Thu, 21 November 2024
Your Visitor Number :-   7254174
SuhisaverSuhisaver Suhisaver

ਦਿੱਲੀ ਘੇਰਨ ਦੀ ਤਿਆਰੀ ਕਿਵੇਂ ਕਰ ਰਹੇ ਹਨ ਪੰਜਾਬ ਦੇ ਕਿਸਾਨ ?

Posted on:- 25-11-2020

suhisaver

- ਸੂਹੀ ਸਵੇਰ ਬਿਊਰੋ
         
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ  ਨੇ 21 ਨਵੰਬਰ ਨੂੰ ਮਾਲ ਗੱਡੀਆਂ ਦੇ ਨਾਲ ਯਾਤਰੂ ਗੱਡੀਆਂ ਨੂੰ ਵੀ 15 ਦਿਨਾਂ ਦੀ ਖੁੱਲ੍ਹ ਦੇ ਦਿੱਤੀ ਹੈ  ਪਰ 26 -27 ਨਵੰਬਰ ਦੇ `ਦਿੱਲੀ ਕੂਚ` ਦੀਆਂ ਤਿਆਰੀਆਂ ਪੂਰੇ ਜ਼ੋਰ -ਸ਼ੋਰ ਨਾਲ  ਹੋ ਰਹੀਆਂ ਹਨ । ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ । ਲੋਕ ਕਿਸਾਨਾਂ ਨੂੰ ਦਿੱਲੀ ਪ੍ਰਦਰਸ਼ਨ ਲਈ ਆਟਾ, ਦਾਲਾਂ, ਚੰਦਾ ਆਦਿ ਦੇ ਹਨ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੇ 4 ਮਹੀਨੇ ਦਾ  ਰਾਸ਼ਨ ਇਕੱਠਾ ਕਰ ਲਿਆ ਹੈ ਕਿਓਂ ਕਿ ਉਹ ਖੁਦ ਨਹੀਂ ਜਾਂਦੇ ਕਿ ਇਹ ਅੰਦੋਲਨ ਕਿੰਨਾ ਲੰਬਾ ਚਲੇਗਾ । ਪੰਜਾਬ ਦੇ ਕਿਸਾਨਾਂ ਨੂੰ ਆਸ ਹੈ ਕਿ ਉਹਨਾਂ ਦਾ `ਦਿੱਲੀ ਕੂਚ` ਸਫਲ ਹੋਵੇਗਾ ਤੇ ਉਹ  ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਾ ਲੈਣਗੇ । ਦਿੱਲੀ ਪੁਲਿਸ ਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਪੰਜਾਬ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ । `ਦਿੱਲੀ ਕੂਚ` ਮੁਹਿੰਮ ਦੀ ਤਿਆਰੀ ਵਿਚ ਔਰਤਾਂ , ਨੌਜਵਾਨ ਤੇ ਬੱਚੇ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ ।
      
ਕਿਸਾਨ ਯੂਨੀਅਨਾਂ ਦੇ  ਝੰਡੇ ਹੇਠ ਵੱਖ-ਵੱਖ ਪਿੰਡਾਂ ਵਿਚ ਮਾਰਚ ਕਰਦਿਆਂ ਕਿਸਾਨ ਬੀਬੀਆਂ ਵਲੋਂ ਅੱਜ ਦਿੱਲੀ ਮੋਰਚੇ ’ਚ ਭਰਵੀਂ ਸ਼ਮੂਲੀਅਤ ਦਾ ਘਰ-ਘਰ ਹੋਕਾ ਦਿੱਤਾ ਗਿਆ। ਉਨ੍ਹਾਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢੇ ਗਏ ਮਾਰਚਾਂ ’ਚ ਵੱਡੀ ਗਿਣਤੀ ਕਿਸਾਨ ਬੀਬੀਆਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਜ਼ਿਲ੍ਹਾ ਸੰਗਰੂਰ ਦੇ  ਪਿੰਡ ਬਡਰੁੱਖਾਂ ਵਿਚ ਕਿਸਾਨ ਬੀਬੀਆਂ ਦੇ ਹੱਥਾਂ ਵਿਚ ਕਿਸਾਨੀ  ਝੰਡੇ ਸਨ ਜੋ ਗਲੀਆਂ ’ਚ ਰੋਸ ਮਾਰਚ ਕਰ ਕੇ ਦਿੱਲੀ ਪੁੱਜਣ ਲਈ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਸਨ। ਇਸ ਮੌਕੇ ਕਿਸਾਨ ਬੀਬੀਆਂ ਚਰਨਜੀਤ ਕੌਰ, ਅਮਰਜੀਤ ਕੌਰ, ਕੁਲਵੰਤ ਕੌਰ, ਮਲਕੀਤ ਕੌਰ ਤੇ ਹੋਰਾਂ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਪੰਜਾਬ ਦੀਆਂ ਸੜਕਾਂ ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।


ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਲੜਾਈ ਲੜ ਰਹੇ ਹਨ ਜਿਸ ਕਰਕੇ ਉਹ ਚੁੱਪ ਕਰਕੇ ਘਰ ਨਹੀਂ ਬੈਠ ਸਕਦੀਆਂ। ਉਨ੍ਹਾਂ ਕਿਹਾ ਕਿ ਕਿਸਾਨ ਬੀਬੀਆਂ ਕਿਸੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੀਆਂ। ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਕਿਸਾਨ ਬੀਬੀਆਂ ਵਲੋਂ ਮਾਰਚ ਕੱਢਦਿਆਂ ਲੋਕਾਂ ਨੂੰ ਦਿੱਲੀ ਮੋਰਚੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੀਬੀਆਂ ਇਥੇ ਭਾਜਪਾ ਆਗੂ ਦੇ ਘਰ ਅੱਗੇ, ਖੇੜੀ ਰਿਲਾਇੰਸ ਪੰਪ ਅੱਗੇ ਅਤੇ ਲੱਡਾ ਟੌਲ ਪਲਾਜ਼ਾ ਵਿਖੇ ਚੱਲ ਰਹੇ ਰੋਸ ਧਰਨਿਆਂ ’ਚ ਵੀ ਭਰਵੀਂ ਸ਼ਮੂਲੀਅਤ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਨੇ 10 ਜ਼ਿਲ੍ਹਿਆਂ ਦੇ 351 ਪਿੰਡਾਂ ਦੀਆਂ ਔਰਤਾਂ ਨੂੰ ਸੰਗਰਸ਼ ਵਿਚ ਕੁੱਦਣ ਲਈ ਲਾਮਬੰਦ ਕੀਤਾ ਹੈ ।
          
ਪੰਜਾਬ ਦੇ ਇੱਕ ਪਿੰਡਾਂ  ’ਚ ਲਾਲ ਝੰਡੇ  ਝੁੱਲ ਰਹੇ ਹਨ  ਤੇ  ਬਸੰਤੀ ਚੁੰਨੀਆਂ ਦਾ ਹੜ੍ਹ ਆਇਆ ਹੈ। ਜਿੱਧਰ ਵੀ ਦੇਖੋ, ਹਰੀਆਂ ਤੇ ਕੇਸਰੀ ਪੱਗਾਂ ਦੂਰੋਂ ਨਜ਼ਰ ਪੈਂਦੀਆਂ ਹਨ। ਨੌਜਵਾਨਾਂ ਦੀਆਂ ਜੇਬ੍ਹਾਂ ’ਤੇ ਬੈਜ ਅਤੇ ਹੱਥਾਂ ਵਿੱਚ ਝੰਡੇ ਹਨ। ‘ਦਿੱਲੀ ਚੱਲੋ’ ਦੇ ਤਿਆਰੀ ਪ੍ਰੋਗਰਾਮ ‘ਚ ਇਸ ਤਰ੍ਹਾਂ ਦੇ ਸੰਘਰਸ਼ੀ ਰੰਗ ਝਲਕ ਰਹੇ ਹਨ। ਵਰ੍ਹਿਆਂ ਮਗਰੋਂ ਜਵਾਨੀ ਤੇ ਕਿਸਾਨੀ ਨੇ ਹੱਥਾਂ ਵਿਚ ਹੱਥ ਪਾਏ ਹਨ। ਨਿੱਕੇ ਨਿੱਕੇ ਬੱਚੇ ਵੀ ਤੋਤਲੀਆਂ ਆਵਾਜ਼ਾਂ ਵਿੱਚ ਨਾਅਰੇ ਮਾਰ ਰਹੇ ਹਨ। ਬਠਿੰਡਾ ਦੇ ਪਿੰਡ ਮਲੂਕਾ ਦਾ ਨੌਜਵਾਨ ਸੇਮਾ ਨਾ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ। ਬਚਪਨ ਤੋਂ ਜ਼ਿੰਦਗੀ ਨੂੰ ਟੱਕਰ ਦੇ ਰਿਹਾ ਹੈ। ਉਹ ਹੁਣ ਦਿੱਲੀ ਨਾਲ ਟੱਕਰ ਲੈਣ ਦੇ ਇਸ਼ਾਰੇ ਕਰਦਾ ਹੈ। ‘ਦਿੱਲੀ ਚੱਲੋ’ ਅੰਦੋਲਨ ’ਚ ਜਾਣ ਲਈ ਕਾਹਲਾ ਇਹ ਨੌਜਵਾਨ ਜੀਦਾ ਟੌਲ ਪਲਾਜ਼ੇ ‘ਤੇ ਕਈ ਹਫਤਿਆਂ ਤੋਂ ਆ ਰਿਹਾ ਹੈ। ਉਸ ਦਾ ਅੰਗਹੀਣ ਸਾਥੀ ਸਰਬਾ ਠੰਢ ਦੇ ਬਾਵਜੂਦ ਦਿੱਲੀ ਜਾਣ ਲਈ ਬਜ਼ਿੱਦ ਹੈ।  ਮਾਨਸਾ ਦੇ ਪਿੰਡ ਭੂਟਾਲ ਖੁਰਦ ਵਿੱਚ ਔਰਤਾਂ ਇਕੱਠੀਆਂ ਹੋ ਕੇ ਆਟਾ ਛਾਣਨ ’ਚ ਰੁੱਝੀਆਂ ਹਨ ਅਤੇ ਮੋਗਾ ਦੇ ਪਿੰਡ ਮਾਹਲਾਂ ਕਲਾਂ ਵਿਚ ਟਰਾਲੀਆਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਠੰਢ ਤੋਂ ਵੀ ਬਚਿਆ ਜਾ ਸਕੇ। ਬਠਿੰਡਾ ਦੇ ਪਿੰਡ ਜਿਉਂਦ ਵਿਚ ਨਿੱਕੇ ਨਿੱਕੇ ਬੱਚਿਆਂ ਨੇ ਢੋਲ ਦੀ ਥਾਪ ’ਤੇ ਮੋਦੀ ਸਰਕਾਰ ਖ਼ਿਲਾਫ਼ ਮੁੱਕੇ ਤਣੇ ਹਨ। ਸੰਗਰੂਰ ਦੇ ਪਿੰਡ ਸੋਹੀਆ ਦਾ ਪੰਜਵੀਂ ਕਲਾਸ ‘ਚ ਪੜ੍ਹਦਾ ਬੱਚਾ ਕਰਨਵੀਰ ਆਪਣੇ ਮਾਪਿਆਂ ਨਾਲ ਦਿੱਲੀ ਜਾਵੇਗਾ। ਉਹ ਗਲੀਆਂ ਵਿੱਚ ਝੰਡਾ ਚੁੱਕੀ ਫਿਰਦਾ ਹੈ। ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ਵਿੱਚ ਖੇਤੀ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਚਿੱਟੀਆਂ ਚੁੰਨੀਆਂ ਧੋ ਲਈਆਂ ਹਨ। ਕੋਈ ਮਾਂ ਖੁਦਕੁਸ਼ੀ ਦੇ ਰਾਹ ਗਏ ਕਮਾਊ ਪੁੱਤ ਦੀ ਤਸਵੀਰ ਨੂੰ ਚੁੰਨੀ ਨਾਲ ਸਾਫ ਕਰਨ ਲੱਗੀ ਹੈ ਅਤੇ ਕੋਈ ਵਿਧਵਾ ਪਤੀ ਦੀ ਤਸਵੀਰ ਲੈ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਹੈ। ਪਿੰਡ ਦਿਉਣ ਵਿੱਚ ਔਰਤਾਂ ਨੇ ਗਲੀ ਗਲੀ ਰੋਸ ਮਾਰਚ ਕੀਤਾ ਹੈ। ਬੀਕੇਯੂ (ਉਗਰਾਹਾਂ) ਦੇ ਇਸਤਰੀ ਵਿੰਗ ਦੀ ਅਗਵਾਈ ਵਿੱਚ ਔਰਤਾਂ ਵੱਲੋਂ ਤਿੰਨ ਦਿਨਾਂ ਜਾਗੋ ਪ੍ਰੋਗਰਾਮ ਉਲੀਕਿਆ ਹੈ ।
      
 ਕਲਾਕਾਰ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਗੀਤ ‘ਖਿੱਚ ਲੈ ਜੱਟਾ, ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ’ ਪਿੰਡੋਂ ਪਿੰਡ ਗੂੰਜ ਰਿਹਾ ਹੈ। ਬਲਵਿੰਦਰ ਸੋਨੀ ਦੀ ਰਚਨਾ ‘ਕਸੋ ਕਮਰਾਂ ਤੇ ਖਿੱਚ ਲਓ ਤਿਆਰੀ, ਦਿੱਲੀ ਵੱਲ ਕੂਚ ਕਰੀਏ’ ਵੀ ਚਾਰੇ ਪਾਸੇ ਘੁੰਮ ਰਹੀ ਹੈ। ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਦਿੱਲੀ ਨੂੰ ਇਕੱਲੇ ਕਿਸਾਨ ਨਹੀਂ, ਖੇਤ ਮਜ਼ਦੂਰ, ਬੇਜ਼ਮੀਨੇ, ਬੇਰੁਜ਼ਗਾਰ, ਅੰਗਹੀਣ ਅਤੇ ਵਿਧਵਾਵਾਂ ਵੀ ਜਾਣਗੀਆਂ।
         
ਦਿੱਲੀ ਚੱਲੋ’ ਮੁਹਿੰਮ ਤਹਿਤ   ਕਿਸਾਨਾਂ ਨੇ   ਧਰਨੇ ਲਈ ਟਰਾਲੀਆਂ ਨੂੰ ਹੀ ਘਰ ਬਣਾਉਣ ਦੀ ਤਿਆਰੀ ਵਿੱਢ ਲਈ ਹੈ। ਸੰਗਰੂਰ ਦੇ  ਬਲਾਕ ਲਹਿਰਾਗਾਗਾ ’ਚ 70 ਟਰਾਲੀਆਂ ਬਾਕਾਇਦਾ ਤਿਆਰ ਹਨ ਅਤੇ ਹਰੇਕ ਟਰਾਲੀ ’ਚ ਰਾਸ਼ਨ ਲੰਗਰ ਲਈ ਆਟਾ-ਦਾਲ, ਸਰਦੀ ਕਰਕੇ ਬਿਸਤਰੇ, ਪਾਣੀ ਵਾਲੀਆਂ ਟੈਂਕੀਆਂ ਅਤੇ ਜੈਨਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਨੇਤਾ  ਜਨਕ ਸਿੰਘ ਭੁਟਾਲ ਅਤੇ  ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਉਹਨਾਂ ਦੀ  ਜਥੇਬੰਦੀ ਕੋਲ ਬਲਾਕ ਦੀਆਂ 70 ਟਰਾਲੀਆਂ ਦੀ ਸੂਚੀ ਪਹੁੰਚ ਚੁੱਕੀ ਹੈ ਅਤੇ ਅਗਲੇ ਦੋ ਦਿਨਾਂ ’ਚ ਕਿਸਾਨਾਂ ਦੇ ‘ਦਿੱਲੀ ਚੱਲੋ’ ਸੰਘਰਸ਼ ਪ੍ਰਤੀ ਊਤਸ਼ਾਹ ਨੂੰ ਦੇਖਦਿਆਂ ਇਨ੍ਹਾਂ ਟਰਾਲੀਆਂ ਦੀ ਗਿਣਤੀ ਵਧਣ ਦੇ ਆਸਾਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ, ਔਰਤਾਂ ਅਤੇ ਨੌਜਵਾਨ ਖਨੌਰੀ ਰਾਹੀਂ ਦਿੱਲੀ ਜਾਣਗੇ ਅਤੇ ਜੇਕਰ ਹਰਿਆਣਾ ਜਾਂ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਜਥੇਬੰਦੀ ਦੀ ਕੇਂਦਰੀ ਕਮੇਟੀ ਨੂੰ ਜਾਣਕਾਰੀ ਦੇਣਗੇ ਅਤੇ ਉਸੇ ਥਾਂ ਬੈਠ ਕੇ ਧਰਨਾ ਲਾਊਣਗੇ।
         
 ਪਿੰਡ-ਪਿੰਡ ਦਿੱਲੀ ਮੋਰਚੇ ਦੀ ਚਰਚਾ ਜ਼ੋਰਾਂ ’ਤੇ ਹੈ। ਕਿਸਾਨ ਦਿੱਲੀ ਮੋਰਚੇ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ’ਚ ਜੁਟੇ ਹੋਏ ਹਨ। ਗੁਰੂ ਘਰਾਂ ਦੇ ਸਪੀਕਰਾਂ ’ਚ ਵੀ ਸਵੇਰੇ-ਸ਼ਾਮ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਵਾਸਤੇ ਅਨਾਊਂਸਮੈਂਟਾਂ ਹੋ ਰਹੀਆਂ ਹਨ। ਪਿੰਡਾਂ ’ਚ ਕਿਸਾਨ ਬੀਬੀਆਂ ਨੇ ਦਿੱਲੀ ਮੋਰਚੇ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਵੀ ਮਾਰਚ ਕੱਢੇ। ਨੌਜਵਾਨ ਕਿਸਾਨ ਆਪੋ-ਆਪਣੇ ਪਿੰਡਾਂ ’ਚ ਰਾਸ਼ਨ, ਬਾਲਣ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰਨ ’ਚ ਜੁਟੇ ਹੋਏ ਹਨ। ਦਿੱਲੀ ਰਵਾਨਾ ਹੋਣ ਲਈ ਖੇਤਾਂ ਦੇ ਰਾਜੇ ਤਿਆਰ-ਬਰ-ਤਿਆਰ ਹਨ। ਨੌਜਵਾਨ ਕਿਸਾਨ ਟਰੈਕਟਰ-ਟਰਾਲੀਆਂ ਨੂੰ ਅੰਤਿਮ ਰੂਪ ਦੇਣ ’ਚ ਜੁਟੇ ਹੋਏ ਹਨ। ਕਿਸਾਨਾਂ ਵਲੋਂ ਗਲੀ-ਗਲੀ ਦਿੱਲੀ ਮੋਰਚੇ ਦਾ ਹੋਕਾ ਦੇ ਕੇ ਰਾਸ਼ਨ ਅਤੇ ਬਾਲਣ ਆਦਿ ਇਕੱਠਾ ਕਰ ਲਿਆ ਗਿਆ ਹੈ ਜਿਸ ਨੂੰ ਟਰਾਲੀਆਂ ’ਚ ਲੋਡ ਕੀਤਾ ਜਾ ਰਿਹਾ ਹੈ। ਕਿਸਾਨ ਟਰਾਲੀਆਂ ’ਚ ਰਾਸ਼ਨ, ਲੱਕੜਾਂ, ਸਿਲੰਡਰ, ਆਟਾ, ਦਾਲਾਂ, ਚੌਲ, ਖੰਡ, ਚਾਹ ਪੱਤੀ ਆਦਿ ਜ਼ਰੂਰੀ ਵਸਤਾਂ ਨਾਲ ਲੈ ਕੇ ਰਵਾਨਾ ਹੋਣਗੇ ਉਥੇ ਪਿੰਡਾਂ ’ਚੋਂ ਪਾਣੀ ਵਾਲੀਆਂ ਟੈਂਕੀਆਂ ਵੀ ਲਿਜਾਈਆਂ ਜਾ ਰਹੀਆਂ ਹਨ। ਟਰਾਲੀਆਂ ’ਚ ਗੱਦੇ ਅਤੇ ਬਿਸਤਰੇ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦਵਾਈਆਂ ਅਤੇ ਮੈਡੀਕਲ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਵੀ ਕਿਸਾਨਾਂ ਦੀ ਮੱਦਦ ਲਈ ਅੱਗੇ ਆ ਰਹੀਆਂ ਹਨ। ਕਿਸਾਨੀ ਸੰਘਰਸ਼ ਲਈ ਜਥੇਬੰਦੀਆਂ ਵਲੋਂ ਉਗਰਾਹੀ ਵੀ ਕੀਤੀ ਗਈ ਹੈ।
       
ਇੱਕ ਕਿਸਾਨ ਨੇਤਾ ਨੇ ਦੱਸਿਆ ਕਿ  ਟਰਾਲੀਆਂ ਉਪਰ ਤਰਪਾਲਾਂ ਦੀ ਛੱਤ ਪਾ ਕੇ ਰੈਣ ਬਸੇਰੇ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਟਰਾਲੀਆਂ ਵਿਚ ਲਾਈਟਾਂ ਦੇ ਨਾਲ ਮੋਬਾਈਲ ਚਾਰਜ ਕਰਨ ਦੇ ਵੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇੱਕ-ਦੂਜੇ ਨਾਲ ਰਾਬਤਾ ਬਰਕਰਾਰ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਕਿਸਾਨ ਬੀਬੀਆਂ ਨੂੰ ਦਿੱਲੀ ਮੋਰਚੇ ’ਚ ਲੈ ਕੇ ਜਾਣ ਲਈ ਵਿਸ਼ੇਸ਼ ਤੌਰ ’ਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਨਿੱਜੀ ਵਾਹਨਾਂ ਅਤੇ ਨੌਜਵਾਨਾਂ ਵਲੋਂ ਮੋਟਰਸਾਈਕਲਾਂ ’ਤੇ ਕਾਫਲਿਆਂ ਦੇ ਰੂਪ ਵਿਚ ਕੂਚ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ ਪੰਜ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਤੋਂ ਹੀ ਕਰੀਬ ਇੱਕ ਲੱਖ ਤੋਂ ਵੱਧ ਲੋਕ ਦਿੱਲੀ ਰਵਾਨਾ ਹੋਣਗੇ। ਇਕੱਲੇ ਜ਼ਿਲ੍ਹਾ ਸੰਗਰੂਰ ਤੋਂ ਕਰੀਬ 1500 ਤੋਂ ਵੱਧ ਵਾਹਨ ਦਿੱਲੀ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ-ਹਰਿਆਣਾ ਹੱਦ ’ਤੇ ਪੈਂਦੇ ਕਸਬਾ ਖਨੌਰੀ ’ਚ ਜਥੇਬੰਦੀ ਵਲੋਂ ਅੱਜ ਤੋਂ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਟਰਾਲੀਆਂ ਵਿਚ ਛੇ-ਛੇ ਮਹੀਨੇ ਦੇ ਰਾਸ਼ਨ ਦਾ ਪ੍ਰਬੰਧ ਹੈ ਕਿਉਂਕਿ ਸੰਘਰਸ਼ ਕਿੰਨਾ ਕੁ ਲੰਬਾ ਚਲੇਗਾ, ਇਸ ਦਾ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਰਸਤੇ ਵਿਚ ਰੋਕਿਆ ਗਿਆ ਤਾਂ ਉਥੇ ਹੀ ਚੱਕਾ ਜਾਮ ਕਰਕੇ ਸੰਘਰਸ਼ ਦਾ ਝੰਡਾ ਗੱਡ ਦਿੱਤਾ ਜਾਵੇਗਾ। ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਓਨਾ ਚਿਰ ਕਿਸਾਨ ਘਰਾਂ ਨੂੰ ਨਹੀਂ ਪਰਤਣਗੇ।
         
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ ਭਰ ’ਚ ਉੱਠ ਰਹੇ ਵਿਰੋਧ ਨੂੰ ਤਿੱਖਾ ਕਰਨ ਵਿਚ ਅੱਜ ਪੰਜਾਬ ਦੇ ਸੁਰੀਲੇ ਗਾਇਕਾਂ ਤੇ ਕਲਾਕਾਰਾਂ ਨੇ ਵੀ ਯੋਗਦਾਨ ਪਾਇਆ। ਰਾਜਪੁਰਾ ਰੋਡ ’ਤੇ ਸਥਿਤ ਪਿੰਡ ਧਰੇੜੀ ਜੱਟਾਂ ਵਾਲੇ ਟੌਲ ਪਲਾਜ਼ੇ ’ਤੇ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ 50 ਦਿਨਾਂ ਤੋਂ ਲਾਏ ਗਏ ਦਿਨ-ਰਾਤ ਦੇ ਪੱਕੇ ਧਰਨੇ ਵਿਚ ਅੱਜ ਕੰਵਰ ਗਰੇਵਾਲ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਡਾ. ਸੁਖਪ੍ਰੀਤ ਸਿੰਘ ਉਦੋਕੇ, ਬੀਰ ਸਿੰਘ, ਲੱਖਾ ਸਧਾਣਾ, ਸੁਖਦੀਪ ਫਗਵਾੜਾ, ਪਰਮਪਾਲ ਸਿੰਘ ਸਭਰਾ, ਗੁਰਸਾਹਿਬ ਸਿੰਘ ਅਤੇ ਰਾਖੀ ਹੁੰਦਲ ਨੇ ਹਾਜ਼ਰੀ ਲਵਾਈ।
                
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਚੱਲੋ ਅੰਦੋਲਨ ਦੁਨੀਆਂ ਵਿੱਚ ਨਵਾਂ ਇਤਿਹਾਸ ਰਚੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਅਜਿਹੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਨੂੰ ਵੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਤਿੰਨ ਕਾਲੇ ਕਾਨੂੰਨ ਧੱਕੇਸ਼ਾਹੀ ਨਾਲ ਸੰਸਦ ਵਿੱਚੋਂ ਪਾਸ ਕਰਵਾ ਲਏ ਗਏ ਹਨ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨਗੇ। ਅਗਲੇ ਪ੍ਰੋਗਰਾਮ ਵਿੱਚ ਪੰਜਾਬ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਕਿਹਾ ਜਾਵੇਗਾ ਕਿ ਉਹ ਵੀ ਵੱਡੇ ਜਥੇ ਲੈ ਕੇ ਦਿੱਲੀ ਵੱਲ ਕੂਚ ਕਰਨ। ਮੋਦੀ ਸਰਕਾਰ ਲੋਕਾਂ ਦੇ ਇਸ ਹੜ੍ਹ ਨੂੰ ਰੋਕ ਨਹੀਂ ਸਕੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ