Wed, 30 October 2024
Your Visitor Number :-   7238304
SuhisaverSuhisaver Suhisaver

ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਅਵਾਜ਼

Posted on:- 20-01-2021

ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਉੱਠਿਆ ਕਿਸਾਨ ਸੰਘਰਸ਼ ਵਿਸ਼ਾਲ ਲੋਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਅਰਸੇ 'ਚ ਸੱਤਾ ਦੇ ਨਸ਼ੇ 'ਚ ਨਸ਼ਿਆਈ ਹੋਈ ਮੋਦੀ ਹਕੂਮਤ ਨੇ ਪੂਰੇ ਦੇਸ਼ ਦੇ ਲੋਕਾਂ ਉੱਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੱਖੇ ਹਮਲੇ ਕੀਤੇ ਹਨ। ਪਰ ਤਿੰਨ ਖੇਤੀ ਕਾਨੂੰਨਾਂ ਰਾਹੀਂ ਵੱਡਾ ਕਿਸਾਨ ਮਾਰੂ ਹਮਲਾ ਕਰਕੇ ਜੋ ਚੈਲੰਜ ਦੇਸ਼ ਦੀ ਕਿਸਾਨੀ ਅੱਗੇ ਭਾਜਪਾ ਹਕੂਮਤ ਨੇ ਰੱਖਿਆ ਸੀ ਉਸ ਚੈਲੰਜ ਨੂੰ ਪੰਜਾਬ ਦੇ ਸੰਘਰਸ਼ਸੀਲ ਲੋਕਾਂ ਨੇ ਫੜ ਲਿਆ। ਸੂਬਾ ਪੰਜਾਬ ਤੋਂ ਉੱਠੀ ਮੌਜੂਦਾ ਕਿਸਾਨ ਲਹਿਰ ਦਿਨ ਦੁੱਗਣੀ ਰਾਤ ਚੌਗੁਣੀ ਹੁੰਦੀ ਜਾ ਰਹੀ ਹੈ ਅਤੇ ਇਸਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ।

ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜਾ ਵਿਸ਼ਾਲ ਹੁੰਦਾ ਗਿਆ ਅਤੇ ਇਸਨੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜੱਥੇਬੰਦੀਆਂ ਦੀ ਪਹਿਲਾਂ ਹੀ ਬਣੀ ਤਾਲਮੇਲ ਕਮੇਟੀ ਨਾਲ ਮਿਲਕੇ ਸੰਘਰਸ਼ ਦਾ ਵੱਡਾ ਮੰਚ ਤਿਆਰ ਕੀਤਾ। ਵੱਖ-ਵੱਖ ਵਿਚਾਰਾਂ ਵਾਲੇ ਲੋਕਾਂ ਨੇ ਭਾਜਪਾ ਸਰਕਾਰ ਦੇ ਲੋਕਮਾਰੂ ਕਾਨੂੰਨਾਂ ਖਿਲਾਫ ਮੁੱਦਾ ਅਧਾਰਿਤ ਇੱਕਜੁੱਟਤਾ ਦਿਖਾਉਦਿਆਂ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬ ਤੋਂ ਹਰਿਆਣਾ, ਰਾਜਸਥਾਨ, ਕਰਨਾਟਕਾ, ਤਾਮਿਲਨਾਡੂ ਆਦਿ ਸੂਬਿਆਂ ਤੱਕ ਫੈਲਦਾ ਇਹ ਸੰਘਰਸ਼ ਜਲਦ ਹੀ ਦੇਸ਼ਵਿਆਪੀ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ। ਪੰਜਾਬ ਦੇ ਨੌਜਵਾਨਾਂ, ਕਲਾਕਾਰਾਂ ਅਤੇ ਔਰਤਾਂ ਦੀ ਸ਼ਮੂਲੀਅਤ ਨੇ ਇਸਨੂੰ ਹੋਰ ਵੱਧ ਵੇਗ ਦਿੱਤਾ। ਦੇਸ਼ ਦੇ ਹਾਕਮਾਂ ਅਤੇ ਉਹਨਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਆਏ ਵਿਦੇਸ਼ੀਂ ਵਸੇ ਪੰਜਾਬੀ ਭਾਈਚਾਰੇ ਨੇ ਆਪਣੀ ਧਰਤੀ ਦੇ ਜਾਇਆਂ ਤੇ ਮਾਣ ਕਰਦਿਆਂ ਉਹਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਆਪਣੀ ਮਿੱਟੀ ਨਾਲ ਮੋਹ ਜਾਗਿਆ ਅਤੇ ਉਹਨਾਂ ਦੇ ਮਨ ਅੰਦਰਲੀਆਂ ਸੱਧਰਾਂ ਨਵੀਂ ਉਮੰਗ ਅਤੇ ਮੋਦੀ ਹਕੂਮਤ ਖਿਲਾਫ ਗੁੱਸੇ ਦੇ ਰੂਪ ਵਿਚ ਫੁੱਟਣੀਆਂ ਸ਼ੁਰੂ ਹੋ ਗਈਆਂ।

ਰੋਜ਼ੀ-ਰੋਟੀ, ਰੁਜਗਾਰ-ਪਰਿਵਾਰ ਲਈ ਰੋਟੀ ਦੀ ਗੁਲਾਈ ਨਾਪਦਿਆਂ, ਵਰ੍ਹਿਆਂਬੱਧੀ ਘੋਰ ਮੁਸ਼ੱਕਤ ਕਰਦੇ ਪ੍ਰਵਾਸੀਆਂ ਦੇ ਵਲਵਲੇ ਕਿਸਾਨ ਲਹਿਰ ਦੇ ਵੇਗ ਨੂੰ ਦੇਖਦਿਆਂ ਹੋਰ ਵੱਧ ਬੁਲੰਦ ਹੋ ਗਏ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਵੱਖ-ਵੱਖ ਸ਼ਕਲਾਂ ਵਿਚ ਕਿਸਾਨ ਲਹਿਰ ਦੀ ਹਮਾਇਤ ਵਿਚ ਆਪਣਾ ਤਨ-ਮਨ-ਧਨ ਝੋਕ ਦਿੱਤਾ। ਉਹਨਾਂ ਦੇਸ਼ ਦੇ ਸੰਘਰਸ਼ਸ਼ੀਲ ਲੋਕਾਂ ਉੱਤੇ ਮਾਣ ਕੀਤਾ ਅਤੇ ਆਪ ਇਸ ਸੰਘਰਸ਼ ਵਿੱਚ ਵੱਖ-ਵੱਖ ਰੂਪਾਂ ਵਿਚ ਆਪਣਾ ਹਰ ਸੰਭਵ ਯੋਗਦਾਨ ਪਾਇਆ। ਕੋਈ ਵੀ ਇਸ ਸੰਘਰਸ਼ ਤੋਂ ਅਛੂਤਾ ਨਹੀਂ ਰਿਹਾ। ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਅੰਦਰ ਦੇਸ਼ ਦੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਕਾਰ ਰੈਲੀਆਂ, ਪੈਦਲ ਮਾਰਚ ਕੀਤੇ ਗਏ ਅਤੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸ ਸਾਹਮਣੇ ਰੋਸ ਪ੍ਰਦਰਸ਼ਨ, ਮਤਿਆਂ ਆਦਿ ਰਾਹੀਂ ਕੌਮਾਂਤਰੀ ਪੱਧਰ ਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਮੋਦੀ ਹਕੂਮਤ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਵਿਦੇਸ਼ੀ ਵਸਦੇ ਪੰਜਾਬੀ ਭਾਈਚਾਰੇ ਨੇ ਚੰਗੀ ਤਰ੍ਹਾਂ ਸਮਝ ਲਿਆ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਬਣਾਕੇ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਮੋਦੀ ਸਰਕਾਰ ਅਜਿਹਾ ਸਾਮਰਾਜੀ ਬਹੁਕੌਮੀ ਕੰਪਨੀਆਂ, ਸੰਸਾਰ ਵਪਾਰ ਸੰਸਥਾਂ, ਵੱਡੀਆਂ ਐਗਰੋਬਿਜਨਿਸ ਕੰਪਨੀਆਂ ਅਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਕਰ ਰਹੀ ਹੈ। ਸਰਕਾਰ ਕਾਰਪੋਰੇਟਰਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਨਾਫਿਆਂ ਖਾਤਰ ਦੇਸ਼ ਦੇ ਖੇਤੀਬਾੜੀ ਅਰਥਚਾਰੇ ਅਤੇ ਕਿਸਾਨਾਂ ਦੀ ਬਲੀ ਦੇਣ ਤੇ ਤੁਲੀ ਹੋਈ ਹੈ। ਜਿੱਥੇ ਪਹਿਲਾਂ 'ਹਰੇ ਇਨਕਲਾਬ' ਦੇ ਖੇਤੀ ਮਾਡਲ ਰਾਹੀਂ ਕਿਸਾਨਾਂ ਦੀ ਖੇਤੀ ਲਾਗਤਾਂ (ਇਨਪੁੱਟਸ) ਉੱਤੇ ਬਹੁਕੌਮੀ ਕੰਪਨੀਆਂ ਲੁੱਟ ਕਰਦੀਆਂ ਆ ਰਹੀਆਂ ਹਨ ਉੱਥੇ ਹੁਣ ਇਹਨਾਂ ਕਾਨੂੰਨਾਂ ਰਾਹੀ ਖੇਤੀ ਉਪਜ (ਆਊਟਪੁੱਟਸ) ਉੱਤੇ ਵੀ ਆਪਣਾ ਕਬਜਾ ਕਰਨਾ ਚਾਹੁੰਦੀਆਂ ਹਨ। ਉਹਨਾਂ ਸਮਝ ਲਿਆ ਕਿ ਇਹਨਾਂ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਫਸਲਾਂ ਦੇ ਸਰਕਾਰੀ ਭੰਡਾਰ ਨੂੰ ਖਤਮ ਕਰਕੇ ਪ੍ਰਾਈਵੇਟ ਕੰਪਨੀਆਂ ਲਈ ਜਮਾਖੋਰੀ ਦੇ ਦਰਵਾਜੇ ਖੋਲ ਰਹੀ ਹੈ। ਸਰਕਾਰ ਮੰਡੀ ਵਿਵਸਥਾ ਦਾ ਭੋਗ ਪਾ ਕੇ ਕਿਸਾਨਾਂ ਦੀ ਉਪਜ ਦੇ ਮਾਲਕ ਨਿੱਜੀ ਕੰਪਨੀਆਂ ਨੂੰ ਬਣਾ ਰਹੀ ਹੈ। ਕੰਟਰਿਕਟ ਫਾਰਮਿੰਗ ਕਿਸਾਨਾਂ ਦੀ ਤਬਾਹੀ ਦਾ ਮੰਜਰ ਤਿਆਰ ਕਰਨ ਦੇ ਤੁੱਲ ਹੈ। ਇਹ ਮੰਜਰ ਉਹਨਾਂ ਨੇ ਪੂੰਜੀਵਾਦੀ ਮੁਲਕਾਂ ਵਿੱਚ ਬੈਠਿਆਂ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਵੱਡੇ ਖੇਤੀਬਾੜੀ ਫਾਰਮ ਬਣਾਕੇ ਉਥੋਂ ਦੇ ਕਿਸਾਨਾਂ ਦੀ ਲੁੱਟ ਅਤੇ ਉਥੋਂ ਦੀਆਂ ਪੂੰਜੀਵਾਦੀ ਸਰਕਾਰਾਂ ਦੀਆਂ ਨੀਤੀਆਂ ਵਿਚੋਂ ਭਲੀ-ਭਾਂਤ ਅੱਖੀਂ ਵੇਖ ਲਿਆ ਹੈ। ਇਸੇ ਕਾਰਪੋਰੇਟਪੱਖੀ ਪੂੰਜੀਵਾਦੀ ਖੇਤੀ ਮਾਡਲ ਵਿਚੋਂ ਉਹ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਨੁਕਸਾਨ ਤੇ ਭਾਰਤ ਦੇਸ਼ ਦੀ ਕਿਸਾਨੀ ਦੀ ਬਰਬਾਦੀ ਦੇ ਭਵਿੱਖ ਨੂੰ ਦੇਖ ਰਹੇ ਹਨ। ਉਹ ਕਲਪਨਾ ਕਰ ਸਕਦੇ ਹਨ ਕਿ ਇਸਦੇ ਸਿੱਟੇ ਭਾਰਤ ਦੇਸ਼ ਦੀ ਕਿਸਾਨੀ ਲਈ ਕਿੰਨ੍ਹੇ ਘਾਤਕ ਸਿੱਧ ਹੋ ਸਕਦੇ ਹਨ।

ਦੇਸ਼ ਦੇ ਮੌਜੂਦਾ ਕਿਸਾਨ ਸੰਘਰਸ਼ 'ਚ ਉਹਨਾਂ ਇਹ ਵਖਰੇਵਾਂ ਵੀ ਵੇਖ ਲਿਆ ਕਿ ਗੋਦੀ ਮੀਡੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਉਭਾਰਨ ਦੀ ਬਜਾਏ ਤਿੰਨ ਮਾਰੂ ਕਾਨੂੰਨਾਂ ਦੇ ਗੁਣਗਾਣ ਕਰਨ 'ਚ ਰੁੱਝਿਆ ਹੋਇਆ ਹੈ। ਪ੍ਰਵਾਸੀ ਪੰਜਾਬੀਆਂ ਨੇ ਸ਼ੋਸ਼ਲ ਮੀਡੀਆ ਰਾਹੀਂ ਕਿਸਾਨ ਸੰਘਰਸ਼ ਦੀ ਹਰ ਖਬਰ, ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਫੈਸਲਿਆਂ ਅਤੇ ਉਹਨਾਂ ਵੱਲੋਂ ਐਲਾਨੇ ਪ੍ਰੋਗਰਾਮਾਂ ਨੂੰ ਵਿਸ਼ਾਲ ਲੋਕਾਈ ਤੱਕ ਲਿਜਾਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਜਿਸ ਦਿਨ ਤੋਂ ਇਹ ਸੰਘਰਸ਼ ਜਾਰੀ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਦਾ ਦਿਲ, ਦਿਮਾਗ, ਸਰੋਕਾਰ ਤੇ ਚਰਚਾ ਕਿਸਾਨ ਸੰਘਰਸ਼ ਦੁਆਲੇ ਕੇਂਦਰਿਤ ਹੈ। ਉਹਨਾਂ ਸਖਤ ਮਿਹਨਤਾਂ ਕਰਕੇ ਅੰਨ੍ਹ ਉਗਾਉਣ ਵਾਲੇ ਅੰਨ੍ਹਦਾਤਿਆਂ ਲਈ ਪਿੰਨੀਆਂ, ਪੰਜੀਰੀ, ਬਦਾਮਾਂ ਆਦਿ ਦੇ ਲੰਗਰ ਲਾ ਦਿੱਤੇ ਹਨ। ਉਹਨਾਂ ਸਿਆਲਾਂ ਦੀਆਂ ਸਰਦ ਰਾਤਾਂ ਨੂੰ ਉਨੀਂਦਰੇ ਝਾਗਕੇ ਖੇਤੀ ਕਰਨ ਵਾਲੇ ਕਿਰਤੀਆਂ ਲਈ, ਪੱਥਰ ਦਿਲ ਦਿੱਲੀ ਦੇ ਬਾਰਡਰਾਂ ਉੱਤੇ ਧੁੰਦ ਅਤੇ ਠੰਡ 'ਚ ਮੋਰਚਿਆਂ ਤੇ ਡਟੇ ਜੁਝਾਰੂਆਂ ਲਈ ਕੰਬਲ, ਟੈਂਟ, ਦਵਾਈਆਂ ਅਤੇ ਮਸਾਜ ਮਸ਼ੀਨਾਂ ਘੱਲ ਦਿੱਤੀਆਂ। ਉਹਨਾਂ ਵਿਦੇਸ਼ੀ ਧਰਤ ਤੇ ਦਸਾਂ ਨੌਂਹਾਂ ਦੀ ਕਿਰਤ ਵਿਚੋਂ ਦਸਵੰਦ ਕੱਢਕੇ ਕਿਸਾਨ ਜੱਥੇਬੰਦੀਆਂ ਨੂੰ ਘੱਲਿਆ।

ਪ੍ਰਵਾਸੀ ਪੰਜਾਬੀ ਲੇਖਕਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਗੀਤ, ਕਵਿਤਾਵਾਂ, ਲੇਖ ਆਦਿ ਸਾਹਿਤਕ ਰਚਨਾਵਾਂ ਰਚਕੇ ਆਪਣੀ ਸਾਂਝ ਅਤੇ ਇਕਜੁੱਟਤਾ ਦਰਸਾਈ। ਵਿਦੇਸ਼ਾਂ 'ਚ ਹਰ ਥਾਂ ਕੇਸਰੀ, ਲਾਲ ਅਤੇ ਹਰੇ ਝੰਡੇ ਮਿਲਕੇ ਲਹਿਰਾਏ। ਇਨਕਲਾਬ ਜਿੰਦਾਬਾਦ ਅਤੇ ਬੋਲੇ ਸੋ ਨਿਹਾਲ ਇਕੱਠੇ ਗੂੰਜੇ। ਦੁਨੀਆਂ ਭਰ ਵਿਚ ਹਰੀਆਂ, ਲਾਲ ਅਤੇ ਕੇਸਰੀ ਪੱਗਾਂ ਨੇ ਸਾਂਝੀਵਾਲਤਾ ਦਾ ਰੰਗ ਬੰਨ੍ਹਿਆਂ। ਜਿੱਥੇ-ਜਿੱਥੇ ਤੇ ਜਿਸ-ਜਿਸ ਨੇ ਵੀ ਭਾਈਚਾਰਕ ਸਾਂਝ ਨੂੰ ਤੋੜਨ, ਵੱਖਰੇਵੇਂ, ਸੌੜੀ ਤੇ ਸੰਕੀਰਨ ਸਿਆਸਤ, ਫਿਰਕੂ ਵਿਚਾਰਾਂ ਆਦਿ ਦੀ ਗੱਲ ਕੀਤੀ ਉੱਥੇ ਉਸਨੂੰ ਆਮ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕਾਈ ਨੇ ਮੋਦੀ ਹਕੂਮਤ ਦੇ ਲੋਕਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਤੋਂ ਸਿਵਾਏ ਹਰ ਉਸ ਅਵਾਜ ਦਾ ਵਿਰੋਧ ਕੀਤਾ ਜੋ ਆਪਾਚਮਕਾਊ ਸੰਕੀਰਨ ਸਿਆਸਤ ਤੇ ਵਿਚਾਰ ਦਾ ਮਨਸ਼ਾ ਰੱਖਦੀ ਸੀ। ਏਕਾ ਤੇ ਸਾਂਝੀਵਾਲਤਾ ਵਿਦੇਸ਼ਾਂ ਵਿੱਚ ਦੇਸ਼ ਦੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਹੋਏ ਪ੍ਰਦਰਸ਼ਨਾਂ ਦਾ ਮੂਲ ਮੰਤਰ ਚੱਲਦਾ ਆ ਰਿਹਾ ਹੈ।

ਕੈਨੇਡਾ, ਅਮਰੀਕਾ, ਨਿਊਜੀਲੈਂਡ, ਆਸਟਰੇਲੀਆ, ਇੰਗਲੈਂਡ, ਜਰਮਨੀ, ਇਟਲੀ, ਫਰਾਂਸ ਆਦਿ ਮੁਲਕਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ ਅਤੇ ਅੱਗੋਂ ਜਾਰੀ ਹਨ। ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਪ੍ਰਵਾਸੀ ਭਾਰਤੀਆਂ ਨੇ ਬਰਫੀਲੇ ਮੌਸਮਾਂ ਅੰਦਰ ਗਰਮਜੋਸ਼ੀ ਦੀ ਨਵੀਂ ਲਹਿਰ ਚਲਾਈ ਹੋਈ ਹੈ। ਵਿਦੇਸ਼ਾਂ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਇਹ ਅਵਾਜ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਦਮ ਸਿੰਘ ਤੇ ਗਦਰੀ ਬਾਬਿਆਂ ਦੀ ਵਿਰਾਸਤ ਦੀ ਯਾਦ ਤਾਜਾ ਕਰਵਾ ਰਹੀ ਹੈ। ਵਿਦੇਸ਼ਾਂ 'ਚ ਰੋਜੀ ਲਈ ਰੁਲਦੇ ਪ੍ਰਵਾਸੀ ਭਾਰਤੀਆਂ ਨੇ ਕੌਮੀ ਕਿਸਾਨ ਸੰਘਰਸ਼ ਦੀ ਬਾਤ ਕੌਮਾਂਤਰੀ ਪੱਧਰ ਤੇ ਉੱਤੇ ਪਾਕੇ ਪੂਰੇ ਜੱਗ 'ਚ ਜੱਸ ਖੱਟਿਆ ਹੈ।

-ਮਨਦੀਪ



ਅਮਰੀਕੀ ਸਮਾਰਾਜ ਅੰਦਰ ਪਈ ਲੋਕ ਰੋਹ ਦੀ ਧਮਕ

ਅੱਜ ਪੰਜਾਬ ਤੋਂ ਉੱਠੀ ਕਿਸਾਨ ਲਹਿਰ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਭਾਰਤੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਅਤੇ ਵੱਡੀਆਂ ਜਨਤਕ ਰੈਲੀਆਂ ਹੋ ਰਹੀਆਂ ਹਨ। ਇਹਨਾਂ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਲੋਕ ਭਾਰਤ ਵਿਚ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਭਾਰਤੀ ਦੂਤਾਵਾਸ ਅੱਗੇ ਲੜੀਵਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਵੱਖ-ਵੱਖ ਸ਼ਹਿਰਾਂ ਤੋਂ ਲੋਕ ਕਾਰ ਰੈਲੀਆਂ ਰਾਹੀਂ ਮੀਲਾਂ ਲੰਮੇ ਕਾਫਲੇ ਬੰਨ੍ਹਕੇ ਭਾਰਤੀ ਦੂਤਾਵਾਸ ਅੱਗੇ ਜਾ ਰਹੇ ਹਨ ਅਤੇ ਆਪਣੇ-ਆਪਣੇ ਸ਼ਹਿਰਾਂ ਵਿੱਚ ਵੀ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਅਮਰੀਕਾ ਦੇ ਪੂਰਬੀ ਹਿੱਸੇ 'ਚ ਨਿਊਯਾਰਕ, ਨਿਊਜਰਸੀ ਅਤੇ ਵਾਸ਼ਿੰਗਟਨ ਡੀਸੀ ਦੇ ਦੂਤਘਰਾਂ ਅੱਗੇ ਲੱਗਭੱਗ ਚਾਰ ਤੋਂ ਪੰਜ ਹਜਾਰ ਗੱਡੀਆਂ ਰਾਹੀਂ ਤਕਰੀਬਨ ਪੰਦਰਾਂ ਤੋਂ ਵੀਹ ਹਜਾਰ ਲੋਕਾਂ ਨੇ ਲੜੀਵਾਰ 1, 6 ਅਤੇ 15 ਦਸੰਬਰ ਨੂੰ ਵੱਡੇ ਰੋਸ ਪ੍ਰਦਰਸ਼ਨ ਕੀਤੇ। ਇਸੇ ਤਰ੍ਹਾਂ ਅਮਰੀਕਾ ਦੇ ਪੱਛਮੀ ਹਿੱਸੇ ਵਿੱਚ ਸਨਫਰਾਂਸਿਸਕੋ ਦੇ ਭਾਰਤੀ ਦੂਤਾਵਾਸ ਅੱਗੇ 4000 ਦੇ ਕਰੀਬ ਕਾਰਾਂ ਦਾ ਕਈ ਮੀਲ ਲੰਮਾ ਕਾਫਲਾ ਜਿਸ ਵਿੱਚ 20,000 ਲੋਕਾਂ ਨੇ ਭਾਗ ਲਿਆ, ਪਹੁੰਚਿਆਂ ਅਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

ਲਾਸ ਏਂਜਲਸ ਵਿਖੇ ਮੋਦੀ ਭਗਤਾਂ ਦੀ ਰੈਲੀ ਬੰਦ ਕਰਵਾਈ ਗਈ ਅਤੇ ਇਸਦੇ ਬਰਾਬਰ ਕਿਸਾਨਾਂ ਦੇ ਹੱਕ ਵਿੱਚ ਵੱਡੀ ਰੈਲੀ ਕੀਤੀ ਗਈ। ਸਿਆਟਲ, ਡੈਨਵਰ, ਹਿਊਸਟਨ, ਸੈਕਰਾਮੈਂਟੋ ਆਦਿ ਸ਼ਹਿਰਾਂ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਦਰਜਨਾਂ ਦੀ ਗਿਣਤੀ ਵਿੱਚ ਲਗਾਤਾਰ ਕਾਰ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਅਮਰੀਕਾ ਦੇ ਕਈ ਹਿੱਸਿਆਂ ਵਿਚ ਸਥਿਤ ਇੰਡੀਅਨ ਸਟੋਰਾਂ ਉੱਪਰ ਅੰਡਾਨੀ, ਅੰਬਾਨੀ ਅਤੇ ਰਾਮਦੇਵ ਦੇ ਪ੍ਰੋਡਕਟਾਂ ਨੂੰ ਸਟੋਰ ਮਾਲਕਾਂ ਨੇ ਆਪਣੇ ਸਟੋਰਾਂ ਤੋਂ ਬਾਹਰ ਕੱਢਕੇ ਸੁੱਟ ਦਿੱਤਾ। ਇਸ ਤਰ੍ਹਾਂ ਭਾਰਤੀ ਹਕੂਮਤ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਵਿਰੋਧ ਦੀ ਅਵਾਜ ਪੂਰੇ ਅਮਰੀਕਾ ਵਿੱਚ ਗੂੰਜ ਰਹੀ ਹੈ।

-ਗਗਨ ਚੋਂਕੀਮਾਨ, ਅਮਰੀਕਾ


ਕੈਨੇਡਾ 'ਚ ਥਾਂ-ਥਾਂ ਕਿਸਾਨ ਸੰਘਰਸ਼ ਦੇ ਹੱਕ 'ਚ ਵਿਸ਼ਾਲ ਵਿਰੋਧ ਪ੍ਰਦਰਸ਼ਨ

ਭਾਰਤ ਦੀ ਰਾਜਧਾਨੀ ਦਿੱਲੀ ਅੰਦਰ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਅਤੇ ਭਾਰਤ ਪੱਧਰ ਦੀਆਂ 500 ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਤਿਹਾਸਕ ਘੋਲ ਲੜਿਆ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਅਤੇ ਹੋਰ ਵੱਖ-ਵੱਖ ਤਬਕਾਤੀ ਜੱਥੇਬੰਦੀਆਂ ਵੀ ਭਰਵੀਂ ਸ਼ਮੂਲੀਅਤ ਕਰ ਰਹੀਆਂ ਹਨ। ਕਿਸਾਨ ਸੰਘਰਸ਼ ਆਏ ਦਿਨ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹ ਕਿਸਾਨ ਸੰਘਰਸ਼ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲ਼ੀ ਸਾੜਨ ਦੇ ਕਿਸਾਨ ਮਾਰੂ ਬਿੱਲ ਖ਼ਿਲਾਫ਼ ਲੜਿਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਇਹਨਾਂ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਦੇਸ਼ ਪੱਧਰ ਉੱਤੇ ਫੈਲ ਚੁੱਕਾ ਹੈ। ਇਸ ਸੰਘਰਸ਼ ਦੇ ਹੱਕ ਵਿੱਚ ਕੈਨੇਡਾ ਦੇ ਸ਼ਹਿਰ ਮੌਂਟਰੀਅਲ 'ਚ ਲਗਾਤਾਰ ਹਰ ਹਫਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਰਿਪੋਰਟ ਲਿਖਣ ਤੱਕ ਛੇ ਵੱਡੇ ਵਿਰੋਧ ਪ੍ਰਦਰਸ਼ਨ ਇਕੱਲੇ ਮੌਂਟਰੀਅਲ ਵਿੱਚ ਕੀਤੇ ਜਾ ਚੁੱਕੇ ਹਨ। ਲੜੀਵਾਰ ਇਹ ਪ੍ਰੋਗਰਾਮ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਮਰਥਕ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਹਨ।

ਮੌਂਟਰੀਅਲ ਮੈਟਰੋ ਡਾਊਨ ਟਾਊਨ, ਲਾਸਾਲ, ਓਟਾਵਾ (ਭਾਰਤੀ ਦੂਤਾਵਾਸ) ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਪਰਵਾਸੀ ਪੰਜਾਬੀਆਂ ਖਾਸਕਰ ਬਹੁਗਿਣਤੀ ਨੌਜਵਾਨਾਂ-ਵਿਦਿਆਰਥੀਆਂ ਦੇ ਹੱਥਾਂ ਵਿੱਚ ਮੋਦੀ ਹਕੂਮਤ ਖ਼ਿਲਾਫ਼ ਲਿਖੀਆਂ ਵੱਖ-ਵੱਖ ਸਲੋਗਨਾਂ ਦੀਆਂ ਤਖ਼ਤੀਆਂ (400) ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਦਰਜਨਾਂ ਝੰਡੇ ਫੜੇ ਹੋਏ ਸਨ।

ਇਹਨਾਂ ਪ੍ਰੋਗਰਾਮਾਂ ਵਿੱਚ ਅਮੀਤੋਜ਼ ਸ਼ਾਹ, ਵਰੁਣ ਖੰਨਾ, ਖੁਸ਼ਪਾਲ ਗਰੇਵਾਲ, ਰਿਸ਼ੀ ਗਰੇਵਾਲ, ਜਗਤਾਰ ਕੰਗ, ਹਰਜਿੰਦਰ ਸਿੱਧੂ, ਹਰਲੀਨ ਸੂਮਲ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਪਾਂਗਲੀ, ਮਨਦੀਪ, ਅਤੇ ਮਨਵੀਰ ਸਿੰਘ ਨੇ ਸੰਬੋਧਨ ਕੀਤਾ। ਉਹਨਾਂ ਬੋਲਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਤਿੰਨ ਕਾਨੂੰਨ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਸੰਸਾਰ ਵਪਾਰ ਸੰਸਥਾਂ ਦੁਆਰਾ ਦਿਸ਼ਾ ਨਿਰਦੇਸ਼ਤ ਹਨ। ਉਹਨਾਂ ਕਿਹਾ ਕਿ ਪਹਿਲਾਂ ਸਾਮਰਾਜੀ ਬਹੁਕੌਮੀ ਕਾਰਪੋਰੇਸ਼ਨਾਂ ਖੇਤੀ ਇਨਪੁਟਸ ਤੇ ਕੰਟਰੋਲ ਕਰਦੀਆ ਸਨ ਪਰ ਹੁਣ ਸਾਮਰਾਜੀ ਕੰਪਨੀਆਂ ਮਨੌਪਲੀ ਕਾਇਮ ਕਰਕੇ ਆਊਟਪੁੱਟ ਤੇ ਵੀ ਕੰਟਰੋਲ ਕਰਨ ਦੇ ਮਨਸੂਬੇ ਧਾਰੀ ਬੈਠੀਆਂ ਹਨ। ਉਹ ਸਬਸਿਡੀ ਖਤਮ ਕਰਨਾ ਚਾਹੁੰਦੇ ਹਨ। ਪੰਜਾਬ 'ਚ ਲੈਂਡ ਸ਼ਾਇਦ ਵੱਡਾ ਹੈ। ਅਡਵਾਂਸ ਮੰਡੀ ਸਿਸਟਮ ਹੈ। ਇਨਫਰਾਸਟਰਕਚਰ ਬਣਿਆ ਹੋਇਆ ਹੈ।  ਇਸ ਲਈ ਉਹਨਾਂ ਦੀ ਭਾਰਤੀ ਮੰਡੀ ਤੇ ਅੱਖ ਹੈ। ਮੋਦੀ ਹਕੂਮਤ ਨੇ 24 ਮਾਰਚ ਨੂੰ ਲੌਕਡਾਊਨ ਲਾਉਣ ਤੋਂ ਫੌਰੀ ਬਾਅਦ 26 ਮਾਰਚ 2020 ਨੂੰ ਖੇਤੀ ਮਾਰਕੀਟ ਸੁਧਾਰਾਂ ਦੇ ਨਾਂ 'ਤੇ ਸਰਕਾਰੀ ਮੰਡੀਆਂ ਦੀ ਥਾਂ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਮਨਜ਼ੂਰੀ ਦੇ ਕੇ ਦੇਸੀ-ਵਿਦੇਸ਼ੀ ਐਗਰੋਬਿਜਨਸ ਕੰਪਨੀਆਂ ਨੂੰ ਫ਼ਸਲਾਂ ਖ਼ਰੀਦਣ ਦੀ ਖੁੱਲ੍ਹ ਦੇ ਦਿੱਤੀ ਹੈ ਅਤੇ ਇਨ੍ਹਾਂ ਕੰਪਨੀਆਂ ਵੱਲੋਂ ਆਪਣੀ ਮਨਮਰਜ਼ੀ ਨਾਲ ਖੇਤੀ ਕਰਾਉਣ ਲਈ ਜ਼ਮੀਨ ਠੇਕੇ 'ਤੇ ਲੈ ਕੇ ਵੱਡੇ ਫਾਰਮ ਬਣਾ ਕੇ 'ਠੇਕਾ ਖੇਤੀ ਕਾਨੂੰਨ-2018' ਪਹਿਲਾਂ ਹੀ ਪਾਸ ਕਰਾਇਆ ਹੋਇਆ ਹੈ। ਭਾਰਤੀ ਕਾਰਪੋਰੇਟ ਘਰਾਣਿਆਂ ਕੋਲ ਸਾਮਰਾਜੀ ਐਗਰੋਬਿਜਨਸ ਕੰਪਨੀਆਂ ਵਾਂਗ ਇੰਫਰਾਸਟਰਕਚਰ, ਤਕਨੀਕ ਅਤੇ ਪੂੰਜੀ ਨਹੀਂ ਹੈ। ਇਸ ਕਰ ਕੇ ਉਹ ਸਾਮਰਾਜੀ ਐਗਰੋਬਿਜਨਸ ਕੰਪਨੀਆਂ ਦੇ ਭਾਈਵਾਲ ਬਣ ਕੇ ਇਸ ਕਾਰੋਬਾਰ ਵਿਚੋਂ ਅਥਾਹ ਮੁਨਾਫ਼ੇ ਕਮਾਉਣ ਦੀ ਝਾਕ ਰੱਖਦੇ ਹਨ ਅਤੇ ਭਾਰਤ ਨੂੰ 'ਇਕ ਦੇਸ਼, ਇਕ ਮੰਡੀ' ਦੇ ਸੰਕਲਪ ਨੂੰ ਅੰਤਰਰਾਸ਼ਟਰੀ ਮੰਡੀ ਨਾਲ ਜੋੜ ਕੇ ਵਾਅਦਾ ਵਪਾਰ ਰਾਹੀਂ ਸੱਟੇਬਾਜ਼ੀ ਕਰ ਕੇ ਸੁਪਰ ਮੁਨਾਫ਼ੇ ਕਮਾਉਣਾ ਲੋਚਦੇ ਹਨ।

ਇਸਤੋਂ ਇਲਾਵਾਂ ਕੈਨੇਡਾ ਦੇ ਵੈਨਕੂਵਰ, ਬਰੈਪਟਨ, ਕੈਲਗਰੀ, ਐਡਮਿੰਟਨ, ਕਿਚਨਰ, ਟੋਰਾਂਟੋ, ਵਿਨੀਪੈੱਗ, ਸਰੀ, ਹਮਿਲਟਨ ਆਦਿ ਥਾਵਾਂ ਦੇ ਦਰਜਨਾਂ ਦੀ ਗਿਣਤੀ ਵਿੱਚ ਲੜੀਵਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।

-ਵਰੁਣ ਖੰਨਾ, ਕਨੈਡਾ


ਆਸਟਰੇਲੀਆ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ

ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੇ ਸ਼ਹਿਰ ਜੀਲੌਂਗ, ਟਾਰਨੇਟ ਅਤੇ ਕਰੇਗੀਬਰਨ ਤੋਂ ਪਲਮਟਨ ਤੱਕ ਕਾਰ ਰੈਲੀ ਕੀਤੀ ਗਈ। ਆਸਟਰੇਲੀਆਂ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਕਿਸਾਨਾਂ ਦੇ ਹੱਕ ਅਤੇ ਮੋਦੀ ਹਕੂਮਤ ਖਿਲਾਫ ਕੀਤੀ ਗਈ ਰੈਲੀ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ। ਇਹਨਾਂ ਥਾਵਾਂ ਤੇ ਭਾਰਤੀ ਕਿਸਾਨ ਯੁਨੀਅਨ (ਡਕੌਂਦਾ) ਦੇ ਸਮਰਥਕ ਨੌਜਵਾਨ ਆਗੂ ਹਰਸ਼ਵਿੰਦਰ ਨੇ ਰੈਲੀ 'ਚ ਹਾਜਰ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਕਰਜੇ ਤੇ ਖੁਦਕਸ਼ੀਆਂ ਦਾ ਸ਼ਿਕਾਰ ਹੈ ਉੱਤੋਂ ਇਹ ਕਾਨੂੰਨ ਲਿਆਕੇ ਸਰਕਾਰ ਉਹਨਾਂ ਦੀ ਮੌਤ ਦੇ ਵਾਰੰਟ ਜਾਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਨਵ-ਉਦਾਰਵਾਦੀ ਨੀਤੀਆਂ ਭਾਰਤ ਵਰਗੇ 'ਵਿਕਾਸ਼ਸੀਲ਼' ਅਤੇ ਪਛੜੇ ਦੇਸ਼ਾਂ ਦੇ ਖੇਤੀ ਅਰਥਚਾਰੇ ਲਈ ਘਾਤਕ ਹਨ। ਉਹਨਾਂ ਕਿਹਾ ਕਿ ਜਿੰਨ੍ਹਾਂ ਚਿਰ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ ਉਨਾ ਚਿਰ ਵਿਰੋਧ ਦੀ ਇਹ ਅਵਾਜ ਕੌਮਾਂਤਰੀ ਪੱਧਰ ਤੇ ਲਗਾਤਾਰ ਹੋਰ ਵੱਧ ਫੈਲਦੀ ਜਾਏਗੀ। ਆਸਟਰੇਲੀਆ 'ਚ ਇਹਨਾਂ ਥਾਵਾਂ ਤੋਂ ਇਲਾਵਾ ਮੈਲਬੌਰਨ, ਪਰਥ ਅਤੇ ਸਿਡਨੀ 'ਚ ਵੀ ਮੋਦੀ ਹਕੂਮਤ ਖਿਲਾਫ ਵਿਰੋਧ ਦੀ ਅਵਾਜ ਬੁਲੰਦ ਕੀਤੀ ਗਈ।

-ਹਰਸ਼ਵਿੰਦਰ, ਆਸਟਰੇਲੀਆ


Comments

HDPC7MLGN77JXNNHFXLZEPDH http://google.com/573

HDPC7MLGN77JXNNHFXLZEPDH http://google.com/573

FHG3ATSLKGHF http://google.com/824

FHG3ATSLKGHF <b>http://google.com/824</b>

FHG7UAYFJGHF http://google.com/824

FHG7UAYFJGHF <b>http://google.com/824</b>

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ