ਸਵੱਸ਼ ਭਾਰਤ ਮੁਹਿੰਮ ਤੋਂ ਟੁੱਟੀਆਂ ‘ਆਸਾਂ’ ਮਜ਼ਦੂਰਾਂ ਲਈ ‘ਮੌਤ’ ਦੀਆਂ ‘ਡਾਕਾਂ...
Posted on:- 27-05-2016
- ਜਸਪਾਲ ਸਿੰਘ ਜੱਸੀ
ਬੋਹਾ: ਬੇਸ਼ੱਕ ਪੰਜਾਬ ਸਰਕਾਰ ਨੇ ਸਵੱਸ਼ ਭਾਰਤ ਮੁਹਿੰਮ ਤਹਿਤ ਘਰ ਘਰ ਪਖਾਨੇ ਬਣਾਕੇ ਸੂਬੇ ਨੂੰ ‘ਮਲ’ ਮੁਕਤ ਬਣਾਉਣ ਦੇ ਯਤਨ ਕਰ ਰਹੀ ਹੈ ਅੱਜ ਵੀ ਦਲਿਤ ਸਮਾਜ ਨਾਲ ਸਬੰਧਤ ਥੁੜਾਂ ਮਾਰੇ ਗਰੀਬ ਪਰਿਵਾਰ ਉਨ੍ਹਾਂ ਦੇ ਘਰਾਂ ਚ ਪਖਾਨਾ ਨਾ ਹੋਣ ਕਾਰਨ ਖੁੱਲ੍ਹੇ ਮਲ ਤਿਆਗਣ ਲਈ ਮਜਬੂਰ ਹਨ।ਸਰਕਾਰਾਂ ਵੱਲੋਂ ਕਿਸੇ ਕਿਸਮ ਦੀ ਮੱਦਦ ਦੀ ਉਡੀਕ ਛੱਡ ਚੁੱਕੇ ਕਈ ਪਰਿਵਾਰ ਖੁਦ ਪਖਾਨਿਆਂ ਦੀ ਉਸਾਰੀ ਕਰਨ ਲੱਗੇ ਹਨ।ਪਖਾਨੇ ਦੀ ਖੁਦ ਉਸਾਰੀ ਕਰਨ ਦੇ ਯਤਨਾਂ ਚ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਘਾਣੀਆਂ ਵਿਖੇ ਇੱਕ 45 ਸਾਲਾ ਮਜ਼ਦੂਰ ਦੀ ਜਾਨ ਚਲੀ ਗਈ।ਦਰਅਸਲ ਮਜ਼ਦੂਰ ਆਪਣੇ ਘਰ ਦੇ ਇੱਕ ਕੋਨੇ ਚ ਫਲੱਸ਼ ਬਣਾਉਣ ਲਈ ਖੂਹੀ ਪੁੱਟ ਰਿਹਾ ਸੀ ਕਿ ਨਾਲ ਲੱਗਦੀ ਕੰਧ ਦੀਆਂ ਜੜਾਂ ਚੋ ਮਿੱਟੀ ਖਿਸਕਣ ਨਾਲ ਖੂਹੀ ਪੁੱਟਣ ਦਾ ਕੰਮ ਕਰਦੇ ਮਜ਼ਦੂਰ ਭੋਲਾ ਸਿੰਘ ਪੁੱਤਰ ਗੁੱਜਰ ਸਿੰਘ ਉਪਰ ਮੌਤ ਬਣਕੇ ਡਿੱਗ ਪਈ।ਮੌਕੇ ਤੇ ਜਾਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਭੋਲਾ ਸਿੰਘ ਦੇ ਘਰ ਪਖਾਨਾ ਨਹੀਂ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋ ਆਪਣੇ ਘਰ ਦੇ ਇੱਕ ਕੋਨੇ ਚ ਪਖਾਨਾ ਬਣਾਉਣ ਲਈ ਖੂਹੀ ਦੇ ਰੂਪ ਚ ਟੋਆ ਪੁੱਟ ਰਿਹਾ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 8 ਵਜੇ ਜਦ ਭੋਲਾ ਸਿੰਘ ਖੂਹੀ ਨੂੰ ਪੱਕਿਆਂ ਕਰਨ ਦਾ ਕੰਮ ਕਰਨ ਲਈ ਮੁਢਲੇ ਪ੍ਰਬੰਧ ਕਰ ਰਿਹਾ ਸੀ ਤਾਂ ਨਾਲ ਲੱਗਦੀ ਕੰਧ ਅਤੇ ਮੁੱਖ ਗੇਟ ਦੇ ਥਮਲੇ ਸਮੇਤ ਖੂਹੀ ਚ ਕੰਮ ਕਰਦੇ ਭੋਲਾ ਸਿੰਘ ਉਪਰ ਡਿੱਗ ਪਏ।ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨਜ਼ਦੀਕ ਸੱਥ ਹੋਣ ਕਾਰਨ ਜਿਉ ਹੀ ਭੋਲਾ ਸਿੰਘ ਦੇ ਖੂਹ ਚ ਦਬਣ ਦੀ ਘਟਨਾਂ ਨੂੰ ਲੈਕੇ ਰੌਲਾ ਪੈ ਗਿਆਂ ਤਾਂ ਸੱਥ ਚ ਬੈਠੇ ਵਿਆਕਤੀ ਤੁਰਤ ਖੂਹ ਚ ਡਿੱਗੇ ਮਲਵੇ ਨੂੰ ਹਟਾਕੇ ਕੱਢਣ ਭੋਲਾ ਸਿੰਘ ਨੂੰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਤੇ ਕਾਫੀ ਜੱਦੋ-ਜਹਿਦ ਗੰਭੀਰ ਜ਼ਖਮੀ ਹਾਲਤ ਚ ਭੋਲਾ ਸਿੰਘ ਨੂੰ ਖੂਹ ਚੋ ਬਾਹਰ ਕੱਢ ਲਿਆ ਗਿਆ।ਜਖਮੀ ਹਾਲਤ ਚ ਇਲਾਜ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭਰਤੀ ਕਰਾਏ ਜਾਣ ਤੋ ਪਹਿਲਾਂ ਹੀ ਭੋਲਾ ਸਿੰਘ ਨੇ ਜਖਮਾਂ ਦੀ ਤਾਬ ਨਾ ਝੱਲਦਿਆਂ ਰਾਸਤੇ ਚ ਹੀ ਦਮ ਤੋੜ ਦਿੱਤਾ।
ਇਸ ਸਬੰਧੀ ਜਦ ਥਾਨਾ ਮੁੱਖੀ ਬੋਹਾ ਸ੍ਰ.ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਭੋਲਾ ਸਿੰਘ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ਤੇ ਆਧਾਰਤ ਆਈ.ਪੀ.ਸੀ ਦੀ ਧਾਰਾ 174 ਦੀ ਕਾਰਵਾਈ ਕਰਕੇ ਡਾਕਟਰੀ ਮੁਆਇਨੇ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਪਹਿਲਾਂ ਵੀ ਹੋਈਆਂ ਨੇ ਕਈ ਮੌਤਾਂ:
ਬੇਸ਼ੱਕ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੁਆਰਾ ਮਿੱਟੀ ਦੀ ਖੁਦਾਈ ਕਰਨ ਅਤੇ ਖੂਹ ਪੁੱਟਣ ਆਦਿ ਦੇ ਕੰਮਾਂ ਉਪਰ ਮਕੰਮਲ ਪਾਬੰਧੀ ਲਗਾਈ ਗਈ ਹੈ ਅਤੇ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਸਜ਼ਾ ਦੀ ਪਜਵੀਜਨ ਵੀ ਹੈ ਪਰ ਫਿਰ ਵੀ ਨਾਜਾਇਜ਼ ਮਾਇਨਿੰਗ ਦਾ ਕੰਮ ਬਾਦਸਤੂਰ ਜਾਰੀ ਹੈ।ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਹੋਣ ਨਾਲ ਮੰਘਾਣੀਆਂ ਦੇ ਭੋਲਾ ਸਿੰਘ ਦੀ ਮੌਤ ਕੋਈ ਪਹਿਲੀ ਘਟਨਾ ਨਹੀਂ।ਇਸ ਤੋ ਪਹਿਲਾਂ ਵੀ ਦਰਜਨ ਭਰ ਵਿਅਕਤੀਆਂ ਦੀ ਇਸ ਤਰਾਂ ਮੌਤ ਹੋ ਚੁੱਕੀ ਹੈ।ਦਸ਼ਮੇਸ਼ ਨਗਰ, ਰਿਉਦ ਕਲਾਂ, ਹਾਕਮ ਵਾਲਾ, ਬੀਰੇਵਾਲਾ ਡੋਗਰਾ, ਝਲਬੂਟੀ,ਬੋਹਾ ਆਦਿ ਪਿੰਡਾਂ ਚ ਪਿਛਲੇ 5 ਸਾਲਾਂ ਦੌਰਾਨ 12 ਮੌਤਾਂ ਹੋ ਚੁੱਕੀਆਂ ਹਨ।ਮ੍ਰਿਤਕ ਦਾ ਵੱਡਾ ਭਰਾ ਮੇਲਾ ਸਿੰਘ ਵੀ 20 ਸਾਲ ਪਹਿਲਾਂ ਮਿੱਟੀ ਦੀ ਢਿੱਗ ਡਿੱਗਣ ਨਾਲ ਮੌਤ ਦੇ ਮੂੰਹ ਚ ਜਾ ਪਿਆ ਸੀ।
2 ਨਾਬਾਗਲ ਬੱਚਿਆਂ ਤੇ ਪਤਨੀ ਨੂੰ ਰੱਬ ਆਸਰੇ ਛੱਡ ਗਿਆ ਮ੍ਰਿਤਕ ਭੋਲਾ ਸਿੰਘ
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਛਲੇ ਪਰਿਵਾਰ ਚ 2 ਨਬਾਗਲ ਬੱਚੇ,ਬਿਮਾਰ ਬੁੱਢੀ ਮਾ ਅਤੇ ਅਪਾਹਜ ਪਤਨੀ ਸ਼ਾਮਲ ਹੈ।ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਣ ਵਾਲੇ ਭੋਲਾ ਸਿੰਘ ਦੀ ਮੌਤ ਹੋਣ ਉਪਰੰਤ ਉਸ ਦੇ ਪਿਛਲੇ ਪਰਿਵਾਰ ਚ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ।