ਘੁੰਢ ਚੁਕਾਈ: ‘ਸੜਦੇ ਸਾਜ਼ ਦੀ ਸਰਗਮ`
Posted on:- 01-11-2012
ਐਤਵਾਰ, 28 ਅਕਤੂਬਰ ਨੂੰ, ਕੈਨੇਡੀਅਨ ਪੰਜਾਬੀ-ਅੰਗਰੇਜ਼ੀ ਲੇਖਕ ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ‘ਸੜਦੇ ਸਾਜ਼ ਦੀ ਸਰਗਮ` ਦੀ ਘੁੰਡ-ਚੁਕਾਈ ਇੱਕ ਵੱਖਰੇ ਅੰਦਾਜ਼ ਵਿਚ ਹੋਈ । ਨਾ ਉਥੇ ਕਿਤਾਬ ਉੱਪਰ ਕੋਈ ਚਰਚਾ ਚੱਲੀ, ਨਾ ਅਣਚਾਹੇ ਭਾਸ਼ਨ ਹੋਏ ਅਤੇ ਨਾ ਹੀ ਕੋਈ ਗੀਤ-ਗ਼ਜ਼ਲਾਂ ਦਾ ਪ੍ਰੋਗਰਾਮ ਹੋਇਆ।
ਗੱਲ ਹੋਈ ਸਿਰਫ਼ ਇਕਬਾਲ ਬਾਰੇ, ਉਸਦੇ ਜੀਵਨ ਬਾਰੇ ਅਤੇ ਉਸਦੀ ਵਿਲੱਖਣ ਪੰਜਾਬੀ ਸ਼ੈਲੀ ਬਾਰੇ। ਕਿਸੇ ਨੇ ਇਕਬਾਲ ਦਾ ਪਹਿਲਾ ਵਜ਼ਨ ਨੋਟ ਨਹੀਂ ਕੀਤਾ ਹੋਣਾ, ਪਰ ਲਗਦਾ ਹੈ, ਇਸ ਪ੍ਰੋਗਰਾਮ ਤੋਂ ਬਾਅਦ ਉਸਦਾ 5 ਸੇਰ ਖ਼ੂਨ ਜ਼ਰੂਰ ਵਧ ਗਿਆ ਹੋਵੇਗਾ । ਕੈਂਸਰ ਨਾਲ਼ ਲੰਮਾ ਘੋਲ਼ ਜਿੱਤਣ ਵਾਲੇ ਇਕਬਾਲ ਨੇ ਸਟੇਜ ਉੱਪਰ ਬਿਆਨ ਕੀਤਾ ਕਿ ਸਾਹਿਤ ਪ੍ਰੇਮੀਆਂ ਦੀ ਏਡੀ ਵਿਸ਼ਾਲ ਹਾਜ਼ਰੀ ਵੇਖ ਕੇ ਮੈਨੂੰ ਲਗਦਾ ਹੈ ਕਿ ਮੈਂ ਸੱਚਮੁੱਚ ਜ਼ਿੰਦਾ ਹਾਂ । ਸਭਾ ਵਿਚ ਜੋ ਵੀ ਬੋਲਿਆ ਗਿਆ ਹਾਜ਼ਰੀਨ ਨੇ ਰੂਹ ਨਾਲ ਸੁਣਿਆ। ਢਾਈ ਕੁ ਘੰਟੇ ਦਾ ਪ੍ਰੋਗਰਾਮ ਲਖਨਊ ਪੈਲੇਸ ਨਾਂਅ ਦੇ ਬੈਂਕੂਅਟ ਹਾਲ ਵਿਚ ਹੋਇਆ, ਜਿੱਥੇ ਹਾਜ਼ਰੀ 400 ਦੇ ਕਰੀਬ ਸੀ।
ਬਲਵਿੰਦਰ ਨੀਟਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਟੇਜ ਦੀ ਕਾਰਵਾਈ ਚਲਾਉਂਦਿਆਂ, ਇੱਕ ਇੱਕ ਕਰਕੇ ਕੋਈ 10 ਬੁਲਾਰਿਆਂ ਸ੍ਰੋਤਿਆਂ ਦੇ ਰੂਬਰੂ ਕੀਤਾ । ਪ੍ਰਧਾਨਗੀ ਮੰਡਲ ਵਿਚ ਸਰਵ ਸ੍ਰੀ ਪਿਆਰਾ ਸਿੰਘ ਪੰਨੂ, ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ, ਬਰਾਡਕਾਸਟਰ ਜੋਗਿੰਦਰ ਬਾਸੀ, ਰਟਾਇਰਡ ਜੱਜ ਅਵਤਾਰ ਸਿੰਘ ਗਿਲ, ਅਖ਼ਬਾਰਨਵੀਸ ਅਮਰ ਸਿੰਘ ਭੁੱਲਰ ਅਤੇ ਇਕਬਾਲ ਦੀ ਵਡੀ ਭੈਣ ਬੀਬੀ ਚਰਨਜੀਤ ਕੌਰ ਧਾਲੀਵਾਲ ਹਾਜ਼ਰ ਸਨ।
ਸਭਾ ਦੇ ਆਗਾਜ਼ ਵਿੱਚ ਨਾਮਵਰ ਸ਼ਾਇਰ ਓਂਕਾਰਪ੍ਰੀਤ ਨੇ ਸਾਹਿਤ ਵਿੱਚ ਅਜੋਕੇ ਪ੍ਰਦੂਸ਼ਨ ਦੀ ਗਲ ਕਰਦਿਆਂ ਆਖਿਆ ਕਿ ਕਿਤਾਬਾਂ ਦੀ ਗਿਣਤੀ ਧੜਾ-ਧੜ ਵਧ ਰਹੀ ਹੈ, ਲੇਕਿਨ ਪਾਏਦਾਰ ਸਾਹਿਤ ਦੀ ਥਾਂ ‘ਮੁਰਦਾ’ ਸਾਹਿਤ ਵਧੇਰੇ ਉਗਲੱਛਿਆ ਜਾ ਰਿਹਾ ਹੈ। ਓਂਕਾਰਪ੍ਰੀਤ ਨੇ ਕਿਹਾ ਕਿ ਪੰਜਾਬੀ ਵਿੱਚ ‘ਜ਼ਿੰਦਾ’ ਸਾਹਿਤ ਇਕਬਾਲ ਰਾਮੂਵਾਲੀਆ ਵਰਗੇ ਚੰਦ ਕੁ ਲੇਖਕ ਹੀ ਲਿਖ ਰਹੇ ਹਨ।
ਵਿਸਥਾਰਤ ਪ੍ਰਧਾਨਗੀ ਭਾਸ਼ਨ ਵਿੱਚ, ਇਕਬਾਲ ਦੀ ਲਿਖਣ ਕਲਾ ਬਾਰੇ ਖੁਰਦਬੀਨੀ ਕਰਦਿਆਂ ਡਾਕਟਰ ਵਰਿਆਮ ਸਿੰਘ ਸੰਧੂ ਨੇ ਇਸ ਗੱਲ ਦਾ ਮਾਣ ਵੀ ਲਿਆ ਕਿ ਅਜਿਹੀ ਮੁੱਲਵਾਨ ਪੁਸਤਕ ਲਿਖਣ ਦੀ ਪ੍ਰੇਰਣਾ ਇਕਬਾਲ ਨੂੰ ਉਸੇ ਨੇ ਹੀ ਦਿੱਤੀ ਸੀ। ਯਾਦ ਰਹੇ ਵਰਿਆਮ ਦੇ ਸਾਹਿਤਿਕ ਪਰਚੇ, ‘ਸੀਰਤ` ਵਿਚ, ਇਹ ਜੀਵਨੀ ਲੜੀਵਾਰ ਪ੍ਰਕਾਸਿ਼ਤ ਹੋ ਚੁੱਕੀ ਹੈ। ਇਕਬਾਲ ਦੀ ਛੋਟੀ ਭੈਣ ਪ੍ਰੋਫ਼ੈਸਰ ਕਰਮਜੀਤ ਸੇਖੋਂ ਨੇ ਇਕਬਾਲ ਦੇ ਸਾਹਿਤਿਕ ਤੇ ਸਮਾਜਕ ਕਿਰਦਾਰ ਉੱਪਰ ਭਰਪੂਰ ਮਾਣ ਮਹਿਸੂਸ ਕਰਦਿਆਂ ਮਖੌਲੀਆ ਅੰਦਾਜ਼ ਵਿੱਚ ਇਹ ਵੀ ਆਖਿਆ ਕਿ ਜਿੰਨਾ ਸਲੀਕਾ ਤੇ ਸੋਹਜ ਉਸ ਦੀਆਂ ਸਾਹਿਤਿਕ ਰਚਨਾਵਾਂ `ਚੋਂ ਉੱਭਰਦਾ ਹੈ, ਘਰੇਲੂ ਜੀਵਨ `ਚ ਇਕਬਾਲ ਓਡਾ ਹੀ ਝੱਲ-ਵਲੱਲਾ ਤੇ ਬੇਪਰਵਾਹ ਵੀ ਹੈ।
ਇਕਬਾਲ ਨੇ ਆਪਣੀ ਸੁੰਦਰ ਪਤਨੀ ਨਾਲ ਸਟੇਜ ਉੱਪਰ ਕਲੋਲ ਕਰ ਕੇ ਇਹ ਸਾਬਤ ਕੀਤਾ ਕਿ ਉਹ ਇਕ ਮੁਹੱਬਤੀ ਪਤੀ ਵੀ ਹੈ ਜੋ ਆਪਣੀ ਪਤਨੀ ਵਿੱਚੋਂ ਮਾਂ, ਭੈਣ, ਧੀ ਅਤੇ ਦੋਸਤ ਦਾ ਅਕਸ ਵੀ ਦੇਖਦਾ ਹੈ। ਪ੍ਰਿੰ:ਸਰਵਣ ਸਿੰਘ, ਕੇਵਲ ਸਿੰਘ ਹੇਰਾਂ, ਪਿਆਰਾ ਪੰਨੂ, ਸੁਰਜੀਤ ਅਟਵਾਲ, ਗੁਰਸੰਤ ਬੋਪਾਰਾਏ, ਅਮਰ ਸਿੰਘ ਭੁੱਲਰ, ਜੋਗਿੰਦਰ ਸਿੰਘ ਗਰੇਵਾਲ ਅਤੇ ਜੋਗਿੰਦਰ ਸਿੰਘ ਬਾਸੀ ਨੇ ਇਕਬਾਲ ਬਾਰੇ ਰੌਚਿਕ ਟਿੱਪਣੀਆ ਕੀਤੀਆਂ। ਇਸ ਸਮਾਗਮ ਵਿੱਚ ਇਕਬਾਲ ਦੇ ਚਾਚਾ ਜੀ ਤੇ ਵਿਦਵਾਨ ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਹੈਡਮਾਸਟਰ ਬਲਬੀਰ ਸਿੰਘ ਗਿੱਲ, ਹਰਨੇਕ ਸਿੰਘ ਗਿੱਲ, ਮੇਜਰ ਨੱਤ, ਹਰਿੰਦਰ ਮੱਲ੍ਹੀ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਸਨ।
ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਲਈ ਸ਼ੁਭ-ਸ਼ਗਨ ਏਹ ਸੀ ਕਿ ਜਿੱਥੇ ਟਰਾਂਟੋ ਵਿੱਚ ਕਿਸੇ ਕਿਤਾਬ ਰਲੀਜ਼ ਵੇਲੇ ਏਡਾ ਸੰਘਣਾ ਇਕੱਠ ਪਹਿਲਾਂ ਕਦੀ ਵੀ ਨਹੀਂ ਵਾਪਰਿਆ, ਓਥੇ ਬੈਂਕੂਅਟ ਹਾਲ ਵਿਚ ਵਿਕਰੀ ਲਈ ਰੱਖੀਆਂ ‘ਸੜਦੇ ਸਾਜ਼ ਦੀ ਸਰਗਮ’ ਦੀਆਂ 200 ਕਾਪੀਆਂ ਕੁਝ ਕੁ ਮਿੰਟਾਂ ਵਿੱਚ ਹੀ ਹੱਥੋ-ਹੱਥੀ ਵਿਕ ਗਈਆਂ।