ਲੱਖਾਂ ਰੁਪਏ ਹੜੱਪ ਕਰਕੇ ਟ੍ਰੈਵਲ ਏਜੰਟ ਵੱਲੋਂ ਸਾਈਪ੍ਰਸ ’ਚ ਨੌਜਵਾਨ ਨੂੰ ਚਾਰ ਸਾਲ ਲਈ ਵੇਚਿਆ
Posted on:- 17-07-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਇੱਕ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਪਿੰਡ ਟੂਟੋਮਜ਼ਾਰਾ ਦਾ ਗਰੀਬ ਪਰਿਵਾਰ ਨਾਲ ਸਬੰਧਤ ਨੌਜ਼ਵਾਨ ਸਾਈਪ੍ਰਸ ਚੋਂ ਚਾਰ ਦਿਨ ਬਾਅਦ ਆਪਣੀ ਜਾਨ ਬਚਾਕੇ ਬੜੀ ਮੁਸ਼ਕਲ ਨਾਲ ਆਪਣੇ ਘਰ ਪੁੱਜਾ ਹੈ। ਠੱਗ ਟ੍ਰੈਵਲ ਏਜੰਟ ਉਸਦਾ 5 ਲੱਖ ਰੁਪਿਆ ਹੜੱਪ ਕਰਕੇ ਉਲਟਾ ਉਸ ਤੋਂ ਹੋਰ ਇੱਕ ਲੱਖ ਰੁਪਿਆ ਮੰਗਣ ਤੋਂ ਇਲਾਵਾ ਆਪਣਾ ਮੂੰਹ ਬੰਦ ਰੱਖਣ ਲਈ ਉਸਨੂੰ ਜਾਨੋ ਖਤਮ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਉਕਤ ਏਜੰਟ ਵਲੋਂ ਉਸਨੂੰ ਇੱਕ ਫਾਰਮ ਮਾਲਿਕ ਨੂੰ ਚਾਰ ਸਾਲ ਨਹੀ ਵੇਚਿਆ ਗਿਆ ਸੀ । ਪੀੜਤ ਨੌਜ਼ਵਾਨ ਵਲੋਂ ਇਸ ਸਬੰਧ ਵਿੱਚ ਐਸ ਐਸ ਪੀ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਭੇਜਕੇ ਆਪਣੇ ਪੈਸੇ ਵਾਪਿਸ ਕਰਵਾਉਣ ਸਮੇਤ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਬਲਾਕ ਮਾਹਿਲਪੁਰ ਦੇ ਪਿੰਡ ਟੂਟੋਮਜਾਰਾ ਦੇ ਵਾਸੀ ਦਰਬਾਰਾ ਸਿੰਘ ਪੁੱਤਰ ਕੁਲਵਰਨ ਸਿੰਘ ਨੇ ਆਪਣੀ ਦੁੱਖ ਭਰੀ ਦਾਸਤਾਨ ਸਣਾਉਂਦਿਆਂ ਦੱਸਿਆ ਕਿ ਇੱਕ ਟ੍ਰੈਵਿਲ ਏਜੰਟ ਵਲੋਂ ਉਸਦੀ ਚੰਗੀ ਭਰੀ ਜਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਉਥੇ ਉਕਤ ਅਖੌਤੀ ਠੱਗ ਟ੍ਰੈਵਿਲ ਏਜੰਟ ਨੇ ਉਸਨੂੰ ਲੱਖਾਂ ਰੁਪਏ ਦਾ ਕਰਜਾਈ ਬਣਾਕੇ ਰੱਖ ਦਿੱਤਾ ਹੈ।
ਉਸਨੇ ਦੱਸਿਆ ਕਿ ਉਸਦਾ 21 ਦਸੰਬਰ 2013 ਨੂੰ ਸੈਲਾਖੁਰਦ ਨੇੜਲੇ ਪਿੰਡ ਜੱਸੋਵਾਲ ਦੇ ਟ੍ਰੈਵਲ ਏਜੰਟ ਅਵਤਾਰ ਸਿੰਘ ਰਿੰਕੂ ਪੁੱਤਰ ਸਤਪਾਲ ਨਾਲ ਅਚਾਨਕ ਮੇਲ ਹੋਇਆ ਜਿਸਨੇ ਉਸਨੂੰ ਤੁਰੰਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਪਾਸਪੋਰਟ ਲੈ ਲਿਆ। ਉਸਨੇ ਵਿਦੇਸ਼ ਭੇਜਣ ਅਤੇ ਉਥੇ ਵਧੀਆ ਕੰਮ ਦਿਵਾਉਣ ਦੇ ਅਜਿਹੇ ਸਪਨੇ ਦਿਖਾਏ ਕਿ ਉਸਨੇ ਉਕਤ ਏਜੰਟ ਨੂੰ ਉਸੇ ਦਿਨ ਆਪਣੇ ਘਰਦਿਆਂ ਨੂੰ ਭਰੋਸੇ ਵਿੱਚ ਲੈ ਕੇ ਇੱਕ ਲੱਖ ਰੁਪਿਆ ਨਗਦ ਦੇ ਦਿੱਤਾ। ਉਕਤ ਰਕਮ ਲੈਣ ਤੋਂ ਬਾਅਦ ਉਕਤ ਏਜੰਟ ਵਲੋਂ ਉਸਨੂੰ ਦੱਸਿਆ ਗਿਆ ਕਿ ਉਸਨੂੰ ਸਾਈਪ੍ਰਸ ਭੇਜਿਆ ਜਾਵੇਗਾ ਜਿਸ ਲਈ ਉਸਨੂੰ ਸਾਢੇ ਪੰਜ ਲੱਖ ਰੁਪਿਆ ਖਰਚਣਾ ਪਵੇਗਾ। ਉਸਨੇ ਦੱਸਿਆ ਕਿ ਏਜੰਟ ’ ਤੇ ਭਰੋਸਾ ਕਰਕੇ ਉਸਨੇ ਉਸਨੂੰ 5-3-2014ਨੂੰ ਸਾਢੇ ਚਾਰ ਲੱਖ ਰੁਪਿਆ ਹੋਰ ਦੇ ਦਿੱਤਾ। ਪੈਸੇ ਲੈਣ ਸਮੇਂ ਏਜੰਟ ਵਲੋਂ ਉਸ ਨਾਲ ਬਾਅਦਾ ਕੀਤਾ ਗਿਆ ਸੀ ਕਿ ਉਹ ਸਾਈਪ੍ਰਸ ਵਿੱਚ ਉਸਨੂੰ ਫੈਕਟਰੀ ਜਾਂ ਵਧੀਆ ਮੋਲ ਵਿੱਚ ਪੱਕੀ ਨੌਕਰੀ ਦਿਵਾਏਗਾ। ਉਹ ਭਰੋਸਾ ਕਰਕੇ ਆਪਣੇ ਵੀਜ਼ੇ ਦੀ ਉਡੀਕ ਕਰਨ ਲੱਗ ਪਿਆ। ਉਸਨੇ ਦੱਸਿਆ ਕਿ ਉਕਤ ਏਜੰਟ ਵਲੋਂ 13 ਮਾਰਚ ਅਤੇ 25 ਮਾਰਚ ਨੂੰ ਦੋ ਵੀਜ਼ੇ ਲਗਵਾਏ ਪ੍ਰੰਤੂ ਉਹ ਉਸਨੂੰ ਵਿਦੇਸ਼ ਨਾ ਭੇਜ ਸਕਿਆ। ਇਸ ਤੋਂ ਬਾਅਦ ਜਦ ਉਸਨੇ ਪੈਸੇ ਅਤੇ ਪਾਸਪੋਰਟ ਵਾਪਿਸ ਮੰਗਿਆ ਤਾਂ ਉਸਨੇ ਉਸਨੂੰ ਸਾਈਪ੍ਰਸ ਭੇਜ ਦਿੱਤਾ।
ਦਰਬਾਰਾ ਸਿੰਘ ਨੇ ਦੱਸਿਆ ਕਿ ਜਦ ਉਹ ਸਾਈਪ੍ਰਸ ਦੀ ਧਰਤ ’ਤੇ ਪੁੱਜਾ ਤਾਂ ਉਸਨੂੰ ਉਕਤ ਅਖੌਤੀ ਠੱਗ ਏਜੰਟ ਦੇ ਬੰਦੇ ਗੱਡੀ ਵਿੱਚ ਬੈਠਾਕੇ ਸ਼ਹਿਰ ਤੋਂ ਦੂਰ ਜੰਗਲਾਂ ਵਿੱਚ ਸਥਿੱਤ ਇੱਕ ਫਾਰਮ ਤੇ ਲੈ ਗਏ ਜਿਥੇ ਉਸਨੂੰ ਇੱਕ ਸਿਹਤਮੰਦ ਵਿਆਕਤੀ ਵਲੋਂ ਧਰਤ ਤੇ ਬੈਠਾਕੇ ਪੁੱਛ ਗਿਛ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਭੇਜਣ ਵਾਲੇ ਏਜੰਟ ਨੂੰ ਠੱਗ ਦੱਸਕੇ ਕਿਹਾ ਕਿ ਉਸਨੇ ਤੈਂਨੂੰ ਸਾਡੇ ਕੋਲ ਚਾਰ ਸਾਲ ਲਈ ਵੇਚ ਦਿੱਤਾ ਹੈ। ਉਕਤ ਵਿਆਕਤੀ ਨੇ ਉਸਦਾ ਪਾਸਪੋਰਟ ਲੈ ਲੈਂਦਿਆਂ ਦੱਸਿਆ ਕਿ ਉਹ ਤੇਰੇ ਕੋਲੋਂ ਚਾਰ ਸਾਲ 21 ਘੰਟੇ ਮਨਮਰਜ਼ੀ ਦਾ ਕੰਮ ਲੈਣਗੇ ਅਤੇ 20 ਹਜ਼ਾਰ ਰੁਪਿਆ(ਭਾਰਤੀ) ਉਸਨੂੰ ਮਾਸਿਕ ਮਿਹਨਤਾਨਾ ਦੇਣਗੇ ਪ੍ਰੰਤੂ ਸਾਰੇ ਪੈਸੇ ਅਤੇ ਪਾਸਪੋਰਟ ਉਸਨੂੰ ਪੂਰੇ ਚਾਰ ਸਾਲ ਬਾਅਦ ਹੀ ਮਿਲਣਗੇ। ਨੌਜ਼ਵਾਨ ਨੇ ਦੱਸਿਆ ਕਿ ਉਕਤ ਵਿਆਕਤੀ ਦੀਆਂ ਗੱਲਾਂ ਸੁਣਕੇ ਉਸਦੇ ਹੋਸ਼ ਉਡ ਗਏ ਅਤੇ ਉਸਨੇ ਉਸਨੂੰ ਆਪਣੀ ਘਰ ਦੀ ਗਰੀਬੀ ਸਮੇਤ ਸਾਰੀ ਕਹਾਣੀ ਦੱਸੀ ਪ੍ਰੰਤੂ ਉਕਤ ਵਿਆਕਤੀ ਨੇ ਦੱਸਿਆ ਕਿ ਉਸਨੂੰ ਕਿਸੇ ਗੱਲ ਦਾ ਨਹੀਂ ਪਤਾ। ਤੂੰ ਆਪਣੇ ਏਜੰਟ ਨਾਲ ਗੱਲ ਕਰ ਲੈ। ਉਸਨੇ ਜਦ ਏਜੰਟ ਨਾਲ ਗਲਬਾਤ ਕੀਤੀ ਅਤੇ ਸਾਰੀ ਕਹਾਣੀ ਦੱਸੀ ਤਾਂ ਉਸਨੇ ਕੋਈ ਜ਼ਵਾਬ ਹੀ ਨਹੀਂ ਦਿੱਤਾ ਅਤੇ ਬਾਅਦ ਵਿੱਚ ਵਾਰ ਵਾਰ ਫੋਨ ਕਰਨ ’ਤੇ ਉਸਦਾ ਫੋਨ ਸੁਣਨਾ ਵੀ ਬੰਦ ਕਰ ਦਿੱਤਾ। ਉਸਨੇ ਆਪਣੇ ਘਰਦਿਆਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਿਆ ਤਾਂ ਉਹ ਏਜੰਟ ਨੂੰ ਮਿਲੇ ਪ੍ਰੰਤੂ ਉਕਤ ਏਜੰਟ ਉਹਨਾਂ ਨੂੰ ਡਰਾਉਣ ਧਮਕਾਉਣ ਅਤੇ ਆਪਣਾ ਮੰੂਹ ਬੰਦ ਰੱਖਣ ਦੀਆਂ ਧਮਕੀਆਂ ਦਿੰਦਾ ਹੋਇਆ ਇੱਕ ਲੱਖ ਰੁਪਿਆ ਹੋਰ ਦੇਣ ਲਈ ਦਬਾਅ ਪਾਉਣ ਲੱਗ ਪਿਆ।
ਪੀੜਤ ਦਰਬਾਰਾ ਸਿੰਘ ਨੇ ਦੱਸਿਆ ਕਿ ਉਕਤ ਵਿਆਕਤੀ ਨੇ ਉਸ ਕੋਲੋਂ ਸਖਤੀ ਨਾਲ ਆਪਣੀ ਮਨਮਰਜ਼ੀ ਦਾ ਕੰਮ ਕਰਵਾਉਣਾ ਸ਼ਰੂ ਕਰ ਦਿੱਤਾ। ਉਸਨੇ ਪਹਿਲੇ ਦੋ ਦਿਨ ਉਸ ਕੋਲੋਂ ਵੱਡੀ ਗਿਣਤੀ ਵਿੱਚ ਭੇਡਾਂ ਨੂੰ ਖੇਤਾਂ (ਸੁੰਨਸਾਨ ਜੰਗਲ ਨੇੜੇ ) ਚਰਵਾਈਆਂ। ਉਸਨੇ ਤਿਨ ਦਿਨ ਬੜਾ ਸਖਤ ਕੰਮ ਕੀਤਾ। ਇਸੇ ਦੌਰਾਨ ਉਹ ਕਿਸੇ ਤਰੀਕੇ ਨਾਲ ਇੱਕ ਵਿਆਕਤੀ ਦੀ ਮੱਦਦ ਨਾਲ ਉਹ ਉਕਤ ਫਾਰਮ ਮਾਲਿਕ ਦੇ ਚੁੰਗਲ ਵਿੱਚੋਂ ਨਿਕਲਕੇ ਭਾਰਤ ਆਪਣੇ ਘਰ ਪੁੱਜਾ। ਉਹ 6 ਦਿਨ ਉਨੀਂਦਰਾ ਰਿਹਾ ਅਤੇ ਉਸਦਾ ਰੰਗ ਪੀਲਾ ਪੈ ਗਿਆ। ਉਸਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਗੁਲਾਮਾ ਵਾਲੀ ਜ਼ਿੰਦਗੀ ਵਿੱਚੋਂ ਆਪਣੀ ਜਾਨ ਬਚਾਅ ਕੇ ਵਾਪਿਸ ਪਰਤਿਆ ਹੈ ਜਿਸ ਲਈ ਜੱਸੋਵਾਲ ਦਾ ਉਕਤ ਟ੍ਰੈਵਲ ਏਜੰਟ ਜ਼ਿਮੇਵਾਰ ਹੈ।
ਦਰਬਾਰਾ ਸਿੰਘ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਏਜੰਟ ਅਵਤਾਰ ਸਿੰਘ ਹੁਣ ਉਹਨਾਂ ਨੂੰ ਆਪਣਾ ਮੂੰਹ ਬੰਦ ਰੱਖਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਉਹ ਆਪਣੇ ਆਪਨੂੰ ਇੱਕ ਸਿਆਸੀ ਪਾਰਟੀ ਦੇ ਸੂਬਾ ਪੱਧਰੀ ਆਗੂ ਦਾ ਨਜ਼ਦੀਕੀ ਦੱਸਕੇ ਪੁਲੀਸ ਅਧਿਕਾਰੀਆਂ ਤੇ ਦਬਾਅ ਪਾ ਰਿਹਾ ਹੈ। ਉਹਨਾਂ ਦੱਸਿਆ ਕਿ ਉਕਤ ਏਜੰਟ ਵਲੋਂ ਲੋਕਾਂ ਨਾਲ ਠੱਗੀਆਂ ਮਾਰਕੇ ਹੁਣ ਸੈਲਾਖੁਰਦ ਵਿਖੇ ਆਪਣਾ ਦਫਤਰ ਵੀ ਬਣਾ ਲਿਆ ਹੈ । ਉਸ ਕੋਲ ਏਜੰਟੀ ਦੀ ਕੋਈ ਮਾਨਤਾ ਵੀ ਨਹੀਂ ਹੈ । ਉਹ ਸ਼ਰੇਆਮ ਆਖ ਰਿਹਾ ਹੈ ਕਿ ਮੀਡੀਆ ਅਤੇ ਪੁਲੀਸ ਉਸਦੀ ਮੁੱਠੀ ਵਿੱਚ ਹਨ। ਕੋਈ ਵੀ ਉਸਦਾ ਕੁੱਝ ਨਹੀਂ ਵਿਗਾੜ ਸਕਦਾ। ਉਹਨਾਂ ਐਸ ਐਸ ਪੀ ਹੁਸ਼ਿਆਰਪੁਰ ਤੋਂ ਉਕਤ ਅਖੌਤੀ ਟ੍ਰੈਵਲ ਏਜੰਟ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਏਜੰਟ ਅਵਤਾਰ ਸਿੰਘ ਦਾ ਕਹਿਣ ਹੈ ਕਿ ਉਸਨੇ ਕੋਈ ਠਗੀ ਨਹੀਂ ਮਾਰੀ । ਉਸਨੇ ਦਰਬਾਰਾ ਸਿੰਘ ਤੋਂ ਇੱਕ ਲੱਖ ਰੁਪਿਆ ਲੈਣਾ ਹੈ ਜੋ ਉਹ ਨਹੀਂ ਦੇ ਰਿਹਾ। ਇਸ ਸਬੰਧ ਵਿੱਚ ਪੁਲੀਸ ਦਾ ਕਹਿਣ ਹੈ ਕਿ ਏਜੰਟ ਵਿਰੁੱਧ ਸ਼ਿਕਾਇਤ ਮਿਲਣ ’ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।