ਬੱਚੀ ਦੇ ਪਿਤਾ ਨੇ ਕਿਹਾ, "ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ 'ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈ
Posted on:- 16-03-2021
-ਸੂਹੀ ਸਵੇਰ ਬਿਓਰੋ
ਦੇਸ਼ ਦੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਬਾਹਰੀ ਇਲਾਕੇ ਹੱਲੋਮਾਜਰਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ 6 ਸਾਲਾਂ ਬੱਚੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਫੇਰ ਦਾਗਦਾਰ ਕਰ ਦਿੱਤਾ ਹੈ । ਇਲਾਕੇ ਦੇ ਲੋਕਾਂ ਵਿਚ ਸੋਗ ਤੇ ਸਹਿਮ ਦਾ ਵਾਤਾਵਰਨ ਹੈ । ਪੰਜ ਮਾਰਚ ਦੀ ਸ਼ਾਮ ਗਾਇਬ ਹੋਈ ਬੱਚੀ ਦੀ ਲਾਸ਼ ਛੇ ਮਾਰਚ ਨੂੰ ਨੇੜਲੇ ਜੰਗਲਾਂ ਵਿਚੋਂ ਖੂਨ ਨਾਲ ਲੱਥਪੱਥ ਹੋਈ ਅਰਧ ਨੰਗੀ ਅਵਸਥਾ 'ਚ ਮਿਲਦੀ ਹੈ । ਲੋਕ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੋਏ ਇਲਾਕੇ ਦੀ ਪੁਲਿਸ ਚੌਂਕੀ ਘੇਰਦੇ ਹਨ । ਇਸ ਉੱਤੇ ਪੁਲਿਸ ਬਰਬਰ ਲਾਠੀਚਾਰਜ ਕਰਦੀ ਹੈ । ਪ੍ਰਦਰਸ਼ਨ ਵਿਚ ਸ਼ਾਮਿਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚੁੱਕ ਲੈਂਦੀ ਹੈ ਤੇ ਉਹਨਾਂ ਤੇ ਸੰਗੀਨ ਧਾਰਾਵਾਂ ਲਾ ਦਿੱਤੀਆਂ ਜਾਂਦੀਆਂ ਹਨ । ਲੋਕ ਪੁਲਿਸ ਦੀ ਭੂਮਿਕਾ ਨੂੰ ਸ਼ੱਕ ਦੇ ਨਿਗ੍ਹਾ ਨਾਲ ਦੇਖ ਰਹੇ ਨੇ । ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਸਥਾਨਕ ਭਾਜਪਾ ਆਗੂ ਆਪਣੇ ਸਿਆਸੀ ਫਾਇਦੇ ਲਈ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ । ਇਸ ਦੌਰਾਨ ਪੁਲਿਸ ਨੇ ਇੱਕ 12 ਸਾਲਾਂ ਲੜਕੇ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ ਪਰ ਸਥਾਨਕ ਲੋਕਾਂ ਤੇ ਮ੍ਰਿਤਕ ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਸਿਰਫ ਬਾਰਾਂ ਸਾਲ ਦਾ ਇਕੱਲਾ ਬੱਚਾ ਅੰਜਾਮ ਨਹੀਂ ਦੇ ਸਕਦਾ । ਹੱਲੋਮਾਜਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ ।ਪੁਲਿਸ 'ਤੇ ਦੋਸ਼ ਲੱਗ ਰਹੇ ਨੇ ਕਿ ਉਹ ਨਿਰਪੱਖ ਤਫਤੀਸ਼ ਕਰਨ ਦੀ ਥਾਂ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ।
ਮ੍ਰਿਤਕ ਬੱਚੀ ਦੇ ਪਰਵਾਰ ਵਾਲਿਆਂ ਨੇ ਸਾਨੂੰ ਦੱਸਿਆ, ``ਪੰਜ ਮਾਰਚ ਦੀ ਘਟਨਾ ਹੈ। ਸਾਡੀ ਬੱਚੀ ਸ਼ਾਮ ਸਾਢੇ ਚਾਰ ਦੇ ਕਰੀਬ ਆਮ ਵਾਂਗ ਖੇਡਣ ਲਈ ਗਈ ਸੀ। ਕੁਝ ਸਮੇਂ ਬਾਅਦ ਜਦੋਂ ਵਾਪਸ ਨਾ ਆਈ ਤਾਂ ਅਸੀਂ ਆਂਢ-ਗੁਆਂਢ ਵਿੱਚ ਲੱਭਿਆ। ਫਿਰ ਵੀ ਨਾ ਲੱਭੀ ਤਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ।ਅਗਲੀ ਸਵੇਰ ਸਾਡੇ ਘਰ ਤੋਂ ਕੁਝ ਦੂਰੀ 'ਤੇ ਹੀ ਜੰਗਲ ਵਿੱਚੋਂ ਉਸ ਦੀ ਲਾਸ਼ ਮਿਲੀ। ਲਾਸ਼ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਦੇਖਣ ਵਾਲਾ ਵੀ ਸਹਿਮ ਜਾਵੇ ।"
ਬੱਚੀ ਦੇ ਪਿਤਾ ਨੇ ਕਿਹਾ, "ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ 'ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈਨੂੰ ਦੱਸਿਆ ਤਾਂ ਮੈਂ ਵੀ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਅੱਠ ਵਜੇ ਦੇ ਕਰੀਬ 100 ਨੰਬਰ 'ਤੇ ਸੂਚਨਾ ਦਿੱਤੀ। ਪੁਲਿਸ ਵੀ ਤੁਰੰਤ ਆ ਗਈ ਅਤੇ ਬੱਚੀ ਨੂੰ ਲੱਭਣ ਲੱਗ ਗਈ। ਅਸੀਂ ਰਾਤ ਦੇ ਢਾਈ ਵਜੇ ਤੱਕ ਉਸ ਨੂੰ ਲੱਭਦੇ ਰਹੇ। ਅਗਲੀ ਸਵੇਰ ਛੇ ਮਾਰਚ ਨੂੰ ਘਰ ਦੇ ਨੇੜੇ ਸ਼ਮਸ਼ਾਨਘਾਟ ਦੇ ਪਿੱਛੇ ਜੰਗਲਾਂ ਵਿੱਚ ਉਨ੍ਹਾਂ ਨੂੰ ਖੂਨ ਨਾਲ ਲਥਪਥ ਲਾਸ਼ ਮਿਲੀ। ਫਿਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਐਤਵਾਰ ਯਾਨੀ ਅੱਠ ਮਾਰਚ ਨੂੰ ਬੱਚੀ ਦਾ ਸਸਕਾਰ ਕਰ ਦਿੱਤਾ ਗਿਆ ।``
ਇਸੇ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤਾ ਮੁੰਡਾ ਵੀ ਨਾਬਾਲਗ ਹੈ ਅਤੇ ਪੁਲਿਸ ਨੇ ਉਸ ਦੀ ਉਮਰ ਬਾਰਾਂ ਸਾਲ ਦੱਸੀ ਹੈ। ਕੁਝ ਮੀਡੀਆ ਰਿਪੋਰਟਸ ਵਿਚ ਪੁਲਿਸ ਖੁਦ ਹੀ ਲੜਕੇ ਦੀ ਉਮਰ 14 ਸਾਲ ਦੱਸ ਰਹੀ ਹੈ । ਇੱਕ ਸਮਾਜਿਕ ਕਾਰਕੁਨ ਜੋ ਇਸ ਮਾਮਲੇ ਨਾਲ ਜੁੜੇ ਤੱਥਾਂ ਦੀ ਛਾਣਬੀਣ ਕਰ ਰਹੀ ਟੀਮ ਦੀ ਆਗੂ ਹੈ ਨੇ ਸਾਨੂੰ ਦੱਸਿਆ , ``ਪੁਲਿਸ ਜਾਣ-ਬੁਝ ਕੇ ਲੜਕੇ ਦੀ ਉਮਰ ਲੁਕੋ ਰਹੀ ਹੈ । ਇਹ ਲੜਕਾ 9 ਵੀਂ ਜਮਾਤ ਵਿਚੋਂ ਦੋ ਵਾਰ ਫੇਲ੍ਹ ਹੋ ਚੁੱਕੇ ਹੈ । ਜਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਕਿਸੇ ਇੱਕ ਬੰਦੇ ਦਾ ਕਾਰਾ ਨਹੀਂ ਹੋ ਸਕਦਾ ।``
ਬੱਚੀ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ,``ਜਦੋਂ ਸਾਨੂੰ ਜੰਗਲ ਵਿੱਚੋਂ ਲਾਸ਼ ਮਿਲੀ ਤਾਂ ਉਸ ਨੇ ਟੀ-ਸ਼ਰਟ ਪਾਈ ਹੋਈ ਸੀ, ਪੈਂਟ ਨਹੀਂ ਸੀ। ਮੈਨੂੰ ਰੇਪ ਦਾ ਸ਼ੱਕ ਹੈ। ਮੈਂ ਉਸ ਦਿਨ ਤੋਂ ਚੱਲ-ਫਿਰ ਰਿਹਾ ਹਾਂ ਪਰ ਅੰਦਰੋਂ ਟੁੱਟ ਚੁੱਕਿਆ ਹਾਂ । ਮੈਂ ਆਪਣੀ ਬੇਟੀ ਨੂੰ ਇਨਸਾਫ਼ ਦਵਾਉਣਾ ਚਾਹੁੰਦਾ ਹਾਂ । ਸਾਨੂੰ ਪੁਲਿਸ ਤੋਂ ਇਨਸਾਫ਼ ਦੀ ਉਮੀਦ ਹੈ ਪਰ ਪੁਲਿਸ ਨੇ ਕੇਸ ਵਿੱਚ ਇੱਕ ਨਾਬਾਲਗ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਮੈਨੂੰ ਨਹੀਂ ਲਗਦਾ ਕਿ ਇੱਕ 12-14 ਸਾਲ ਦਾ ਲੜਕਾ ਅਜਿਹਾ ਕਰ ਸਕਦਾ ਹੈ । ਜਿਸ ਪੱਥਰ ਨਾਲ ਉਸ ਨੂੰ ਮਾਰਿਆ ਗਿਆ ਹੈ, ਉਹ ਭਾਰੀ ਸੀ ਇਸ ਲਈ ਮੈਨੂੰ ਲਗਦਾ ਹੈ ਉਸ ਦੀ ਉਮਰ ਗ਼ਲਤ ਦੱਸੀ ਜਾ ਰਹੀ ਹੈ। ਮੈਨੂੰ ਇਹ ਵੀ ਸ਼ੱਕ ਹੈ ਕਿ ਹੋਰ ਵੀ ਕੋਈ ਇਸ ਵਿੱਚ ਸ਼ਾਮਲ ਹੋ ਸਕਦਾ ਹੈ।"
ਇਸ ਮਾਮਲੇ ਨੂੰ ਵੇਖ ਰਹੇ ਚੰਡੀਗੜ੍ਹ ਕਰਾਈਮ ਬਰਾਂਚ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਲਾਕੇ ਵਿੱਚੋਂ ਮਿਲੀ ਇੱਕ ਸੀਸੀਟੀਵੀ ਫੁਟੇਜ ਅਤੇ ਮਿਲੀ ਹੋਰ ਇਨਪੁੱਟ ਦੇ ਅਧਾਰ 'ਤੇ ਇੱਕ ਮੁਲਜ਼ਮ ਨੂੰ ਫੜਿਆ ਗਿਆ ਹੈ ਜੋ ਕਿ ਨਾਬਾਲਗ ਹੈ। ਅਗਵਾ ਅਤੇ ਕਤਲ ਦੀਆਂ ਧਾਰਾਂਵਾਂ ਲਗਾਈਆਂ ਗਈਆਂ ਹਨ। ਜ਼ਿਲ੍ਹਾ ਅਟਾਰਨੀ ਨਾਲ ਪੌਕਸੋ ਐਕਟ ਦੀਆਂ ਧਾਰਾਵਾਂ ਲਗਾਉਣ ਬਾਰੇ ਚਰਚਾ ਕਰ ਰਹੇ ਹਾਂ। ਇਸ ਲਈ ਅਸੀਂ ਪੂਰੀ ਪੋਸਟਮਾਰਟਮ ਰਿਪੋਰਟ ਦਾ ਵੀ ਇੰਤਜ਼ਾਰ ਕਰ ਰਹੇ ਹਾਂ।“
ਦੂਜੇ ਪਾਸੇ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਇਕੱਠ ਵਿਚੋਂ ਗ੍ਰਿਫਤਾਰ ਕੀਤੇ ਨੌਜੁਆਨਾਂ ਦਾ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਜਦੋਂ ਪਦਾਰਸ਼ਨ ਹੋ ਰਿਹਾ ਸੀ ਤਾਂ ਇਲਾਕੇ ਵਿੱਚ ਇੱਕ ਲਾਇਬ੍ਰੇਰੀ ਚਲਾਉਣ ਅਤੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਨੌਜਵਾਨ ਭਾਰਤ ਸਭਾ ਨਾਲ ਜੁੜੇ ਕਾਰਕੁਨ ਅਤੇ ਕੁਝ ਜਥੇਬੰਦੀਆਂ ਨਾਲ ਜੁੜੇ ਵਿਦਿਆਰਥੀ ਵੀ ਉੱਥੇ ਪਹੁੰਚ ਗਏ। ਕਾਫੀ ਸਮਾਂ ਸੜਕ 'ਤੇ ਟਰੈਫਿਕ ਜਾਮ ਵੀ ਰਿਹਾ। ਇਸੇ ਦੌਰਾਨ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ਵਿੱਚੋਂ ਇੱਕ ਗੋਪਾਲ, ਹੱਲੋਮਾਜਰਾ ਦਾ ਸਥਾਨਕ ਹੈ। ਵੈਭਵ, ਨੌਜਵਾਨ ਭਾਰਤ ਸਭਾ ਨਾਲ ਅਤੇ ਅਮਨ ਪੰਜਾਬ ਸਟੂਡੈਂਟ ਯੁਨੀਅਨ(ਲਲਕਾਰ) ਨਾਲ ਜੁੜਿਆ ਹੈ। ਗੋਪਾਲ ਇਸੇ ਇਲਾਕੇ ਵਿਚ ਦੁਕਾਨ ਕਰਦਾ ਹੈ ।
ਗੋਪਾਲ ਦੀ ਪਤਨੀ ਪੂਜਾ ਨੇ ਦੱਸਿਆ , "ਜਦੋਂ ਛੇ ਸਾਲ ਦੀ ਬੱਚੀ ਨਾਲ ਵਾਪਰੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਇਲਾਕੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ।ਸਾਰਾ ਹੱਲੋਮਾਜਰਾ ਹੀ ਇਕੱਠਾ ਹੋ ਗਿਆ ਸੀ, ਹਰ ਕੋਈ ਘਬਰਾ ਗਿਆ ਸੀ। ਮੇਰੇ ਪਤੀ ਵੀ ਚਲੇ ਗਏ। ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਮੇਰੇ ਪਤੀ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਉੱਥੇ ਮੌਜੂਦ ਮਹਿਲਾਵਾਂ 'ਤੇ ਹੋ ਰਹੇ ਲਾਠੀਚਾਰਜ ਦਾ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ । ਲੋਕ ਪੋਸਟਮਾਰਟਮ ਰਿਪੋਰਟ ਦੀ ਜਾਣਕਾਰੀ ਮੰਗ ਰਹੇ ਸੀ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸੀ। ਉਨ੍ਹਾਂ ਕਿਹਾ, "ਮੇਰੇ ਪਤੀ ਤਾਂ ਸਿਰਫ ਬੱਚੀ ਦੇ ਇਨਸਾਫ਼ ਦੀ ਆਵਾਜ਼ ਵਿੱਚ ਸ਼ਾਮਲ ਹੋਣ ਗਏ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।”
ਗ੍ਰਿਫਤਾਰ ਕੀਤਾ ਨੌਜਵਾਨ ਅਮਨ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੈ । ਉਹ ਸਮਾਜਿਕ ਸਰੋਕਾਰਾਂ `ਤੇ ਵਿਦਿਆਰਥੀ ਮੁਦਿਆਂ `ਤੇ ਲਗਾਤਾਰ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ । ਵੈਭਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸ਼ੋਲੋਜੀ ਵਿਭਾਗ ਦਾ ਵਿਦਿਆਰਥੀ ਹੈ ।ਉਹ ਵੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਵਿਦਿਆਰਥੀ ਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਮੁਦਿਆਂ `ਤੇ ਬੋਲਦਾ ਰਿਹਾ ਹੈ । ਸਾਨੂ ਕੁਝ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਪ੍ਰਦਰਸ਼ਨ ਚੋਣ ਪੁਲਿਸ ਵੱਲੋਂ ਫੜੇ ਵਿਦਿਆਰਥੀ ਅਮਨ ਤੇ ਵੈਭਵ ਹੱਲੋਮਾਜਰਾ ਵਿਚ ਗਰੀਬ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਂਦੇ ਹਨ ਇਥੇ ਉਹ ਇੱਕ ਲਾਇਬ੍ਰੇਰੀ ਵੀ ਚਲਾਉਂਦੇ ਹਨ । ਕਿਸਾਨ ਅੰਦੋਲਨ ਅਤੇ ਸੀ ਏ ਏ ਦੇ ਪ੍ਰਦਰਸ਼ਨਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ । ਸਥਾਨਕ ਪੁਲਿਸ ਦੀ ਇਹਨਾਂ ਨੌਜਵਾਨਾਂ ਨਾਲ ਪੁਰਾਣੀ ਖੁੰਦਕ ਹੈ । ਪੁਲਿਸ ਬੱਚੀ ਦੇ ਕਾਤਲਾਂ ਨੂੰ ਫੜਨ ਦੀ ਥਾਂ ਇਨਸਾਫ ਮੰਗ ਰਹੇ ਲੋਕਾਂ ਨੂੰ ਅਪਰਾਧਿਕ ਧਾਰਾਵਾਂ ਲਗਾ ਕੇ ਫੜ ਰਹੀ ਹੈ ।
ਇੱਕ ਹੋਰ ਵਿਦਿਆਰਥਣ ਆਗੂ ਅਮਨਦੀਪ ਕੌਰ ਦਾ ਕਹਿਣਾ ਹੈ ,``ਚੰਡੀਗੜ੍ਹ ਪੁਲਿਸ ਉਤਰ ਪ੍ਰਦੇਸ਼ ਦੇ ਮਾਡਲ ਨੂੰ ਲਾਗੂ ਕਰਨ ਲੱਗੀ ਹੋਈ ਹੈ । ਹੁਣ ਹੱਕ ਲਈ ਆਵਾਜ਼ ਉਠਾਉਣਾ ਅਪਰਾਧ ਬਣ ਗਿਆ ਹੈ । ਬੱਚੀ ਦੇ ਇਨਸਾਫ ਲਈ ਆਵਾਜ਼ ਉਠਾਉਣ ਵਾਲੇ ਗ੍ਰਿਫਤਾਰ ਕੀਤੇ ਤਿੰਨੋਂ ਨੌਜਵਾਨਾਂ `ਤੇ ੧੪੭,149 , 330 , 332 , 341 ਤੇ 353 ਜਿਹੀਆਂ ਅਪਰਾਧਕ ਧਰਾਵਾਂ ਲਗਾਈਆਂ ਗਈਆਂ ਹਨ ।``
ਸਮਾਜਿਕ ਕਾਰਕੁੰਨ ਐਡਵੋਕੇਟ ਆਰਤੀ ਦਾ ਕਹਿਣਾ ਹੈ ,``ਅਸੀਂ ਆਪਣੇ ਤੌਰ `ਤੇ ਕੀਤੀ ਪੜਤਾਲ `ਚ ਇਹ ਪਾਇਆ ਹੈ ਕਿ ਭਾਜਪਾ ਦੇ ਸਥਾਨਕ ਨੇਤਾ ਵੀ ਪੁਲਿਸ ਉਤੇ ਦਬਾਅ ਬਣਾ ਰਹੇ ਹਨ ਕਿ ਮਾਮਲੇ ਨੂੰ ਦਬਾਇਆ ਜਾਵੇ ਤਾਂ ਜੋ ਕੁਝ ਮਹੀਨੇ ਨੂੰ ਆ ਰਹੀਆਂ ਕੌਂਸਲ ਚੋਣਾਂ ਵਿਚ ਓਹਨਾ ਦੀ ਪਾਰਟੀ ਨੂੰ ਕੋਈ ਨੁਕਸਾਨ ਨਾ ਝੱਲਣਾ ਪਵੇ ।`` ਸਥਾਨਕ ਲੋਕਾਂ ਨੇ ਸਾਨੂੰ ਇੱਕ ਵੀਡੀਓ ਵੀ ਦਿਖਾਈ ਜਿਸ ਚ ਇੱਕ ਖਾਸ ਪਾਰਟੀ ਦੇ ਨੇਤਾ ਲੋਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਧਮਕੀ ਵੀ ਦੇ ਰਹੇ ਹਨ ।
ਚੰਡੀਗੜ੍ਹ ਨੂੰ ਭਾਵੇਂ ਸ਼ਾਂਤਮਈ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਚ ਇਥੇ ਔਰਤਾਂ ਨਾਲ ਸਬੰਧਤ ਰੇਪ ਤੇ ਛੇੜਖਾਨੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਪੁਲਿਸ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿਚ ਹੈ ।ਕੁਝ ਸਾਲ ਪਹਿਲਾਂ ਹਰਿਆਣਾ ਭਾਜਪਾ ਨੇਤਾ ਦੇ ਪੁੱਤਰ ਵੱਲੋਂ ਵਰਨਿਕਾ ਕੁੰਡੂ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸਮੇਂ ਵੀ ਪੁਲਿਸ ਦੀ ਭੂਮਿਕਾ ਦੋਸ਼ੀ ਨੂੰ ਬਚਾਉਣ ਵਾਲੀ ਦਿਖਾਈ ਦਿੱਤੀ । ਸਮਾਜਿਕ ਕਾਰਕੁਨ ਮਾਨਵ ਦਾ ਕਹਿਣਾ ਹੈ ,``ਚੰਡੀਗੜ੍ਹ ਵੀ ਹੁਣ ਔਰਤਾਂ ਲਈ ਸੁਰੱਖਿਅਤ ਸ਼ਹਿਰ ਨਹੀਂ ਰਿਹਾ । ਪਿਛਲੇ ਸਮੇਂ 'ਚ ਵਾਪਰੀਆਂ ਘਟਨਾਵਾਂ ਨੇ ਇਹ ਸਿੱਧ ਕੀਤਾ ਹੈ । ਇਸ ਨਾਲ ਸਾਨੂੰ ਇਹ ਗੱਲ ਵੀ ਦੇਖਣੀ ਪਵੇਗੀ ਜਦੋਂ ਅਜਿਹੀ ਘਟਨਾ ਕਿਸੇ ਮੱਧ ਵਰਗ ਜਾਂ ਰਸੂਖਵਾਨ ਪਰਿਵਾਰ ਦੀ ਔਰਤ ਨਾਲ ਵਾਪਰਦੀ ਹੈ ਤਾਂ ਕਾਫੀ ਰੌਲਾ ਪੈ ਜਾਂਦਾ ਹੈ ਪਰ ਜਦੋਂ ਇਹ ਘਟਨਾ ਕਿਸੇ ਮਜ਼ਦੂਰ ਪਰਿਵਾਰ ਦੀ ਔਰਤ ਨਾਲ ਵਾਪਰਦੀ ਹੈ ਤਾਂ ਨਾ ਹੀ ਲੋਕਾਂ ਵੱਲੋਂ ਕੋਈ ਖ਼ਾਸ ਆਵਾਜ਼ ਬੁਲੰਦ ਹੁੰਦੀ ਹੈ ਬਲਕਿ ਪੁਲਿਸ ਵੀ ਸਬੰਧਤ ਪਰਿਵਾਰ ਤੇ ਦਬਾਅ ਪਾ ਕੇ ਮਾਮਲੇ ਨੂੰ ਦਬਾਅ ਦਿੰਦੀ ਹੈ । ਪਰਿਵਾਰ ਵੀ ਡਰ ਦਾ ਮਾਰਿਆ ਆਵਾਜ਼ ਨਹੀਂ ਉਠਾਉਂਦਾ ``