ਪਟਵਾਰੀਆਂ ਦੀਆਂ ਸੈਕੜੇ ਅਸਾਮੀਆਂ ਖਾਲੀ ਹੋਣ ਕਾਰਨ ਲੋਕ ਪ੍ਰੇਸ਼ਾਨ
Posted on:- 10-12-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪੰਜਾਬ ਸਰਕਾਰ ਮਾਲ ਮਹਿਕਮੇ ਦੀ ਤਰੱਕੀ ਲਈ ਬੜੀ ਵੱਡੀ ਪੱਧਰ ਤੇ ਯਤਨ ਕਰ ਰਹੀ ਹੈ ਪ੍ਰੰਤੂ ਸੂਬੇ ’ਚ ਵੱਡੀ ਗਿਣਤੀ ਵਿਚ ਪਟਵਾਰ ਦਫਤਰ ਪਟਵਾਰੀਆਂ ਤੋਂ ਸੱਖਣੇ ਚੱਲ ਰਹੇ ਹਨ। ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕ ਵੱਡੀ ਪੱਧਰ ਤੇ ਖੱਜਲ ਖੁਆਰ ਹੋ ਰਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸਦਰ ਕਨੂੰਗੋ ਦੇ ਦਫਤਰ ਤੋਂ ਪ੍ਰਾਪਤ ਹੋਈ ਜਾਂਦਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਾਰੀਆਂ ਤਹਿਸੀਲਾਂ ਵਿਚ ਪਟਵਾਰੀਆਂ ਦੀ ਵੱਡੇ ਪੱਧਰ ਤੇ ਘਾਟ ਹੈ। ਮਾਲ ਮਹਿਕਮੇ ਦੇ ਸਮੁੱਚੇ ਕੰਮ ਨੂੰ ਸਰਕਾਰ ਵਲੋਂ ਕੰਪਿਊਟਰੀਕ੍ਰਿਤ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਲਾਂ ਦੇ ਪਟਵਾਰੀਆਂ ਦੇ ਦਫਤਰ ਪਿੰਡਾਂ ਵਿਚ ਅਜਿਹੇ ਸਥਾਨਾਂ ਤੇ ਸਥਿੱਤ ਹਨ ਜਿਹੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਅਤੇ ਹਵੇਲੀਆਂ ਅਤੇ ਪੁਰਾਣੇ ਘਰਾਂ ਵਿਚ ਆਪਣੇ ਦਫਤਰ ਖੋਲ੍ਹਕੇ ਬੈਠੇ ਪਟਵਾਰੀਆਂ ਦਾ ਰਿਕਾਰਡ ਅਣਸੁਰੱਖਿਅਤ ਹੈ। ਬਹੁਤੇ ਖਾਲੀ ਦਫਤਰਾਂ ਵਿਚ ਪਿੰਡਾਂ ਦੇ ਚੋਕੀਦਾਰ ਬੈਠੇ ਹੋਏ ਹਨ। ਪੱਕੇ ਦਫਤਰਾਂ ਦੀ ਅਣਹੋਂਦ ਕਾਰਨ ਪਟਵਾਰੀ ਆਪਣੇ ਪੱਲੇ ਤੋਂ ਹੀ ਲੋਕਾਂ ਦੇ ਕੰਮ ਕਰ ਰਹੇ ਹਨ। ਪਿੰਡਾਂ ਦੇ ਲੋਕਾਂ ਨੂੰ ਵੱਡੀ ਪੱਧਰ ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਵੱਡੀਆਂ ਸਮੱਸਿਆਵਾਂ ਅਤੇ ਘਾਟਾਂ ਕਾਰਨ ਹੀ ਲੋਕ ਅਤਿ ਦੇ ਪ੍ਰੇਸ਼ਾਨ ਹੋ ਰਹੇ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਟਵਾਰੀਆਂ ਦੇ ਬੈਠਣ ਲਈ ਕਈ ਤਹਿਸੀਲਾਂ ਵਿਚ ਸਮੂਹ ਸਰਕਲਾਂ ਦੇ ਪਟਵਾਰੀਆਂ ਦੇ ਇਕੱਠੇ ਬੈਠਣ ਲਈ ਬਲਾਕ ਪੱਧਰੀ ਪਟਵਾਰ ਭਵਨ ਖੋਲ੍ਹਕੇ ਵੱਖੋ ਵੱਖਰੇ ਕੈਬਨ ਦਿੱਤੇ ਗਏ ਹਨ ਜਿਹੜੇ ਖਾਲੀ ਅਸਾਮੀਆਂ ਕਾਰਨ ਭਾਂਅ ਭਾਅ ਕਰ ਰਹੇ ਹਨ। ਜ਼ਮੀਨਾਂ ਦੀ ਵੇਚ ਵੱਟ ਲਈ ਇਸ ਵਕਤ ਹੁਸ਼ਿਆਰਪੁਰ ਬਾਕੀ ਸੂਬੇ ਨਾਲੋਂ ਵੱਧ ਮਸ਼ਹੂਰ ਹੈ। ਕੰਢੀ ਦਾ ਖੇਤਰ ਹੋਣ ਕਾਰਨ ਅਤੇ ਇਸ ਖਿੱਤੇ ਦੇ ਸਭ ਤੋਂ ਵੱਧ ਪਿੰਡਾਂ ਦੇ ਲੋਕ ਵਿਦੇਸ਼ਾਂ ਵਿਚ ਰਹਿੰਦੇ ਹੋਣ ਕਾਰਨ ਵੱਡੇ ਵੱਡੇ ਫਾਰਮ ਹਾਊਸ ਇਥੇ ਹਨ। ਸਿਆਸੀ ਆਗੂਆਂ ਅਤੇ ਪੁਲਸ ਅਤੇ ਪ੍ਰਸ਼ਾਸ਼ਨ ਦੇ ਵੱਡੇ ਸਾਬਕਾ ਅਧਿਕਾਰੀਆਂ ਨੇ 100 ਤੋਂ 50 ਕਿੱਲ੍ਹੇ ਦੇ ਫਾਰਮ ਖਰੀਦੇ ਗਏ ਹਨ। ਇਸ ਜ਼ਿਲ੍ਹੇ ’ਚ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਰੋਜਾਨਾ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਦੀ ਖਰੀਦੋ ਫਰੋਖਤ ਹੁੰਦੀ ਹੈ । ਵਿਭਾਗ ’ਚ ਪਟਵਾਰੀਆਂ ਦੀ ਘਾਟ ਕਾਰਨ ਪਰਵਾਸੀ ਭਾਰਤੀ ਵੱਧ ਤੰਗ ਹਨ। ਤਹਿਸੀਲ ਗੜ੍ਹਸ਼ੰਕਰ ਦੇ 176 ਪਿੰਡਾਂ ਦੇ ਜ਼ਮੀਨੀ ਰਿਕਾਰਡ ਦੀ ਸਾਂਭ ਸੰਭਾਲ , ਖਰੀਦੋ ਫਰੋਖਤ ,ਗਿਰਦਾਵਰੀ ਤੇ ਹੋਰ ਸਬੰਧਤ ਕੰਮਾਂ ਲਈ ਹਲਕੇ ਵਿਚ ਕਈ ਪਟਵਾਰ ਸਰਕਲ ਦਫਤਰ ਬਣੇ ਹੋਏ ਹਨ । ਉਕਤ ਦਫਤਰ ਪਿੰਡਾਂ ਵਿਚ ਕਿਰਾਏ ਤੇ ਲਏ ਖਸਤਾ ਹਾਲਤ ਮਕਾਨਾਂ ਜਾਂ ਹਵੇਲੀਆਂ ਵਿਚ ਚੱਲ ਰਹੇ ਹਨ। ਇਥੇ 176 ਪਿੰਡਾਂ ਲਈ ਮੌਜੂਦਾ ਸਮੇਂ ਸਿਰਫ 55 ਪਟਵਾਰੀ ਕੰਮ ਕਰ ਰਹੇ ਹਨ । ਕਈ ਸਾਲਾਂ ਤੋਂ ਇਥੇ ਹੋਰ 60 ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹਨ ਜਿਹਨਾਂ ਨੂੰ ਪੂਰਾ ਕਰਨ ਲਈ ਸਰਕਾਰ ਅਤੇ ਵਿਭਾਗ ਦੇ ਉਚ ਅਧਿਕਾਰੀ ਕੋਈ ਤਵੱਜੋ ਨਹੀਂ ਦੇ ਰਹੇ। ਇਸ ਤੋਂ ਇਲਾਵਾ ਇਥੇ ਕਨੂੰਗੋ ਅਤੇ ਗਿਰਦਾਵਰਾਂ ਦੀਆਂ ਅਸਾਮੀਆਂ ਵੀ ਖਾਲੀ ਹਨ।
ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਸਬੰਧੀ ਕੰਮਾਂ ਲਈ ਵੀ ਪਿੰਡਾਂ ਦੇ ਵਸਨੀਕਾਂ ਨੂੰ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਜ਼ਮੀਨੀ ਰਿਕਾਰਡ ਦੀ ਨਕਲ ਲੈਣ , ਗਿਰਦਾਵਰੀਆਂ ਦੀ ਦਰੁਸਤੀ , ਅਦਾਲਤੀ ਕੇਸਾਂ ਸਬੰਧੀ ਦਸਤਾਵੇਜ਼ ਲੈਣ ਆਦਿ ਕੰਮਾਂ ਲਈ ਅਕਸਰ ਪਟਵਾਰੀ ਉਪਲਬਧ ਹੀ ਨਹੀਂ ਹੁੰਦੇ ਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਮਾਲ ਵਿਭਾਗ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤੇ ਗੜ੍ਹਸ਼ੰਕਰ ਬਲਾਕ ਦੇ 15 ਪਟਵਾਰੀ ਹੁਸ਼ਿਆਰਪੁਰ ਟਰੇਨਿੰਗ ਸੈਂਟਰ ਟ੍ਰੇਨਿੰਗ ਲੈ ਰਹੇ ਹਨ। ਸਿਰਫ 176 ਚੋਂ 40 ਪਟਵਾਰੀ ਹੀ ਹਲਕੇ ਦਾ ਕੰਮ ਚਲਾ ਰਹੇ ਹਨ। ਮਾਲ ਮਹਿਕਮੇ ਵਲੋਂ ਟਰੇਨਿੰਗ ਤੇ ਗਏ ਪਟਵਾਰੀਆਂ ਦੇ ਕੰਮ ਦੀ ਢੁੱਕਵੀਂ ਵੰਡ ਨਾ ਕਰਨ ਕਰਕੇ ਵਿਭਾਗ ਦੀ ਸਮੁੱਚੀ ਵਿਵਸਥਾ ਠੱਪ ਹੋ ਕੇ ਰਹਿ ਗਈ ਹੈ। ਇਸੇ ਤਰ੍ਹਾਂ ਬਲਾਕ ਮਾਹਿਲਪੁਰ ਦੇ 302 ਸਰਕਲਾਂ ਵਿਚ ਅੱਧ ਤੋਂ ਵੱਧ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹਨ। ਇਥੇ ਵੀ ਲੋਕਾਂ ਨੂੰ ਆਪਣੇ ਕੰਮਾਂ ਲਈ ਵੱਡੇ ਪੱਧਰ ਤੇ ਖੱਜਲ ਹੋਣਾ ਪੈ ਰਿਹਾ ਹੈ। ਇਥੇ ਪਟਵਾਰ ਭਵਨ ਦੀ ਇਮਾਰਤ ਸ਼ਾਨਦਾਰ ਹੈ ਪ੍ਰੰਤੂ ਘੱਟ ਪਟਵਾਰੀਆਂ ਕਾਰਨ ਬਹੁਤੇ ਕੈਬਨ ਖਾਲੀ ਪਏ ਹਨ। ਉਘੇ ਸੀ ਪੀ ਐਮ ਆਗੂ ਤਰਸੇਮ ਸਿੰਘ ਜੱਸੋਵਾਲ, ਗੁਰਮੇਲ ਸਿੰਘ ਮੇਘੋਵਾਲ ਅਤੇ ਪਿੰਡ ਖਨੌੜਾ ਦੇ ਸਰਪੰਚ ਪਰਮਜੀਤ ਸਿੰਘ ਉਰਫ ਪੰਮਾ ਨੇ ਕਿਹਾ ਕਿ ਮਾਲ ਮਹਿਕਮੇ ਵਲੋਂ ਪਟਵਾਰੀਆਂ ਦੇ ਟਰੇਨਿੰਗ ਪ੍ਰੋਗਰਾਮਾਂ ਤੇ ਜਾਣ ਦੀ ਕੋਈ ਅਗਾੳੂ ਸੂਚਨਾ ਕਦੇ ਵੀ ਜਨਤਕ ਨਾ ਕਰਨ ਤੇ ਪਟਵਾਰੀਆਂ ਦੀਆਂ ਅਸਾਮੀਆਂ ਭਰਨ, ਪਟਵਾਰ ਸ਼ਟੇਸ਼ਨਾਂ ਦੇ ਪੱਕੇ ਦਫਤਰ ਬਣਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਜਿਸਦਾ ਖਮਿਆਜਾ ਖੇਤਰ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਹਰ ਬਲਾਕ ਵਿਚ ਲੱਖਾਂ ਰੁਪਏ ਖਰਚ ਕਰਕੇ ਆਲੀਸ਼ਾਂਨ ਪਟਵਾਰ ਭਵਨ ਤਾਂ ਉਸਾਰ ਲਏ ਹਨ ਜਾਂ ਉਸਾਰੇ ਜਾ ਰਹੇ ਹਨ ਪ੍ਰੰਤੂ ਅਸਾਮੀਆਂ ਖਾਲੀ ਹੋਣ ਕਾਰਨ ਉਹ ਹਾਲੇ ਖਾਲੀ ਹੀ ਪਏ ਹਨ। ਕਈ ਬਲਾਕ ਅਜਿਹੇ ਹਨ ਜਿਥੇ ਪਟਵਾਰ ਭਵਨ ਹਾਲੇ ਬਿਜ਼ਲੀ , ਪਾਣੀ ਕੁਨੈਕਸ਼ਨ ਨਾ ਮਿਲਣ ਕਾਰਨ ਬੰਦ ਪਏ ਹਨ। ਸਾਲ ਤੋਂ ਵੱਧ ਸਮਾਂ ਬੰਦ ਰਹਿਣ ਕਾਰਨ ਕਈ ਪਟਵਾਰ ਭਵਨ ਚਿੱਟਾ ਹਾਥੀ ਬਣੇ ਹੋਏ ਹਨ। ਉਹਨਾਂ ਮੰਗ ਕੀਤੀ ਕਿ ਮਹਿਕਮੇ ਵਿਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਪਟਵਾਰ ਸਰਕਲਾਂ ਦੀ ਹਾਲਤ ਸੁਧਾਰੀ ਜਾਵੇ। ਜ਼ਿਲ੍ਹੇ ਦੇ ਹਰ ਬਲਾਕ ਵਿਚ ਘੱਟ ਤੋਂ ਘੱਟ 30, 44, 50 , 102 ,150 ਪਟਵਾਰੀਆਂ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਜੇਕਰ ਖਾਲੀ ਅਸਾਮੀਆਂ ਨੂੰ ਪੂਰਾ ਕਰ ਦਿੱਤਾ ਜਾਵੇ ਤਾਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਇਸ ਸਬੰਧ ਵਿਚ ਹੁਸ਼ਿਆਰਪੁਰ ਸਦਰ ਕਨੂੰਗੋ ਮਲਕੀਤ ਸਿੰਘ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ । ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਗੜ੍ਹਸ਼ੰਕਰ ਪਟਵਾਰ ਭਵਨ ਦੀ ਇਮਾਰਤ ਦੋ ਹਫਤੇ ਤੱਕ ਚਾਲੂ ਕਰ ਦਿੱਤੀ ਜਾਵੇਗੀ।,ਹੁਸ਼ਿਆਰਪੁਰ ਗੜ੍ਹਦੀਵਾਲ, ਟਾਂਡਾ, ਮੁਕੇਰੀਆਂ ਅਤੇ ਦਸੂਹਾ ਸਮੇਤ ਹੋਰ ਬਲਾਕਾਂ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮਾਲ ਵਿਭਾਗ ਪੰਜਾਬ ਤਰਜੀਹ ਨਾਲ ਕੰਮ ਕਰ ਰਿਹਾ ਹੈ। ਹਰ ਬਲਾਕ ਵਿਚ ਸਮੂਹ ਸਰਕਲਾਂ ਦੇ ਪਟਵਾਰੀ ਜਦ ਇਕ ਛੱਤ ਹੇਠ ਇਕੱਠੇ ਕੰਮ ਕਰਨਗੇ ਤਾਂ ਲੋਕਾਂ ਦੀ ਖੱਜਲ ਖੁਆਰੀ ਪੂਰੀ ਤਰ੍ਹਾਂ ਘੱਟ ਜਾਵੇਗੀ।