ਪਹਾੜੀ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਕੱਟਣ ਕਾਰਨ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
Posted on:- 22-03-2015
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਸੱਤਾਧਾਰੀ ਪਾਰਟੀਆਂ ਦੇ ਆਗੂ ਸਟੇਜ਼ਾਂ ’ਤੇ ਖੜ੍ਹੇ ਹੋ ਕੇ ਭਾਸ਼ਨਾਂ ’ਚ ਢਿੰਡੋਰਾ ਪਿੱਟ ਰਹੇ ਹਨ ਕਿ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਖੁਸ਼ ਹੈ, ਪ੍ਰੰਤੂ ਇਸਦੀ ਜ਼ਮੀਨੀ ਹਕੀਕਤ ਬਿਲਕੁਲ ਇਸਦੇ ਉਲਟ ਹੈ, ਜਿਸਦੀ ਤਾਜ਼ਾ ਮਿਸਾਲ ਪਹਾੜੀ ਖਿੱਤੇ ਦੇ ਪਿੰਡ ਚੱਕ ਨਰਿਆਲ ਦੀ ਪੱਤੀ ਰਵਿਦਾਸ ਨਗਰ, ਬਾਰਾਪੁਰ, ਜੰਡਿਆਲਾ, ਗੱਜ਼ਰ, ਮਹਿਦੂਦ ਸਮੇਤ ਬਹੁਤ ਸਾਰੇ ਪਿੰਡਾਂ ਦੀ ਹੈ, ਜਿਥੇ ਚਾਰ ਚਾਰ ਦਰਜ਼ਨ ਦੇ ਕਰੀਬ ਗਰੀਬ ਪਰਿਵਾਰ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਕੁਨੇਕਸ਼ਨ ਕੱਟਣ ਕਾਰਨ ਪਿਛਲੇ 22 ਦਿਨਾਂ ਤੋਂ ਪੁਰਾਣੇ ਖੂਹਾਂ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਵਾਸੀਆਂ ਵਲੋਂ ਬਿੱਲ ਦੇ ਪੈਸੇ ਦੇਣ ਦੇ ਬਾਵਜੂਦ ਵੀ ਉਹ ਬੂੰਦ ਬੂੰਦ ਪਾਣੀ ਲਈ ਤਰਸ ਰਹੇ ਹਨ। ਇਸਦੇ ਉਲਟ ਉਨ੍ਹਾਂ ਨੂੰ ਬਿੱਲ ਦੀ ਰਕਮ 60 ਰੁਪਏ ਤੋਂ ਵਧਾ ਕੇ 250 ਰੁਪਏ ਦੇਣ ਦੇਣ ਦੇ ਹੁਕਮ ਸੁਣਾ ਦਿੱਤੇ ਹਨ, ਜੋ ਕਿ ਪਿੰਡਾਂ ਦੇ ਗਰੀਬ ਲੋਕ ਦੇਣ ਤੋਂ ਅਸਮਰਥ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਚੱਕ ਨਰਿਆਲ ਦੇ ਵਾਸੀ ਕੁਲਦੀਪ ਸਿੰਘ ਕਾਲਾ, ਤਾਰਾ ਸਿੰਘ, ਸਤਵਿੰਦਰ ਸਿੰਘ, ਪਰਮਜੀਤ ਕੌਰ, ਸੁਖਵਿੰਦਰ ਸਿੰਘ, ਚਰਨਜੀਤ ਕੌਰ, ਸੁਰਜੀਤ ਕੌਰ, ਨਰੰਜਣ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਪੰਮੀ , ਹਰਮਿੰਦਰ ਕੌਰ ਆਦਿ ਸਮੇਤ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਲਲਵਾਣ ਜਲ ਸਪਲਾਈ ਯੋਜਨਾ ਨਾਲ ਜੁੜਿਆ ਹੋਇਆ ਸੀ ਅਤੇ ਕੁੱਝ ਸਮਾਂ ਪਹਿਲਾਂ ਲਘੁ ਜਲ ਸਪਲਾਈ ਯੋਜਨਾ ਅਧੀਨ 85 ਲੱਖ ਰੁਪਏ ਦੀ ਲਾਗਤ ਨਾਲ ਉਨ੍ਹਾਂ ਦੇ ਪਿੰਡ ਵਿਚ ਜਲ ਸਪਲਾਈ ਯੋਜਨਾ ਸ਼ੁਰੂ ਕੀਤੀ ਸੀ ਜਿਸ ਅਧੀਨ ਪੰਜਾਹ ਰੁਪਏ ਪ੍ਰਤੀ ਘਰ ਪਾਣੀ ਦਾ ਬਿੱਲ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਫ਼ਿਰ ਬਿੱਲ ਵਧਾ ਕੇ 60 ਰੁਪਏ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੇ ਟਿਊਬਵੈਲ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਕਾਰਨ ਪਿਛਲੇ ਦਸ ਦਿਨਾ ਤੋਂ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਪੈਸੇ ਇੱਕਠੇ ਕਰਕੇ ਬਿੱਲ ਵੀ ਜ਼ਮ੍ਹਾ ਕਰਵਾਇਆ ਪਰੰਤੂ । ਉਨ੍ਹਾਂ ਦੱਸਿਆ ਕਿ ਹੁਣ ਘਰ ਪਰਤੀ 250 ਰੁਪਏ ਪ੍ਰਤੀ ਮਹੀਨਾ ਪਾਣੀ ਦਾ ਬਿੱਲ ਕੀਤਾ ਜਾ ਰਿਹਾ ਹੈ ਜਿਹੜਾ ਕਿ ਉਹ ਦੇਣ ਤੋਂ ਅਸਮਰਥ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਤੋਂ ਬਾਹਰਵਾਰ ਪ੍ਰਕਾਸ਼ ਸਿੰਘ ਦੇ ਹਲਟ ਅਤੇ ਪਿੰਡ ਦੇ ਪੁਰਾਣੇ ਖੂਹ ਤੋਂ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਪਿੰਡ ਦੀ ਇਸ ਸਮੱਸਿਆ ਨੂੰ ਜਲਦ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਸ਼ੁਰੂ ਕਰ ਦੇਣਗੇ।
ਉਨ੍ਹਾਂ ਦੱਸਿਆ ਕਿ ਪਿੰਡ ਵਿਚ ਇੱਕ ਵਿਅਕਤੀ ਨੇ ਟਿਊਬਵੈਲ ਲਗਵਾਉਣ ਲਈ ਜ਼ਮੀਨ ਵੀ ਦਿੱਤੀ ਸੀ ਅਤੇ ਵੋਟਾਂ ਲੈਣ ਲਈ ਹਲਕਾ ਵਿਧਾਇਕ ਨੇ ਇੱਥੇ ਟਿਊਬਵੈਲ ਮੰਜੂਰ ਵੀ ਕੀਤਾ ਸੀ ਪ੍ਰੰਤੂ ਕੈਬਨਿਟ ਮੰਤਰੀ ਦੇ ਵਾਅਦੇ ਖੋਖਲੇ ਹੀ ਨਿੱਕਲੇ, ਜਿਸ ਕਾਰਨ ਪਿੰਡ ਵਾਸੀ ਸੱਤਾਧਾਰੀ ਪਾਰਟੀ ਖ਼ਿਲਾਫ਼ ਖੁਲ੍ਹ ਕੇ ਭੜਾਸ ਕੱਢ ਰਹੇ ਹਨ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਕਿ ਜ਼ਿੰਮੀਦਾਰ ਜੋ ਕਿ ਜ਼ਮੀਨਾਂ ਦੇ ਮਾਲਕ ਹਨ, ਦੇ ਟਿਊਬਵੈਲਾਂ ਦੇ ਬਿੱਲ ਮੁਆਫ਼ ਕੀਤੇ ਹੋਏ ਹਨ ਅਤੇ ਗਰੀਬ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਬਿੱਲ ਵਧਾਕੇ ਸਰਕਾਰ ਆਪਣੇ ਆਪ ਨੂੰ ਗਰੀਬਾਂ ਦੀ ਹਿਤੈਸ਼ੀ ਸਰਕਾਰ ਕਿਸ ਮੂੰਹ ਨਾਲ ਕਹਿ ਰਹੀ।
ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਆਏ ਇੱਕ ਲੱਖ 22 ਹਜ਼ਾਰ ਬਿੱਲ ਵਿੱਚੋਂ ਪਿੰਡ ਵਿੱਚੋਂ ਇੱਕਠਾ ਕਰਕੇ 40 ਹਜ਼ਾਰ ਰੁਪਏ ਬਿੱਲ ਜਮ੍ਹਾਂ ਕਰਵਾ ਦਿੱਤਾ ਹੈ। ਪਾਣੀ ਅੱਜ ਸ਼ਾਮ ਤੱਕ ਚਾਲੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ 250 ਰੁਪਏ ਬਿੱਲ ਦੇਣ ਤੋਂ ਅਸਮਰਥ ਹਨ ਅਤੇ ਇਹ ਯੋਜਨਾ ਸਰਕਾਰ ਨੂੰ ਆਪ ਸੰਭਾਲਣ ਲਈ ਖਿਲਤੀ ਰੂਪ ਵਿਚ ਦੇ ਚੁੱਕੇ ਹਨ। ਇਸੇ ਤਰ੍ਹਾਂ ਦੀ ਸਥਿੱਤੀ ਬਾਰਾਪੁਰ, ਜੰਡਿਆਲਾ ਗੱਜ਼ਰ, ਮਹਿਦੂਦ ਸਮੇਤ ਬਹੁਤ ਸਾਰੇ ਪਹਾੜੀ ਪਿੰਡਾਂ ਦੀ ਬਣੀ ਹੋਈ ਹੈ ਜ੍ਹਿਨਾਂ ਦੇ ਟਿੳਬਵੈਲਾਂ ਅਤੇ ਘਰਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਸਰਪੰਚ ਦਿਲਬਾਗ ਸਿੰਘ ਮਹਿਦੂਦ, ਸਰਪੰਚ ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਪਾਣੀ ਨਾ ਮਿਲਣ ਕਾਰਨ ਉਹਨਾਂ ਦੇ ਪਿੰਡਾਂ ਦੇ ਲੋਕ ਦੂਰ ਦੁਰਾਡੇ ਤੋਂ ਸਿਰੀਂ ਪਾਣੀ ਢੋਣ ਲਈ ਮਜ਼ਬੂਰ ਹਨ।
Raaj
gudd