ਅਜਿਹੇ ਫ਼ਤਵੇ ਹਾਲਾਂਕਿ ਪਹਿਲਾਂ ਹੀ ਕਈ ਦੇਸ਼ਾਂ ਦੇ ਤਮਾਮ ‘ਨੀਮ-ਹਕੀਮ’ ਮੌਲਵੀਆਂ ਦੁਆਰਾ ਵੱਖ-ਵੱਖ ਦੇਸ਼ਾਂ ਵਿੱਚ ਜਾਰੀ ਕੀਤੇ ਜਾ ਚੁੱਕੇ ਹਨ, ਪ੍ਰੰਤੂ ਪਿਛਲੇ ਦਿਨੀਂ ਇੱਕ ਰਾੱਕ-ਬੈਂਡ ’ਚ ਮੁਸਲਿਮ ਨੌਜਵਾਨ ਲੜਕੀਆਂ ਦੀ ਹਿੱਸੇਦਾਰੀ ਦੇ ਵਿਰੁੱਧ ਜਦੋਂ ਇੱਕ ਮੌਲਵੀ ਨੇ ਇਸਲਾਮੀ ਦਲੀਲਾਂ ਪੇਸ਼ ਕਰਦੇ ਹੋਏ ਇਤਰਾਜ਼ ਜਤਾਇਆ ਤਾਂ ਇੱਕ ਵਾਰ ਫਿਰ ਭਾਰਤ ’ਚ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਕਿ ਅਸਲ ’ਚ ਇਸਲਾਮ ਧਰਮ ’ਚ ਸੰਗੀਤ ਦਾ ਕੀ ਸਥਾਨ ਹੈ? ਇਸਲਾਮ ’ਚ ਸੰਗੀਤ ਦੀ ਪ੍ਰਸੰਗਿਕਤਾ ਕੀ ਹੈ ਅਤੇ ਸੰਗੀਤ, ਇਸਲਾਮ ਦੀਆਂ ਨਜ਼ਰਾਂ ’ਚ ਜਾਇਜ਼ ਹੈ ਜਾਂ ਹਰਾਮ ਅਤੇ ਨਾਜਾਇਜ਼? ਕੀ ਅਜਿਹੇ ਮੌਲਵੀਆਂ ਨੂੰ ਸਮੇਂ-ਸਮੇਂ ’ਤੇ ਅਜਿਹੇ ਵਿਸ਼ਿਆਂ ’ਤੇ ਆਪਣੇ ਫ਼ਤਵੇ ਜਾਰੀ ਵੀ ਕਰਨੇ ਚਾਹੀਦੇ ਹਨ ਜਾਂ ਨਹੀਂ?
ਆਉ ਇਸ ਵਿਸ਼ੇ ’ਤੇ ਇਸਲਾਮੀ ਇਤਿਹਾਸ ’ਚ ਝਾਂਕਣ ਦੀ ਕੋਸ਼ਿਸ਼ ਕਰੀਏ। ਗੌਰਤਬ ਹੈ ਕਿ ਇਸਲਾਮ ਧਰਮ ਨੂੰ ਹਜ਼ਰਤ ਮੁਹੰਮਦ ਦੇ ਸਮੇਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਇਸਲਾਮੀ ਮਾਨਤਾਵਾਂ ਇਹ ਹਨ ਕਿ ਹਜ਼ਰਤ ਮੁਹੰਮਦ, ਜੋ ਕਿ ਇਸਲਾਮ ਦੇ ਆਖ਼ਰੀ ਪੈਗੰਬਰ ਮੰਨੇ ਜਾਂਦੇ ਹਨ, ਉਨ੍ਹਾਂ ਦੇ ਸਮੇਂ ਤੋਂ ਉਨ੍ਹਾਂ ਦੇ ਅਨੁਆਈ ਜਿਸ ਪੰਥ ਦਾ ਅਨੁਸਰਨ ਕਰਨ ਲੱਗੇ, ਉਸ ਦਾ ਨਾਮ ਇਸਲਾਮ ਸੀ। ਪ੍ਰੰਤੂ ਇਸਲਾਮੀ ਮਾਨਤਾਵਾਂ ਅਨੁਸਾਰ ਇਸਲਾਮ ਦੀ ਸ਼ੁਰੂਆਤ ਧਰਤੀ ਦੇ ਪਹਿਲੇ ਮਨੁੱਖ ਤੇ ਪਹਿਲੇ ਪੈਗੰਬਰ ਹਜ਼ਰਤ ਆਦਮ ਤੋਂ ਹੋਈ ਦੱਸੀ ਜਾਂਦੀ ਹੈ।
ਹੁਣ ਜੇਕਰ ਅਸੀਂ ਪੈਗੰਬਰ ਹਜ਼ਰਤ ਦਾਊਦ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਤੇ ਮੁੱਖ ਖਿੱਚ ’ਤੇ ਨਜ਼ਰ ਮਾਰੀਏ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸ ਦੇ ਪੰਨਿਆਂ ਨੂੰ ਪਲਟੀਏ ਤਾਂ ਅਸੀਂ ਦੇਖਾਂਗੇ ਕਿ ਖ਼ੁਦਾ ਨੇ ਹਜ਼ਰਤ ਦਾਊਦ ਨੂੰ ਮੂਸੀਕੀ ਦਾ ਸ਼ਹਿਨਸ਼ਾਹ ਬਣਾ ਕੇ ਧਰਤੀ ’ਤੇ ਭੇਜਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਆਪਣੇ ਸੁਰ ਲਗਾਉਂਦੇ ਸਨ ਤਾਂ ਪਰਬਤ ਅਤੇ ਜੰਗਲ ਮਸਤੀ ਵਿੱਚ ਆ ਕੇ ਉਨ੍ਹਾਂ ਦੇ ਸੁਰ ਨਾਲ ਆਪਣਾ ਸੁਰ ਮਿਲਾਉਣ ਲੱਗਦੇ ਸਨ। ਇਨ੍ਹਾਂ ਹੀ ਨਹੀਂ ਬਲਕਿ ਤਮਾਮ ਪੰਛੀ ਤੇ ਜਾਨਵਰ ਸਾਰੇ ਹਜ਼ਰਤ ਦਾਊਦ ਦੀ ਸੁਰੀਲੀ ਆਵਾਜ਼ ਵੱਲ ਖਿੱਚੇ ਚਲੇ ਆਉਂਦੇ ਸਨ। ਹਜ਼ਰਤ ਦਾਊਦ ਦਾ ਰਾਗਾਂ, ਸਾਜ਼ਾਂ ਤੇ ਸੁਰਾਂ ’ਤੇ ਸੰਪੂਰਨ ਨਿਯੰਤਰਣ ਸੀ।
ਜੇਕਰ ਅੱਲ੍ਹਾ ਦੀਆਂ ਨਜ਼ਰਾਂ ’ਚ ਸੰਗੀਤ ਹਰਾਮ ਹੁੰਦਾ ਜਾਂ ਨਾਜਾਇਜ਼ ਹੁੰਦਾ ਤਾਂ ਉਹ ਆਪਣੇ ਪਿਆਰੇ ਪੈਗੰਬਰ ਹਜ਼ਰਤ ਦਾਊਦ ਨੂੰ ਗੀਤ-ਸੰਗੀਤ ਦੀ ਇੰਨੀ ਵੱਡੀ ਦੌਲਤ ਤੇ ਹੁਨਰ ਨਾਲ ਕਿਉਂ ਨਿਵਾਜ਼ਦੇ? ਖ਼ੁਦਾ ਜਾਂ ਆਪਣੇ ਪੀਰ-ਓ-ਮੁਰਸ਼ਦ ਦੀ ਉਪਾਸਨਾ ਕਰਨ ਦਾ ਇੱਕ ਮਾਧਿਅਮ ਗੀਤ-ਸੰਗੀਤ ਹੀ ਹੈ। ਕਿਹਾ ਜਾ ਸਕਦਾ ਹੈ ਕਿ ਇਸ ਦੀ ਸ਼ੁਰੂਆਤ ਹਜ਼ਰਤ ਦਾਊਦ ਦੇ ਸਾਜ਼ ਨਾਲ ਹੋਈ, ਜੋ ਅੱਜ ਦੇ ਯੁੱਗ ’ਚ ਨੁਸਰਤ ਫ਼ਤਹਿ ਅਲੀ ਖ਼ਾਨ ਅਤੇ ਬਿਸਮਿਲਾ ਖ਼ਾਨ ਜਿਹੇ ਮਹਾਰਥੀਆਂ ਤੱਕ ਪਹੁੰਚੀ। ਬਿਸਮਿਲਾ ਖ਼ਾਨ ਤੇ ਨੁਸਰਤ ਫ਼ਤਹਿ ਅਲੀ ਖ਼ਾਨ, ਦੋਨਾਂ ਦੇ ਹੀ ਸੰਬੰਧ ’ਚ ਦੱਸਿਆ ਜਾਂਦਾ ਹੈ ਕਿ ਇਹ ਪੰਜ ਵਕਤ ਦੇ ਨਵਾਜੀ ਸਨ ਅਤੇ ਹਰ ਸਮੇਂ ਖ਼ੁਦਾ ਨੂੰ ਯਾਦ ਰੱਖਦੇ ਸਨ। ਉਨ੍ਹਾਂ ਦਾ ਇਹੀ ਚਿੰਤਨ ਉਨ੍ਹਾਂ ਨੂੰ ਗੀਤ-ਸੰਗੀਤ ਦੀ ਦੁਨੀਆਂ ’ਚ ਉਸ ਬੁਲੰਦੀ ’ਤੇ ਲੈ ਗਿਆ, ਜਿੱਥੇ ਦੁਨੀਆਂ ਦਾ ਕੋਈ ਸ਼ਹਿਨਾਈ ਵਾਦਕ ਜਾਂ ਗਾਇਕ ਨਹੀਂ ਪਹੁੰਚ ਸਕਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਨਾਈ ਜਿਹੇ ਸਾਜ਼ ’ਤੇ ਆਪਣਾ ਇੱਕ ਛਤਰ ਨਿਯੰਤਰਨ ਰੱਖਣ ਵਾਲੇ ਉਸਤਾਦ ਬਿਸਮਿਲਾ ਖ਼ਾਨ ਨੂੰ ਤਾਂ ਉਨ੍ਹਾਂ ਦੀ ਬੇਮਿਸਾਲ ਸ਼ਹਿਨਾਈ ਕਲਾ ਲਈ ਸਰਕਾਰ ਭਾਰਤ ਰਤਨ ਨਾਲ ਨਿਵਾਜ਼ਦੀ ਹੈ ਤਾਂ ਕਠਮੁੱਲਿਆਂ ਨੂੰ ਉਹੀ ਸੰਗੀਤ ਇਸਲਾਮ ਵਿਰੋਧੀ ਜਾਂ ਨਾਜਾਇਜ਼ ਦਿਖਾਈ ਦਿੰਦਾ ਹੈ।
ਮਜ਼ਾਰਾਂ, ਖਾਨਕਾਹਾਂ, ਦਰਗਾਹਾਂ ’ਚ ਕਵਾਲੀਆਂ ਗਾਉਣ ਅਤੇ ਗੀਤ-ਸੰਗੀਤ ਦੇ ਮਾਧਿਅਮ ਨਾਲ ਆਪਣੇ ਮੁਰਸ਼ਦ ਨੂੰ ਖੁਸ਼ ਕਰਨ, ਸ਼ਰਧਾਂਜਲੀ ਦੇਣ ਜਾਂ ਉਸ ਦੀ ਸ਼ਾਨ ’ਤ ਕਸੀਦੇ ਪੜ੍ਹਨ ਦਾ ਸਿਲਸਿਲਾ ਬੇਸ਼ੱਕ ਹਜ਼ਰਤ ਦਾਊਦ ਦੇ ਸਮੇਂ ਤੋਂ ਸ਼ੁਰੂ ਹੋਇਆ, ਪਰ ਮੱਧ ਯੁੱਗ ’ਚ ਹਜ਼ਰਤ ਅਮੀਰ ਖ਼ੁਸਰੋ ਦੇ ਜ਼ਮਾਨੇ ਤੋਂ ਇਸ ਕਲਾ ਨੂੰ ਮੁੜ ਸੰਜੀਵਨੀ ਮਿਲੀ ਹੈ। ਜੇਕਰ ਇਸਲਾਮ ’ਚ ਸੰਗੀਤ ਹਰਾਮ ਜਾਂ ਨਾਜਾਇਜ਼ ਹੁੰਦਾ ਤਾਂ ਹਜ਼ਰਤ ਅਮੀਰ ਖੁਸਰੋ ਦੀ ਗੀਤ-ਸੰਗੀਤ ਪ੍ਰਤੀ ਇੰਨੀ ਦਿਲਚਸਪੀ ਕਿਉਂ ਹੁੰਦੀ? ਅਜਮੇਰ ਸ਼ਰੀਫ਼, ਹਜ਼ਰਤ ਨਿਜ਼ਾਮੂਦੀਨ ਔਲੀਆ ਜਿਹੇ ਮਹਾਨ ਸੂਫ਼ੀ-ਸੰਤਾਂ ਦੀਆਂ ਦਰਗਾਹਾਂ ’ਤੇ ਹਰ ਸਮੇਂ ਢੋਲਕ, ਤਬਲੇ ਅਤੇ ਹਰਮੋਨੀਅਮ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ।
ਮੋਹਰਮ ਦੇ ਮੌਕੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਕਰਕੇ ਉਨ੍ਹਾਂ ਨੂੰ ਕਈ ਧਰਮਾਂ ਦੇ ਕਈ ਵਰਗਾਂ ਦੁਆਰਾ ਅਲੱਗ-ਅਲੱਗ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਬਿਸਮਿੱਲਾ ਖ਼ਾਨ ਆਪਣੀ ਸ਼ਹਿਨਾਈ ਬਜਾ ਕੇ ਹਜ਼ਰਤ ਇਮਾਮ ਹੁਸੈਨ ਨੂੰ ਸ਼ਰਧਾਂਜਲੀ ਦਿੰਦੇ ਸਨ। ਉਨ੍ਹਾਂ ਦੀ ਸ਼ਹਿਨਾਈ ਸੁਣ ਕੇ ਤਾਂ ਪੱਥਰ ਦਿਲ ਇਨਸਾਨ ਵੀ ਰੋ ਪੈਂਦਾ ਸੀ। ਕੀ ਇਹ ਸਭ ਇਸਲਾਮ ’ਚ ਸੰਗੀਤ ਦੇ ਹਰਾਮ ਹੋਣ ਦੇ ਲੱਛਣ ਕਹੇ ਜਾ ਸਕਦੇ ਹਨ? ਜਿਸ ਹਜ਼ਰਤ ਹੁਸੈਨ ਨੇ ਇਸਲਾਮ ਧਰਮ ਨੂੰ ਬਚਾਉਣ ਲਈ ਕਰਬਲਾ ’ਚ ਆਪਣੇ ਪੂਰੇ ਪਰਿਵਾਰ ਦੀ ਕੁਰਬਾਨੀ ਦਿੱਤੀ ਹੋਵੇ, ਉਸ ਹੁਸੈਨ ਦੇ ਚਾਹੁਣ ਵਾਲੇ ਕੀ ਗੈਰ ਇਸਲਾਮੀ ਢੰਗ ਅਪਣਾ ਕੇ ਆਪਣੇ ਪਿਆਰੇ ਹੁਸੈਨ ਨੂੰ ਯਾਦ ਕਰਨਾ ਚਾਹੁਣਗੇ? ਸ਼ਾਇਦ ਕਦੇ ਨਹੀਂ। ਬੜੀ ਹੈਰਾਨੀ ਦੀ ਗੱਲ ਹੈ ਕਿ ਕਠਮੁੱਲਿਆਂ ਨੂੰ ਇਸਲਾਮ ’ਚ ਸੰਗੀਤ ਹਰਾਮ ਅਤੇ ਨਾਜਾਇਜ਼ ਦਿਖਾਈ ਦਿੰਦਾ ਹੈ।
ਦੂਜੇ ਪਾਸੇ ਅੱਲਾ ਨੇ ਮੁਸਲਿਮ ਘਰਾਣਿਆਂ ’ਚ ਹੀ ਵੱਡੇ ਤੇ ਛੋਟੇ ਗੁਲਾਮ ਅਲੀ, ਡਾਗਰ ਭਰਾ, ਬਿਸਮਿੱਲਾ ਖ਼ਾਨ, ਨੁਸਰਤ ਫਤਹਿ ਅਲੀ ਖ਼ਾਨ, ਮੈਂਹਦੀ ਹਸਨ ਸਮੇਤ ਤਮਾਮ ਅਜਿਹੇ ਉਸਤਾਦ ਫ਼ਨਕਾਰ ਪੈਦਾ ਕੀਤੇ, ਜਿਨ੍ਹਾਂ ਦਾ ਝੰਡਾ ਹਮੇਸ਼ਾ ਦੁਨੀਆਂ ’ਚ ਗੀਤ-ਸੰਗੀਤ ਦੇ ਖੇਤਰ ’ਚ ਲਹਿਰਾਉਂਦਾ ਰਹੇਗਾ। ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਵੀ ਵਿਅਕਤੀ ਦਾ ਸੰਗੀਤ ਨਾਲ ਰਿਸ਼ਤਾ ਤਾਂ ਉਸ ਦੇ ਪੈਦਾ ਹੋਣ ਨਾਲ ਉਸੇ ਵਕਤ ਸ਼ੁਰੂ ਹੋ ਜਾਂਦਾ ਹੈ, ਜਦੋਂ ਇੱਕ ਨਵੇਂ ਜੰਮੇ ਬੱਚੇ ਦੀ ਮਾਂ ਆਪਣੇ ਬੱਚੇ ਨੂੰ ਸੁਰੀਲੀ ਆਵਾਜ਼ ’ਚ ਲੋਰੀਆਂ ਗਾ ਕੇ ਉਸ ਨੂੰ ਸੁਲਾਉਣ ਦਾ ਯਤਨ ਕਰਦੀ ਹੈ।
ਦਰਅਸਲ ਇਸਲਾਮੀ ਨੀਮ-ਹਕੀਮ ਕੱਟੜਪੰਥੀਆਂ ਦੁਆਰਾ ਸੰਗੀਤ ਦੇ ਵਿਰੱਧ ਦਿੱਤੇ ਜਾਣ ਵਾਲੇ ਤਰਕਾਂ ਦਾ ਕਾਰਨ ਇਹ ਹੈ ਕਿ ਸੰਗੀਤ ਦਾ ਜਾਦੂ ਕਿਸੇ ਇਨਸਾਨ ’ਤੇ ਨਸ਼ਾ ਜਿਹਾ ਚੜ੍ਹਾ ਦਿੰਦਾ ਹੈ ਅਤੇ ਗੀਤ-ਸੰਗੀਤ ’ਚ ਡੁੱਬਿਆ ਇਨਸਾਨ ਆਪਣੀ ਅਸਲੀਅਤ ਤੋਂ ਦੂਰ ਹੋ ਜਾਂਦਾ ਹੈ। ਇਹੀ ਤਰਕ ਇਸਲਾਮ ’ਚ ਨਸ਼ੇ ਦੇ ਵਿਰੁੱਧ ਦਿੱਤਾ ਗਿਆ ਹੈ ਅਤੇ ਸੰਗੀਤ ਨੂੰ ਨਸ਼ੇ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਸੱਚ ਹੈ ਕਿ ਇਸਲਾਮ ਧਰਮ ਦੇ ਤਮਾਮ ਵਰਗਾਂ ’ਚ ਰੂੜੀਵਾਦੀ ਲੋਕ ਗੀਤ-ਸੰਗੀਤ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਦਾ ਸੰਗੀਤ ਤੋਂ ਫਾਸਲਾ ਬਣਾ ਕੇ ਰੱਖਣਾ ਜਾਂ ਨਫ਼ਰਤ ਕਰਨਾ ਉਨ੍ਹਾਂ ਨੂੰ ਮੁਬਾਰਕ ਹੋਵੇ, ਪ੍ਰੰਤੂ ਇਸ ਵਿਸ਼ੇ ’ਤੇ ਇਸਲਾਮ ਦਾ ਨਾਂ ਲੈ ਕੇ ਗੀਤ-ਸੰਗੀਤ ਦੇ ਵਿਰੁੱਧ ਫ਼ਤਵੇ ਜਾਰੀ ਨਹੀਂ ਕਰਨੇ ਚਾਹੀਦੇ। ਸੰਗੀਤ ਤੋਂ ਇਲਾਵਾ ਤਮਾਮ ਹੋਰ ਵੀ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਲੈ ਕੇ ਮੁਸਲਮਾਨਾਂ ਦੇ ਅਲੱਗ-ਅਲੱਗ ਵਰਗਾਂ ’ਚ ਮਤਭੇਦ ਬਣੇ ਹੋਏ ਹਨ। ਪ੍ਰੰਤੂ ਕਿਸੇ ਵਰਗ ਜਾਂ ਕਿਸੇ ਵਿਚਾਰਧਾਰਾ ਨੂੰ ਦੂਜਿਆਂ ’ਤੇ ਜਬਰਨ ਥੋਪਣ ਦਾ ਅਧਿਕਾਰ ਕਿਸੇ ਨੂੰ ਹਰਗਿਜ਼ ਨਹੀਂ ਹੋਣਾ ਚਾਹੀਦਾ।

