ਵਾਰ ਨਜ਼ਰ ਦਾ ਦਿੱਲ ਤੇ ਹੋਇਆ ਫਿਰ ਵੀ ਮੈਂ ਖਾਮੋਸ਼ ਰਿਹਾ,
ਹਰ ਕੋਨਾ ਦਿੱਲ ਦਾ ਰੁਸ਼ਨਿਆ ਅਖੀਆਂ ਰਸਤੇ ਵੜ ਕੇ I
ਗਲ ਵਫ਼ਾ ਇਸ਼ਕ ਦੀ ਹੋਈ ਰੂਹ ਨੂੰ ਰੂਹ ਸੰਗ ਪਿਆਰ ਹੋਇਆ,
ਮੰਗਿਆ ਉਸਨੇ ਵਰ ਵਸਲਾਂ ਪਲਕਾਂ ਦਾ ਕਾਸਾ ਕਰ ਕੇ I
ਰਣ ਭੂਮੀ ਇਸ਼ਕ ਵਿੱਚ ਲੱਗਿਆ ਮੈਂ ਇੱਕ ਜੰਗ ਜਿਵੇਂ ਲਈ ਏ,
ਖੈਰ ਮੈਂ ਉਸਦੇ ਕਾਸੇ ਪਾਈ ਦਿੱਲ ਕਦਮਾਂ ਵਿੱਚ ਧਰ ਕੇ I
ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ
ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ I
ਦਿਲ ਦੇ ਹਨੇਰ ਆਲਿਆਂ ਨੂੰ ਉਹ ਜੋਤ ਬਣ ਰੁਸ਼ਨਾ ਗਿਆ I
ਕਈ ਵਾਰ ਆਪਣੇ ਆਪ ਤੋਂ ਹੋਇਆ ਮੈਂ ਬਹੁਤ ਦੂਰ ਸੀ,
ਆਇਆ ਉਹ ਲੈ ਕੇ ਜ਼ਿੰਦਗੀ ਤੇ ਮੇਰੇ ਹੱਥ ਥਮਾ ਗਿਆ I
ਸੋਚਿਆ ਹਰ ਗਮ ਨੂੰ ਜੁਦਾ ਖੁਸ਼ੀਆਂ ਤੋ ਮੈਂ ਹੁਣ ਕਰ ਦੇਵਾਂ,
ਸਾਇਆ ਜ਼ਿੰਦਗੀ ਕਾਇਆ ਦੀ ਹੈ ਉਹ ਮੈਨੂੰ ਸਮਝਾ ਗਿਆ I
ਖੁਸ਼ੀ ਦੇ ਰਸਤੇ ‘ਚ ਆਉਂਦੀਆਂ ਮੈਂ ਔਕੜਾਂ ਨੂੰ ਗਾਹ ਦੇਵਾਂ,
ਹਮਸਫਰ ਬਣਕੇ ਉਹ ਮੇਰਾ ਮੰਜਲ ਤੱਕ ਪਹੁੰਚਾ ਗਿਆ I
ਚੰਨ ਅਤੇ ਸੂਰਜ ਵੀ ਵੰਡਦੇ ਨੇ ਬਹੁੱਤ ਲੋਆਂ ਮਗਰ,
ਹਨੇਰਾ ਥੋੜੀ ਦੇਰ ਲਈ ਇੱਕ ਜੁਗਨੂੰ ਵੀ ਮਿਟਾ ਗਿਆ I
***
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਲੈ ਕੇ ਜੇ ਤੂੰ ਦਿੱਤੀਆਂ ਨਾਂ ਚੀਜ਼ਾਂ ਅੱਜ ਮੰਗੀਆਂ
ਘਰ ਨਹੀਂ ਮੈਂ ਤੇਰੇ ਫਿਰ ਰਹਿਣਾ ਵੇ
ਲੋਕਾਂ ਦੀਆਂ ਨਾਰਾਂ ਪਟਿਆਲਾ ਸ਼ਾਹੀ ਪਾਉਂਦੀਆਂ
ਜਾ ਕੇ ਬਿਉਟੀ ਪਾਰਲਰ ਰੂਪ ਉਹ ਸਜਾਉਂਦੀਆਂ
ਸੂਹੀ ਫੁਲਕਾਰੀ ਵਾਲਾ ਸੂਟ ਤੂੰ ਸੁੰਵਾਂਦੇ
ਅੱਜ ਬਾਰ ਬਾਰ ਤੈਨੂੰ ਮੈਂ ਤਾਂ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਹਰ ਵਾਰੀ ਕਹਿੰਦਾ ਜੀਰੀ ਵੇਚ ਕੇ ਮੈਂ ਆਵਾਂਗਾ
ਕੋਕਾ ਵੰਗਾ ਵਾਲੀਆਂ ਸੁਨਾਰ ਤੋਂ ਘੜਾਵਾਂਗਾ
ਬਨਾਵਟੀ ਅਭੁਸ਼ਨਾ ਤੇ ਉਮਰ ਲੰਗਾਤੀ
ਮੈਂ ਤਾਂ ਸੂਟ ਵੀ ਪੁਰਾਣੇ ਨਿੱਤ ਪਹਿਨਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਪੇਕਿਆਂ ਦੇ ਘਰ ਮੈਂ ਤਾਂ ਰੋਬ ਨਾਲ ਰਹਿੰਦੀ ਸੀ
ਮਾਪਿਆਂ ਦੀ ਝਿੜਕ ਮੈਂ ਰਤਾ ਵੀ ਨਾ ਸਹਿੰਦੀ ਸੀ
ਨਾਲ ਲਾਡਾਂ ਨਾਲ ਉਹਨਾਂ ਪਾਲਿਆ ਏ ਮੈਨੂੰ
ਤੂੰ ਤਾਂ ਨਿੱਤ ਹੀ ਗਰੀਬੀ ਦੱਸ ਬਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਢਲ ਗਈ ਜਵਾਨੀ ਕਦੇ ਮੋੜ ਨਾ ਲਿਆਂਵਾਂਗੇ
ਦੱਸ ਬੁਡੇ ਵਾਰੇ ਕਿਹੜਾ ਰੂਪ ਨੂੰ ਸਜਾਵਾਂਗੇ
ਇਹੋ ਦਿੰਨ ਹੁੰਦੇ ਲਾਉਣ ਪਾਉਣ ਲਈ ਵੇ ਚੰਨਾ
ਕਰਾਂ ਮਿੰਨਤਾਂ ਤੂੰ ਮੰਨ ਮੇਰਾ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਈ-ਮੇਲ : rbsohal@gmail.com

