ਪ੍ਰਾਣ ਦੇ ਪਰਿਵਾਰ ਵੱਲੋਂ ਅੰਤਿਮ ਰਸਮਾਂ ਲਈ ਨਹੀਂ ਸੱਦੇ ਪਿੰਡ ਭਰੋਵਾਲ ਦੇ ਆਪਣੇ ਸੰਬੰਧੀ -ਸ਼ਿਵ ਕੁਮਾਰ ਬਾਵਾ
Posted on:- 19-07-2013
ਹਿੰਦੀ ਫਿਲਮਾਂ ਵਿਚ ਆਪਣੀ ਨਿਵੇਕਲੀ ਦਮਦਾਰ ਖਲਨਾਇਕੀ ਵਾਲੀ ਅਦਾਕਾਰੀ ਨਾਲ ਫਿਲਮ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਂਣ ਵਾਲੇ ਪਿਛਲੇ ਦਿਨੀਂ ਆਪਣੀ 93 ਸਾਲਾ ਜ਼ਿੰਦਗੀ ਪੂਰੀ ਕਰਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪ੍ਰਾਣ ਉਰਫ ਕ੍ਰਿਸ਼ਨ ਸਿਕੰਦ ਦੇ ਪਿੰਡ ਭਰੋਵਾਲ ਦੇ ਲੋਕਾਂ ਅਤੇ ਪੰਚਾਇਤ ਵਿਚ ਰੋਸ ਹੈ ਕਿ ਪ੍ਰਾਣ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ ਮੈਂਬਰਾਂ ਵਲੋਂ ਆਪਣੇ ਜੱਦੀ ਪਿੰਡ ਨਾਲ ਕੋਈ ਵੀ ਸੰਪਰਕ ਨਾ ਕਰਕੇ ਜਿਥੇ ਸਮੁੱਚੇ ਪਿੰਡ ਵਾਸੀਆਂ ਨੂੰ ਨਿਰਾਸ਼ ਕੀਤਾ ਉਥੇ ਪਿੰਡ ਦੀ ਪੰਚਾਇਤ ਅਤੇ ਆਪਣੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮੈਂਬਰਾਂ ਨੂੰ ਵੀ ਅਣਗੌਲਿਆਂ ਕਰਕੇ ਕਾਫੀ ਠੇਸ ਪਹੁੰਚਾਈ ਹੈ।
ਪਿੰਡ ਦੇ ਲੋਕਾਂ ਨੂੰ ਪ੍ਰਾਣ ਦੀ ਮੌਤ ਨਾਲ ਡੂੰਘਾ ਸਦਮਾ ਲੱਗਾ ਹੈ। ਪਿੰਡ ਦੇ ਭਾਜਪਾ ਆਗੂ ਅਤੇ ਸਾਬਕਾ ਸਰਪੰਚ ਚਰਨ ਦਾਸ ਦਾ ਕਹਿਣ ਹੈ ਕਿ ਪ੍ਰਾਣ ਨੂੰ ਬੇਸ਼ੱਕ ਉਹਨਾਂ ਨਹੀਂ ਦੇਖਿਆ ਪ੍ਰੰਤੂ 1935 ਵਿਚ ਜਦ ਪ੍ਰਾਣ 35 ਸਾਲ ਦੇ ਸਨ ਤਾਂ ਉਹਨਾਂ ਦਿਨਾਂ ਵਿਚ ਉਸਦੀ ਭੈਣ ਦਾ ਵਿਆਹ ਤਹਿ ਸੀ ਤੇ ਉਹ ਫਿਲਮੀ ਸ਼ੂਟਿੰਗ ਵਿਚ ਛੱਡਕੇ ਆਪਣੀ ਵੱਡੀ ਭੈਣ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਪਿੰਡ ਭਰੋਵਾਲ ਪੁੱਜੇ ਸਨ । ਉਹਨਾਂ ਦਿਨਾਂ ਵਿਚ ਲੜਕੀ ਦੇ ਪਿੰਡ ਵਿਚ ਕਈ ਕਈ ਦਿਨ ਬਰਾਤ ਰਹਿਣ ਦੇ ਰਿਵਾਜ ਕਾਰਨ ਉਹਨਾਂ ਨੂੰ ਕਈ ਦਿਨ ਪਿੰਡ ਰਹਿਣ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਉਹ ਕਦੇ ਪਿੰਡ ਵਾਪਿਸ ਨਹੀਂ ਆਏ ਪ੍ਰੰਤੂ ਉਹ ਕਦੇ ਕਦਾਈਂ ਕਈ ਵਾਰ ਪਿੰਡ ਦੇ ਲੋਕਾਂ ਅਤੇ ਆਪਣੇ ਬਚਪਨ ਦੇ ਸਾਥੀ ਹਰੀ ਸਿੰਘ, ਨੰਬਰਦਾਰ ਧਰਮ ਸਿੰਘ ਅਤੇ ਆਪਣੇ ਹੀ ਪਰਿਵਾਰ ਦੇ ਮੈਂਬਰ ਰਾਜਜੀਤ ਸਿੰਘ ਨਾਲ ਸੰਪਰਕ ਵਿਚ ਰਹਿੰਦੇ ਸਨ। ਚਰਨ ਦਾਸ ਨੇ ਦੱਸਿਆ ਕਿ 13 ਜੁਲਾਈ ਨੂੰ ਪ੍ਰਾਣ ਦੀ ਮੌਤ ਦੀ ਖਬਰ ਨਾਲ ਸਮੁੱਚਾ ਪਿੰਡ ਸੋਗ ਵਿਚ ਡੁੱਬਾ ਪ੍ਰੰਤੂ ਪ੍ਰਾਣ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਆਪਣੇ ਜੱਦੀ ਪਿੰਡ ਨਾਲ ਉਹਨਾਂ ਦੀ ਮੌਤ ਅਤੇ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਕੋਈ ਪਹੁੰਚ ਨਹੀਂ ਕੀਤੀ।
ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਉਸਦੀ ਬਲਾਕ ਸੰਮਤੀ ਮੈਂਬਰ ਪਤਨੀ ਕਮਲਾ ਦੇਵੀ ਸਮੇਤ ਪ੍ਰਾਣ ਦੇ ਪਰਿਵਾਰ ਦੇ ਮੈਂਬਰ ਰਾਜਜੀਤ ਸਿੰਘ, ਨੰਬਰਦਾਰ ਧਰਮ ਸਿੰਘ ਹਰੀ ਸਿੰਘ ਆਦਿ ਨੇ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਾਣ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਪ੍ਰਾਣ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਕੋਈ ਸੰਪਰਕ ਹੀ ਨਹੀਂ ਕੀਤਾ।
ਉਹਨਾਂ ਦੱਸਿਆ ਕਿ ਭਾਵੇਂ ਪ੍ਰਾਣ 1935 ਤੋਂ ਬਾਅਦ ਮੁੜਕੇ ਪਿੰਡ ਨਹੀਂ ਆਏ ਪ੍ਰੰਤੂ ਉਸਦੇ ਪਰਿਵਾਰ ਵਲੋਂ ਪਿੰਡ ਵਿਚ ਤਕੜੀ ਖੇਤੀ ਕੀਤੀ ਅਤੇ ਲੰਬਾ ਸਮਾਂ ਉਸਦੇ ਪਰਿਵਾਰਕ ਮੈਂਬਰ ਕਮਲਜੀਤ ਸਿੰਘ ਪਿੰਡ ਦੇ ਸਰਪੰਚ ਰਹੇ ਹਨ। ਪਿੰਡ ਦੇ ਲੋਕ ਇਸ ਅਮੀਰ ਘਰਾਣੇ ਦੇ ਪਰਿਵਾਰਕ ਮੈਂਬਰਾਂ ਦਾ ਸਤਿਕਾਰ ਕਰਦੇ ਸਨ। ਪਿੰਡ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਆਕਤੀ ਪ੍ਰਾਣ ਦੇ ਪਰਿਵਾਰ ਵਿਚੋਂ ਹੀ ਸਨ। ਪ੍ਰਾਣ ਦੇ ਬਾਬਾ ਜੀ ਨਰਾਇਣ ਸਿੰਘ ਕਈ ਸਾਲ ਪਿੰਡ ਰਹਿਕੇ ਖੇਤੀ ਕਰਦੇ ਰਹੇ। ਪ੍ਰਾਣ ਦੇ ਤਾਇਆ ਬਲਵੰਤ ਸਿੰਘ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ। ਇਸ ਘਰਾਣੇ ਵਲੋਂ ਪਿੰਡ ਦੀ ਸਰਪੰਚੀ ਵੀ ਕੀਤੀ ਅਤੇ ਪਿੰਡ ਨੂੰ ਸਮੇਂ ਸਮੇਂ ਵਿਕਾਸ ਕੰਮਾਂ ਲਈ 2 ਲੱਖ ਰੁਪਿਆ ਵਿਕਾਸ ਕੰਮਾਂ ਲਈ ਉਸ ਵਕਤ ਦਿੱਤਾ ਜਦ ਦੋ ਲੱਖ ਨੂੰ ਕਰੌੜਾਂ ਵਿਚ ਸਮਝਿਆ ਜਾਂਦਾ ਸੀ।
ਪ੍ਰਾਣ ਆਪਣੇ ਦੋਸਤਾਂ ਹਰੀ ਸਿੰਘ, ਨੰਬਰਦਾਰ ਧਰਮ ਸਿੰਘ ਸਮੇਤ ਆਪਣੇ ਪਰਿਵਾਰ ਨਾਲ ਪੱਤਰ ਲਿਖਦੇ ਰਹਿੰਦੇ ਸਨ। ਉਹ ਹਰ ਲਿਖੇ ਪੱਤਰ ਦਾ ਜ਼ਵਾਬ ਦਿੰਦੇ ਸਨ ਅਤੇ ਆਪਣੇ ਭਤੀਜੇ ਕਮਲਜੀਤ ਸਿੰਘ ਨੂੰ ਪਿੰਡ ਦੇ ਵਿਕਾਸ ਲਈ ਲੱਖਾਂ ਰੁਪਿਆ ਦੇਣ ਲਈ ਹੁਕਮ ਦਿੰਦੇ ਸਨ। ਉਸਦੇ ਪਰਿਵਾਰ ਦੇ ਮੈਂਬਰਾਂ ਵਲੋਂ ਪਿੰਡ ਦੀ ਜੱਦੀ ਜ਼ਮੀਨ ਵੇਚਕੇ ਪਿੰਡ ਨਾਲੋਂ ਨਾਤਾ ਤੌੜ ਲਿਆ। ਭਰੋਸੇ ਯੋਗ ਸੂਤਰਾਂ ਦੀ ਮੰਨੀਏਂ ਤਾਂ ਪਤਾ ਲੱਗਾ ਹੈ ਕਿ ਪ੍ਰਾਣ ਸਮੇਤ ਉਸਦਾ ਪਰਿਵਾਰ ਪਿੰਡ ਨਾਲੋਂ ਉਸ ਵਕਤ ਪੂਰੀ ਤਰ੍ਹਾਂ ਕੱਟਿਆ ਗਿਆ ਜਦ ਉਸ ਨੂੰ ਮੁੰਬਈ ਮਿਲਣ ਗਏ ਪਿੰਡ ਭਰੋਵਾਲ ਦੇ ਉਸਦੇ ਹੀ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੇ ਉਸਨੂੰ ਗਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਹਵੇਲੀ ਅਤੇ ਜ਼ਮੀਨ ਉਸਦੇ ਭਤੀਜਿਆਂ ਨੇ ਵੇਚ ਦਿੱਤੀ ਹੈ, ਜੋ ਉਹਨਾਂ ਨੇ ਖਰੀਦ ਲਈ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪ੍ਰਾਣ ਪਿੰਡ ਦੇ ਲੋਕਾਂ ਦੀਆਂ ਗੱਲਾਂ ਸੁਣਕੇ ਉਦਾਸ ਹੋ ਗਏ ਅਤੇ ਕੰਮ ਵਿਚ ਰੁਝੇ ਹੋਣ ਦਾ ਬਹਾਨਾ ਲਾਕੇ ਉਹ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿਕੇ ਚਲਦੇ ਬਣੇ। ਪਿੰਡ ਭਰੋਵਾਲ ਨਾਲ ਉਹਨਾਂ ਦੇ ਹਿੱਤ ਜੁੜੇ ਹੋਏ ਸਨ ਪ੍ਰੰਤੂ ਜਦ ਉਹਨਾਂ ਨੂੰ ਆਪਣੀ ਹਵੇਲੀ ਅਤੇ ਜ਼ਮੀਨ ਵਿਕਣ ਦਾ ਪਤਾ ਲੱਗਾ ਤਾਂ ਉਹਨਾਂ ਮੁੜਕੇ ਕਦੇ ਵੀ ਪਿੰਡ ਦੇ ਕਿਸੇ ਵਿਆਕਤੀ ਨਾਲ ਸੰਪਰਕ ਨਹੀਂ ਕੀਤਾ। ਪ੍ਰਾਣ ਦੇ ਪਰਿਵਾਰਕ ਮੈਂਬਰ ਰਾਜਜੀਤ ਸਿੰਘ ਭਾਵੇਂ ਕਹਿ ਰਹੇ ਹਨ ਕਿ ਪ੍ਰਾਣ ਉਹਨਾਂ ਦੇ ਸੰਪਰਕ ਵਿਚ ਸਨ ਪ੍ਰੰਤੂ ਅਜਿਹਾ ਨਹੀਂ ਹੈ।
ਪ੍ਰਾਣ ਦੀ ਪਤਨੀ ਅਤੇ ਬੱਚਿਆਂ ਨੂੰ ਤਾਂ ਪਿੰਡ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਚਰਨ ਦਾਸ, ਪੰਚਾਇਤ ਮੈਂਬਰ ਪ੍ਰਭੂਸ਼ਨ ਦੱਤ ਉਰਫ ਬਿੱਟੂ ਆਦਿ ਨੇ ਕਿਹਾ ਕਿ ਉਹ ਪ੍ਰਾਣ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣਾ ਚਾਹੁੰਦੇ ਸਨ, ਇਸ ਸਬੰਧ ਵਿਚ ਉਹਨਾਂ ਮੁਬੰਈ ਜਾਣ ਲਈ ਜ਼ਹਾਜੀ ਟਿਕਟਾਂ ਲਈ ਵੀ ਬੰਦੋਬਾਸਤ ਕਰ ਲਿਆ ਸੀ ਪ੍ਰੰਤੂ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਅਤੇ ਅੱਜ ਤੱਕ ਵੀ ਉਸਦੇ ਪਰਿਵਾਰ ਵਲੋਂ ਪਿੰਡ ਵਿਚ ਕਿਸੇ ਨਾਲ ਵੀ ਕੋਈ ਸੰਪਰਕ ਨਾ ਕਰਨ ਕਾਰਨ ਉਹ ਨਿਰਾਸ਼ ਹੋ ਗਏ। ਉਹਨਾਂ ਦੱਸਿਆ ਕਿ ਉਹ ਪਰਿਵਾਰ ਦੇ ਉਕਤ ਰਵੱਈਏ ਤੋਂ ਕਾਫੀ ਨਿਰਾਸ਼ ਹਨ ਪ੍ਰੰਤੂ ਉਹ ਕਰ ਵੀ ਤਾਂ ਕੁੱਝ ਨਹੀਂ ਸਕਦੇ। ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਉਹਨਾਂ ਦੇ ਪਿੰਡ ਦਾ ਉਕਤ ਮਹਾਨ ਅਦਾਕਾਰ ਵਲੋਂ ਆਪਣੀ ਫਿਲਮ ‘ ਲਾਖੋਂ ਮੇਂ ਏਕ ਹੈਂ ’ ਵਿਚ ਖੁਦ ਆਪਣਾ ਸਰਨਾਵਾਂ ਖੁਦ ਬੋਲਕੇ ਇਸ ਪਿੰਡ ਨੂੰ ਦੁਨੀਆਂ ਵਿਚ ਮਸ਼ਹੂਰ ਕਰ ਦਿੱਤਾ ਸੀ। ਨਵੇਂ ਸਾਨੂੰ ਭੁੱਲ ਗਏ ਹਨ ਤੇ ਸਾਨੂੰ ਬੰਬੇ ਵਰਗੇ ਸ਼ਹਿਰ ਵਿਚ ਹੁਣ ਕਿਸੇ ਨਹੀਂ ਪਹਿਚਾਣਨਾ ਵੀ ਨਹੀਂ । ਉਹ ਬੇਸ਼ੱਕ ਪ੍ਰਾਣ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਨਹੀਂ ਹੋਏ ਪ੍ਰੰਤੂ ਉਹ ਉਸ ਮਹਾਨ ਕਲਾਕਾਰ ਨੂੰ ਇਥੇ ਹੀ ਸਿਜਦਾ ਕਰਦੇ ਹਨ।