ਮਿਡ ਡੇਅ ਮੀਲ ਵਾਲਾ ਖਾਣਾ ਬਣਾਉਣ ਲਈ ਬੱਚੇ ਖ਼ੁਦ ਹੀ ਲਿਆਂਉਦੇ ਹਨ ਬੈਲ ਗੱਡੀ ਤੇ ਬਾਲਣ -ਸ਼ਿਵ ਕੁਮਾਰ ਬਾਵਾ
Posted on:- 05-04-2013
ਬਲਾਕ ਮਾਹਿਲਪੁਰ ਦੇ ਪਿੰਡ ਰਸੂਲਪੁਰ ਦੇ ਮਿਡਲ ਸਕੂਲ ਵਿੱਚ ਅਧਿਅਪਕਾਂ ਵੱਲੋਂ ਮਿਡ ਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਰੋਜ਼ਾਨਾ ਦਿੱਤਾ ਜਾਣ ਵਾਲਾ ਖਾਣਾ ਤਿਆਰ ਕਰਨ ਲਈ ਸਕੂਲ ਦੇ ਬੱਚਿਆਂ ਨੂੰ ਹੀ ਬਾਲਣ,ਨਾਲ ਲਗਦੇ ਪਿੰਡ ਗੋਂਦਪੁਰ ਤੋਂ ਬੈਲ ਰੇਹੜੇ 'ਤੇ ਖੁਦ ਹੀ ਢੋਅ ਕੇ ਲਿਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਪਿੰਡਾਂ ਦੇ ਸਰਪੰਚਾਂ ਅਤੇ ਭਾਰਤ ਜਗਾਓ ਅੰਦੋਲਨ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਗੰਭੀਰ ਨੋਟਿਸ ਲੈਂਦਿਆਂ ਉਕਤ ਮਾਮਲਾ ਪੰਜਾਬ ਦੇ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਾਜ ਸੇਵਕ ਜੈ ਗੋਪਾਲ ਧੀਮਾਨ ਅਤੇ ਲਖਵੀਰ ਸਿੰਘ, ਰਾਮ ਸਿੰਘ, ਸਰਵਨ ਸਿੰਘ, ਗੁਰਦਿਆਲ ਸਿੰਘ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਸਰਕਾਰੀ ਮਿਡਲ ਸਕੂਲ ਵਿਚ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਰੋਜ਼ਾਨਾਂ ਦਿੱਤਾ ਜਾਣ ਵਾਲਾ ਖਾਣਾ ਤਿਆਰ ਕਰਨ ਲਈ ਸਕੂਲ ਦੇ ਅਧਿਆਪਕ,ਬੱਚਿਆਂ ਕੋਲੋਂ ਹੀ ਬੈਲ ਗੱਡੇ ਨਾਲ ਬਾਲਣ ਢੁਆਉਂਦੇ ਹਨ। ਉਕਤ ਸਕੂਲ ਦੇ ਬੱਚੇ ਅਧਿਆਪਕਾਂ ਦੇ ਕਹਿਣ 'ਤੇ ਪਹਿਲਾਂ ਪਿੰਡ ਦੇ ਕਿਸੇ ਕਿਸਾਨ ਕੋਲੋਂ ਬੈਲ ਗੱਡੀ ਮੰਗਦੇ ਹਨ ਅਤੇ ਬਾਅਦ ਵਿਚ ਲਗਭਗ ਡੇਢ ਕਿਲੋਮੀਟਰ ਦੂਰ ਪਿੰਡ ਗੋਂਦਪੁਰ ਤੋਂ ਬਾਲਣ ਲੱਦ ਕੇ ਲਿਆਉਂਦੇ ਹਨ। ਇਸ ਮੌਕੇ ਬੱਚਿਆਂ ਨਾਲ ਕੋਈ ਵੀ ਅਧਿਆਪਕ ਨਹੀਂ ਹੁੰਦਾ।
ਉਕਤ ਸਕੂਲ ਦੇ ਬੱਚਿਆਂ ਦਾ ਸਾਰਾ ਸਮਾਂ ਪੜ੍ਹਨ ਦੀ ਬਜਾਏ ਖਾਣਾ ਬਣਾਉਣ ਅਤੇ ਬਾਲਣ ਢੋਣ ਤੇ ਹੀ ਲੱਗ ਜਾਂਦਾ ਹੈ। ਬੱਚੇ ਬਿਨਾਂ ਪੜ੍ਹੈ ਖਾ ਪੀ ਕੇ ਘਰਾਂ ਨੂੰ ਪਰਤ ਆਉਂਦੇ ਹਨ, ਜਦਕਿ ਬੱਚਿਆਂ ਦੇ ਮਾਪੇ ਆਪਣੇ ਲਾਡਲਿਆਂ ਨੂੰ ਸਕੂਲ ਵਿਚ ਪੜ੍ਹਨ ਲਈ ਭੇਜਦੇ ਹਨ ਤੇ ਉਨ੍ਹਾਂ ਦੇ ਅਧਿਆਪਕ ਬੱਚਿਆਂ ਨੂੰ ਖਾਣਾ ਬਣਾਉਣ ਅਤੇ ਬਾਲਣ ਢੋਣ ਤੇ ਲਾ ਰੱਖਦੇ ਹਨ। ਸ੍ਰੀ ਧੀਮਾਨ ਨੇ ਦਸਿਆ ਕਿ ਆਮ ਤੋਰ ਤੇ ਬੱਚਿਆਂ ਨੂੰ ਭੋਜਨ ਦਾ ਪ੍ਰਬੰਧ ਕਰਨ ਲਈ ਅਧਿਆਪਕ ਦੁਕਾਨਾਂ ਅਤੇ ਘਰਾਂ ਨੂੰ ਵੀ ਤੋਰੀ ਰੱਖਦੇ ਹਨ।
ਉਹਨਾਂ ਉਕਤ ਮਾਮਲਾ ਤੁਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਤਾਂ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸਕੂਲਾਂ ਵਿਚ ਚੰਗੇ ਤੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਦਾ ਖਮਿਆਜਾ ਗਰੀਬ ਬੱਚਿਆਂ ਨੂੰ ਭੋਗਣਾ ਪੈ ਰਿਹਾ ਹੈ, ਕਿਉਂਕਿ ਅਜਿਹੇ ਸਕੂਲਾਂ ਵਿੱਚ ਆਮ ਤੌਰ ਤੇ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ। ਉਹਨਾਂ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਬੱਚਿਆਂ ਕੋਲੋ ਗੈਰ ਕਾਨੂੰਨੀ ਕੰਮ ਕਰਵਾਉਣੇ ਬੰਦ ਕੀਤੇ ਜਾਣ । ਧੀਮਾਨ ਨੇ ਦਸਿਆ ਕਿ ਉਹਨਾਂ ਇਹ ਮਾਮਲਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚਾਇਲਡ ਰਾਇਟਸ ਕਮਿਸ਼ਨ, ਮਾਨਯੌਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਨੂੰ ਲਿਖਤੀ ਭੇਜਿਆ ਹੈ ਤਾਂ ਕਿ ਗਰੀਬ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਬੰਦ ਕੀਤਾ ਜਾ ਸਕੇ।
ਇਸ ਸਬੰਧ ਵਿੱਚ ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਸੈਦਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਖਾਣਾ ਬਣਾਉਣ ਲਈ ਗੈਸ ਸੈਲੰਡਰ ਨਹੀ ਸੀ । ਉਹਨਾਂ ਰੋਜ਼ਾਨਾ ਮਿਡ ਡੇ ਮੀਲ ਦੇ ਖਾਣੇ ਦਾ ਨਾਗਾ ਨਾ ਪਵੇ, ਇਸ ਲਈ ਸਕੂਲ ਦੇ ਕੁੱਝ ਸੂਝਵਾਨ ਬੱਚਿਆਂ ਨੂੰ ਨਾਲ ਲਗਦੇ ਪਿੰਡ ਗੋਦਪੁਰ ਤੋ ਬੈਲ ਗੱਡੇ ਤੇ ਬਾਲਣ ਲਿਆਉਣ ਲਈ ਭੇਜ਼ ਦਿੱਤਾ । ਮੁੱਖ ਅਧਿਆਪਕ ਨੇ ਕਿਹਾ ਕਿ ਉਸਨੇ ਕੋਈ ਗਲਤ ਕੰਮ ਨਹੀ ਕੀਤਾ । ਇਸ ਸਬੰਧ ਵਿੱਚ ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਕਿਹਾ ਕਿ ਕੁੱਝ ਲੋਕ ਸਕੂਲ ਦੇ ਅਧਿਆਪਕਾਂ ਨੂੰ ਬਲੈਕਮੇਲ ਕਰ ਰਹੇ ਹਨ। ਅਧਿਆਪਕ ਚੰਗਾ ਕੰਮ ਕਰ ਰਹੇ ਹਨ ,ਕਈ ਵਾਰ ਸਮੇ ਦੀ ਲੋੜ ਮੁਤਾਬਕ ਆਪਣੇ ਪੱਧਰ ਤੇ ਫੈਸਲਾ ਲੈਣਾ ਪੈਦਾ ਹੈ। ਪਿੰਡ ਗੋਦਪੁਰ ਅਤੇ ਰਸੂਲਪੁਰ ਦਾ ਪੈਡਾ ਕੋਈ ਬਹੁਤਾ ਲੰਬਾ ਨਹੀ ਹੈ ।
ਇਸ ਸਬੰਧ ਵਿੱਚ ਬਲਾਕ ਸਿੱਖਿਆ ਅਧਿਕਾਰੀ ਭਗਵੰਤ ਰਾਏ ਨੇ ਕਿਹਾ ਕਿ ਕੰਮ ਤਾਂ ਗਲਤ ਹੈ । ਉਹ ਸਮੁੱਚੇ ਮਾਮਲੇ ਦੀ ਜਾਂਚ ਕਰ ਰਹੇ ਹਨ।