ਟਰਾਂਸਫ਼ਾਰਮਰਾਂ ’ਚੋਂ ਤਾਂਬਾ ਚੋਰੀ ਹੋਣ ਨਾਲ ਕਿਸਾਨ ਖੌਫ਼ਜ਼ਦਾ -ਜਸਪਾਲ ਸਿੰਘ ਜੱਸੀ
Posted on:- 28-10-2012
ਪੁਲਿਸ ਨੂੰ ਸਹਿਯੋਗ ਦੇਣ ਲੋਕ : ਥਾਨਾ ਮੁਖੀ
ਖੇਤਾਂ ’ਚ ਲੱਗੀਆਂ ਮੋਟਰਾਂ ਦੇ ਟਰਾਂਸਫ਼ਾਰਮਰਾਂ ’ਚੋਂ ਤਾਂਬਾ ਚੋਰੀ ਕਰਨ ਵਾਲੇ ਸਰਗਰਮ ਗਿਰੋਹ ਨੇ ਪਿਛਲੇ 2 ਮਹੀਨਿਆਂ ਤੋਂ ਹਲਕੇ ਦੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਹੈ। ਦਰਜਨ ਭਰ ਪਿੰਡਾਂ ’ਚ ਅੱਧ ਸੈਂਕੜੇ ਤੋਂ ਵੱਧ ਟਰਾਂਸਫਰਮਰਾਂ ਨੂੰ ਆਪਣਾ ਨਿਸ਼ਾਨਾਂ ਬਣਾ ਚੁੱਕੇ ਇਸ ਚੋਰ ਗਿਰੋਹ ਦੇ ਹੌਸਲੇ ਪ੍ਰਤੀ ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।
ਚੋਰੀ ਦੀਆਂ ਘਟਨਾਵਾਂ ਤੋਂ ਖੌਫ਼ਜ਼ਦਾ ਕਿਸਾਨ ਮਜਬੂਰੀ ਵੱਸ ਆਪਣੀਆਂ ਮੋਟਰਾਂ ‘ਤੇ ਮੁੱਲ ਦੀ ਰਾਖੀ ਕਰਵਾ ਰਹੇ ਹਨ।ਇਸ ਸਬੰਧੀ ਅੱਜ ਜਦ ਹਲਕੇ ਦੇ ਰਿਉਂਦ ਕਲਾਂ, ਰਿਉਂਦ ਖੁਰਦ, ਚੱਕ ਅਲੀਸ਼ੇਰ, ਭਾਵਾ ਕੂਲਰੀਆਂ, ਹਾਕਮ ਵਾਲਾ,ਗਾਮੀਵਾਲਾ,ਸ਼ੇਰਖਾਂ ਵਾਲਾ,ਆਂਡਿਆਂਵਾਲੀ,ਬੀਰੇਵਾਲਾ ਡੋਗਰਾ,ਮੰਘਾਣੀਆਂ,ਮੱਲ ਸਿੰਘ ਵਾਲਾ,ਸੈਦੇਵਾਲਾ,ਆਲਮਪੁਰ ਮੰਦਰਾਂ,ਦਲੇਲ ਵਾਲਾ,ਮਲਕਪੁਰ ਭੀਮੜਾ ਆਦਿ ਪਿੰਡਾਂ ਦੇ ਪੀੜਤ ਕਿਸਾਨਾਂ, ਮੋਹਤਬਰ ਸੱਜਣਾਂ ਅਤੇ ਆਮ ਲੋਕਾਂ ਨਾਲ ਰਾਬਤਾ ਕੀਤਾ ਗਿਆ ਤਾਂ ਵੱਡੀ ਗਿਣਤੀ ਲੋਕਾਂ ਨੇ ਪੰਜਾਬ ’ਚ ਜੰਗਲ ਰਾਜ ਹੋਣ ਦੀ ਗੱਲ ਕਰਦਿਆਂ ਸੂਬੇ ’ਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ‘ਕਾਨੂੰਨ‘ ਨਾਮ ਦੀ ਕੋਈ ਚੀਜ਼ ਨਾ ਹੋਣ ਦੀ ਦੁਹਾਈ ਦਿੱਤੀ।
ਪਿੰਡ ਚੱਕ ਅਲੀਸ਼ੇਰ ਦੇ ਸਰਪੰਚ ਜਾਮਣ ਸਿੰਘ, ਰਿਉਂਦ ਕਲਾਂ ਦੇ ਸਰਪੰਚ ਅੰਗਰੇਜ ਸਿੰਘ, ਹਾਕਮ ਵਾਲਾ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ’ਚ ਟਰਾਂਸਫਰਮਰਾਂ ’ਚੋਂ ਤਾਂਬਾ ਚੋਰੀ ਹੋਣ ਦੀਆਂ ਘਟਨਾਵਾਂ ਪਿਛਲੇ 2 ਮਹੀਨਿਆਂ ਤੋਂ ਜਾਰੀ ਹਨ ਅਤੇ ਉਨ੍ਹਾਂ ਦੇ ਪਿੰਡਾਂ ’ਚ ਕ੍ਰਮਵਾਰ 5, 9 ਅਤੇ 4 ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ ਕੀਤਾ ਜਾ ਚੁੱਕਾ ਹੈ। ਜਿੰਨਾਂ ’ਚ ਸਰਪੰਚ ਹਾਕਮ ਵਾਲਾ ਸ. ਬਲਵਿੰਦਰ ਸਿੰਘ ਅਤੇ ਸਰਪੰਚ ਚੱਕ ਅਲੀਸ਼ੇਰ ਸ. ਜਾਮਣ ਸਿੰਘ ਦੇ ਆਪਣੇ ਟਰਾਂਸਫਾਰਮਰ ਵੀ ਸ਼ਾਮਲ ਹਨ। ਰਿਉਦ ਕਲਾਂ ਦੇ ਗੁਰਬਚਨ ਸਿੰਘ ਪੁੱਤਰ ਹਰਦਿੱਤ ਸਿੰਘ,ਜਥੇਦਾਰ ਕੇਹਰ ਸਿੰਘ, ਜਥੇਦਾਰ ਮੇਜਰ ਸਿੰਘ ਦੇ 2-2 ਟਰਾਂਸਫਾਰਮਰਾਂ, ਰਿਉਦ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਮੋਟਰ ਤੇ ਲੱਗੇ ਟਰਾਂਸਫਾਰਮਰ, ਹਾਕਮ ਵਾਲਾ ਦੇ ਸਰਪੰਚ ਬਲਵਿੰਦਰ ਸਿੰਘ ਮਿੱਠੂ, ਸਾਬਕਾ ਪੰਚਾਇਤ ਮੈਂਬਰ ਮਿੱਠੂ ਸਿੰਘ, ਰਾਜਵੀਰ ਸਿੰਘ,ਜਗਤਾਰ ਸਿੰਘ ਦੀਆਂ ਮੋਟਰਾਂ ’ਤੇ ਲੱਗੇ ਟਰਾਂਸਫਾਰਮਰਾਂ ਨੂੰ ਇਸ ਚੋਰ ਗਿਰੋਹ ਨੇ ਆਪਣਾ ਨਿਸ਼ਾਨਾ ਬਣਾਇਆ ਹੈ।
ਸ਼ੇਰਖਾਂ ਵਾਲਾ, ਗਾਮੀਵਾਲਾ, ਆਲਮਪੁਰ ਮੰਦਰਾਂ, ਭਾਵਾ, ਕੂਲਰੀਆਂ, ਭਖੜਿਆਲ,ਮੰਘਾਣੀਆਂ ਆਦਿ ਪਿੰਡਾਂ ਦੇ ਹੋਰ ਦਰਜਨ ਭਰ ਕਿਸਾਨ ਵੀ ਪੀੜਤ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਨਿੱਤ ਦਿਨ ਮੋਟਰਾਂ ਤੇ ਹੋਣ ਵਾਲੀਆਂ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਤੋਂ ਤੰਗ ਆਕੇ ਉਨ੍ਹਾਂ ਨੇ ਖੰਭਿਆਂ ਦੇ ਐਂਗਲਾਂ ‘ਤੇ ਟਰਾਂਸਫਾਰਮਰਾਂ ਨੂੰ ਗੈਸ ਵੈਲਡ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਕਿਸਾਨਾਂ ਨੇ ਟਰਾਂਸਫਾਰਮਰਾਂ ਦੀ ਰਖਵਾਲੀ ਲਈ ਮੁੱਲ ਦੇ ਰਾਖਿਆਂ ਦਾ ਵੀ ਪ੍ਰਬੰਧ ਕੀਤਾ ਹੈ, ਜਿਹੜੇ ‘ਮਿਹਨਤਾਨਾ‘ ਲੈਕੇ ਉਨ੍ਹਾਂ ਦੀਆਂ ਮੋਟਰਾਂ ’ਤੇ ਰਾਤ ਸਮੇਂ ਰਾਖੀ ਬੈਠਦੇ ਹਨ। ਇਸ ਸਬੰਧੀ ਜਦ ਬੋਹਾ ਦੇ ਐਸ.ਐਚ.ਓ ਸ. ਰਣਬੀਰ ਸਿੰਘ ਪਹਿਲਵਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ ਕਰਨ ਦੀਆਂ ਸ਼ਿਕਾਇਤਾਂ ’ਤੇ ਆਧਾਰਤ ਬੋਹਾ ਪੁਲਿਸ ਨੇ 14 ਸਤੰਬਰ ਅਤੇ 22 ਅਕਤੂਬਰ ਨੂੰ 2 ਮੁਕੱਦਮੇਂ ਆਈ.ਪੀ.ਸੀ ਦੀ ਅਧੀਨ ਧਾਰਾ 379,411 ਤਹਿਤ ਦਰਜ ਕੀਤੇ ਹਨ, ਜਿਨ੍ਹਾਂ ਦੀ ਤਫਤੀਸ਼ ਲਈ ਇੱਕ ਪੁਲਿਸ ਟੁਕੜੀ ਬਣਾਈ ਗਈ ਹੈ, ਜਿਸ ਦੀ ਅਗਵਾਈ ਏ.ਐੱਸ.ਆਈ ਮਲਕੀਤ ਸਿੰਘ ਕਰ ਰਹੇ ਹਨ। ਸ੍ਰੀ. ਪਹਿਲਵਾਨ ਨੇ ਇਸ ਚੋਰ ਗਿਰੋਹ ਦੀ ਗ੍ਰਿਫਤਾਰੀ ਲਈ ਲੋਕ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਪਿੰਡਾਂ ਅੰਦਰ ‘ਠੀਕਰੀ ਪਹਿਰਾ‘ ਲਾਗੂ ਕਰਨ।