Thu, 21 November 2024
Your Visitor Number :-   7253367
SuhisaverSuhisaver Suhisaver

ਦੋਆਬੇ ’ਚ ਚੂਰਾ ਪੋਸਤ ਦਾ ਭਾਅ ਅਸਮਾਨੀ ਚੜ੍ਹਨ ਕਾਰਨ ਨਸ਼ੱਈਆਂ ਦੀ ਹਾਲਤ ਤਰਸਯੋਗ

Posted on:- 30-09-2014

suhisaver

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ : ਪੰਜਾਬ ਦੇ ਦੋਆਬਾ ਖਿੱਤੇ ਵਿਚ ਵੀ ਅੱਜ ਕੱਲ੍ਹ ਚੂਰਾ ਪੋਸਤ ਦੇ ਆਦੀ ਲੋਕਾਂ ਨੂੰ ਚੂਰਾ ਪੋਸਤ ਨਾ ਮਿਲਣ ਦੀ ਕਿੱਲਤ ਸਤਾਉਣ ਲੱਗ ਪਈ ਹੈ। ਪੁਲਸ ਦੀ ਸਖਤ ਘੁਰਕੀ ਕਾਰਨ ਵੀ ਦੋਆਬੇ ਦੇ ਡੋਡੇ ਪੀਣ ਵਾਲਿਆਂ ਨੂੰ ਰਾਜਸਥਾਨ , ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵੱਲ ਨੂੰ ਜਾਣ ਵਾਲੇ ਟਰੱਕ ਡਰਾਇਵਰਾਂ ਦੇ ਮਿੰਨਤ ਤਰਲੇ ਕਰਨੇ ਪੈ ਰਹੇ ਹਨ। ਦੋਆਬੇ ਵਿੱਚ ਚੂਰਾ ਪੋਸਤ, ਸਮੈਕ , ਨਸ਼ੀਲਾ ਚਿੱਟਾ ਪਾਊਡਰ ਅਤੇ ਨਸ਼ੀਲੀਆਂ ਦੁਆਈਆਂ ਵਿਕਣ ਦੇ ਮੁੱਖ ਸ਼ਹਿਰਾਂ ਵਿੱਚ ਚੂਰਾ ਪੋਸਤ ਅਤੇ ਹੋਰ ਨਸ਼ੇ ਨਾ ਮਿਲਣ ਕਾਰਨ ਸੁੰਨ ਪਈ ਹੋਈ ਹੈ। ਚੂਰਾ ਪੋਸਤ ਦੇ ਤਸਕਰ , ਬੰਗਾ, ਨਵਾਂ ਸ਼ਹਿਰ, ਰਾਹੋਂ ਜੇਜੋਂ ਦੋਆਬਾ, ,ਮਹਿੰਗਰੋਵਾਲ, ਮੌਰਾਂਵਾਲੀ ਆਦਿ ਮਸ਼ਹੂਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਿੱਤੇ ਨਜ਼ਰ ਨਹੀਂ ਆ ਰਹੇ।

ਲੋਕ ਦੂਰ ਦੁਰਾਡੇ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਉਪ੍ਰੋਕਤ ਸ਼ਹਿਰਾਂ ਅਤੇ ਪਿੰਡਾਂ ਤੋਂ ਭੁੱਕੀ ਲੈਣ ਲਈ ਆਉਂਦੇ ਹਨ ਪ੍ਰੰਤੂ ਦੋਆਬੇ ਦੇ ਤਸਕਰ ਉਕਤ ਨਸ਼ੀਲੇ ਪਦਾਰਥਾਂ ਨੂੰ ਉਹਨਾਂ ਨੂੰ ਦੇਣ ਤੋਂ ਸਾਫ ਮੁੱਕਰ ਰਹੇ ਹਨ। ਬਹੁਤੇ ਨਸ਼ੱਈ ਤਸਕਰਾਂ ਦੇ ਮੁਹੱਲੇ ਤੱਕੜੀ ਵੱਟੇ ਰੱਖਕੇ ਭੁੱਕੀ ਵੇਚਣ ਵਾਲੀਆਂ ਬੀਬੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੁਣ ਤੱਕੜੀ ਵੱਟੇ ਛੱਡ ਛੋਟੇ ਛੋਟੇ ਚਾਹ ਦੇ ਕੱਪਾਂ ਅਤੇ ਗਲਾਸਾਂ ਦੇ ਹਿਸਾਬ ਨਾਲ ਪ੍ਰਤੀ ਕੱਪ ਅਤੇ ਗਲਾਸ 500 ਰੁਪਏ ਦੇ ਹਿਸਾਬ ਨਾਲ ਵੇਚਣ ਲੱਗ ਪਏ ਹਨ। ਜਦਕਿ 6 ਕੁ ਮਹੀਨੇ ਪਹਿਲਾਂ ਇਥੇ ਇੱਕ ਕੱਪ ਦੀ ਕੀਮਤ ਸਿਰਫ 50 ਰੁਪਏ ਹੁੰਦੀ ਸੀ। ਇਸੇ ਤਰ੍ਹਾਂ 500 ਰੁਪਏ ਤੋਲੇ ਵਾਲੀ ਅਫੀਮ 1000 ਰੁਪਿਆ ਅਤੇ 250 ਰੁਪਏ ਗਰਾਮ ਵਿਕਣ ਵਾਲਾ ਚਿੱਟਾ ਨਸ਼ੀਲਾ ਪਾਊਡਰ 800 ਤੋਂ 1200ਅਤੇ 1500 ਰੁਪਏ ਪ੍ਰਤੀ ਗਰਾਮ ਬੜੀ ਮੁਸ਼ਕਲ ਨਾਲ ਮਿਲਦਾ ਹੈ।

ਤਸਕਰ ਔਰਤਾਂ ਦਾ ਕਹਿਣ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਚੂਰਾ ਪੋਸਤ ਕਿਤੋਂ ਮਿਲਦਾ ਹੀ ਨਹੀਂ , ਦੂਸਰਾ ਇਹ ਕਿ ਉਹ ਹਰ ਮਹੀਨੇ ਪੁਲਸ ਦੇ ਵੱਖ ਵੱਖ ਥਾਣਿਆਂ ਵਿੱਚ ਮੋਟੀਆਂ ਰਕਮਾ ਚੜ੍ਹਾਉਦੇ ਸਨ ਅਤੇ ਪੁਲਸ ਦਾ ਜਣਾਂ ਖਣਾ ਮੁਲਾਜ਼ਮ ਜਦੋਂ ਮਰਜ਼ੀ ਦਬਕਾ ਮਾਰਕੇ 20 ਹਜਾਰ ਤੋਂ 50 ਹਜ਼ਾਰ ਰੁਪਿਆ ਉਹਨਾਂ ਕੋਲੋਂ ਖੋਹ ਕੇ ਲੈ ਜਾਂਦਾ ਸੀ ਪ੍ਰੰਤੂ ਜਦ ਉਹਨਾਂ ਮਹੀਨੇ ਦੇਣੇ ਬੰਦ ਕਰ ਦਿੱਤੇ ਤਾਂ ਪੁਲਸ ਮੁਲਾਜ਼ਮਾਂ ਨੇ ਗੁੱਸੇ ਵਿੱਚ ਆ ਕੇ ਸਾਡੇ ਪਤੀਆਂ ਅਤੇ ਲੜਕਿਆਂ ਸਮੇਤ ਲੜਕੀਆਂ ਤੇ 100 ਤੋਂ ਲੈ ਕੇ 500 ਗ੍ਰਾਂਮ ਚਿੱਟੇ ਨਸ਼ੀਲੇ ਪਾੳੂਡਰ ਦੇ ਕੇਸ ਬਣਾਕੇ ਜੇਲ੍ਹਾਂ ਵਿੱਚ ਤੁੰਨ ਦਿੱਤਾ। ਉਹਨਾਂ ਦੱਸਿਆ ਕਿ ਸਾਡੇ ਜਿਹੜੇ ਬੰਦੇ ਦੂਰ ਦੁਰਾਡੇ ਤੋਂ ਭੂੱਕੀ ਸਮੇਤ ਹੋਰ ਨਸ਼ੇ ਲਿਆਕੇ ਨਸ਼ੱਈਆਂ ਦਾ ਡੰਗ ਟਪਾਉਂਦੇ ਸਨ ਉਹ ਸਭ ਅੰਦਰ ਚਲੇ ਗਏ ਹਨ ਤੇ ਇਸ ਕਰਕੇ ਉਹ ਆਪਣੇ ਪੇਟ ਖਾਤਰ ਮਾੜਾ ਮੋਟਾ ਚੂਰਾ ਪੋਸਤ ਵੇਚਕੇ ਸਮਾਂ ਲੰਘਾ ਰਹੇ ਹਨ। ਸਖਤੀ ਕਾਰਨ ਪੁਲੀਸ ਤੋਂ ਡਰਦੇ ਉਹ ਇਹ ਕੰਮ ਬਹੁਤ ਹੀ ਲੁੱਕਵੇਂ ਤਰੀਕੇ ਨਾਲ ਕਰ ਰਹੇ ਹਨ। ਪਿੰਡਾਂ ਦੇ ਨਾਮੀ ਤਸਕਰ ਪਿੱਛਲੇ ਸਾਲ ਦੇ ਜੇਲ੍ਹੀਂ ਬੰਦ ਹਨ ।

ਪੋਸਤ ਪੀਣ ਵਾਲੇ ਬਜ਼ੁਰਗ ਤਾਂ ਨਸ਼ੇ ਦੀ ਤੋਟ ਕਾਰਨ ਕਈ ਤਸਕਰਾਂ ਦੇ ਘਰ ਦੇ ਭਾਂਡੇ ਮਾਂਜਣ, ਬੱਚੇ ਖਿਡਾਉਣ ਅਤੇ ਪਸ਼ੂਆਂ ਨੂੰ ਪੱਠੇ ਪਾਉਣ ਦਾ ਕੰਮ ਕਰਨ ਲੱਗ ਪਏ ਹਨ ਪ੍ਰੰਤੂ ਜਿਹੜੇ ਨੌਜਵਾਨ 25 ਤੋਂ 45 ਸਾਲ ਦੀ ਉਮਰ ਵਰਗ ਵਿੱਚ ਆਉਂਦੇ ਹਨ ਉਹ ਭੰਗ ਦੀਆਂ ਗੋਲੀਆਂ (ਭੋਲਾ) ਅਤੇ ਨਸ਼ੀਲੀਆਂ ਦੁਆਈਆਂ ਲੈ ਕੇ ਨਸ਼ੇ ਦੀ ਘਾਟ ਪੂਰੀ ਕਰ ਰਹੇ ਹਨ। ਸਿਹਤ ਵਿਭਾਗ ਵਲੋਂ ਪਿੱਛਲੇ ਸਾਲ ਬੰਦ ਕੀਤੀਆਂ 47 ਦਵਾਈਆਂ ਮੈਡੀਕਲ ਸਟੋਰਾਂ ਤੇ ਨਾ ਮਿਲਣ ਅਤੇ ਹੁਣ ਤਿੱਗਣੇ ਭਾਅ ਮਿਲਣ ਕਾਰਨ ਉਕਤ ਨੌਜਵਾਨਾਂ ਦੀ ਹਾਲਤ ਵੀ ਤਰਸ ਵਾਲੀ ਬਣ ਚੁੱਕੀ ਹੈ। ਨਸ਼ੇ ਦੀ ਤੋਟ ਕਾਰਨ ਮਾਹਿਲਪੁਰ ਖੇਤਰ ਵਿੱਚ ਹੀ ਇਸ ਨਵੇਂ ਸਾਲ ਵਿੱਚ ਹੁਣ ਤੱਕ ਦੇ ਮਹੀਨੇ ਦੌਰਾਨ ਲੱਗਭਗ 15 ਤੋਂ ਵੱਧ ਨੌਜ਼ਵਾਨ ਨਸ਼ਾ ਨਾ ਮਿਲਣ ਅਤੇ ਨਸ਼ੇ ਦੀ ਡੋਜ਼ ਵੱਧ ਮਾਤਰਾਂ ਵਿੱਚ ਲੈਣ ਕਾਰਨ ਮੌਤ ਅਤੇ ਆਤਮ ਹੱਤਿਆ ਦਾ ਸ਼ਿਕਾਰ ਹੋ ਚੁੱਕੇ ਹਨ। ਬਹੁਤੇ ਨਸ਼ੇ ਦੇ ਆਦੀ ਨੌਜ਼ਵਾਨ ਜਿਹੜੇ ਖਾਸਕਰ ਨਸ਼ੀਲੇ ਟੀਕੇ ਲਾਉਂਦੇ ਹਨ ਉਹ ਕਾਲੇ ਪੀਲੀਏ ਦੀ ਲਪੇਟ ਵਿੱਚ ਆ ਚੁੱਕੇ ਹਨ। ਦੋਆਬੇ ਦੀ ਜ਼ਵਾਨੀ ਨਸ਼ੀਲੇ ਪਦਾਰਥਾਂ ਕਾਰਨ ਖੋਖਲੀ ਹੋ ਚੁੱਕੀ ਹੈ। ਨਸ਼ੇ ਦੇ ਆਦੀ ਨੌਜ਼ਵਾਨ ਨਸ਼ੇ ਦੀ ਪੂਰਤੀ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ। ਚੂਰਾ ਪੋਸਤ ਦਾ ਆਦੀ ਵਿਆਕਤੀ ਸ਼ਰਾਬ ਨਾਲ ਨਹੀਂ ਸਾਰ ਸਕਦਾ ਅਤੇ ਸ਼ਰਾਬ ਦਾ ਆਦੀ ਚੂਰਾ ਪੋਸਤ ਸਮੇਤ ਸਾਰੇ ਨਸ਼ੇ ਖਾ ਪੀ ਰਿਹਾ ਹੈ। ਇੱਕ ਨਸ਼ੇ ਦੇ ਆਦੀ ਨੂੰ ਪੁਲੀਸ ਫੜਨ ਤੋਂ ਵੀ ਕੰਨੀ ਕਤਰਾਉਂਦੀ ਹੈ। ਪੁਲੀਸ ਦਾ ਕਹਿਣ ਹੈ ਕਿ ਉਕਤ ਕਾਰਜ ਉਹਨਾਂ ਲਈ ਮਰਿਆ ਸੱਪ ਗੱਲ ਪਾਉਣ ਦਾ ਕੰਮ ਹੈ । ਪੁਲੀਸ ਸ਼ਾਂਮ ਨੂੰ ਸ਼ਰਾਬ ਅਤੇ ਸਵੇਰ ਨੂੰ ਅਹਿਜੇ ਬੰਦੇ ਨੂੰ ਭੂੱਕੀ ਕਿੱਥੋਂ ਲਿਆਕੇ ਦੇਵੇ ਤੇ ਜੇ ਨਾ ਦੇਵੇ ਤਾਂ ਉਸਦੀ ਮੋਤ ਲਈ ਜ਼ਿਮੇਵਾਰ ਬਣ ਜਾਂਦੀ ਹੈ । ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਮ ਲੋਕ ਸੋਚਦੇ ਹਨ ਕਿ ਪੁਲੀਸ ਨੇ ਬੰਦਾ ਥਾਣੇ ਵਿੱਚ ਕੁੱਟ ਕੁੱਟ ਮਾਰ ਦਿੱਤਾ ਜਦਕਿ ਅਜੋਕੇ ਸਮੇਂ ਵਿੱਚ ਥਾਣੇ ਜਾਂ ਜੇਲ੍ਹ ਵਿੱਚ ਮਰਨ ਵਾਲੇ ਬਹੁਤੇ ਬੰਦੇ ਨਸ਼ੀਲੇ ਪਦਾਰਥਾਂ ਦੇ ਆਦੀ ਹੁੰਦੇ ਹਨ ਅਤੇ ਨਸ਼ਾ ਨਾ ਮਿਲਣ ਕਾਰਨ ਉਹ ਜਾਂ ਤਾਂ ਖੁਦਕਸ਼ੀ ਕਰ ਲੈਂਦੇ ਹਨ ਜਾਂ ਫਿਰ ਦੌਰੇ ਪੈਣ ਕਾਰਨ ਮਰ ਜਾਂਦੇ ਹਨ। ਸੋ ਅੱਜ ਕੱਲ੍ਹ ਦੋਆਬੇ ਵਿੱਚ ਵੀ ਮਾਲਵੇ ਵਾਂਗ ਨਸ਼ੇ ਦੇ ਆਦੀ ਬੰਦਿਆਂ ਦੀ ਦੁਹਾਈ ਸੁਣੀ ਨਹੀਂ ਜਾ ਰਹੀ। ਭੁੱਕੀ ਵਾਲੇ ਸ਼ਰਾਬ ਪੀ ਰਹੇ ਹਨ। ਮਿਲਾਵਟ ਕਾਰਨ ਪੱਕੇ ਨਸ਼ੱਈਆਂ ਦਾ ਹਾਲ ਹੋਰ ਵੀ ਦਰਦਨਾਕ ਬਣਿਆ ਹੋਇਆ ਹੈ। ਸਸਤੀ ਤੇ ਮਾੜੀ ਸ਼ਰਾਬ, ਭੁੱਕੀ ਦੀ ਥਾਂ ਲੱਕੜ ਦਾ ਬੂਰ ਅਤੇ ਨਸ਼ੀਲੇ ਚਿੱਟੇ ਪਾੳੂਡਰ ਦੀ ਥਾਂ ਨੀਂਦ ਅਤੇ ਐਨਾ ਸੀਨ ਸਮੇਤ ਦਰਦ ਦੀਆਂ ਅਨੇਕਾਂ ਗੋਲੀਆਂ ਪੀਸ ਕੇ ਵਿਕਣ ਕਾਰਨ ਨਸ਼ੱਈ ਬੇਰਾਂ ਵਾਂਗ ਡਿੱਗ ਅਤੇ ਮੱਛੀ ਵਾਂਗ ਤੜਪ ਰਹੇ ਹਨ।

ਇਸ ਸਬੰਧ ਵਿਚ ਪੁਲਸ ਦੇ ਇੱਕ ਉਚ ਅਧਿਕਾਰੀ ਸ ਐਮ ਐਸ ਸੈਣੀ ਅਤੇ ਇੱਕ ਸੇਵਾ ਮੁਕਤ ਪੁਲਸ ਅਧਿਕਾਰੀ ਐਚ ਆਂਰ ਬੰਗਾ ਨੇ ਦੱਸਿਆ ਕਿ ਹਾਲਾਤ ਅਜਿਹੇ ਹਨ ਕਿ ਉਹ ਸਖਤ ਸਖਤਾਈ ਦੇ ਬਾਵਜੂਦ ਵੀ ਨਸ਼ੇ ਦੇ ਚੱਲ ਰਹੇ ਗੋਰਖ ਧੰਦੇ ਨੂੰ ਨਕੇਲ ਪਾਉਣ ਵਿੱਚ ਕਾਮਯਾਬ ਨਹੀਂ ਹੋ ਰਹੇ ਪ੍ਰੰਤੂ ਫਿਰ ਵੀ ਪਹਿਲਾਂ ਵਾਂਗ ਹੁਣ ਨਹੀਂ ਚੱਲ ਰਿਹਾ ਅਤੇ ਮਾੜਾ ਮੋਟਾ ਚੱਲਦਾ ਕੰਮ ਵੀ ਆਉਣ ਵਾਲੇ ਦਿਨਾਂ ਵਿੱਚ ਬੰਦ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਧੰਦੇ ਤੇ ਰੋਕਥਾਮ ਤਾਂ ਹੀ ਲੱਗ ਸਕਦੀ ਹੈ ਜੇਕਰ ਹਰ ਪਾਰਟੀ ਅਤੇ ਉਚ ਪਹੁੰਚ ਵਾਲਾ ਅਫਸਰ ਆਪਣੇ ਲਏ ਸਟੈਂਡ ਤੇ ਕਾਇਮ ਰਹਿ ਸਕੇ। ਹਰ ਜਣਾ ਖਣਾ ਆਗੂ ਆਪਣੀ ਪਹੁੰਚ ਸਿੱਧੀ ਮੁੱਖ ਮੰਤਰੀ, ਪਾਰਟੀ ਪ੍ਰਧਾਨ ਜਾਂ ਮੁੱਖ ਅਫਸਰ ਤੱਕ ਦੱਸਕੇ ਕਾਬੂ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਜ਼ਲੀਲ ਕਰਦਾ ਤੇ ਅੱਗੋਂ ਸਿਫਾਰਸ਼ ਕਰਨ ਵਾਲੇ ਅਧਿਕਾਰੀ ਅਤੇ ਆਗੂ ਵੀ ਇਹ ਕਹਿ ਦਿੰਦੇ ਹਨ ਕਿ ਤੈਂਨੂੰ ਮੇਰੇ ਬੰਦੇ ਤੋਂ ਸਿਵਾ ਹੋਰ ਕੋਈ ਨਹੀਂ ਲੱਭਾ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ