Thu, 21 November 2024
Your Visitor Number :-   7253654
SuhisaverSuhisaver Suhisaver

ਪਾਕਿਸਤਾਨ ਦੀ ਵੱਖੀ ’ਚ ਵਸਦੇ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ

Posted on:- 15-11-2015

suhisaver

-ਸ਼ਿਵ ਕੁਮਾਰ ਬਾਵਾ

ਗੁਰੂਆਂ
ਪੀਰਾਂ ਵਾਲੀ ਪੰਜਾਬ ਦੀ ਧਰਤ ਅਤੇ ਮਨੁੱਖੀ ਜ਼ਿੰਦਗੀ ਰੋਗ ਗ੍ਰਸਤ ਹੋ ਗਈ ਹੈ। ਜ਼ਹਿਰੀਲੇ ਪਾਣੀ ਅਤੇ ਵਾਤਾਵਰਣ ਨੇ ਜਿੱਥੇ ਜ਼ਮੀਨ ਨੂੰ ਬਾਂਝ ਬਣਾਉਣਾ ਸ਼ੁਰੂ ਕਰ ਦਿੱਤਾ ਉਥੇ ਹੁਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀਆਂ ਦੇ ਹਸਮੁੱਖ ਮੂੰਹ ਹੁਣ ਪੀਲੇ ਜ਼ਰਦ ਅਤੇ ਧੁਆਂਖੇ ਹੋਏ ਮਿਲਣਗੇ। ਅੱਜ ਦੀ ਗੰਧਲੀ ਅਤੇ ਸਿਆਸੀ ਬਲਾਤਕਾਰ ਦੀ ਸ਼ਿਕਾਰ ਹੋਈ ਜਵਾਨੀ ਨੂੰ ਕੋਈ ਰਾਹ ਦਸੇਰਾ ਨਹੀਂ ਮਿਲ ਰਿਹਾ। ਪੰਜਾਬ ਵਿਚ ਤਾਜ਼ਾ ਜੰਮਿਆਂ ਬੱਚਾ ਹੁਣ ਹਜ਼ਾਰਾਂ ਰੁਪਏ ਦਾ ਕਰਜ਼ਾਈ ਹੀ ਨਹੀਂ ਸਗੋਂ ਸਰੀਰਕ ਪੱਖ ਤੋਂ ਵੀ ਅਧੂਰਾ ਹੈ। ਮਾਝਾ ,ਮਾਲਵਾ ਅਤੇ ਦੁਆਬਾ ਪੰਜਾਬ ਦੀ ਸ਼ਾਨ ਸਨ ਪ੍ਰੰਤੂ ਹੁਣ ਦੁਨੀਆਂ ਦੇ ਕਿਸੇ ਦੇਸ਼ ਵੀ ਬੈਠਾ ਪੰਜਾਬੀ ਪੰਜਾਬ ਦੇ ਉਕਤ ਤਿੰਨਾਂ ਖਿੱਤਿਆਂ ਨੂੰ ਜਾਣ ਤੋਂ ਕੰਨੀ ਕਤਰਾ ਰਿਹਾ ਹੈ।

ਵਿਦੇਸ਼ ਵਿਚ ਬੈਠਾ ਪੰਜਾਬ ਨਾਲ ਮੋਹ ਰੱਖਣ ਵਾਲਾ ਹਰ ਪੰਜਾਬੀ ਪੈਂਦੀ ਸੱਟੇ ਇਹੋ ਆਖਦਾ ਕਿ ਪੰਜਾਬ ਦੀ ਜਵਾਨੀ ਅਤੇ ਜ਼ਮੀਨ ਸਮੈਕ ਚਿੱਟਾ ਅਤੇ ਕੈਂਸਰ ਨੇ ਖਾ ਲਈ ਹੈ। ਪੰਜਾਬ ਦੇ ਤਿੰਨੇ ਦਰਿਆਵਾਂ ਚੋਆਂ ਸਮੇਤ ਪਹਾੜੀਆਂ ਅਤੇ ਦਰੱਖਤਾਂ ਨੂੰ ਫੈਕਟਰੀਆਂ ਦਾ ਤੇਜ਼ਾਬੀ ਪਾਣੀ, ਰੇਤਾ, ਪੱਥਰ ਭੂੰਅ ਮਾਫੀਆ ਸਮੇਤ ਲੱਕੜ ਚੋਰ ਘੁੱਣ ਵਾਂਗ ਲੱਗੇ ਹੋਏ ਹਨ।



ਦਰਖਤਾਂ ਦੀ ਅੰਧਾਂ ਧੂੰਦ ਕਟਾਈ ਨੇ ਜੰਗਲ ਅਤੇ ਪਹਾੜ ਭੋਡੇ ਕਰਕੇ ਰੱਖ ਦਿੱਤੇ ਹਨ। ਦਰਿਆਵਾਂ , ਚੋਆਂ ,ਪਹਾੜੀਆਂ ਵਿਚੋਂ ਰੇਤਾ ਅਤੇ ਪੱਥਰ ਚੋਰੀ ਕਰਕੇ ਉਹਨਾਂ ਦਾ ਨਕਸ਼ਾ ਹੀ ਤਬਦੀਲ ਕਰ ਦਿੱਤਾ ਹੈ । ਦਰਿਆਵਾਂ ਅਤੇ ਡੈਮਾਂ ਵਿਚ ਖੜ੍ਹਾ ਅਤੇ ਵਗਦਾ ਪਾਣੀ ਤੇਜ਼ਾਬੀ ਹੋਣ ਕਰਕੇ ਹੁਣ ਨਹਾਉਣ ਵਾਲਿਆਂ ਲਈ ਸਰਾਪ ਬਣ ਚੁੱਕਾ ਹੈ। ਦਰਿਆਵਾਂ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਦੇ ਕੱਪੜੇ ਹੁਣ ਇਹਨਾਂ ਪਾਣੀਆਂ ਵਿਚ ਧੋਣ ਨਾਲ ਨਿਖਰਦੇ ਨਹੀਂ ਸਗੋਂ ਪਾਟ ਜਾਂਦੇ ਹਨ। ਧੋਬੀਆਂ ਦੀ ਰੋਜ਼ੀ ਰੋਟੀ ਦਾ ਸਾਧਨ ਲੱਗਭਗ ਜ਼ਹਿਰੀਲੇ ਪਾਣੀਆਂ ਕਾਰਨ ਖਤਮ ਹੋ ਚੁੱਕਾ ਹੈ। ਦਰਿਆਵਾਂ ਵਿਚੋਂ ਨਿਕਲਣ ਵਾਲੇ ਸੂਇਆਂ ਦੇ ਕੰਢਿਆਂ ਤੇ ਵਸਦੇ ਸੈਂਕੜੇ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਅਤੇ ਜ਼ਿੰਦਗੀ ਜ਼ਹਿਰੀਲੇ ਤੱਤਾਂ ਨੇ ਨਰਕ ਬਣਾਕੇ ਰੱਖ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਹਤ ਮੰਤਰੀ ਸਮੇਤ ਖੇਤੀਬਾੜੀ ਮੰਤਰੀ ਆਪਣੇ ਅੱਠ ਸਾਲ ਤੋਂ ਵੱਧ ਦੇ ਰਾਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਇਹ ਕਹਿਕੇ ਖੁਸ਼ ਕਰੀ ਜਾ ਰਹੇ ਹਨ ਕਿ ਉਹਨਾਂ ਹੁਣ ਪੰਜਾਬ ਨੂੰ 25 ਸਾਲਾਂ ਵਿਚ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ਵਰਗਾ ਬਣਾ ਦੇਣਾ ਹੈ ਪ੍ਰੰਤੂ ਪੰਜਾਬ ਕੈਲੀਫੋਰਨੀਆਂ ਨਹੀਂ ਬਣ ਸਕਿਆ ਸਗੋਂ ਸਮੈਕਸਤਾਨ, ਚਿੱਟਸਤਾਨ ਅਤੇ ਕੈਂਸਰਸਤਾਨ ਨਾਵਾਂ ਨਾਲ ਮਸ਼ਹੂਰ ਹੋ ਗਿਆ ਹੈ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਵਿਧਾਨ ਸਭਾ ਹਲਕਿਆਂ ਦੇ 12 ਪਿੰਡਾਂ ਦੀ ਦਾਸਤਾਨ ਸੁਣਕੇ ਤੁਸੀਂ ਦੰਗ ਰਹਿ ਜਾਵੋਗੇ ਜਿਥੇ ਅਜ਼ਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਦੀ ਸਰਕਾਰ ਨੇ 12000 ਕੁ ਹਜ਼ਾਰ ਲੋਕਾਂ ਦੀ ਵੋਟਾਂ ਪੈਣ ਤੋਂ ਬਾਅਦ ਕਦੇ ਸਾਰ ਹੀ ਨਹੀਂ ਲਈ। ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਦਾਅਵਾ ਕਰਨ ਵਾਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਅਤੇ ਫਾਜ਼ਿਲਕਾ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਹ ਬਾਰਾਂ ਪਿੰਡਾਂ ਦੀ ਹਾਲਤ ਇਹ ਹੈ ਕਿ ਉਹ ਦੇਖਣ ਨੂੰ ਇੰਝ ਲੱਗਦੇ ਹਨ ਜਿਵੇਂ ਕਿ ਉਹ ਪੰਜਾਬ ਦੇ ਨਹੀਂ ਸਗੋਂ ਪਹਾੜੀ ਕਬੀਲੇ ਦੇ ਪਿੰਡ ਹੋਣ। ਸਿਹਤ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਸਿਹਤ ਹੀ ਖਰਾਬ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਦੇ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਾਂਗ ਨਰਕਸਤਾਨ ਬਣੇ ਹੋਏ ਹਨ।

ਵਿਧਾਨ ਸਭਾ ਹਲਕਾ ਜਲਾਲਬਾਦ ਅਤੇ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਬਿਲਾਸਰਾ, ਕਾਂਵਾਵਾਲੀ , ਤੇਜਾ ਰਹੇਲਾ , (3- ਨੰਬਰ ਪੱਟੀ ), ਦੋਨਾ ਨਾਨਕਾ, ਦੋਨਾ ਸਕੰਦਰੀ, ਝੰਗੜ ਭੈਣੀ, ਸ਼ਮਸ਼ਾਬਾਦ , ਗੁਲਾਬ ਭੈਣੀ ,ਮਨਸਾ ਭਵਾਨੀ, ਮਾਤਮ ਨਗਰ ਅਤੇ ਗੋਦੜ ਭੈਣੀ ਆਦਿ ਦਰਜਨ ਦੇ ਕਰੀਬ ਪਿੰਡ ਪਾਕਿਸਤਾਨ ਦੀ ਸਰਹੱਦ ਦੇ ਨਾਲ ਅਤੇ ਪੰਜਾਬ ਦੇ ਦਰਿਆ ਸਤਲੁਜ ਅਤੇ ਲੁਧਿਆਣਾ ,ਬਠਿੰਡਾ ਅਤੇ ਹੋਰ ਸ਼ਹਿਰਾਂ ਦੀਆਂ ਫੈਕਟਰੀਆਂ ਵਿਚੋਂ ਨਿਕਲਣ ਵਾਲੇ ਗੰਦੇ ਜ਼ਹਿਰੀਲੇ ਪਾਣੀ ਵਾਲੀ ਲਾਦੂਕਾ ਡਰੇਨ (ਮੋਜਮ ਡਰੇਨ) ਦੇ ਵਿਚਕਾਰ ਵਸਦੇ ਹਨ। ਇਹਨਾਂ ਪਿੰਡਾਂ ਦੇ ਲੋਕਾਂ ਦਾ ਰਹਿਣ ਸਹਿਣ ਪੰਜਾਬ ਦੇ ਹੋਰ ਹਲਕਿਆਂ ਨਾਲੋਂ ਅਲਗ ਹੀ ਸਮਝਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ। ਇਹਨਾਂ ਪਿੰਡਾਂ ਨੂੰ ਜਾਣ ਲਈ ਕੋਈ ਵੀ ਪੱਕੀ ਸੜਕ ਨਹੀਂ ਅਤੇ ਨਾ ਹੀ ਪਿੰਡਾਂ ਵਿਚ ਗਲੀਆਂ ਨਾਲੀਆਂ ਹਨ। ਦਰਿਆ ਅਤੇ ਡਰੇਨ ਵਿਚ ਵਗਦੇ ਜ਼ਹਿਰੀਲੇ ਪਾਣੀ ਨੇ ਉਕਤ ਪਿੰਡਾਂ ਦੀ ਜ਼ਮੀਨ ਨੂੰ ਅਜਿਹਾ ਕੈਂਸਰ ਬਣਾਕੇ ਬਾਂਝ ਕੀਤਾ ਕਿ ਹੁਣ ਇਹਨਾਂ ਪਿੰਡਾਂ ਦੇ ਲੋਕ ਖੁਦ ਕੈਂਸਰ, ਪੋਲੀਓ, ਕੋਹੜ, ਅੰਨ੍ਹੇਪਣ ਅਤੇ ਦੰਦਾਂ ਦੀਆਂ ਭਿਆਨਿਕ ਬਿਮਾਰੀਆਂ ਦੇ ਮਰੀਜ਼ ਬਣੇ ਹੋਏ ਹਨ। ਡਰੇਨ ਵਿਚ ਵੱਗਦਾ ਪਾਣੀ ਐਨਾ ਤੇਜ਼ਾਬੀ ਹੈ ਕਿ ਉਕਤ ਪਾਣੀ ਵਿਚ ਕੋਈ ਵੀ ਕੀੜਾ ਜਿਊਂਦਾ ਦਿਖਾਈ ਨਹੀਂ ਦਿੰਦਾ।

ਪਿੰਡ ਝੰਗੜ ਭੈਣੀ ਦੀ ਸਰਪੰਚ ਗੋਗਾਂ ਬਾਈ ਅਤੇ ਉਸਦੇ ਪਤੀ ਸਤਪਾਲ ਸਿੰਘ, ਮਹਿੰਦਰ ਸਿੰਘ ਪ੍ਰਧਾਨ ਗਰਾਮ ਕਮੇਟੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਕਦੇ ਕਿਸੇ ਸਰਕਾਰ ਨੇ ਸਾਰ ਨਹੀਂ ਲਈ। ਪਿੰਡ ਦੇ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਬਿਮਾਰੀਆਂ ਕਾਰਨ ਮਾਨਸਿਕ ਹਾਲਤ ਠੀਕ ਨਹੀਂ ਹੈ। 150 ਕੱਚੇ ਪਿੱਲੇ ਘਰਾਂ ਵਿਚੋਂ ਬਹੁਤ ਸਾਰੇ ਬੱਚੇ ਅਧਰੰਗ, ਪੋਲੀਓ ਅਤੇ ਅੰਨ੍ਹੇਪਣ ਦੇ ਸ਼ਿਕਾਰ ਹਨ। ਜਵਾਨ ਲੜਕੀ ਵੀਨਾ ਰਾਣੀ (23)ਪੁੱਤਰੀ ਕੁਲਵੀਰ ਸਿੰਘ ਦੀ ਚਾਰ ਸਾਲ ਪਹਿਲਾਂ ਸੱਜੀ ਬਾਂਹ ਸੁੱਕ ਗਈ। ਮਲਕੀਤ ਸਿੰਘ ਦੀ ਇਕ ਲੱਤ ਸੁੱਕ ਗਈ। ਇਸ ਤੋਂ ਇਲਾਵਾ ਗੁਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਜ਼ਵਾਨ ਹੋਣ ਦੇ ਬਾਵਜੂਦ ਖੁਦ ਖੜ੍ਹਾ ਨਹੀਂ ਹੋ ਸਕਦਾ। ਉਸਦੀ ਮਾਤਾ ਰਾਮੋ ਬਾਈ ਨੇ ਦੱਸਿਆ ਕਿ ਜਵਾਨ ਲੜਕਾ 5 ਸਾਲ ਤੋਂ ਮੰਜੇ ਤੇ ਪਿਆ । ਖੇਤੀ ਖੇਤ ਸਭ ਰੋਗ ਕਾਰਨ ਉਜੜ ਗਏ। ਪਿੰਡ ਦੇ ਪੰਚਾਇਤ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਅਨੀਤਾ ਰਾਣੀ ਜੋ ਅੱਠਵੀਂ ਕਲਾਸ ਵਿਚ ਪੜ੍ਹਦੀ ਹੈ ਦੀ ਲੱਤ 3 ਸਾਲ ਪਹਿਲਾਂ ਅਚਾਨਕ ਪੋਲੀਓ ਹੋਣ ਕਾਰਨ ਖਰਾਬ ਹੋ ਗਈ। ਸਿਮਰਨਜੀਤ ਕੌਰ ਪੁੱਤਰੀ ਸਤਨਾਮ ਸਿੰਘ ਦਾ ਇਕ ਹੱਥ ਅਤੇ ਪੈਰ ਮੁੜ ਗਏ। ਸਰੋਜਾਂ ਬਾਈ (25) ਅਤੇ ਧੰਨਾ ਸਿੰਘ ਪੁੱਤਰੀ ਪੁੱਤਰ ਮੁਨਸ਼ਾ ਸਿੰਘ ਦੇ ਦੋਨਾਂ ਦੇ ਦੋਨੋਂ ਪੈਰ ਮਰੇ ਹੋਏ ਹਨ। ਮਲਕੀਤ ਸਿੰਘ ਪੁੱਤਰ ਮਾਨ ਸਿੰਘ ਸਮੇਤ ਦਰਜਨ ਦੇ ਕਰੀਬ ਹੋਰ ਪਰਿਵਾਰ ਹਨ ਜਿਹਨਾਂ ਦੇ ਬੱਚਿਆਂ ਦੀ ਬਿਮਾਰੀਆਂ ਕਾਰਨ ਹਾਲਤ ਤਰਸਯੋਗ ਵਾਲੀ ਬਣੀ ਹੋਈ ਹੈ।

ਇਸੇ ਤਰ੍ਹਾਂ ਨੀਤਾ ਰਾਣੀ , ਮੁਨੀਸ਼ਾ ਰਾਣੀ, ਸੁਖਦੇਵ ਸਿੰਘ ਦੇ ਪੈਰ, ਹੱਥ ਪੋਲੀਓ ਕਾਰਨ ਮੁੜੇ ਹੋਏ ਹਨ ਅਤੇ ਅੱਖਾਂ ਦੀ ਰੌਸ਼ਨੀ ਘੱਟ ਹੋ ਚੁੱਕੀ ਹੈ। ਪਿੰਡ ਵਿਚ ਪੰਜ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕਰਕੇ ਪਾਣੀ ਦੀ ਟੈਂਕੀ ਬਣਾਈ ਗਈ ਸੀ ਜੋ ਤਿਆਰ ਹੋਣ ਤੋਂ ਬਾਅਦ ਹਾਲੇ ਚਾਲੂ ਹੀ ਨਹੀਂ ਹੋ ਸਕੀ। ਪਿੰਡ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ । ਇਥੇ ਪਾਣੀ ਮੁੱਲ ਵਿਕਦਾ ਹੈ ਪ੍ਰੰਤੂ ਬਹੁਤੇ ਲੋਕ 8 ਰੁਪਏ ਦੇ ਹਿਸਾਬ ਨਾਲ ਵਿਕਣ ਵਾਲੀ ਪਾਣੀ ਦੀ ਕੈਨ ਖਰੀਦਣ ਦੀ ਹਿੰਮਤ ਹੀ ਨਹੀਂ ਰੱਖਦੇ। ਪਿੰਡ ਵਿਚ ਕੋਈ ਗਲੀ ਨਾਲੀ ਨਹੀਂ ਹੈ। ਸਕੂਲ ਦੀ ਪਿ੍ਰਸੀਪਲ ਜਸਮੀਤ ਕੌਰ ਅਨੁਸਾਰ ਪਿੰਡ ਦੇ ਬੱਚਿਆਂ ਤੇ ਰੱਬੀ ਕਹਿਰ ਹੈ ਜਿਸ ਬਾਰੇ ਸਰਕਾਰ ਗੰਭੀਰਤਾ ਨਾਲ ਸੋਚੇ।

ਪਾਕਿਸਤਾਨ ਦੀ ਵੱਖੀ ਨਾਲ ਲੱਗਦੇ ਪਿੰਡ ਤੇਜਾ ਰਹੇਲਾ ਅਤੇ ਦੋਨਾ ਨਾਨਕਾ ਦੀ ਹਾਲਤ ਦੇਖ ਰੂਹ ਕੰਬ ਉਠਦੀ ਹੈ। ਤੇਜਾ ਰਹੇਲਾ ਵਿਚ ਪੋਲੀਓ, ਅੰਨ੍ਹੇਪਣ, ਮੰਦਬੁੱਧੀ ਬੱਚਿਆਂ ਦੀ ਪੈਦਾਇਸ਼ ਅਤੇ ਕੋਹੜ ਦੇ ਰੋਗ ਦੇ ਮਰੀਜਾਂ ਦੀ ਬਹੁਤਾਦ ਹੈ। ਪਿੰਡ ਦੇ ਸਰਪੰਚ ਦੇਸ਼ ਸਿੰਘ ਨੇ ਦੱਸਿਆ ਕਿ ਚਮਨ ਸਿੰਘ ਦੇ ਮਾਤਾ ਕਰਤਾਰੋ ਬਾਈ, ਪਿਤਾ ਸੁਰਜਨ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਕੈਂਸਰ ਕਾਰਨ ਮੌਤ ਦਾ ਸ਼ਿਕਾਰ ਹੋ ਕੇ ਖਤਮ ਹੋ ਗਏ। ਚਮਨ ਸਿੰਘ ਨੂੰ ਕੋਹੜ ਹੋ ਗਿਆ ਅਤੇ ਉਹ ਹੁਣ ਆਪਣੀ ਭੈਣ ਸ਼ਿੰਦੋ ਬਾਈ ਕੋਲ ਰਹਿਕੇ ਦੁੱਖਮਈ ਦਿਨਕਟੀ ਕਰ ਰਿਹਾ। ਪਿੰਡ ਦੇ ਬਜ਼ੁਰਗ ਜਗੀਰ ਸਿੰਘ ਨੇ ਦੱਸਿਆ ਕਿ ਉਸਦਾ 12 ਸਾਲਾ ਲੜਕਾ 6ਸਾਲ ਪਹਿਲਾਂ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕਾ ਹੈ। ਦਿਲਕੁਰਸ਼ੇਦ ਸਾਢੇ ਤਿੰਨ ਸਾਲਾ ਬੱਚਾ ਪੁੱਤਰ ਸਵਰਨ ਸਿੰਘ ਪੈਦਾਇਸ਼ੀ ਪੋਲੀਓ ਦਾ ਮਰੀਜ ਨਿਕਲਿਆ। ਇਸ ਪਿੰਡ ਵਿਚ ਗੰਦਗੀ ਐਨੀ ਹੈ ਕਿ ਪਸ਼ੂਆਂ ਦਾ ਮੱਲ ਮੂਤਰ ਘਰਾਂ ਅਤੇ ਵਹਿੜਿਆਂ ਅੰਦਰ ਹੀ ਪਿਆ ਹੈ। ਪਿੰਡ ਦੀ ਕੋਈ ਵੀ ਗਲੀ ਪੱਕੀ ਨਹੀਂ ਅਤੇ ਨਾ ਹੀ ਨਾਲੀਆਂ ਹਨ। ਲੋਕਾਂ ਨੇ ਗੰਦੇ ਪਾਣੀ ਨੂੰ ਜਮ੍ਹਾਂ ਕਰਨ ਲਈ ਆਪਣੇ ਘਰਾਂ ਵਿਚ ਹੀ ਟੋਏ ਪੁੱਟੇ ਹੋਏ ਹਨ। ਦਰਖਤ ਇਸ ਪਿੰਡ ਦੇਖਣ ਨੂੰ ਵੀ ਨਹੀਂ ਮਿਲਦੇ। ਲੋਕ ਪਾਕਿਸਤਾਨ ਦੀ ਦਹਿਸ਼ਤ, ਫੌਜ ਦੇ ਸਾਏ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹਨ।

ਪਿੰਡ ਦੋਨਾ ਨਾਨਕਾ ਇਸ ਖਿੱਤੇ ਦਾ ਅਜਿਹਾ ਕਿਸਮਤ ਮਾਰਿਆ ਪਿੰਡ ਹੈ ਜਿਥੇ ਸਰਕਾਰ ਨੇ ਪੰਜ ਸਾਲ ਪਹਿਲਾਂ ਕੈਂਸਰ ਦੇ ਕਹਿਰ ਨੂੰ ਰੋਕਣ ਲਈ ਵੱਡੇ ਵੱਡੇ ਪ੍ਰਬੰਧ ਕੀਤੇ ਪ੍ਰੰਤੂ ਪਿਛਲੇ ਚਾਰ ਸਾਲ ਤੋਂ ਮੁੜਕੇ ਇਸ ਪਿੰਡ ਦੇ ਲੋਕਾਂ ਦੀ ਸਾਰ ਹੀ ਨਹੀਂ ਲਈ। ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਇਸ ਪਿੰਡ ਨੂੰ ਵੋਟਾਂ ਵੇਲੇ ਲਾਰਿਆਂ ਦੇ ਨੋਟਾਂ ਸਮੇਤ ਗੱਫੇ ਦਿੱਤੇ ਗਏ ਪ੍ਰੰਤੂ ਮੁੜ ਹਾਲਤ ਪਹਿਲਾਂ ਵਾਲੀ ਬਣ ਗਈ। ਪਿੰਡ ਦੇ ਸਰਪੰਚ ਰਮੇਸ਼ ਸਿੰਘ ਪੰਚਾਇਤ ਮੈਂਬਰ ਕਰਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਹੁਤੇ ਨੌਜਵਾਨ ਭਿਆਨਿਕ ਬਿਮਾਰੀ ਕੈਂਸਰ ਅਤੇ ਚਮੜੀ ਸਮੇਤ ਅੰਨ੍ਹੇਪਣ ਦੇ ਸ਼ਿਕਾਰ ਹਨ ਅਤੇ ਬਹੁਤੇ ਇਸ ਦੁਨੀਆਂ ਤੋਂ ਇਲਾਜ ਨਾ ਹੋ ਸਕਣ ਕਾਰਨ ਪਰਲੋਕ ਸਿਧਾਰ ਚੁੱਕੇ ਹਨ। ਪਿੰਡ ਦੇ 215 ਘਰਾਂ ਵਿਚੋਂ ਅੱਧ ਤੋਂ ਵੱਧ ਕੱਚੇ ਪਿੱਲੇ ਹਨ। ਲੋਕਾਂ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ। ਸਰਕਾਰੀ ਆਰ ਓ ਚੱਲਦੇ ਹੀ ਨਹੀਂ।

ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਗਲੀਆਂ ਨਾਲੀਆਂ ਹੈ ਹੀ ਨਹੀਂ ਹਨ। ਗੰਦਗੀ ਕਾਰਨ ਸਾਰਾ ਪਿੰਡ ਬਦਬੂ ਮਾਰ ਰਿਹਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਸਿਆਸੀ ਆਗੂਆਂ ਨੂੰ ਵੋਟਾਂ ਵੇਲੇ ਹੀ ਦੇਖਦੇ ਹਨ। ਪਿੰਡ ਦੇ ਲੜਕੇ ਭਜਨ (17) ਪੁੱਤਰ ਬੰਤਾ ਸਿੰਘ ਕੈਂਸਰ, ਜੋਗਿੰਦਰ ਸਿੰਘ ਦੇ ਦੋਵੇਂ ਲੜਕੇ ਕੰਨਾਂ ਤੋਂ ਬੋਲੇ ਅੱਖਾਂ ਤੋਂ ਅੰਨ੍ਹੇ, ਨੱਕ ਟੇਢਾ ਦੀ ਬਿਮਾਰੀ ਤੋਂ ਪੀੜਤ ਹਨ। ਗੁਰਨਾਮ ਸਿੰਘ ਪੁੱਤਰ ਸ਼ੇਰ ਸਿੰਘ ਗੁਰਨਾਮ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸੇਰ ਸਿੰਘ ਦੇ ਸਰੀਰ ਬੁਰੀ ਤਰ੍ਹਾਂ ਕੰਬਦੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਅਤੇ ਜਵਾਨੀ ਦੋਨੋਂ ਭਿਆਨਿਕ ਬਿਮਾਰੀਆਂ ਦੀ ਲਪੇਟ ਵਿਚ ਹਨ। ਪਿੰਡ ਦੇ ਦੋ ਸਕੇ ਭਰਾ ਸ਼ੈਂਕਰ ਸਿੰਘ (21)ਅਤੇ ਵਿਸਾਖਾ ਸਿੰਘ (19)ਪੁੱਤਰ ਮੋਹਣਾਂ ਦੀਆਂ 4 ਸਾਲ ਪਹਿਲਾਂ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ। ਉਹ ਜਵਾਨੀ ਵਿਚ ਅੰਨ੍ਹੇ ਹੋ ਆਪਣੇ ਬੁਢੇ ਮਾਤਾ ਪਿਤਾ ਲਈ ਬੋਝ ਬਣੇ ਹੋਏ ਹਨ। ਪੰਚਾਇਤ ਮੈਂਬਰ ਕਰਤਾਰ ਸਿੰਘ ਨੇ ਦੱਸਿਆ ਕਿ ਉਸਨੂੰ ਕੋਹੜ ਦੀ ਬਿਮਾਰੀ ਲਪੇਟ ਵਿਚ ਲੈ ਰਹੀ ਹੈ। ਉਸਦਾ ਹੱਥ ਗਲਦਾ ਜਾ ਰਿਹਾ ਹੈ।

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਸ ਜੰਗਲਬੀੜ ਪਿੰਡਾਂ ਦੀ ਹਾਲਤ ਤੇ ਸਮੇਂ ਦੀ ਕਿਸੇ ਸਰਕਾਰ ਨੂੰ ਤਰਸ ਨਹੀਂ ਆਉਂਦਾ। ਇਸ ਖਿੱਤੇ ਦੇ ਲੋਕ ਰਾਇ ਸਿੱਖ ਬਰਾਦਰੀ ਨਾਲ ਸਬੰਧਤ ਹਨ। ਇਸ ਬਰਾਦਰੀ ਦੇ ਲੋਕਾਂ ਦੀ ਖਾਸੀਅਤ ਹੈ ਕਿ ਇਹ ਆਪਣੇ ਬੰਦੇ ਲਈ ਜਾਨ ਤੱਕ ਨਿਸ਼ਾਵਰ ਕਰ ਦਿੰਦੇ ਹਨ। ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਇਸ ਹਲਕੇ ਦੇ ਲੋਕ ਸਭਾ ਮੈਂਬਰ ਹਨ ਜਿਸਤੇ ਇਹਨਾਂ ਲੋਕਾਂ ਨੂੰ ਬਹੁਤ ਮਾਣ ਹੈ ਪ੍ਰੰਤੂ ਸਿਆਸੀ ਆਗੂਆਂ ਨੂੰ ਇਹਨਾਂ ਕਿਸਮਤ ਮਾਰੇ ਲੋਕਾਂ ਤੇ ਵੋਟਾਂ ਦੇ ਦਿਨਾਂ ਵਿਚ ਹੀ ਮਾਣ ਹੂੰਦਾ ਹੈ। ਇਹਨਾਂ ਲੋਕਾਂ ਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਪ੍ਰੰਤੂ ਉਹ ਆਪਣੇ ਵਲੋਂ ਜਿਤਾਏ ਆਗੂ ਨੂੰ ਆਪਣਾ ਸਮਝਦੇ ਹਨ। ਖਿੱਤੇ ਦੇ ਲੋਕ ਝੋਨਾ ਅਤੇ ਕਣਕ ਦੀ ਫਸਲ ਬੀਜਕੇ ਆਪਣੇ ਪੇਟ ਪਾਲਦੇ ਹਨ। ਇਹ ਲੋਕ ਨਸ਼ਿਆਂ ਦੇ ਬਹੁਤੇ ਆਦੀ ਨਹੀਂ ਹਨ।

ਸੜਕਾਂ ਅਤੇ ਗਲੀਆਂ ਕੱਚੀਆਂ ਹੋਣ, ਲੋਕਾਂ ਦਾ ਬਿਮਾਰੀਆਂ ਦੀ ਲਪੇਟ ’ ਚ ਆਉਣਾ ਸਮੇਂ ਦੇ ਸਿਆਸੀ ਆਗੂਆਂ ਅਤੇ ਪ੍ਰਸ਼ਾਸ਼ਨ ਲਈ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਇਹ ਪਿੰਡ ਮੀਡੀਆ ਦੀ ਅਣਦੇਖੀ ਕਾਰਨ ਵੀ ਸਰਕਾਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਨਜ਼ਰ ਤੋਂ ਬਚੇ ਹੋਏ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਿਜੇ ਕੁਮਾਰ ਕਾਪੜੀ, ਕਾਮਰੇਡ ਪੂਰਨ ਚੰਦ ਅਤੇ ਮਹਿੰਦਰ ਸਿੰਘ ਫਾਜਲਿਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਖਿੱਤੇ ਦੇ ਥੁੜ੍ਹਾਂ ਅਤੇ ਕਿਸਮਤ ਮਾਰੇ ਪੇਂਡੂ ਲੋਕਾਂ ਦੀ ਸਿਹਤ ਅਤੇ ਪਿੰਡਾਂ ਦੇ ਵਿਕਾਸ ਵੱਲ ਸਰਕਾਰ ਤੁਰੰਤ ਧਿਆਨ ਦੇਵੇ। ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਰਿਣਵਾਂ ਨੇ ਕਿਹਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਇਹਨਾਂ ਦਰਜਨ ਕੁ ਪਿੰਡਾਂ ਦਾ ਅੱਠ ਸਾਲਾਂ ਵਿਚ ਆਪਣੇ ਰਾਜ ਵਿਚ ਵੀ ਹੁਣ ਤੱਕ ਕੋਈ ਸੁਧਾਰ ਨਹੀਂ ਕਰ ਸਕੇ ਤਾਂ ਫਿਰ ਹੁਣ ਕੀ ਆਸ ਰੱਖੀ ਜਾ ਸਕਦੀ ਹੈ।

ਇਹਨਾਂ ਪਿੰਡਾਂ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ ਪ੍ਰੰਤੂ ਫਾਜਿਲਕਾ ਜ਼ਿਲ੍ਹਾ ਬਣਨ ਤੋਂ ਬਾਅਦ ਵੀ ਇਹਨਾਂ ਪਿੰਡਾਂ ਦੀ ਦਰਦਨਾਕ ਹਾਲਤ ਬਾਰੇ ਨਾ ਸਰਕਾਰ ਨੇ ਕਦੇ ਸੋਚਿਆ ਅਤੇ ਨਾ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਇਸ ਪਾਸੇ ਕੋਈ ਧਿਆਨ ਦਿੱਤਾ। ਲੋਕ ਬਿਮਾਰੀਆਂ ਨਾਲ ਗੱਲਦੇ ਜਾ ਰਹੇ ਹਨ। ਪਿੰਡਾਂ ਵਿਚ ਖੁਸ਼ੀ ਦਾ ਕੋਈ ਦਿਨ ਦੇਖਣ ਨੂੰ ਨਸੀਬ ਨਹੀਂ ਹੋ ਰਿਹਾ ਪ੍ਰੰਤੂ ਸਰਕਾਰ ਚਲਾਉਣ ਵਾਲੇ ਅਤੇ ਸਿਹਤ ਮੰਤਰੀ ਪਿੱਛਲੇ ਅੱਠ ਸਾਲ ਤੋਂ ਚੁੱਪ ਅਤੇ ਖੁਦ ਅੰਨ੍ਹੇ ਬਣੇ ਹੋਏ ਹਨ।
 
ਈ-ਮੇਲ: [email protected]
ਸੰਪਰਕ: +91 95929 54007

Comments

heera sohal

So sad

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ