ਮਾਲ ਵਿਭਾਗ ਨੇ ਚਿੱਟੀ ਮੱਖੀ ਪੀੜਤਾਂ ਲਈ ਜਾਰੀ ਰਾਸ਼ੀ ’ਚੋਂ 3.05 ਲੱਖ ਰੁਪਏ ਕੀਤੇ ਗੋਲ-ਮਾਲ
Posted on:- 27-03-2016
- ਜਸਪਾਲ ਸਿੰਘ
ਬੋਹਾ: ਮਾਲਵਾ ਖਿੱਤੇ ‘ਚ ਚਿੱਟੀ ਮੱਖੀ ਨਾਲ ਨੁਕਸਾਨੀ ਨਰਮੇ ਦੀ ਫਸਲ ਦੀ ਭਰਪਾਈ ਲਈ ਪੰਜਾਬ ਸਰਕਾਰ ਦੁਆਰਾ ਪੀੜਤ ਕਿਸਾਨਾਂ ਲਈ ਜਾਰੀ ਕੀਤੀ 8,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਪੂਰੀ ਤਰਾਂ ਭ੍ਰਿਸ਼ਟ ਅਫਸਰਸ਼ਾਹੀ ਦੀ ਭੇਟ ਚੜ੍ਹ ਚੁੱਕੀ ਹੈ।ਪੀੜਤ ਕਿਸਾਨਾਂ ਲਈ ਸਰਕਾਰ ਦੁਆਰਾ ਜਾਰੀ ਹੋਈ ਇਸ ਰਾਸ਼ੀ ਦਾ ਵੱਡਾ ਹਿੱਸਾ ਖੁਰਦ-ਬੁਰਦ ਕੀਤਾ ਜਾ ਚੁੱਕਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਰ.ਟੀ.ਆਈ ਕਾਰਕੁੰਨ ਤੇ ਸਮਾਜ ਸੇਵੀ ਜਸਪਾਲ ਸਿੰਘ ਜੱਸੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਨਾਲ ਪੀੜਤ ਕਿਸਾਨਾਂ ਨੂੰ ਸਰਕਾਰ ਦੁਆਰਾ ਜਾਰੀ ਰਾਸ਼ੀ ਦੀ ਕਿੰਨੀ ਕੁ ਸਾਰਥਕ ਵਰਤੋ ਹੋਈ ਹੈ ਇਹ ਜਾਨਣ ਦੇ ਮਕਸਦ ਨਾਲ ਬਲਾਕ ਦੇ ਪਿੰਡ ਹਾਕਮ ਵਾਲਾ ਵਿਖੇ ਵੰਡੀ ਗਈ ਰਾਸ਼ੀ ਬਾਰੇ ਐਸ.ਡੀ.ਐਮ ਬੁਢਲਾਡਾ ਪਾਸੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ।ਉਨ੍ਹਾਂ ਵੱਲੋ ਮੰਗੀ ਉਕਤ ਜਾਣਕਾਰੀ ਦੇ ਜਵਾਬ ਚ ਪ੍ਰਾਪਤ ਹੋਈ ‘ਵੰਡੀ ਗਈ ਰਾਸ਼ੀ ਦੇ ਏ-ਰੋਲ ਦੀ ਤਸਦੀਕਸ਼ੁਦਾ ਫੋਟੋ ਕਾਪੀ‘ ਹੈਰਾਨ ਕਰ ਦੇਣ ਵਾਲੀ ਹੈ।
ਮੁਹੱਈਆ ਕਰਵਾਏ ਏ-ਰੋਲ ਦੇ ਲੜੀ ਨੰ:35 ਤੇ ਦਰਜ ਅਮਰਜੀਤ ਸਿੰਘ ਪੁੱਤਰ ਆਤਮਾ ਸਿੰਘ ਨੂੰ ਖੇਵਟ ਨੰ: 110/281 ਰਕਬੇ ਦੇ 30,000 ਰੁਪਏ, ਲੜੀ ਨੰ: 226 ਤੇ ਦਰਜ ਮੋਤੀ ਸਿੰਘ ਪੁੱਤਰ ਧਨੀ ਸਿੰਘ ਨੂੰ ਖੇਵਟ ਨੰਬਰ 166/414 ਰਕਬੇ ਦੇ 40,000 ਹਜਾਰ ਰੁਪਏ, ਲੜੀ ਨੰ: 247 ਤੇ ਦਰਜ ਜਗਤਾਰ ਸਿੰਘ ਪੁੱਤਰ ਮਿੱਠੂ ਸਿੰਘ ਨੂੰ 40,000 ਰੁਪਏ,ਲੜੀ ਨੰ: 248 ਤੇ ਦਰਜ ਹਰੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਨੂੰ 40,000 ਰੁਪਏ, ਲੜੀ ਨੰਬਰ 262 ਤੇ ਦਰਜ ਅਵਤਾਰ ਸਿੰਘ ਪੁੱਤਰ ਮਲਕੀਤ ਸਿੰਘ ਨੂੰ 40,000 ਰੁਪਏ,ਲੜੀ ਨੰ:325 ਤੇ ਦਰਜ ਮਨਜੀਤ ਕੌਰ ਪਤਨੀ ਬੂਟਾ ਸਿੰਘ ਨੂੰ 40,000 ਰੁਪਏ,ਲੜੀ ਨੰ:368 ਤੇ ਦਰਜ ਟੇਕ ਸਿੰਘ ਪੁੱਤਰ ਕੌਰ ਸਿੰਘ ਨੂੰ 35,000 ਰੁਪਏ ਅਤੇ ਲੜੀ ਨੰਬਰ 373 ਤੇ ਦਰਜ ਮਿੰਟੂ ਸਿੰਘ ਪੁੱਤਰ ਚਰਨਾ ਨੂੰ 40,000 ਰੁਪਏ ਦੇ ਚੈਕ ਜਾਰੀ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਰਾਹਤ ਰਾਸ਼ੀ ਵੰਡ ਦੇ ਏ-ਰੋਲ ਮੁਤਾਬਕ ਉਕਤ ਅੱਠ ਵਿਆਕਤੀਆਂ ਨੂੰ 3.05 ਲੱਖ ਰੁਪਏ ਦੀ ਰਾਸ਼ੀ ਵੰਡੀ ਦਿਖਾਈ ਗਈ ਹੈ।ਘਪਲੇਬਾਜ਼ਾਂ ਨੇ ਅਮਰਜੀਤ ਸਿੰਘ ਪੁੱਤਰ ਆਤਮਾ ਸਿੰਘ ਅਤੇ ਮੋਤੀ ਸਿੰਘ ਪੁੱਤਰ ਧਨੀ ਸਿੰਘ ਤੋ ਇਲਾਵਾ ਬਾਕੀਆਂ ਦੇ ਵੇਰਵੇ ਚ ਕਿਸੇ ਵੀ ਵਿਆਕਤੀ ਬਾਰੇ ਖੇਵਟ ਦਰਜ ਹੀ ਨਹੀਂ ਕੀਤੀ ਗਈ ਕਿ ਉਨ੍ਹਾਂ ਨੂੰ ਕਿਹੜੀ ਖੇਵਟ ਦੇ ਰਕਬੇ ਬਦਲੇ ਇਹ ਮੁਆਵਜਾ ਰਾਸ਼ੀ ਦਿੱਤੀ ਗਈ ਹੈ।
ਜਿਨ੍ਹਾਂ ਦਾ ਹਾਕਮਵਾਲਾ ਦੇ ਕਿਸੇ ਵੀ ਰਿਕਾਰਡ ਚ ਨਾਮ ਨਹੀਂ ਬੋਲਦਾ।ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕਰਮਚਾਰੀਆਂ ਨੇ ਆਪਸੀ ਮਿਲੀਭੁਗਤ ਨਾਲ ਇਹ ਰਕਮ ‘ਛਕ-ਛਕਾਅ‘ ਫੰਡ ਚ ਪਾ ਦਿੱਤਾ ਹੈ।ਇਸ ਸਬੰਧੀ ਜਦ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਹਤ ਰਾਸ਼ੀ ਪ੍ਰਾਪਤ ਕਰਨ ਵਾਲੇ ਉਕਤ ਵਿਆਕਤੀ ਹਾਕਮ ਵਾਲਾ ਦੇ ਵਸਨੀਕ ਨਹੀਂ ਹਨ।
ਪੰਜਾਬ ਸਰਕਾਰ ਦੁਆਰਾ ਚਿੱਟੀ ਮੱਖੀ ਦੇ ਪੀੜਤਾਂ ਲਈ 8,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਹੱਈਆ ਕਰਵਾਈ ਰਾਹਤ ਰਾਸ਼ੀ ਦੀ ਵੰਡ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਰਾਹਤ ਰਾਸ਼ੀ ਕੇਵਲ 5 ਏਕੜ ਤੱਕ ਸੀਮਤ ਹੈ।ਇਸ ਤੋ ਵਧੇਰੇ ਜ਼ਮੀਨ ਵਾਲੇ ਕਿਸਾਨ ਪੰਜ ਏਕੜ ਤੋ ਵੱਧ ਨੁਕਸਾਨੀ ਫਸਲ ਦਾ ਮੁਆਵਾਜ਼ਾ ਪ੍ਰਾਪਤ ਨਹੀਂ ਕਰ ਸਕਣਗੇ। ਪਰ ਮਾਲ ਵਿਭਾਗ ਨੇ ਖਾਸ਼ ਲੋਕਾਂ ਨੂੰ ਲਾਹਾ ਦੇਣ ਲਈ ਪੰਜ ਏਕੜ ਤੋ ਵੱਧ ਨੁਕਸਾਨੀ ਫਸਲ ਦਾ ਲਾਹਾ ਦੇਣ ਲਈ ਮਨਮਰਜ਼ੀ ਅਖਤਿਆਰ ਕੀਤੀ ਹੈ।ਏ-ਰੋਲ ਮੁਤਾਬਕ 10, 20, 30, 40,50,60,70,80 ਏਕੜ ਜ਼ਮੀਨ ਦੇ ਮਾਲਕ ਪੂਰੇ ਰਕਬੇ ਦੀ ਰਾਸ਼ੀ ਪ੍ਰਾਪਤ ਕਰ ਚੁੱਕੇ ਹਨ।ਘਰ ਦੀਆਂ ਔਰਤਾਂ,ਬੱਚਿਆਂ,ਸੀਰੀਆਂ,ਪਾਲੀਆਂ ਅਤੇ ਹੋਰ ਸਕੇ ਸਬੰਧੀਆਂ ਨੂੰ ਕਾਸ਼ਤਕਾਰ ਦਿਖਾਕੇ ਲੱਖਾਂ ਰੁਪਏ ਹੜੱਪ ਕਰ ਚੁੱਕੇ ਹਨ।ਹੜੱਪ ਕੀਤੀ ਰਾਸ਼ੀ ਚੋ ਵੱਡਾ ਹਿੱਸਾ ਮਾਲ ਵਿਭਾਗ ਦੀਆਂ ਜੇਬਾਂ ਚ ਪਿਆ ਹੈ।
ਇਸ ਸਬੰਧੀ ਜਦ ਐਸ.ਡੀ.ਐਮ.ਬੁਢਲਾਡਾ ਸ੍ਰੀ ਕਾਲਾ ਰਾਮ ਕਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਾਉਣਗੇ।ਜੇਕਰ ਇਹ ਸੱਚ ਹੋਇਆ ਤਾਂ ਨਾਜਾਇਜ ਚੱਕ ਪ੍ਰਾਪਤ ਕਰਨ ਵਾਲੇ ਅਤੇ ਚੈੱਕ ਜਾਰੀ ਕਰਨ ਵਾਲੇ ਦੋਵੇ ਹੀ ਬਰਾਬਰ ਦੇ ਦੋਸ਼ੀ ਹੋਣਗੇ ਜਿਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਵਾਕੇ ਅਦਾਲਤ ਦੇ ਕਟਿਹਰੇ ਚ ਖੜਾ ਕੀਤਾ ਜਾਵੇਗਾ।