ਕਿਸਾਨਾਂ ਦੀ ਮਟਰਾਂ ਦੀ ਖੇਤੀ ਦੇ ਬੀਜਾਂ ਵਿੱਚ ਹੋਈ ਲੱਖਾਂ ਰੁਪਏ ਦੀ ਠੱਗੀ ਦਾ ਖ਼ੁਲਾਸਾ
Posted on:- 18-02-2016
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸਾਨ ਇਸ ਵਾਰ ਮਾੜੇ ਮਟਰਾਂ ਦੇ ਬੀਜਾਂ ਕਾਰਨ ਲੱਖਾਂ ਰੁਪਏ ਦੇ ਕਰਜ਼ਾਈ ਅਤੇ ਘਾਟੇ ਦਾ ਸ਼ਿਕਾਰ ਹੋ ਗਏ। ਇਸਦਾ ਖੁਲਾਸਾ ਅੱਜ ਸੂਚਨਾ ਅਧਿਕਾਰ ਐਕਟ ਤਹਿਤ ਉੱਘੇ ਸਮਾਜ ਸੇਵਕ ਜੈ ਗੁਪਾਲ ਧੀਮਾਨ ਨੇ ਲੇਬਰ ਪਾਰਟੀ ਭਾਰਤ ਵੱਲੋਂ ਲਈ ਗਈ ਸੂਚਨਾ ਤਹਿਤ ਕੀਤਾ ਹੈ। ਉਹਨਾਂ ਦੱਸਿਆ ਕਿ ਮਟਰਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਅਣਗਹਿਲੀਆਂ ਅਤੇ ਭ੍ਰਿਸ਼ਟ ਨੀਤੀਆਂ ਕਾਰਨ ਲੱਖਾਂ ਰੁਪਏ ਦੇ ਆਰਥਿਕ ਰਗੜੇ ਲੱਗੇ ਹਨ । ਉਹਨਾਂ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਭਰੋਸੇ ਵਿਚ ਲੈ ਕੇ 531 ਕਿਸਾਨਾਂ ਨੂੰ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਸੀਡਜ਼ ਕਾਰਪੋਰੋਸ਼ਨ ਲਿਮਿਟਿਡ ਕੋਲੋਂ ਮਿਲੀ ਭੁਗਤ ਨਾਲ ਏ ਪੀ 3 ਵਰਾਇਟੀ ਦਾ ਬੀਜ ਬਜ਼ਾਰੂ ਕੀਮਤ ਨਾਲੋਂ ਸਸਤਾ ਕਹਿ ਕਿ 45,17,100 ਰੁਪਏ ਦਾ ਵਿਕਰੀ ਕਰਵਾ ਦਿੱਤਾ, ਜਿਹਨਾਂ ਕਿਸਾਨਾਂ ਨੇ ਇਹ ਮਟਰਾਂ ਦੇ ਬੀਜ ਖ੍ਰੀਦੇ ਹਨ, ਉਨ੍ਹਾਂ ਨੇ ਕਿਸੇ ਵੀ ਕਿਸਾਨ ਨੂੰ ਕੰਪਨੀ ਦਾ ਨਾ ਕੱਚਾ ਅਤੇ ਪੱਕਾ ਬਿੱਲ ਦਿਤਾ ਗਿਆ। ਮੁੱਖ ਖੇਤੀਬਾੜੀ ਦੇ ਦਫਤਰ ਵਿਚ ਬੀਜ ਦੀ ਵਿਕਰੀ ਸਮੇਂ ਖਪਤਕਾਰ ਐਕਟ ਦੀ ਉਲੰਘਣਾ ਕੀਤੀ ਗਈ। ਉਹਨਾਂ ਦੱਸਿਆ ਕਿ ਸੂਚਨਾ ਅਨੁਸਾਰ ਜ਼ਿਲ੍ਹੇ ਅੰਦਰ ਕੋਈ ਬੀਜ ਟੈਸਟ ਕਰਨ ਵਾਲਾ ਯੂਨਿਟ ਤੱਕ ਮੌਜੂਦ ਨਹੀਂ ਹੈ ਤੇ ਬੀਜ ਟੇਸਟਿੰਗ ਦੇ ਸਬੰਧ ਵਿਚ ਮੁੱਖ ਖੇਤੀਬਾੜੀ ਅਫਸਰ ਨੇ ਜਵਾਬ ਦਿੱਤਾ ਕਿ ਇਹ ਬੀਜ ਦੇਣ ਵਾਲੇ ਅਦਾਰੇ ਵੀ ਜ਼ੁੰਮੇਵਾਰੀ ਬਣਦੀ ਹੈ ।
ਅਗਰ ਅਜਿਹਾ ਹੈ ਤਾਂ ਫਿਰ ਜ਼ਿਲ੍ਹੇ ਅੰਦਰ ਮੁੱਖ ਖੇਤੀਬਾੜੀ ਅਧਿਕਾਰੀਆਂ ਦੀ ਕੀ ਜ਼ਰੂਰਤ ਹੈ? ਇਹ ਵੀ ਕਹਿ ਰਹੇ ਹਨ ਕਿ ਕਿਸਾਨਾਂ ਦੀ ਸਹੂਲਤ ਲਈ ਅਜਿਹਾ ਬੀਜ ਬਜ਼ਾਰ ਨਾਲੋਂ ਸਸਤਾ ਦਿੱਤਾ ਗਿਆ ਹੈ ਤੇ ਪ੍ਰਤੀ 30 ਕਿਲੋਗ੍ਰਾਮ ਦੀ ਥੈਲੀ ਦੀ ਕੀਮਤ ਸਿਰਫ 210 ਰੁ: ਹੀ ਲਈ ਹੈ। ਉਨ੍ਹਾਂ ਅਪਣੀ ਜ਼ੁੰਮੇਵਾਰੀ ਤੋਂ ਭੱਜਦਿਆਂ ਜਵਾਬ ਦਿਤਾ ਕਿ ਇਹ ਬੀਜ ਕਿਸਾਨ ਜਥੇਬੰਦੀਆਂ ਦੀ ਸਿਫਾਰਸ਼ ਉਤੇ ਮੁਹੱਈਆ ਕਰਵਾਇਆ ਗਿਆ। ਪਰ ਇਸ ਬੀਜ ਦਾ ਸਰਕਾਰੀ ਤੌਰ ਤੇ ਵੀ ਚੰਗੇ ਬੀਜ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤਾਂ ਕਿ ਕਿਸਾਨ ਉਨ੍ਹਾਂ ਦੇ ਭਰੋਸੇ ਵਿਚ ਆ ਕੇ ਬੀਜ ਦੀ ਕੁਆਲਟੀ ਨੂੰ ਹੀ ਭੁੱਲ ਜਾਣ। ਉਹਨਾਂ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ 31 ਮਾਰਚ 2015 ਤੋਂ ਲੈ ਕੇ 25 ਦਸੰਬਰ 15 ਤੱਕ ਕਿਸਾਨਾਂ ਨੂੰ ਮਟਰਾਂ ਦੀ ਫਸਲ ਸਬੰਧੀ ਜਾਣਕਾਰੀ ਦੇਣ ਲਈ ਕੋਈ ਵੀ ਕੈਪ ਨਹੀਂ ਲਗਇਆ ਗਿਆ ਤੇ ਨਾ ਹੀ ਅਹਿਜੇ ਕੈਂਪ ਉਤੇ ਕੋਈ ਖਰਚਾ ਅਇਆ।
ਉਹਨਾਂ ਦੱਸਿਆ ਕਿ ਫੀਲਡ ਇੰਸਪੈਕਸ਼ਨ ਦੀ ਰਿਪੋਰਟ ਜੋ ਪੀ ਏ ਯੂ ਲੁਧਿਆਣਾ ਦੇ ਵੈਜੀਟੇਬਲ ਸਾਇੰਸ ਵਿਭਾਗ ਦੁਆਰਾ ਤਿਆਰ ਕਰਕੇ ਦਿੱਤੀ ਦੇ ਅਨੁਸਾਰ ਏਪੀ 3 ਬੀਜ ਦੇ ਲੱਛਣ 50 ਪ੍ਰਤੀਸ਼ਤ ਤਕ ਵੀ ਬੀਜ ਦੇ ਗੁਣਾ ਦੀਆਂ ਵਿਸ਼ੇਸ਼ਤਾਈਆਂ ਤੋਂ ਦੂਰ ਹਨ ਤੇ ਇਹ ਰਿਪੋਰਟ 25 ਨਵੰਬਰ 2015 ਦੀ ਜਾਰੀ ਕੀਤੀ ਹੋਈ ਹੈ। ਇਸੇ ਤਰ੍ਹਾਂ ਜਿਹੜੀ ਰੀਪੋਰਟ ਮਿਤੀ 24 ਨਵੰਬਰ 2015 ਨੂੰ ਖੇਤੀਬਾੜੀ ਅਫਸਰ ਬੀਜ ਹੁਸ਼ਿਆਰਪੁਰ, ਬਲਾਕ ਖੇਤੀਬਾੜੀ ਅਫਸਰ ਹੁਸ਼ਿਆਰਪੁਰ 2 ਅਤੇ ਸਹਾਹਿਕ ਡਾਇਰੈਕਟਰ ਕੇ ਵੀ ਕੇ ਪੀਏਯੂ ਬਾਹੋਵਾਲ ਹੁਸ਼ਿਆਰਪੁਰ ਨੇ ਦਿਤੀ ਉਹ ਹੋਰ ਵੀ ਰੋਂਗਟੇ ਖੜੇ ਕਰਨ ਵਾਲੀ ਹੈ ।
ਜਾਣਕਾਰੀ ਅਨੁਸਾਰ ਜਿਹੜਾਂ ਬੀਜ ਕਿਸਾਨਾਂ ’ਚ ਡੀਲਰ ਅਤੇ ਵਿਭਾਗ ਦੁਆਰ ਵੰਡਿਆ ਗਿਆ ਉਸ ਵਿਚ ਮਿਲਾਵਟ ਸੀ। ਜ਼ਿਲੇ ਵਿਚ ਮੁੱਖ ਖੇਤੀ ਬਾੜੀ ਅਫਸਰ ਹੁਸ਼ਿਆਰ ਪੁਰ ਦੇ ਪਤੱਰ ਨੰਬਰ 9207- 09 ਮਿਤੀ 13 ਨੰਵਬਰ 15 ਅਨੁਸਾਰ 24 ਨਵੰਬਰ 15 ਨੂੰ ਜੁਆਂਇਟ ਟੀਮ ਨੇ ਕਿਸਾਨ ਕੁਲਵੰਤ ਸਿੰਘ ਪਿੰਡ ਬਘੋਰਾ, ਹਰਜਿੰਦਰ ਸਿੰਘ ਪਿੰਡ ਸ਼ੇਰਗੜ੍ਹ ਅਤੇ ਸੀਤਾ ਰਾਮ ਚਨੰਣ ਰਾਮ ਪਿੰਡ ਛਾਉਣੀ ਕਲਾਂ ਦੇ ਮੁਆਨਾ ਕੀਤਾ ਤੇ ਸਪਸ਼ਟ ਕੀਤਾ ਕਿ ਏਪੀ 3 ਦੇ ਬੀਜ ਵਿਚ 50 ਪ੍ਰਤੀਸ਼ਤ ਬੀਜ ਹੋਰ ਕਿਸਮ ਦਾ ਹੈ ਤੇ ਜਿਨ੍ਹਾਂ ਦੀਆਂ ਵੇਲਾਂ ਲੰਬੀਆਂ ਹਨ ਤੇ ਇਹ ਬੀਜ ਕੁਝ ਪ੍ਰਾਇਵੇਟ ਅਦਾਰਿਆਂ ਤੋਂ ਖ੍ਰੀਦਿਆ ਗਿਆ ਸੀ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫਸਰ ਦੇ ਦੁਸਰੇ ਪਤੱਰ ਨੰਬਰ 9723- 25 ਮਿਤੀ 03 ਦਸੰਬਰ 15 ਅਨੁਸਾਰ ਮਿਤੀ 03 ਦਸੰਬਰ 2015 ਨੂੰ ਜੁਆਇੰਟ ਟੀਮ ਨੇ ਨਰਿੰਦਰ ਸਿੰਘ ਪਿੰਡ ਪੰਡੋਰੀ ਕਦ ਦੇ ਖੇਤਾਂ ਵਿਚ ਜਾ ਕੇ ਮੁਆਨਾ ਕਰਨ ਤੋਂ ਬਾਅਦ ਵਿਚ ਦੱਸਿਆ ਕਿ 50 ਪ੍ਰਤੀਸ਼ਤ ਤਕ ਬੀਜ ਵਿਚ ਮਿਲਾਵਟ ਹੈ ਤੇ ਮਟਰਾਂ ਨੂੰ ਫੁਲਾਕਾ ਪੈ ਰਿਹਾ ਹੈ ਤੇ ਸਿਰਫ ਵੇਲਾਂ ਹੀ ਲੰਬੀਆਂ ਹੋਈਆ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਕਰਜਾਈ ਬਣਾਉਣ ਅਤੇ ਉਨ੍ਹਾਂ ਨੂੰ ਤਬਾਹ ਕਰਨ ਦਾ ਕੰਮ ਖੇਤੀਬਾੜੀ ਦੇ ਭਿ੍ਰਸ਼ਟ ਅਫਸਰਾਂ ਨੇ ਸਿਆਸਤਦਾਨਾ ਨਾਲ ਮਿਲ ਕੇ ਸੋਚੀ ਸਮਝੀ ਸਾਜ਼ਿਸ਼ ਤਹਿ ਕੀਤਾ।
ਸ੍ਰੀ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮਿਹਨਤੀ ਕਿਸਾਨਾਂ ਨੂੰ ਜਾਣਬੁਝ ਕੇ ਖੁਸ਼ਹਾਲ ਨਹੀਂ ਹੋਣ ਦੇ ਰਹੀ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹਰੇਕ ਕਿਸਾਨ ਨੂੰ ਉਸ ਦੀ ਫਸਲ ਦੇ ਹੋਏ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਤੇ ਸਾਰੀ ਪੜਤਾਲ ਦਾ ਕੰਮ ਸੀ ਬੀ ਆਈ ਨੂੰ ਸੋਂਪਿਆ ਜਾਵੇ ਅਤੇ ਅਜਿਹੇ ਖੇਤੀਬਾੜੀ ਅਫਸਰਾਂ ਦੇ ਵਿਰੁੱਧ ਤੁਰੰਤ ਕਾਰਵਾਈ ਹੋਵੇ ਜਿਹੜੇ ਕੰਪਨੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਰਵਾਦ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਲੇਬਰ ਪਾਰਟੀ ਕਿਸਾਨਾਂ ਲਈ ਸੰਘਰਸ਼ ਕਰੇਗੀ ਤੇ ਇਨ੍ਹਾਂ ਰਿਪੋਰਟਾਂ ਨੂੰ ਲੈ ਕੇ ਮਾਨਯੋਗ ਅਦਾਲਤ ਦਾ ਵੀ ਦਰਵਾਜ਼ਾ ਖੜਕਾਏਗੀ।