ਇਸ ਮੌਕੇ ਉਹਨਾਂ ਆਪਣੇ ਬਚਾਅ ਅਤੇ ਲੋਕਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਦੇਵੀ ਦੇਵਤਿਆਂ ਨਾਲ ਸਬੰਧਤ ਉਚੀ ਉਚੀ ਗਾਣੇ ਵੀ ਗਾਏ ਅਤੇ ਆਪਣੇ ਬਚਾਅ ਲਈ ਤਰਲੇ ਕੀਤੇ ਪ੍ਰੰਤੂ ਅਖੀਰ ਜਦ ਕੋਈ ਵਾਹ ਪੇਸ਼ ਨਾ ਗਈ ਤਾਂ ਉਕਤ ਖਤੌਤੀ ਦੇਵੀ ਅਤੇ ਸਾਧ ਨੇ ਲੋਕਾਂ ਦੀ ਭਰਵੀਂ ਹਾਜ਼ਰੀ ਵਿਚ ਤਰਕਸ਼ੀਲਾਂ ਸਮੇਤ ਸ਼ਹਿਰ ਦੇ ਲੋਕਾਂ ਤੋਂ ਮੁਆਫੀ ਮੰਗ ਕੇ ਆਪਣਾ ਖਹਿੜਾ ਛਡਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਸ਼ਹਿਰ ਵਿਚ ਉਸ ਵਕਤ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਜਦ ਤਰਕਸ਼ੀਲ ਆਗੂ ਜਗਤਾਰ ਬਾਹੋਵਾਲ ਨੇ ਆਪਣੇ ਸਾਥੀ ਨੌਜਵਾਨਾਂ ਭਜਨ ਸਿੰਘ, ਅਮਰ ਨਾਥ, ਸਰਬਜੀਤ ਸਿੰਘ, ਕਸ਼ਮੀਰੀ ਲਾਲ, ਸਤਨਾਮ ਸਿੰਘ, ਸਤਵੰਤ ਸਿੰਘ, ਚੰਦਰ ਮੋਹਣ ਆਦਿ ਨੇ ਇਕ ਅਜਿਹੇ ਗਰੋਹ ਦੇ ਦੋ ਮੁੱਖ ਅਖੌਤੀ ਸਾਧ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਿਹੜਾ ਹਲਕੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਲੋਕਾਂ ਦੇ ਦੁੱਖ ਅਤੇ ਸਮੱਸਿਆਵਾਂ ਦੂਰ ਕਰਨ ਬਾਰੇ ਦੱਸਕੇ ਦੇਵੀ ਦੇਵਤਿਆਂ ਦਾ ਰੂਪ ਦੱਸਕੇ ਲੋਕਾਂ ਨੂੰ ਗੁੰਮਰਾਹ ਕਰ ਰੋਜ਼ਾਨਾ ਹਜ਼ਾਰਾਂ ਰੁਪਏ ਠੱਗ ਰਹੇ ਸਨ। ਪਿੰਡਾਂ ਵਿਚ ਲੋਕ ਦੇਵੀ ਬਣੀ ਔਰਤ ਅਤੇ ਉਸਦੇ ਸਾਥੀ ਨੂੰ ਸੱਚ ਮੁੱਚ ਦਾ ਰੱਬ ਮੰਨਕੇ ਖੂਬ ਪੈਸਾ ਚੜਾ ਰਹੇ ਸਨ। ਉਕਤ ਅਖੌਤੀ ਦੇਵੀ ਅਤੇ ਸਾਧ ਦਾ ਅੱਜ ਤਰਕਸ਼ੀਲਾਂ ਨੇ ਅਜਿਹਾ ਭਾਂਡਾ ਭੰਨਿਆਂ ਕਿ ਦੇਵੀ ਦਾ ਅਵਤਾਰ ਦੱਸਣ ਵਾਲੀ ਔਰਤ ਲੜਕਾ ਨਿਕਲੀ। ਤਰਕਸ਼ੀਲ ਆਗੂ ਜਗਤਾਰ ਬਾਹੋਵਾਲ ਨੇ ਦੱਸਿਆ ਕਿ ਇਸ ਅਖੌਤੀ ਸਾਧ ਗਰੋਹ ਵਲੋਂ ਹਲਕੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਆਪਣੇ ਇਕ ਸਾਥੀ ਨੌਜਵਾਨ ਨੂੰ ਔਰਤ ਬਣਾਕੇ ਉਸਨੂੰ ਮਾਤਾ ਦਾ ਅਵਤਾਰ ਦੱਸਿਆ ਜਾ ਰਿਹਾ ਸੀ ਅਤੇ ਉਹ ਲੋਕਾਂ ਨੂੰ ਵਹਿਮਾ ਭਰਮਾ ਵਿਚ ਪਾ ਕੇ ਅੰਨੀਂ ਕਮਾਈ ਕਰ ਰਹੇ ਸਨ। ਉਹ ਘਰਾਂ ਵਿਚ ਔਰਤਾਂ ਨੂੰ ਅਜਿਹਾ ਡਰਾਉਂਦੇ ਕਿ ਉਹ ਇਹਨਾਂ ਨੂੰ ਮੂੰਹ ਮੰਗਿਆ ਪੈਸਾ ਦੇ ਰਹੀਆਂ ਸਨ। ਬਹੁਤ ਸਾਰੇ ਨੋਜਵਾਨ ਵੀ ਇਹਨਾਂ ਨੂੰ ਦੇਖਕੇ ਮੱਥਾ ਟੇਕਦੇ ਅਤੇ ਨਸ਼ੇ ਛੱਡਣ ਲਈ ਪੈਸਿਆਂ ਦਾ ਮੱਥਾ ਟੇਕਕੇ ਅਸ਼ੀਰਵਾਦ ਪ੍ਰਾਪਤ ਕਰ ਰਹੇ ਸਨ।
ਉਹਨਾਂ ਦੱਸਿਆ ਕਿ ਅੱਜ ਜਦ ਉਕਤ ਗਰੋਹ ਦੇ ਪ੍ਰਮੁੱਖੀ ਅਚਾਨਕ ਆਪਣੇ ਅਖੌਤੀ ਬਾਣੇ ਵਿਚ ਹੀ ਇਕ ਵਰਕਸ਼ਾਪ ਵਿਚ ਆਕੇ ਕੰਮ ਕਰਦੇ ਲੜਕਿਆਂ ਨੂੰ ਵੱਡੇ ਸੰਕਟ ਦਾ ਡਰਾਵਾ ਦੇ ਇਲਾਜ ਅਤੇ ਉਪਾਅ ਬਦਲੇ ਮੋਟੇ ਪੈਸੇ ਮੰਗਣ ਲੱਗ ਪਏ ਤਾਂ ਉਹ ਅਚਾਨਿਕ ਉਥੇ ਜਾ ਪੁੱਜਾ। ਉਸਨੇ ਜਦ ਦੱਸਿਆ ਕਿ ਇਹ ਪਾਖੰਡੀ ਅਤੇ ਭੇਸ ਬਦਲਕੇ ਘੁੰਮਣ ਵਾਲੇ ਸਾਧ ਗਰੋਹ ਦੇ ਮੁੱਖੀ ਹਨ ਤਾਂ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਉਸਨੇ ਦੱਸਿਆ ਕਿ ਉਸਨੇ ਦੇਵੀ ਦਾ ਰੂਪ ਧਾਰਨ ਕਰਨ ਵਾਲੀ ਔਰਤ ਨੂੰ ਲੋਕਾਂ ਦੀ ਹਾਜ਼ਰੀ ਵਿਚ ਕਿਹਾ ਕਿ ਉਸਦੀ ਦਾ੍ਹੜ ਵਿਚ ਜੋਰਦਾਰ ਦਰਦ ਹੋ ਰਿਹਾ ਹੈ, ਤੁਸੀਂ ਦਰਦ ਦੂਰ ਕਰ ਦੇਵੋ।
ਇਸ ਮੌਕੇ ਉਕਤ ਦੇਵੀ ਨੇ ਉਸਨੂੰ ਪੁੱਛਿਆ ਕਿ ਬੱਚਾ ਤੇਰੀ ਕਿਹੜੇ ਪਾਸੇ ਦੀ ਦਾੜ੍ਹ ਦਰਦ ਕਰ ਰਹੀ ਹੈ ..? ਤਾਂ ਉਸਨੇ ਜ਼ਵਾਬ ਦਿੱਤਾ ਕਿ ਮਾਤਾ ਤਾਂ ਆਪਣੇ ਸਿਰ ਤੇ ਆਈ ਹੋਈ ਹੈ ਤੇ ਤੂੰ ਹੀ ਦੱਸ ਕਿਹੜੀ ਦਾੜ੍ਹ ਦੁੱਖਦੀ ਹੈ। ਮਾਤਾ ਨੇ ਤੁਰੰਤ ਜ਼ਵਾਬ ਦਿੱਤਾ ਕਿ ਬੱਚਾ ਤੇਰੀ ਖੱਬੀ ਦਾੜ੍ਹ ਦੁੱਖਦੀ ਹੈ। ਤਰਕਸ਼ੀਲ ਆਗੂ ਨੇ ਤੁਰੰਤ ਲੋਕਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਮਾਤਾ ਜੀ ਮੇਰੀ ਤਾਂ ਕੋਈ ਦਾੜ੍ਹ ਦਰਦ ਹੀ ਨਹੀਂ ਕਰ ਰਹੀ। ਲੋਕ ਉਕਤ ਗੱਲ ਸੁਣਕੇ ਭੜਕ ਪਏ ਅਤੇ ਦੋਵਾਂ ਨੂੰ ਕੁਰਸੀਆਂ ਤੇ ਬੈਠਾਲ ਕੇ ਪੁਲਸ ਹਵਾਲੇ ਕਰਨ ਲਈ ਸਲਾਹ ਕਰਨ ਲੱਗ ਪਏ। ਇਸੇ ਦੌਰਾਨ ਦੇਵੀ ਅਤੇ ਸਾਧ ਨੇ ਆਪਣੇ ਸਿਰ ਵਿਚ ਜੁੱਤੀਆਂ ਮਾਰਨੀਆਂ ਸ਼ਰੂ ਕਰ ਦਿੱਤੀਆਂ ਅਤੇ ਮਾਤਾ ਬਣਿਆਂ ਲੜਕਾ ਉਚੀ ਉਚੀ ਗੀਤ ਗਾਉਣ ਲੱਗ ਪਿਆ - ‘ਫੜ੍ਹੇ ਗਏ ਮਾਂ .. ਆਪਣੇ ਭਗਤਾਂ ਨੂੰ ਮੁਸੀਬਤ ਤੋਂ ਬਚਾਅ ਲੈ..। ਇਸ ਮੌਕੇ ਉਕਤ ਠੱਗ ਜੋੜੀ ਨੇ ਲੋਕਾਂ ਦੀ ਭਰਵੀਂ ਹਾਜ਼ਰੀ ਵਿਚ ਕੰਨਾ ਨੂੰ ਹੱਥ ਲਾ ਕੇ ਮੁਆਫੀ ਮੰਗੀ ਅਤੇ ਬਾਅਦਾ ਕੀਤਾ ਕਿ ਉਹ ਅੱਗੇ ਤੋਂ ਅਜਿਹਾ ਕੰਮ ਨਹੀਂ ਕਰਨਗੇ। ਤਰਕਸ਼ੀਲ ਆਗੂਆਂ ਨੇ ਉਹਨਾਂ ਦੇ ਪਹਿਨੇ ਬਾਣੇ ਥੱਲੇ ਪਾਏ ਕੱਪੜੇ (ਫਿਲਮੀ ਐਕਟਰਾਂ ਦੀਆਂ ਤਸਵੀਰਾਂ ਵਾਲੀਆਂ ਕਮੀਜ਼ਾਂ ) ਦੇਖੀਆਂ ਤਾਂ ਇਕੱਤਰ ਲੋਗ ਦੰਗ ਰਹਿ ਗਏ। ਉਕਤ ਜੋੜੀ ਨੇ ਦੱਸਿਆ ਕਿ ਉਹ ਆਪਣਾ ਨਸ਼ੇ ਦੀ ਪੂਰਤੀ ਅਤੇ ਘਰਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਅਜਿਹਾ ਕੰਮ ਕਰ ਰਹੇ ਸਨ ।
ਪੈਸੇ ਮਿਲਣ ਕਾਰਨ ਉਹਨਾਂ ਨੇ ਇਸ ਕੰਮ ਨੂੰ ਹੋਰ ਵੀ ਵਧਾ ਲਿਆ ਪ੍ਰੰਤੂ ਅਜ ਉਹਨਾਂ ਦੀ ਅਸਲੀਅਤ ਸਾਮਣ੍ਹੇ ਆ ਗਈ ਹੈ। ਉਹ ਹੁਣ ਕਦੇ ਵੀ ਅਜਿਹਾ ਕੰਮ ਨਹੀਂ ਕਰਨਗੇ। ਉਹਨਾਂ ਆਪਣੇ ਆਪਨੂੰ ਮੁਹਾਲੀ ਦੇ ਦੱਸਿਆ। ਉਚੀ ਉਚੀ ਰੋਣ ਕਰਕੇ ਲੋਕਾਂ ਨੇ ਉਹਨਾਂ ਨੂੰ ਪੁਲਸ ਦੇ ਹਵਾਲੇ ਨਾ ਕਰਦਿਆਂ ਸਖਤ ਚੇਤਾਵਨੀ ਦੇ ਕੇ ਛੱਡ ਦਿੱਤਾ। ਉਕਤ ਜੋੜੇ ਵਲੋਂ ਮਾਹਿਲਪੁਰ ਸ਼ਹਿਰ ਦੇ ਬਾਹਰ ਇਕ ਬਾਗ ਕੋਲ ਸੁੰਨਸਾਨ ਜਗ੍ਹਾ ਤੇ ਮੋਟਰਸਾਈਕਲ ਖੜ੍ਹਾ ਕੀਤਾ ਹੋਇਆ ਸੀ। ਇਸ ਮੌਕੇ ਜਗਤਾਰ ਬਾਹੋਵਾਲ ਨੇ ਦੱਸਿਆ ਕਿ ਉਹ ਅਜਿਹੇ ਅਖੌਤੀ ਹੋਰ ਸਾਧਾਂ ਦਾ ਜਲਦ ਹੀ ਪਰਦਾ ਫਾਸ਼ ਕਰ ਰਹੇ ਹਨ। ਦੋਆਬੇ ਦੇ ਲੋਕ ਅਖੌਤੀ ਸਾਧਾਂ ਦੀਆਂ ਅਜਿਹੀਆਂ ਸਰਗਰਮੀਆਂ ਤੋਂ ਅਤਿ ਦੇ ਦੁੱਖੀ ਹਨ।