ਪੁਲੀਸ ਦੀ ਮਿਲੀ ਭੁਗਤ ਨਾਲ ਔਰਤ ਸਾਧ ਬਣੇ ਨੌਜਵਾਨ ’ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ - ਸ਼ਿਵ ਕੁਮਾਰ ਬਾਵਾ
Posted on:- 26-01-2014
ਮਾਹਿਲਪੁਰ ਦੇ ਵਾਰਡ ਨੰਬਰ 13 ਵਿੱਚ ਰਹਿ ਰਹੇ ਇੱਕ ਪ੍ਰਾਪਰਟੀ ਅਤੇ ਪੇਂਟਰ ਦਾ ਧੰਦਾ ਕਰਨ ਵਾਲੇ ਜ਼ਿਲ੍ਹਾ ਜਲੰਧਰ ਦੇ ਕਪੂਰ ਪਿੰਡ ਜਾ ਕੇ ਇੱਕ ਧਾਰਮਿਕ ਸਥਾਨ ’ ਤੇ ਅੱਡਾ ਜਮਾਉਣ ਵਾਲੇ ਇੱਕ ਨੌਜਵਾਨ ਵਲੋਂ ਕਥਿੱਤ ਤੌਰ ’ ਤੇ ਪਾਖੰਡੀ ਸਾਧ ਬਣਕੇ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾਉਣ ਦਾ ਮਾਮਲਾ ਸਾਹਮਣੇ ਅਇਆ ਹੈ। ਇਸ ਮਾਮਲੇ ਨੇ ਉਸ ਵਕਤ ਤੂਲ ਫੜ ਲਈ ਜਦ ਉਕਤ ਅਖੌਤੀ ਬਾਬੇ ਵਲੋਂ ਪੰਜਾਬ ਪੁਲੀਸ ਦੇ ਆਪਣੇ ਇੱਕ ਹਮਾਇਤੀ ਥਾਣੇਦਾਰ ਅਤੇ ਮੁਲਾਜ਼ਮਾਂ ਦੀ ਸ਼ਹਿ ’ਤੇ ਜਿਥੇ ਪਿੰਡ ਵਾਸੀਆਂ ਨੂੰ ਡਰਾਇਆ ਧਮਕਾਇਆ ਉਥੇ ਪਿੰਡ ਦੇ ਵਿੱਚ ਹਾਲ ਹੀ ਵਿੱਚ ਸਵਰਗਵਾਸ ਹੋਏ ਡੇਰਾ ਮੁਖੀ ਮਹਾਂਪੁਰਸ਼ ਦੀ ਰੂਹ ਨੂੰ ਆਪਣੇ ਵਿੱਚ ਪ੍ਰਵੇਸ਼ ਹੋਣ ਦਾ ਪ੍ਰਚਾਰ ਕਰਕੇ ਡੇਰੇ ’ ਤੇ ਕਬਜ਼ਾ ਕਰਨ ਦੀ ਕਥਿੱਤ ਕੋਸ਼ਿਸ਼ ਕੀਤੀ।
ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲੀਸ ਦੇ ਉੱਚ ਅਧਿਕਾਰੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਦੂਸਰੇ ਪਾਸੇ ਪਿੰਡ ਦੇ ਕੁੱਝ ਲੋਕਾਂ ਸਮੇਤ ਡੇਰੇ ਨਾਲ ਸਬੰਧਤ ਸੰਗਤ ਵਲੋਂ ਪੁਲੀਸ ’ਤੇ ਦੋਸ਼ ਲਾਇਆ ਹੈ ਕਿ ਉਹ ਉਹਨਾਂ ਵਲੋਂ ਉਕਤ ਪਾਖੰਡੀ ਬਾਬੇ ਦੀਆਂ ਕਈ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਨ, ਪ੍ਰੰਤੂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਜਦੋਂ ਕਿ ਉਕਤ ਬਾਬਾ ਅਤੇ ਉਸਦੇ ਹਮਾਇਤੀ ਪੁਲੀਸ ਮੁਲਾਜ਼ਮ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਹਨਾਂ ਤਰਕਸ਼ੀਲ ਸੁਸਾਇਟੀ ਪੰਜਾਬ, ਡੀ ਜੀ ਪੀ ਅਤੇ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਮਾਹਿਲਪੁਰ ਵਾਸੀ ਰਾਜ ਕੁਮਾਰ ਪੁੱਤਰ ਗੁਰਮੁੱਖ ਸਿੰਘ ਵਾਸੀ ਮਾਹਿਲਪੁਰ ,ਡੇਰੇ ਦੇ ਸ਼ਰਧਾਲੂਆਂ ਨਰਿੰਦਰ ਕੁਮਾਰ ਉਰਫ ਸੋਨੂੰ ਵਾਸੀ ਜਲੰਧਰ, ਨਰਿੰਦਰ ਕੁਮਾਰ ਨੀਟਾ ਵਾਸੀ ਹਰੀਪੁਰ, ਸਾਹਬ ਸਿੰਘ ਵਾਸੀ ਬੋਗੜੀ ਅਤੇ ਅਜੀਤ ਸਿੰਘ ਨੇ ਦੱਸਿਆ ਕਿ ਉਹ ਕਪੂਰ ਪਿੰਡ ਵਿੱਚ ਪ੍ਰਸਿੱਧ ਧਾਰਮਿਕ ਸਥਾਨ ਦੇ ਸਵਰਗਵਾਸੀ ਸੰਤ ਮਹਾਂਪੁਰਸ਼ਾਂ ਦਾ ਬਹੁਤ ਸਤਿਕਾਰ ਕਰਦੇ ਹਨ ਕਿਉਂਕਿ ਉਕਤ ਡੇਰੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਦੀਆਂ ਭਾਵਨਾਂਵਾਂ ਜੁੜੀਆਂ ਹੋਈਆਂ ਹਨ।
ਉਹਨਾਂ ਦੱਸਿਆ ਕਿ ਇਸ ਪਿੰਡ ਦੇ ਉਕਤ ਡੇਰੇ ਦੇ ਮਹਾਂਪੁਰਸ਼ ਪਰਮ ਦੇਵਾ, ਜੋ ਇਸ ਡੇਰੇ ਦੀ ਪਿੱਛਲੇ 15 ਸਾਲ ਤੋਂ ਵੀ ਵੱਧ ਸੇਵਾ ਕਰਦੇ ਰਹੇ ਹਨ , 18 ਜਨਵਰੀ ਬ੍ਰਹਮਲੀਨ ਹੋ ਗਏ। ਉਹਨਾਂ ਦੇ ਸਵਰਗ ਸੁਧਾਰ ਜਾਣ ਤੋਂ ਬਾਅਦ ਡੇਰੇ ਤੇ ਆਉਣ ਵਾਲੇ ਕੁੱਝ ਲੋਕ ਆਪਣੀਆਂ ਮਨਮਾਨੀਆਂ ਕਰਕੇ ਡੇਰੇ ਦਾ ਨਾਮ ਬਦਨਾਮ ਕਰਨ ਲੱਗ ਪਏ। ਜਿਸਦਾ ਵੱਡੀ ਗਿਣਤੀ ਸੰਗਤ ਸਮੇਤ ਪਿੰਡ ਦੇ ਲੋਕ ਵੀ ਵਿਰੋਧ ਕਰ ਰਹੇ ਹਨ। ਉਕਤ ਲੋਕਾਂ ਨੇ ਦੱਸਿਆ ਕਿ ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਕੁੱਝ ਲੋਕ ਉਕਤ ਡੇਰੇ ਅਤੇ ਡੇਰੇ ਨਾਲ ਸਬੰਧਤ ਪ੍ਰਾਪਰਟੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪੁਲੀਸ ਦੇ ਇੱਕ ਸ਼ਰਧਾਲੂ ਥਾਣੇਦਾਰ ਦੀ ਕਥਿੱਤ ਮਿਲੀਭੁਗਤ ਨਾਲ ਮਾਹਿਲਪੁਰ ਵਾਸੀ ਇੱਕ ਨੌਜਵਾਨ ਇੰਦਰਾਜ ਨੂੰ ਡੇਰੇ ਵਿੱਚ ਲਿਜਾਕੇ ਉਸਦੇ ਜਨਾਨਾ ਕੱਪੜੇ ਪਹਿਨਾ ਉਸਦਾ ਮੂੰਹ ਲਾਲ ਚੁੰਨੀ ਨਾਲ ਢੱਕ ਕੇ ਡੇਰੇ ਦੀ ਸੰਗਤ ਨੂੰ ਇਹ ਪ੍ਰਵਚਨ ਕਰਕੇ ਗੁੰਮਰਾਹ ਕਰਨ ਲੱਗ ਪਿਆ ਕਿ ਹੁਣ ਸਵਰਗ ਸੁਧਾਰ ਚੁੱਕੇ ਮਹਾਂਪੁਸ਼ ਪਰਮ ਦੇਵਾ ਦੀ ਰੂਹ ਇੰਦਰਾਜ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।
ਬ੍ਰਹਮਲੀਨ ਮਹਾਂਪੁਰਸ਼ਾਂ ਦਾ ਡੇਰੇ ਦੇ ਸਾਰੇ ਸ਼ਰਧਾਲੂਆਂ ਨੂੰ ਹੁਕਮ ਹੈ ਕਿ ਅੱਜ ਤੋਂ ਬਾਅਦ ਉਹ ਇੱਦਰਾਜ ਨੂੰ ਹੀ ਆਪਣਾ ਗੁਰੂ ਮੰਨਣ। ਸੰਗਤ ਅਤੇ ਪਿੰਡ ਦੇ ਲੋਕਾਂ ਨੂੰ ਜਦ ਇਸ ਸਬੰਧੀ ਪਤਾ ਲੱਗਾ ਤਾਂ ਉਹ ਭੜਕ ਉਠੇ। ਉਹਨਾਂ ਇਸ ਸਬੰਧ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬ ਪੁਲੀਸ ਅਤੇ ਮੁੱਖ ਮੰਤਰੀ ਪੰਜਾਬ ਨੂੰ ਉਕਤ ਮਾਮਲੇ ਦੀ ਨਿਰਪੱਖ ਜਾਂਚ ਲਈ ਪੱਤਰ ਲਿਖੇ ਅਤੇ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ।
ਕਪੂਰ ਪਿੰਡ ਦੇ ਵਾਸੀ ਨਰਿੰਦਰ ਕੁਮਾਰ ਉਰਫ ਸੋਨੂੰ ਨੇ ਤਰਕਸ਼ੀਲ ਸੁਸਾਇਟੀ ਸਮੇਤ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਲਿਖੇ ਪੱਤਰਾਂ ਦੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਕਿ ਪੰਜਾਬ ਪੁਲੀਸ ਦਾ ਇੱਕ ਥਾਣੇਦਾਰ ਮਨਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਜੋ ਇਸ ਵਕਤ ਹੁਸ਼ਿਆਰਪੁਰ ਵਿਖੇ ਡਿਊਟੀ ਕਰ ਰਿਹਾ ਹੈ ਆਪਣੇ ਕੁੱਝ ਮੁਲਾਜ਼ਮਾਂ ਨਾਲ ਇਸ ਡੇਰੇ ਆਉਂਦਾ ਸੀ ਅਤੇ ਬ੍ਰਹਮਲੀਨ ਹੋ ਚੁੱਕੇ ਪਰਮ ਦੇਵਾ ਦਾ ਸ਼ਰਧਾਲੂ ਸੀ। ਉਸਨੇ ਉਹਨਾਂ ਦੀ ਮੌਤ ਤੋਂ ਬਾਅਦ ਮਾਹਿਲਪੁਰ ਵਾਸੀ ਇੱਕ ਨੌਜਵਾਨ ਇੰਦਰਾਜ ਨੂੰ ਆਪਣੀ ਪਹੁੰਚ ਅਤੇ ਦਬਾਅ ਨਾਲ ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸਦੇ ਜ਼ਨਾਨਾ ਕੱਪੜੇ ਪਵਾਕੇ ਉਸ ਵਿੱਚ ਸੰਤ ਮਹਾਂਪੁਰਸ਼ਾਂ ਦੀ ਰੂਹ ਦਾ ਪ੍ਰਵੇਸ਼ ਕਰਨ ਦਾ ਡਰਾਮਾ ਕਰਕੇ ਡੇਰੇ ਤੇ ਬੈਠਾ ਦਿੱਤਾ।
ਉਸਨੇ ਸੰਗਤਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਇੰਦਰਾਜ ਕੋਲ ਇਸ ਵਕਤ ਤਿੰਨ ਮਹਿੰਗੀਆਂ ਗੱਡੀਆਂ ਹਨ । ਉਹ ਆਪਣਾ ਮੁੰਹ ਬੰਨ੍ਹਕੇ ਬਾਬਾ ਬਣ ਜਾਂਦਾ ਹੈ ਅਤੇ ਕਦੇ ਕਦੇ ਮਾਤਾ ਦੇ ਰੂਪ ਵਿੱਚ ਔਰਤਾਂ ਵਾਲੇ ਕੱਪੜੇ ਪਾਕੇ ਡੇਰੇ ਵਿੱਚ ਘੁੰਮਦਾ ਹੈ। ਉਸਦੇ ਕਈ ਰੂਪ ਹਨ ਪ੍ਰੰਤੂ ਉਹ ਆਪਣੀ ਰਿਸ਼ਤੇਦਾਰੀ ਵਿੱਚ ਜੈਂਟਲਮੈਨ ਬਣਕੇ ਆਉਂਦਾ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹ ਸ਼ਰੇਆਮ ਕਹਿੰਦਾ ਹੈ ਕਿ ਪਰਮਦੇਵਾ ਮਹਾਰਾਜ ਦੀ ਰੂਹ ਉਸ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੇ ਹੁਣ ਡੇਰੇ ਦੀ ਸਮੂਹ ਸੰਗਤ ਉਸਦੇ ਹੀ ਨਾਮ ਦਾ ਗੁਣਗਾਨ ਕਰਨ। ਉਹ ਇਹ ਵੀ ਆਖਦਾ ਹੈ ਕਿ ਜਿਹੜਾਂ ਭਗਤ ਅਜਿਹਾ ਨਹੀਂ ਕਰੇਗਾ ਉਸਦੀਆਂ ਅੱਖਾਂ ਅਤੇ ਕੁੱਖਾਂ ਉਜੜ ਜਾਣਗੀਆਂ।
ਉਹ ਲੋਕਾਂ ਨੂੰ ਭਰਮ ਜਾਲ ਵਿੱਚ ਫਸਾਕੇ ਲੋਕਾਂ ਦੀ ਖੂਬ ਲੁੱਟ ਖਸੁੱਟ ਕਰ ਰਿਹਾ ਹੈ। ਇਸ ਕੰਮ ਵਿੱਚ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਉਸਦਾ ਸਾਥ ਦੇ ਰਹੇ ਹਨ। ਉਹਨਾਂ ਦੱਸਿਆ ਕਿ ਉਕਤ ਬਾਬਾ ਨਿਰਾ ਪਾਖੰਡੀ ਹੈ ਤੇ ਉਹ ਡੇਰੇ ਤੇ ਚੜਨ ਵਾਲਾ ਸਾਰਾ ਪੈਸਾ ਖੁਦ ਇਕੱਠਾ ਕਰਕੇ ਆਪਣੇ ਹਮਾਇਤੀ ਪੁਲੀਸ ਅਧਿਕਾਰੀਆਂ ਨੂੰ ਵੰਡ ਦਿੰਦਾ ਹੈ। ਡੇਰੇ ਦੇ ਸ਼ਰਧਾਲੂਆਂ ਅਤੇ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਤਰਕਸ਼ੀਲ ਸੁਸਾਇਟੀ ਸਮੇਤ ਪੰਜਾਬ ਪੁਲੀਸ ਦੇ ਉਚ ਅਧਿਕਾਰੀ ਉਕਤ ਮਾਮਲੇ ਦੀ ਉਚ ਪੱਧਰੀ ਜਾਂਚ ਕਰਕੇ ਲੋਕਾਂ ਦੀ ਵੱਡੇ ਪੱਧਰ ਤੇ ਹੋ ਰਹੀ ਲੁੱਟ ਖਸੁੱਟ ਤੋਂ ਬਚਾਕੇ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਲੋਕਾਂ ਨੂੰ ਉਕਤ ਅਖੌਤੀ ਸਾਧ ਦੇ ਕਾਰਨਾਮਿਆਂ ਬਾਰੇ ਦੱਸਿਆ ਜਾਵੇ। ਇਸ ਸਬੰਧ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲੀਸ ਦੇ ਉਚ ਅਧਿਕਾਰੀਆਂ ਸਮੇਤ ਹੋਰ ਉਚ ਅਧਿਕਾਰੀਆਂ ਦਾ ਕਹਿਣ ਹੈ ਕਿ ਪੁਲੀਸ ਕੋਲ ਇਸ ਸਬੰਧ ਵਿੱਚ ਸ਼ਿਕਾਇਤਾਂ ਪੁੱਜੀਆਂ ਹਨ । ਪੁਲੀਸ ਵਲੋਂ ਆਪਣੇ ਪੱਧਰ ਤੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪੁਲੀਸ ਵਲੋਂ ਕਪੂਰ ਪਿੰਡ ਦੇ ਸਰਪੰਚ ਸੁਰਿੰਦਰ ਸੋਢੀ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਵਰ ਵਿਆਕਤੀਆਂ ਨਾਲ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸ਼ਾਮਿਲ ਦੱਸੇ ਜਾ ਰਹੇ ਪੁਲੀਸ ਦੇ ਥਾਣੇਦਾਰ ਮਨਜੀਤ ਸਿੰਘ, ਅਤੇ ਪੀ ਸੀ ਆਰ ਦੇ ਮੁਲਾਜ਼ਮਾਂ ਕੁਲਵਿੰਦਰ ਸਿੰਘ ਸਮੇਤ ਹੋਰਾਂ ਨੂੰ ਵੀ ਪੁੱਛਗਿਛ ਲਈ ਸੱਦਿਆ ਜਾ ਰਿਹਾ ਹੈ।
ਇਸ ਸਬੰਧ ਵਿੱਚ ਬਾਬਾ ਇੰਦਰਾਜ ਪੁੱਤਰ ਗੁਰਮੁੱਖ ਸਿੰਘ ਵਾਸੀ ਮਾਹਿਲਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਸਾਡੇ ਕਪੂਰ ਪਿੰਡ ਵਾਲੇ ਮਹਾਰਾਜ ਪਰਮਦੇਵਾ ਪਿੱਛਲੇ ਦਿਨੀ ਬ੍ਰਹਮਲੀਨ ਹੋ ਚੁੱਕੇ ਹਨ ਤੇ ਉਹ ਸੰਗਤਾਂ ਦੀ ਇੱਛਾ ਅਨੁਸਾਰ ਸੰਗਤ ਦੀ ਸੇਵਾ ਕਰ ਰਹੇ ਹਨ। ਡੇਰੇ ਉਤੇ ਸ਼ਿਕਾਇਤ ਕਰਨ ਵਾਲੇ ਨਰਿੰਦਰ ਕੁਮਾਰ ਉਰਫ ਸੋਨੂੰ ਵਾਸੀ ਕਪੂਰ ਪਿੰਡ ਅਤੇ ਨਰਿੰਦਰ ਕੁਮਾਰ ਉਰਫ ਨੀਟਾ ਵਾਸੀ ਹਰੀਪੁਰ ਜੋ ਕਿ ਬ੍ਰਹਮਲੀਨ ਮਹਾਂਪੁਰਸ਼ਾਂ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਦਾ ਡੇਰੇ ਤੇ ਇਸ ਵੇਲੇ ਵੀ ਕਬਜ਼ਾ ਹੈ। ਮੇਰਾ ਡੇਰੇ ਤੇ ਕੋਈ ਕਬਜ਼ਾ ਨਹੀਂ। ਸ਼ਿਕਾਇਤ ਕਰਤਾ ਲੋਕ ਉਸ ਵਿਰੁੱਧ ਭੰਡੀ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਉਹਨਾਂ ਡੇਰੇ ’ ਤੇ ਕਬਜ਼ਾ ਅਤੇ ਕੋਈ ਵੀ ਪੈਸਾ ਹੜੱਪ ਨਹੀਂ ਕੀਤਾ । ਸਾਰੇ ਦੋਸ਼ ਝੂਠੇ ਅਤੇ ਸਰਾ ਸਰ ਗਲਤ ਹਨ। ਉਸਨੂੰ ਨੂੰ ਬਦਨਾਮ ਕਰਨ ਲਈ ਉਕਤ ਲੋਕਾਂ ਵਲੋਂ ਉਸਦੇ ਭਰਾ ਰਾਜ ਕੁਮਾਰ ਨੂੰ ਵੀ ਨਾਲ ਰਲਾਇਆ ਹੋਇਆ ਹੈ ਜੋ ਉਸ ਦੀਆਂ ਤਸਵੀਰਾਂ ਨੂੰ ਪੁਲੀਸ ਅਤੇ ਪ੍ਰੈਸ ਨੂੰ ਵੰਡ ਰਿਹਾ ਹੈ। ਉਹ ਕੋਈ ਪਾਖੰਡ ਨਹੀਂ ਕਰਦਾ ਪਰ ਉਸਦੇ ਵਿਰੋਧੀ ਉਸਨੂੰ ਪਾਖੰਡੀ ਕਹਿਕੇ ਬਦਨਾਮ ਕਰ ਰਹੇ ਹਨ। ਸਮੁੱਚਾ ਪਿੰਡ ਕਪੂਰ ਅਤੇ ਸੰਗਤ ਉਸਦੇ ਨਾਲ ਹੈ।