ਫਤਿਹਪੁਰ ਕੋਠੀ ਦੇ ਸਕੂਲ 'ਚ ਅਧਿਆਪਕ ਤਾਂ ਇੱਕ ਪਾਸੇ ਕਿਤਾਬਾਂ ਵੀ ਨਸੀਬ ਨਹੀਂ ਹੋਈਆਂ -ਸ਼ਿਵ ਕੁਮਾਰ ਬਾਵਾ
Posted on:- 28-07-2013
ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਫ਼ਤਿਹਪੁਰ ਕੋਠੀ ਦੇ ਅਪਗ੍ਰੇਡ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪਿੰਡ ਦੇ ਦਾਖਿਲ ਹੋਏ ਦਰਜਨ ਦੇ ਕਰੀਬ ਵਿਦਿਆਰਥੀ ਪਿਛਲੇ ਚਾਰ ਮਹੀਨਿਆਂ ਤੋਂ ਬਿਨ੍ਹਾਂ ਕਿਤਾਬਾਂ ਅਤੇ ਅਧਿਆਪਕਾਂ ਤੋਂ ਪੜ੍ਹਾਈ ਕੀਤੇ ਬਗੈਰ ਹੀ ਵਾਪਿਸ ਘਰਾਂ ਨੂੰ ਪਰਤ ਜਾਂਦੇ ਹਨ। ਅਧਿਆਪਕਾਂ ਤੋਂ ਸੱਖਣੇ ਇਸ ਸਕੂਲ ਵਿਚ ਅਧਿਆਪਕ ਲਿਆਉਣ ਲਈ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਸਿੱਖਿਆ ਵਿਭਾਗ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਪਰੰਤੂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਫ਼ਤਿਹਪੁਰ ਕੋਠੀ ਦੇ ਪਿੰਡ ਵਾਸੀਆਂ ਨੇ ਅਕਾਲੀ ਆਗੂ ਮੱਖਣ ਸਿੰਘ ਕੋਠੀ ਅਤੇ ਕਾਂਗਰਸੀ ਆਗੂ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਦੱਸਿਆ ਕਿ ਇਸ ਸਾਲ ਅਪ੍ਰੈਲ ਮਹੀਨੇ ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲ ਰਹੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਅੱਠਵੀਂ ਤੱਕ ਕਰ ਦਿੱਤਾ ਅਤੇ ਦਾਖਲਾ ਸ਼ੁਰੂ ਕਰਨ ਦੀ ਹਦਾਇਤ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਦੀ ਇਮਾਰਤ ਲਈ 20 ਲੱਖ ਰੁਪਏ ਵੀ ਦੇ ਦਿੱਤੇ ਜਿਸ ਨਾਲ ਸਕੂਲ ਦੀ ਇਮਾਰਤ ਵੀ ਪੂਰੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਕੂਲ ਦੀ ਛੇਵੀਂ ਕਲਾਸ ਵਿਚ ਦਰਜਨ ਦੇ ਕਰੀਬ ਵਿਦਿਆਰਥੀ ਦਾਖਲ ਹੋ ਚੁੱਕੇ ਹਨ ਪਰੰਤੂ ਅਜੇ ਤੱਕ ਉਨ੍ਹਾਂ ਦੀ ਹਾਜ਼ਰੀ ਅਤੇ ਐਨਰੋਲਮੈਂਟ ਵੀ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਅਜੇ ਤੱਕ ਕਿਤਾਬਾਂ ਮਿਲੀਆਂ ਹਨ ਜਿਸ ਕਾਰਨ ਵਿਦਿਆਰਥੀ ਰੋਜਾਨਾਂ ਸਕੂਲ ਆਉਂਦੇ ਹਨ ਅਤੇ ਬਿਨ੍ਹਾਂ ਪੜ੍ਹੇ ਖੇਡ ਕੁੱਦ ਕੇ ਘਰਾਂ ਨੂੰ ਵਾਪਿਸ ਪਰਤ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮਿਲੇ ਪਰੰਤੂ ਅਜੇ ਤੱਕ ਉਨ੍ਹਾਂ ਦੇ ਸਕੂਲ ਨੂੰ ਅਧਿਆਪਕ ਨਸੀਬ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲਾਂ ਵਿਚ ਪੜਾਈ ਸ਼ੁਰੂ ਹੋਏ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਪਰੰਤੂ ਉਨ੍ਹਾਂ ਦੇ ਪਿੰਡ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਅਧਿਆਪਕ ਤਾਂ ਇੱਕ ਪਾਸੇ ਕਿਤਾਬਾਂ ਵੀ ਨਸੀਬ ਨਹੀਂ ਹੋਈਆਂ।
ਰਾਮਪੁਰ ਸਕੂਲ ਤੋਂ ਅੱਧ ਪਚੱਧੀਆਂ ਕਿਤਾਬਾਂ
ਮਿਲੀਆਂ ਹਨ, ਪਰੰਤੂ ਕਿਸੇ ਵੀ ਵਿਦਿਆਰਥੀ ਨੂੰ ਅਜੇ ਤੱਕ ਪੂਰੀਆਂ ਕਿਤਾਬਾਂ ਨਹੀ
ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਮੂਹ ਸਕੂਲਾਂ ਵਿਚ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ
ਅਤੇ ਤਿਮਾਹੀ ਪ੍ਰੀਖਿਆ ਦਾ ਸਿਲੇਬਸ ਵੀ ਕਰਵਾ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ ਪਿੰਡ ਦੇ
ਸਕੂਲ ਦੇ ਵਿਦਿਆਰਥੀ ਅਜੇ ਤੱਕ ਕੋਰੇ ਅੱਖਰ ਬਣ ਕੇ ਬੈਠੇ ਹਨ।
ਵਿਦਿਆਰਥੀ
ਦਵਿੰਦਰ ਸਿੰਘ, ਦਲਜੀਤ, ਮਨਪ੍ਰੀਤ, ਹਰਦੀਪ, ਸ਼ਰਨਦੀਪ, ਮਨਦੀਪ ਸਿੰਘ, ਸੁਖਜੀਤ ਸਿੰਘ ਨੇ
ਦੱਸਿਆ ਕਿ ਉਹ ਰੋਜਾਨਾ ਦੀ ਤਰਾਂ ਸਕੂਲ ਆਉਂਦੇ ਹਨ ਅਤੇ ਬਿਨ੍ਹਾਂ ਪੜਾਈ ਕੀਤਿਆਂ ਘਰਾਂ
ਨੂੰ ਚਲੇ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕਿਤਾਬਾਂ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ
ਉਨ੍ਹਾਂ ਦੀ ਆਪਸ ਵਿਚ ਲੜਾਈ ਵੀ ਹੋ ਜਾਂਦੀ ਹੈ। ਪ੍ਰਾਇਮਰੀ ਸਕੂਲ ਦੇ ਅਧਿਆਪਕ ਉਨ੍ਹਾਂ
ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਸਕੂਲ ਵਿਚ
ਅਧਿਆਪਕ ਨਾ ਨਿਯੁਕਤ ਕੀਤੇ ਤਾਂ ਉਹ ਸੰਘਰਸ਼ ਕਰਨਗੇ।
ਇਸ ਸਬੰਧ ਵਿਚ ਜਿਲ੍ਹਾ ਸਿੱਖਿਆ ਅਧਿਕਾਰੀ ਜ਼ਿਲ੍ਹਾ
ਪ੍ਰੀਸ਼ਦ ਸਕੂਲ ਪਰਮਜੀਤ ਨੇ ਦੱਸਿਆ ਕਿ ਇਹ ਸਕੂਲ ਆਰ ਐੱਮ ਐੱਸ ਏ ਦੇ ਅਧੀਨ ਹੈ। ਸਕੂਲ
ਜ਼ਿਲ੍ਹਾ ਪ੍ਰੀਸ਼ਦ ਅਧੀਨ ਹੋਣ ਕਰਕੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਮੁਖੀ ਦਿਲਚਸਪੀ
ਨਹੀਂ ਲੈ ਰਹੇ ਅਤੇ ਨਾ ਹੀ ਉਹ ਵਿਭਾਗ ਨੂੰ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ। ਉਨ੍ਹਾਂ
ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਪਹਿਲਾਂ ਉਕਤ ਮਾਮਲਾ ਸਾਡੇ ਧਿਆਨ ਵਿਚ ਨਹੀਂ ਸੀ।
ਉਹਨਾਂ ਰਾਮਪੁਰ ਸਕੂਲ ਦੇ ਮੁਖੀ ਨੂੰ ਇੱਕ ਅਧਿਆਪਕ ਭੇਜਣ ਲਈ ਕਿਹਾ ਸੀ। ਜੇਕਰ ਅਜੇ ਵੀ
ਕੋਈ ਵੀ ਅਧਿਆਪਕ ਨਹੀਂ ਜਾ ਰਿਹਾ ਤਾਂ ਇਸਦਾ ਵੀ ਸਖਤ ਨੋਟਿਸ ਲਿਆ ਜਾਵੇਗਾ।