ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ
Posted on:- 21-11-2015
- ਜਸਪਾਲ ਸਿੰਘ ਜੱਸੀ
ਬੋਹਾ: ਪੰਜਾਬ ਸਰਕਾਰ ਦੁਆਰਾ 13 ਦਸੰਬਰ ਨੂੰ ਲਏ ਜਾਣ ਵਾਲੇ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ) ਦੇ ਐਲਾਣ ਤੋਂ ਬਾਅਦ ਜਿੱਥੇ ਅਧਿਆਪਨ ਦੇ ਕਿੱਤੇ ਨਾਲ ਜੁੜਨ ਦੇ ਇੱਛੁਕ ਈ.ਟੀ.ਟੀ ਅਤੇ ਬੀ.ਐਡ ਪਾਸ ਨੌਜਵਾਨ ਇਸ ਵਾਰ ਟੈਸਟ ਪਾਸ ਕਰਨ ਲਈ ਕਠਿਨ ਮਿਹਨਤ ਕਰਨ ਲਈ ਜੁਟ ਗਏ ਹਨ ਉਥੇ ਸਾਲ 2014 ਚ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਟੈਸਟ ਦੀ ‘ਤਰਜ’ ’ਤੇ ‘ਮਿਲੀਭੁਗਤ’ ਨਾਲ ਇਹ ਟੈਸਟ ਪਾਸ ਕਰਾਉਣ ਦੀ ਗਰੰਟੀ ਦੇਣ ਵਾਲੇ ਲੋਕ ਵੀ ਸਰਗਰਮ ਹੋ ਚੁੱਕੇ ਹਨ।ਇਥੇ ਹੀ ਬਸ ਨਹੀਂ ਟੈਟ (ਟੀ.ਈ.ਟੀ) ਪਾਸ ਕਰਨ ਲਈ ‘ਗਰੰਟੀ ਨਾਲ ਗੁਰ’ ਦੱਸਣ ਦੇ ਨਾਮ ਹੇਠ ‘ਧੜਾਧੜ’ ਕੋਚਿੰਗ ਸੈਟਰ ਵੀ ਖੋਲ੍ਹੇ ਜਾ ਰਹੇ ਹਨ ਜਿੱਥੇ ਪ੍ਰਤੀ ਵਿਦਿਆਰਥੀ 4 ਤੋਂ 5 ਹਜ਼ਾਰ ਰੁਪਏ ਬਟੋਰੇ ਜਾ ਰਹੇ ਹਨ।
ਇਸ ਦੌਰ ’ਚ ਕੁਝ ਸ਼ਾਤਰ ਦਿਮਾਗ ਲੋਕਾਂ ਨੇ ਵੀ ਕੋਚਿੰਗ ਸੈਟਰ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੇ ਸੰਚਾਲਕ ਪੈਪਲੈਟਾਂ, ਇਸ਼ਤਿਹਾਰਾਂ, ਫਲੈਕਸਾਂ ਸਮੇਤ ਹੋਰ ਪ੍ਰਚਾਰ ਦੇ ਸਾਧਨਾਂ ਰਾਹੀਂ ਵਿਦਿਆਰਥੀਆਂ ਅੰਦਰ ਇਹ ਗੁਮਰਾਹਕੁੰਨ ਵਿਚਾਰ ਥੋਪ ਰਹੇ ਹਨ ਕਿ ‘ਉਨ੍ਹਾਂ’ ਦੇ ਸੈਂਟਰ ‘ਚ ਕੋਚਿੰਗ ਹਾਸਲ ਕਰਕੇ ਦਰਜਨਾਂ ਨੌਜਵਾਨ ਸਰਕਾਰੀ ਅਧਿਆਪਕ ਦੀ ਪਦਵੀ ਪ੍ਰਾਪਤ ਕਰ ਚੁੱਕੇ ਹਨ।ਅਜਿਹੇ ਸ਼ਾਤਰ ਦਿਮਾਗ ਲੋਕ ਜਿੱਥੇ ਆਪਣੇ ਪ੍ਰਚਾਰ ਰਾਹੀ ਖੁਦ ਨੂੰ ਵੈਲਕੁਆਲੀਫਾਈ ਦੱਸ ਰਹੇ ਹਨ ਉਥੇ ਇਨ੍ਹਾਂ ਨੇ ਆਪਣੀ ਇਸ਼ਤਿਹਾਰਬਾਜ਼ੀ ਚ ਅਜਿਹੇ ਨੌਜਵਾਨਾਂ ਦੇ ਟੈਟ ਪਾਸ ਕਰਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੀ ਦਾਸਤਾਂ ਨੂੰ ਵੀ ਆਪਣੇ ਸੈਂਟਰ ਨਾਲ ਜੋੜਨ ਦਾ ਕੋਝਾ ਯਤਨ ਕਰਦਿਆਂ ਆਪਣੇ ਇਸ਼ਤਿਹਾਰਾਂ ਚ ਉਨ੍ਹਾਂ ਹੋਣਹਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਚਿਪਕਾ ਦਿੱਤੀਆਂ ਹਨ, ਜਿਨ੍ਹਾਂ ਨੌਜਵਾਨਾਂ ਦਾ ਉਕਤ ਸੈਂਟਰਾਂ ਨਾਲ ਕਦੀ ਦੂਰ-ਨੇੜੇ ਦਾ ਸਬੰਧ ਵੀ ਨਹੀਂ ਰਿਹਾ।
ਅਜਿਹੇ ਸੈਂਟਰ ਸੰਚਾਲਕਾਂ ਨੇ ਡੀ.ਐਸ.ਪੀ (ਸੀ.ਆਰ.ਪੀ.ਐਫ) ਅਤੇ ਡੀ.ਐਸ.ਪੀ. (ਬੀ.ਐਸ.ਐਫ) ਰੈਕ ਦੇ ਦੋ ਨੌਜਵਾਨਾਂ ਦੀਆਂ ਤਸਵੀਰਾਂ ਆਪਣੇ ਇਸ਼ਤਿਹਾਰਾਂ ਚ ਚਿਪਕਾ ਰੱਖੀਆਂ ਹਨ ਤਾਂ ਜੋ ਇੰਡੀਆਨ ਆਰਮੀ ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਦੀ ‘ਕੋਚਿੰਗ’ ਦੇ ਨਾਮ ਹੇਠ ਆਰਥਿਕ ਲੁੱਟ ਕਰ ਸਕਣ।ਅਜਿਹੇ ਭਰਮ ਭਰਪੂਰ ਪ੍ਰਚਾਰ ਅੱਗੇ ‘ਬੌਣੇ’ ਪੇਡੂ ਖੇਤਰ ਦੇ ਨੌਜਵਾਨ ਕਾਹਲੀ ਨਾਲ ਇਨਾਂ ਸ਼ਾਤਰ ਦਿਮਾਗ ਲੋਕਾਂ ਦੀ ਲਪੇਟ ਚ ਆਕੇ ਬੇਚਿੰਤ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸ਼ਨ ਇਨ੍ਹਾਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਠੱਗੀ ਦੇ ਜਾਲ ‘ਕੋਚਿੰਗ ਸੈਂਟਰ’ ਚਲਾਉਣ ਵਾਲੇ ਸੰਚਾਲਕਾਂ ਦੀਆਂ ਸ਼ਾਤਰ ਚਾਲਾਂ ਅੱਗੇ ਚੁੱਪ ਹੈ ਅਤੇ ਪ੍ਰਸ਼ਾਸਨ ਦੀ ਇਹ ‘ਚੁੱਪ’ ਆਪਣੇ-ਆਪ ਚ ਕਈ ਪ੍ਰਕਾਰ ਦੇ ਛੰਕੇ ਖੜ੍ਹੇ ਕਰਦੀ ਹੈ।ਇਸ ਸਬੰਧੀ ਜਦ ਐਸ.ਡੀ.ਐਮ ਬੁਢਲਾਡਾ ਸ੍ਰੀ ਕਾਲਾ ਰਾਮ ਕਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਚ ਨਹੀਂ ਸੀ ਤੇ ਹੁਣ ਉਹ ਇਨ੍ਹਾਂ ਦੀ ਜਾਂਚ ਲਈ ਆਦੇਸ਼ ਦੇਣਗੇ।