ਉੱਤਰ ਪ੍ਰਦੇਸ਼ ਵਿਚ 2017 ’ਚ ਫਿਰਕੂ ਤੌਰ ’ਤੇ ਇਕ ਬਹੁਤ ਹੀ ਵੰਡੀ ਹੋਈ ਚੋਣ ਮੁਹਿੰਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਦਾਨ ’ਚ ਨਿੱਤਰੇ ਤਾਂ ਹਾਲਾਤ ਦੀ ਉਤੇਜਨਾ ਹੋਰ ਵਧ ਗਈ। ਇਕ ਜਨਤਕ ਮੰਚ ਤੋਂ ਉਨ੍ਹਾਂ ਨੇ ਰਾਜ ਸਰਕਾਰ, ਜੋ ਇਕ ਵਿਰੋਧੀ-ਧਿਰ ਦੇ ਹੱਥ ’ਚ ਸੀ ਉੱਪਰ ਇਲਜ਼ਾਮ ਲਗਾਇਆ ਕਿ ਉਹ ਸ਼ਮਸ਼ਾਨਾਂ ਦੇ ਮੁਕਾਬਲੇ ਕਬਰਸਤਾਨਾਂ ਉੱਪਰ ਵਧੇਰੇ ਖ਼ਰਚ ਕਰਕੇ ਮੁਸਲਮਾਨਾਂ ਨੂੰ ਖ਼ੁਸ਼ ਕਰ ਰਹੀ ਹੈ।
ਆਪਣੇ ਸਦਾਬਹਾਰ ਹਿਕਾਰਤ ਭਰੇ ਅੰਦਾਜ਼ ’ਚ, ਜਿਸ ’ਚ ਹਰੇਕ ਤਾਅਨਾ ਅਤੇ ਚੁੱਭਵੀਂ ਗੱਲ ਇਕ ਡਰਾਉਣੀ ਗੂੰਜ ’ਤੇ ਪਹੁੰਚ ਕੇ ਮੁੱਕਣ ਤੋਂ ਪਹਿਲੇ, ਵਾਕ ਦਰਮਿਆਨ ਤੱਕ ਆਉਦੇ-ਆਉਦੇ ਇਕ ਸਿਖ਼ਰਲੀ ਸੁਰ ’ਤੇ ਪਹੁੰਚ ਜਾਂਦਾ ਹੈ, ਉਨ੍ਹਾਂ ਨੇ ਭੀੜ ਨੂੰ ਉਕਸਾਇਆ। ਉਨ੍ਹਾਂ ਕਿਹਾ, ‘ਪਿੰਡ ਵਿਚ ਜੇ ਕਬਰਸਤਾਨ ਬਣਦਾ ਹੈ ਤਾਂ ਪਿੰਡ ਵਿਚ ਸ਼ਮਸਾਨ ਵੀ ਬਣਨਾ ਚਾਹੀਦਾ ਹੈ।’
‘ਸ਼ਮਸਾਨ! ਸ਼ਮਸਾਨ!’ ਮੰਤਰ-ਮੁਗਧ, ਭਗਤ ਭੀੜ ਵਿੱਚੋਂ ਜਵਾਬੀ ਗੂੰਜ ਉੱਠੀ।
ਸ਼ਾਇਦ ਉਹ ਹੁਣ ਖ਼ੁਸ਼ ਹੋਣ ਕਿ ਭਾਰਤ ਦੇ ਸ਼ਮਸਾਨਾਂ ਤੋਂ ਸਮੂਹਿਕ ਅੰਤਿਮ ਸੰਸਕਾਰਾਂ ਨਾਲ ਉੱਠਦੀਆਂ ਲਾਟਾਂ ਦੀਆਂ ਦੁਖਦਾਈ ਤਸਵੀਰਾਂ ਅੰਤਰਰਾਸ਼ਟਰੀ ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਆ ਰਹੀਆਂ ਹਨ। ਅਤੇ ਕਿ ਉਨ੍ਹਾਂ ਦੇ ਮੁਲਕ ਦੇ ਸਾਰੇ ਕਬਰਸਤਾਨ ਅਤੇ ਸ਼ਮਸ਼ਾਨ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ, ਆਪਣੀ-ਆਪਣੀ ਆਬਾਦੀ ਦੇ ਸਿੱਧੇ ਅਨੁਪਾਤ ’ਚ ਅਤੇ ਆਪਣੀਆਂ ਸਮਰੱਥਾਵਾਂ ਤੋਂ ਕਿਤੇ ਜ਼ਿਆਦਾ।