104 ਸੈਕੰਡਰੀ ਸਕੂਲਾਂ ਵਾਲੇ ਮਾਨਸਾ ’ਚ ਸ਼ਰਾਬ ਦੀਆਂ 286 ਦੁਕਾਨਾਂ
Posted on:- 02-07-2016
-ਜਸਪਾਲ ਸਿੰਘ ਜੱਸੀ
ਬੋਹਾ: ਇੱਕ ਪਾਸੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੂਬੇ ਅੰਦਰ ਸ਼ਰਾਬ ਬੰਦੀ ਦੇ ਵਿਸ਼ੇ ਉਪਰ ਵੱਡੀ ਬਹਿਸ ਛਿੜੀ ਹੋਈ ਹੈ ਅਤੇ ਇਹ ਗੱਲ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਇਲੈਕਸ਼ਨ ਲੜਨ ਵਾਲੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਚ ਦਰਜ ਕਰਾਉਣ ਬਾਰੇ ਇੱਕ ਵੱਡੀ ਧਿਰ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਅਤੇ ਦੂਜੇ ਪਾਸੇ ਜ਼ਿਲ੍ਹਾ ਮਾਨਸਾ ਅੰਦਰ ਬੋਹਾ ਸਮੇਤ ਹਾਕਮ ਵਾਲਾ,ਉੱਡਤ ਸੈਦੇਵਾਲਾ ਅਤੇ ਦਾਨੇਵਾਲਾ ਆਦਿ ਪਿੰਡਾਂ ਦੇ ਸ਼ਰਾਬ ਦੇ ਠੇਕੇਦਾਰ ਕਾਨੂੰਨ ਵਿਵਸਥਾ ਦਾ ਮੂੰਹ ਚਿੜਾਉਂਦੇ ਹੋਏ ਪੰਜਾਬ ਸਰਕਾਰ ਦੁਆਰਾ ਮਨਜੂਰ ਸ਼ੁਦਾ ਸ਼ਰਾਬ ਦੇ ਠੇਕਿਆਂ ਦੇ ਨਾਲ ਨਾਲ ਪਿੰਡਾਂ ਅੰਦਰ ਨਾਜਾਇਜ਼ ਠੇਕੇ ਖੋਲਕੇ ਖੁੱਲੇਆਮ ਸ਼ਰਾਬ ਦੀ ਵਿੱਕਰੀ ਕਰਨ ਚ ਮਸਰੂਫ ਹਨ।ਜਿਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਸਭ ਜਾਣਦਾ ਹੋਇਆ ਵੀ ਚੁੱਪ ਹੈ ਅਤੇ ਪ੍ਰਸ਼ਾਸ਼ਨ ਦੀ ਇਹ ਚੁੱਪ ਕਈ ਤਰਾਂ ਦੇ ਸ਼ੰਕੇ ਖੜ੍ਹੇ ਕਰ ਰਹੀ ਹੈ।ਪੰਜਾਬ ਦਾ ਜ਼ਿਲ੍ਹਾ ਮਾਨਸਾ ਜਿੱਥੇ ਸਰਕਾਰੀ ਸਿੱਖਿਆ ਦੇ ਪ੍ਰਬੰਧਾਂ ਵਜੋਂ 104 ਸੈਕੰਡਰੀ ਸਕੂਲ ਅਤੇ ਮਹਿਜ ਇੱਕ ਕਾਲਜ ਸਰਕਾਰੀ ਕਾਲਜ ਹੈ,ਉਥੇ 286 ਸ਼ਰਾਬ ਦੀਆਂ ਦੁਕਾਨਾਂ ਹਨ।ਜਿਨ੍ਹਾਂ ਚ 41 ਦੁਕਾਨਾਂ ਅੰਗਰੇਜ਼ੀ ਸ਼ਾਰਬ ਦੀਆਂ ਵੀ ਸ਼ਾਮਲ ਹਨ।
ਇਥੇ ਦੱਸ ਦੇਈਏ ਕਿ 244 ਪਿੰਡਾਂ ਵਾਲੇ ਜ਼ਿਲ੍ਹਾ ਮਾਨਸਾ ਦੇ ਦਲੇਲਵਾਲਾ, ਮੀਰਪੁਰ ਕਲਾਂ, ਗੁਰਨੇ ਖੁਰਦ, ਖਿੱਲਣ ਅਤੇ ਕੱਲੋ੍ਹ ਅਜਿਹੇ ਪੰਜ 5 ਪਿੰਡ ਹਨ ਜਿਨ੍ਹਾਂ ਚ ਉਥੋਂ ਦੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਦੁਆਰਾ ਵਿਰੋਧ ਕਰਨ ਤੇ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੋਲੀਆਂ ਗਈਆਂ।
ਦੂਜੇ ਪਾਸੇ ਬੋਹਾ ਖੇਤਰ ਦੇ ਹਾਕਮ ਵਾਲਾ, ਉੱਡਤ ਸੈਦੇਵਾਲਾ, ਦਾਨੇਵਾਲਾ ਪਿੰਡ ਜਿੱਥੇ ਸਰਕਾਰ ਦੁਆਰਾ ਕੇਵਲ ਇੱਕ-ਇੱਕ ਸ਼ਰਾਬ ਦੀ ਦੁਕਾਨ ਖੋਲਣ ਦੀ ਮਨਜੂਰੀ ਦਿੱਤੀ ਗਈ ਹੈ ਪਰ ਇਨ੍ਹਾਂ ਪਿੰਡਾਂ ਦੇ ਠੇਕੇਦਾਰ ਪ੍ਰਸ਼ਾਸਨਿਕ ਗੰਢ-ਤੁੱਪ ਦੇ ਚਲਦਿਆਂ ਸ਼ਰਾਬ ਦੀਆਂ 2-2 ਦੁਕਾਨਾਂ ਧੜੱਲੇ ਨਾਲ ਚਲਾ ਰਹੇ ਹਨ।ਪਿੰਡ ਉੱਡਤ ਸੈਦੇਵਾਲਾ ਵਿਖੇ ਚਲਾਈ ਜਾਰੀ ਸ਼ਰਾਬ ਦੀ ਨਾਜਾਇਜ਼ ਦੁਕਾਨ ਪਿੰਡ ਚ ਸਥਿਤ ਅਕਾਲ ਅਕੈਡਮੀ ਜਿੱਥੇ ਬੋਹਾ ਖੇਤਰ ਦੇ ਦਰਜਨ ਭਰ ਪਿੰਡਾਂ ਚੋ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ,ਦੇ ਐਨ ਨੇੜੇ ਚਲਾਈ ਜਾ ਰਹੀ ਹੈ।ਇੱਥੇ ਹੀ ਬੱਸ ਨਹੀਂ ਪੁਲਿਸ ਪ੍ਰਸ਼ਾਸਨ ਦੇ ਕੁਝ ਕਰਮਚਾਰੀ ਵੀ ਇਨ੍ਹਾਂ ਠੇਕੇਦਾਰਾਂ ਦੀਆਂ ਗੱਡੀਆਂ ਚ ਘੁੰਮਕੇ ਸ਼ਰੇਆਮ ਨਾਜਾਇਜ਼ ਠੇਕੇ ਵਾਲਿਆਂ ਦੀ ਰਖਵਾਲੀ ਕਰਦੇ ਦੇਖੇ ਜਾ ਸਕਦੇ ਹਨ।
ਓਧਰ ਸ਼ਰਾਬ ਦੀਆਂ ਨਾਜਾਇਜ ਦੁਕਾਨਾਂ ਉਪਰ ਖੜ੍ਹੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਠੇਕੇਦਾਰਾਂ ਵੱਲੋ ਮਿਲਾਵਟੀ ਸ਼ਰਾਬ ਵੇਚੀ ਜਾ ਰਹੀ ਹੈ।ਇਥੋ ਤੱਕ ਕਿ ਸ਼ਰਾਬ ਦੀਆਂ ਬੋਤਲਾਂ ਚ ਟੀਕੇ ਲਗਾਏ ਜਾ ਰਹੇ ਹਨ।
ਬਾਈਟ : ਮਲਕੀਤ ਸਿੰਘ, ਖਰੀਦਦਾਰ
ਇਸ ਪੂਰੇ ਮਾਮਲੇ ਬਾਰੇ ਜਦ ਈ.ਟੀ.ਓ ਮਾਨਸਾ ਸ੍ਰ.ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਕਤ ਪਿੰਡਾਂ ਚ ਚਲਦੀਆਂ ਸ਼ਰਾਬ ਦੀਆਂ ਨਾਜਾਇਜ਼ ਦੁਕਾਨਾਂ ਦਾ ਮਾਮਲਾ ਉਨਾਂ ਦੇ ਧਿਆਨ ਚ ਨਹੀਂ ਹੈ ਹੁਣ ਉਹ ਕਰਵਾਈ ਅਮਲ ਚ ਲਿਆਉਣਗੇ।