ਇੰਦਰਾ ਅਵਾਸ ਯੋਜਨਾ ਤਹਿਤ ਦਿੱਤੇ ਪਲਾਟਾਂ ਦੇ ਮਾਲਕ ਬਣੇ ਹੋਰ
Posted on:- 16-07-2014
ਵਿਕਾਸ ਦੇ ਨਾਮ ਤੇ ਲੀਡਰ ਗਰੀਬਾਂ ਦੀਆਂ ਵੋਟਾਂ ਪ੍ਰਾਪਤ ਕਰਨੀਆਂ ਚੰਗੀ ਤਰ੍ਹਾਂ ਜਾਣਦੇ ਹਨ, ਪਰ ਵੋਟਾਂ ਦੇ ਨਤੀਜੇ ਆ ਜਾਣ ਤੋਂ ਬਾਅਦ ਇਨ੍ਹਾਂ ਨੇ ਕਦੇ ਵੀ ਪਿੱਛੇ ਨਜ਼ਰ ਨਹੀਂ ਮਾਰੀ ਕਿ ਵੋਟਰਾਂ ਨੂੰ ਕਿਸ ਕਿਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਨ੍ਹਾਂ ਦੀ ਵਜ੍ਹਾ ਕਾਰਨ ਗ਼ਰੀਬ ਵਰਗ ਦੇ ਲੋਕ ਲੋੜਵੰਦ ਸਹੂਲਤਾਂ ਤੋਂ ਵਾਂਝੇ ਹਨ। ਹੰਡਿਆਇਆ ਬੀੜ ਵਾਲੀ ਜਗ੍ਹਾ ਵਿਚ ਵਸਦੇ ਇੰਦਰਾ ਅਵਾਸ ਯੋਜਨਾਂ ਸਕੀਮ ਤਹਿਤ ਆਏ ਪਲਾਟਾਂ ਵਿਚ ਰਹਿੰਦੇ ਲੋਕ। ਜਿਸ ਕਾਰਨ ਉਨ੍ਹਾਂ ਨੂੰ ਮਿਲੇ ਇਹ ਮੁਫ਼ਤ ਪਲਾਟਾਂ ਨੂੰ ਆਪਣੀ ਲੋੜ ਪੂਰੀ ਨਾ ਹੋਣ ਕਾਰਨ ਕਥਿਤ ਰੂਪ ਵਿਚ ਅੱਗੇ ਦੀ ਅੱਗੇ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਕੇਂਦਰ ਦੀ ਸਰਕਾਰ ਵਲੋਂ ਇੰਦਰਾ ਅਵਾਸ ਯੋਜਨਾਂ ਤਹਿਤ ਗ਼ਰੀਬ ਵਰਗ ਦੇ ਲੋਕਾਂ ਨੂੰ ਪੰਚਾਇਤੀ ਥਾਵਾਂ ’ਚੋਂ ਪਲਾਟ ਕੱਟ ਕੇ ਜਾਰੀ ਕੀਤੀਆਂ ਗਈਆਂ ਕਲੋਨੀਆਂ ਨੂੰ ਉਨ੍ਹਾਂ ਦੇ ਵਾਰਸਾਂ ਵਲੋਂ ਅੱਗੇ ਧੜ੍ਹਾਧੜ੍ਹ ਮਹਿੰਗੀਆਂ ਕੀਮਤਾਂ ਵਿਚ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਅੱਗੇ ਦੀ ਅੱਗੇ ਵੇਚਿਆ ਜਾ ਰਿਹਾ ਹੈ।
ਇਨ੍ਹਾਂ ਕੱਟੇ ਗਏ ਸਰਕਾਰੀ ਪਲਾਟਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੀ ਅੱਖਾਂ ਖ਼ੋਲ੍ਹ ਕੇ ਹਸਤਾਖ਼ਰ ਕਰਕੇ ਇਨ੍ਹਾਂ ਦਾ ਇੰਤਕਾਲ ਵੀ ਕਰਨ ’ਚ ਪਿੱਛੇ ਨਹੀਂ ਹਟ ਰਿਹਾ। ਹੰਡਿਆਇਆ ਦੀ ਬੜੀ ਵਾਲੀ ਜਮੀਨ ਵਿਚ ਕੇਂਦਰ ਸਰਕਾਰ ਵਲੋਂ ਇੰਦਰਾ ਅਵਾਸ ਯੋਜਨਾ ਤਹਿਤ ਗ੍ਰਾਮ ਪੰਚਾਇਤ ਹੰਡਿਆਇਆ (ਜੋ ਹੁਣ ਨਗਰ ਪੰਚਾਇਤ ਹੰਡਿਆਇਆ ਦੇ ਨਾਮ ਨਾਲ ਜਾਣੀ ਜਾਂਦੀ ਹੈ) ਦੇ ਗ਼ਰੀਬ ਤਬਕੇ ਦੇ ਲੋਕਾਂ ਦੇ ਨਾਮ ’ਤੇ ਖਤੌਨੀ ਨੰਬਰ 821 ਤਾਂ 1087/1211 ਤਾ 1477 ਖਸਰਾ ਨੰਬਰ 388//3/1 ਬੀੜ ਵਾਲੀ ਜ਼ਮੀਨ ਵਿਚੋਂ 273 ਜ਼ਰੂਰਤਵੰਦਾਂ ਨੂੰ ਪਲਾਟ ਜਾਰੀ ਕੀਤੇ ਗਏ ਸਨ, ਪਰ ਇਨ੍ਹਾਂ ਕੱਟੇ ਗਏ ਪਲਾਟਾਂ ਵਿਚੋਂ ਕਈ ਤਾਂ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੇ ਆਪਣੀ ਲਾਲਸਾ ਜਾਂ ਕਿਸੇ ਮਜ਼ਬੂਰੀ ਵੱਸ ਪੈ ਕੇ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਜਾਰੀ ਹੋਏ ਇਨ੍ਹਾਂ ਅੱਗੇ ਮਹਿੰਗੀਆਂ ਕੀਮਤਾਂ ਵਿਚ ਵੇਚੀ ਜਾ ਰਹੇ ਹਨ।
ਜ਼ਿਲ੍ਹਾ ਮਾਲ ਵਿਭਾਗ ਵੀ ਇਨ੍ਹਾਂ ਪਲਾਟਾਂ ਦੇ ਇੰਤਕਾਲ ਧੜ੍ਹਾਧੜ੍ਹ ਇਨ੍ਹਾਂ ਕਲੋਨੀਆਂ ਵਾਲੇ ਪਲਾਟਾਂ ਦੇ ਇੰਤਕਾਲ ਕ੍ਰਮਵਾਰ ਪਲਾਟ ਖ਼ਰੀਦਣ ਵਾਲੇ ਖ਼ਰੀਦਦਾਰਾਂ ਦੇ ਨਾਮ ਤੇ ਰਜਿਸਟਰ ਅਤੇ ਮਾਲ ਵਿਭਾਗ ਦੀ ਬਣਾਈ ਵੈਬਸਾਇਟ ’ਤੇ ਅੱਪਡੇਟ ਕਰੀ ਜਾ ਰਿਹਾ ਹੈ। ਓਧਰ ਇਨ੍ਹਾਂ ਕੱਟੀਆਂ ਕਲੋਨੀਆਂ ਨੂੰ ਅੱਗੇ ਖਰੀਦ ਕਰ ਰਹੇ ਵਿਅਕਤੀਆਂ/ਔਰਤਾਂ ਦੇ ਉਸ ਸਮੇਂ ਪੈਰਾਂ ਹੇਠੋਂ ਮਿੱਟੀ ਖਿਸਕ ਦੀ ਨਜ਼ਰ ਆਈ ਜਦੋਂ ਬਾ ਅਦਾਲਤ ਜ਼ਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਭਾਰਤੀ ਸਟੈਂਡ ਐਕਟ ਦੀ ਧਾਰਾ 47-ਏ ਅਧੀਨ ਨੋਟਿਸ ਕੱਢ ਕੇ ਇਨ੍ਹਾਂ ਵਿਅਕਤੀਆਂ ਵਲੋਂ ਵਸੀਕਾ ਨੰਬਰ ਦੱਸ ਕੇ ਇਹ ਦਰਸਾਇਆ ਗਿਆ ਦਫ਼ਤਰ ਸਬ ਰਜਿਸਟਰਾਰ ਬਰਨਾਲਾ ਤੋਂ ਤਸਦੀਕ ਕਰਵਾਇਆ ਸੀ। ਜਿਸਦੀ ਰਿਪੋਰਟ ਅਨੁਸਾਰ ਇਸ ਵਸੀਕੇ ਵਿਚ ਮੁਬਲਿਗ ਕਮੀ ਅਸ਼ਟਾਮਾਂ ਦੀ ਘਾਟ ਦੱਸ ਕੇ ਉਨ੍ਹਾਂ ਪਾਸੋਂ ਮੁੜ ਰਕਮ ਵਸੂਲੀ ਜਾਣ ਦਾ ਆਦੇਸ਼ ਸੁਣਾਇਆ ਹੈ। ਕੇਂਦਰ ਸਰਕਾਰ ਮੁਫਤ ਦੇ ਭਾਅ ਵਿਚ ਦਿੱਤੀਆਂ ਇਨ੍ਹਾਂ ਕਲੋਨੀਆਂ ਵਿਚ ਕਿਸੇ ਨਾ ਕਿਸੇ ਵਿਅਕਤੀ ਨੇ ਮਜ਼ਬੂਰੀ ਵੱਸ ਜਿਨ੍ਹਾਂ ਵਿਚ ਰਾਮ ਚੰਦ ਪੁੱਤਰ ਦਰਿਆ ਸਿੰਘ ਪਤਨੀ ਵਲੋਂ ਪਹਿਲਾਂ ਤਾਂ ਅਪਣੇ ਨਾਮ ਸਮੇਤ ਬੱਚਿਆਂ ਦੇ ਇੰਤਕਾਲ 2745 ਰਾਹੀਂ ਖਸਰਾ ਨੰਬਰ 388//4/11(0-4) ਨੂੰ ਬੈ ਨਾਮਾ ਵਸੀਕਾ ਰਜਿਸਟਰੀ ਸ਼ੁਦਾ ਵਸੀਕਾ ਨੰਬਰ 5934 ਮਿਤੀ 14-12-2010 ਨੂੰ ਬਦਲੇ 1,32000 ਰੁਪਏ ਵਿਚ ਅੱਗੇ ਕਿਸੇ ਵਿਅਕਤੀ ਨੂੰ ਵੇਚ ਦਿੱਤਾ ਗਿਆ। ਇਸੇ ਤਰ੍ਹਾਂ ਹੀ ਸੁਖਦੇਵ ਸਿੰਘ ਪੁੱਤਰ ਜਗਤਾ ਸਿੰਘ 388/48 (0-4) ਬਰਾਨੀ ਨੂੰ ਬਰੂਏ ਇੰਤਕਾਲ 3027 ਰਾਹੀਂ ਬਲਵਿੰਦਰ ਸਿੰਘ ਨੂੰ ਬੈ ਹੋਇਆ। ਉਸ ਤੋਂ ਬਾਅਦ ਇਸ ਵਿਅਕਤੀ ਨੇ ਇਸ ਪਲਾਟ ਨੂੰ ਇਕ ਔਰਤ ਦੇ ਨਾਮ ਅੱਗੇ ਬੈ ਨਾਮਾ ਰਜਿਸਟਰੀ ਸ਼ੁਦਾ ਵਸੀਕਾ ਨੰਬਰ 4965 ਮਿਤੀ 24/3/14 ਨੂੰ 1,00,000 ਰੁਪਏ ਵਿਚ ਬਰੂਏ ਇੰਤਕਾਲ 3037 ਰਾਹੀਂ ਕਰਵਾ ਦਿੱਤਾ। ਇਸੇ ਤਰ੍ਹਾਂ ਹੀ ਕਈ ਹੋਰ ਪਲਾਟ ਅਜਿਹੇ ਹਨ ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਪਰ ਇਨ੍ਹਾਂ ਕੱਟੇ ਗਏ ਪਲਾਟਾਂ ਦੀਆਂ ਰਜਿਸਟਰੀਆਂ ਧੜਾਧੜ ਬਰਨਾਲਾ ਦੀਆਂ ਕਚਹਿਰੀਆਂ ਵਿਚ ਹੁੰਦੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ।
ਇੰਦਰਾ ਅਵਾਸ ਯੋਜਨਾਂ ਤਹਿਤ ਗ੍ਰਾਮ ਪੰਚਾਇਤ ਹੰਡਿਆਇਆ ਦੀ ਬੀੜ ਵਾਲੀ ਜਗ੍ਹਾ ਵਿਚ ਕੱਟੇ ਗਏ ਇਨ੍ਹਾਂ ਪਲਾਟਾਂ ਨੂੰ ਅੱਗੇ ਅੱਗੇ ਵੇਚਣ ਦਾ ਜਦੋ ਹੋਏ ਖ਼ੁਲਾਸੇ ਸਬੰਧੀ ਬਰਨਾਲਾ ਦੇ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਬੰਧੀ ਉਨ੍ਹਾਂ ਨੂੰ ਕੋਈ ਵੀ ਇਲਮ ਨਹੀਂ ਹੈ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਮਾਮਲਾ ਹੈ ਤਾਂ ਸਾਨੂੰ ਆ ਕੇ ਦਫ਼ਤਰ ਮਿਲਕੇ ਜਾਓ। ਓਧਰ ਜਦੋਂ ਇਸ ਸਬੰਧੀ ਮਾਲ ਵਿਭਾਗ ਦੇ ਮੰਤਰੀ ਬਿਕਰਮਜੀਤ ਮਜੀਠੀਆ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਫੋਨ ਕਿਸੇ ਖ਼ਾਸ ਵਿਅਕਤੀ ਨੇ ਚੁੱਕੇ ਗੱਲਬਾਤ ਸੁਣਨ ਉਪਰੰਤ ਕਿਹਾ ਕਿ ਸਾਹਿਬ ਦੇ ਧਿਆਨ ਵਿਚ ਲਿਆਂਦਾ ਹਾਂ ਤੁਹਾਡੇ ਨਾਲ ਗੱਲ ਕਰ ਲੈਣਗੇ।