ਅੱਖਾਂ ਵਿੱਚ ਜੋ ਕਾਲਾ ਗੋਲ ਹਿੱਸਾ ਹੁੰਦਾ ਹੈ, ਉਸ ਨੂੰ ਕੋਰਨੀਆਂ (ਅੱਖ ਦੀ ਪਾਰਦਰਸ਼ਕ ਝਿੱਲੀ) ਕਿਹਾ ਜਾਂਦਾ ਹੈ।ਇਹ ਅੱਖ ਦਾ ਉਹ ਹਿੱਸਾ ਹੈ, ਜਿਸ ਸਦਕਾ ਅਸੀਂ ਬਾਹਰੀ ਚੀਜ਼ਾਂ ਨੂੰ ਦੇਖਦੇ ਹਾਂ।ਅੱਖਾਂ ਦੀ ਰੌਸ਼ਨੀ ਬੁਝਨ ਜਾਂ ਝਿੱਲੀ ਦੇ ਪ੍ਰਭਾਵਤ ਹੋਣ ਦੇ ਮੁੱਖ ਕਾਰਨ ਕੁਪੋਸ਼ਣ, ਸੱਟ ਲੱਗਣਾ, ਜੰਮਾਦਰੂ ਬਿਮਾਰੀ ਅਤੇ ਲਾਗ ਆਦਿ ਹੋ ਸਕਦੇ ਹਨ।ਬੁਝੀਆਂ ਅੱਖਾਂ ਫਿਰ ਤੋਂ ਜਗਮਗਾ ਸਕਦੀਆਂ ਹਨ, ਬਸ਼ਰਤੇ ਕਿਸੇ ਮਰੇ ਵਿਅਕਤੀ ਦੀਆਂ ਅੱਖਾਂ ਦੀਆਂ ਝਿੱਲੀਆਂ ਜੇਕਰ ਛੇ ਤੋਂ ਅੱਠ ਘੰਟਿਆਂ ਵਿੱਚ ਉਨ੍ਹਾਂ ਅੱਖਾਂ ਨੂੰ ਨਸੀਬ ਹੋ ਜਾਣ, ਪਰ ਹਿੰਦੁਸਤਾਨ ਵਿੱਚ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਰਾਹ ਵਿੱਚ ਹਾਲੇ ਕਈ ਰੋੜ੍ਹੇ ਹਨ।
ਅੱਖਾਂ ਦਾਨ ਕਰਨ ਦਾ ਜਿੱਥੋਂ ਤੱਕ ਸਵਾਲ ਹੈ ਤਾਂ ਇਸ ਮਾਮਲੇ ਵਿੱਚ ਸਾਡਾ ਗੁਆਂਢੀ ਮੁਲਕ ਸ੍ਰੀ ਲੰਕਾ ਇੱਕ ਮਿਸਾਲ ਬਣਿਆ ਹੋਇਆ ਹੈ। ਸ੍ਰੀ ਲੰਕਾ ਆਕਾਰ ਵਿੱਚ ਬੇਸ਼ੱਕ ਭਾਰਤ ਨਾਲੋਂ ਛੋਟਾ ਹੈ, ਪਰ ਉਹ ਸਾਰੀ ਦੁਨੀਆਂ ਦੀਆਂ ਅੱਖਾਂ ਵਿੱਚ ਚਾਨਣ ਵੰਡਣ ਦੇ ਮਾਮਲੇ ਵਿੱਚ ਵੱਡਾ ਬਣ ਚੁੱਕਾ ਹੈ।ਜਿੱਥੇ ਭਾਰਤ ਵਿੱਚ ਅੱਖਾਂ ਦਾਨ ਕਰਨ ਸਬੰਧੀ ਅੰਧ-ਵਿਸ਼ਵਾਸ ਅੱਖੋਂ ਸੱਖਣੇ ਵਿਅਕਤੀਆਂ ਲਈ ਸ਼ਰਾਪ ਬਣਿਆ ਹੋਇਆ ਹੈ, ਉੱਥੇ ਇਹੋ ਅੰਧ-ਵਿਸ਼ਵਾਸ ਸ੍ਰੀ ਲੰਕਾ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ।ਸ੍ਰੀ ਲੰਕਾ ਵਿੱਚ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਜਿਹੜਾ ਵਿਅਕਤੀ ਅੱਖਾਂ ਦਾਨ ਕਰਦਾ ਹੈ, ਉਹ ਸਵਰਗ ਵਿੱਚ ਜਾਂਦਾ ਹੈ।ਅਸਲ ਵਿੱਚ ਇਸ ਦੀਆਂ ਜੜ੍ਹਾਂ ਸ੍ਰੀ ਲੰਕਾ ਦੇ ਸੱਭਿਆਚਾਰਕ ਪਿਛੋਕੜ ਵਿੱਚ ਲੁਕੀਆਂ ਹੋਈਆਂ ਹਨ, ਜਿਸ ਵਿੱਚ ਬੁੱਧ ਧਰਮ ਵਿਚਲਾ ‘ਦਾਨ’ ਦਾ ਸੰਕਲਪ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ।ਇਹੋ ਕਾਰਨ ਹੈ ਕਿ ਜਦੋਂ ਉੱਥੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਰਿਸ਼ਤੇਦਾਰ ਨੇੜਲੇ ਡਾਕਟਰ ਨਾਲ ਰਾਬਤਾ ਕਰਕੇ ਸਬੰਧਤ ਵਿਅਕਤੀ ਦੀਆਂ ਅੱਖਾਂ ਦਾਨ ਕਰਦੇ ਹਨ।
ਅੱਖਾਂ ਦਾਨ ਕਰਨ ਲਈ ਜ਼ਰੂਰੀ ਹੈ ਕਿ ਇਛੁੱਕ ਵਿਅਕਤੀ ਆਪਣਾ ਨਾਂ ਅੱਖਾਂ ਦੇ ਬੈਂਕ ਜਾਂ ਹਸਪਤਾਲ ਵਿੱਚ ਦਰਜ ਕਰਵਾਏ।ਇਸ ਤੋਂ ਬਿਨਾਂ ਇਹ ਹੋਰ ਵੀ ਜ਼ਰੂਰੀ ਹੈ ਕਿ ਵਿਅਕਤੀ ਦੀ ਮੌਤ ਤੋਂ ਤੁਰੰਤ ਬਾਅਦ ਰਿਸ਼ਤੇਦਾਰ ਇਸ ਸਬੰਧੀ ਨੇੜਲੇ ਅੱਖਾਂ ਦੇ ਬੈਂਕ ਨੂੰ ਸੂਚਿਤ ਕਰਨ ਅਤੇ ਦੂਜਿਆਂ ਨੂੰ ਵੀ ਇਸ ਕਾਰਜ ਪ੍ਰਤੀ ਜਾਗਰੂਕ ਕਰਨ ਨਾ ਕਿ ਅੰਧ-ਵਿਸ਼ਵਾਸ ਦਾ ਪ੍ਰਸਾਰ ਕਰਨ।ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕਰਨ ਅਤੇ ਇਸ ਸਬੰਧੀ ਲੋਕ ਮਨਾਂ ਵਿੱਚ ਵੱਸੇ ਅੰਧ-ਵਿਸ਼ਵਾਸ ਦੀ ਕਾਲਖ਼ ਨੂੰ ਮੇਟਣ ਵਿੱਚ ਧਾਰਮਿਕ ਸਥਾਨ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ।ਇਸ ਤੋਂ ਬਿਨਾਂ ਅੱਖਾਂ ਦੀ ਮਹੱਤਤਾ ਅਤੇ ਦਾਨ ਸਬੰਧੀ ਸਕੂਲੀ ਪੱਧਰ ਤੋਂ ਹੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।ਇਸ ਨਾਲ ਨਾ ਸਿਰਫ਼ੳਮਪ; ਬੱਚਿਆਂ ਦੀ, ਸਗੋਂ ਉਨ੍ਹਾਂ ਦੇ ਮਾਪਿਆਂ ਦੀ ਸੋਚ ਵਿੱਚ ਵੀ ਬਦਲਾਓ ਆਵੇਗਾ, ਜਿਸ ਸਦਕਾ ਅੱਖਾਂ ਦਾਨ ਕਰਨ ਭਾਵਨਾ ਇੱਕ ਪਰਿਵਾਰਕ ਰੀਤ ਵਜੋਂ ਵੀ ਉੱਭਰ ਸਕੇਗੀ।
ਆਓ ਆਪਣੀਆਂ ਅੱਖਾਂ ਦਾਨ ਕਰੀਏ ਤੇ ਉਨ੍ਹਾਂ ਦੀ ਦੁਨੀਆਂ ਨੂੰ ਰੌਸ਼ਨੀ ਨਾਲ ਸੁਜਾਖਾ ਕਰੀਏ, ਜਿਹਨਾਂ ਲਈ ਇਹ ਦੁਨੀਆਂ ਦੇ ਮਾਅਨੇ ਸਿਰਫ਼ ਤੇ ਸਿਰਫ਼ ਹਨੇਰਾ ਬਣ ਚੁੱਕੇ ਹਨ।

