Wed, 30 October 2024
Your Visitor Number :-   7238304
SuhisaverSuhisaver Suhisaver

ਸਰਕਾਰਾਂ ਦੀ ਸਵੱਲੀ ਨਜ਼ਰ ਨੂੰ ਤਰਸ ਰਹੀ ਇਤਿਹਾਸਕ ਧਰੋਹਰ ‘ਹਰੋ ਦਾ ਪੌਅ’

Posted on:- 08-07-2014

ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਰੋੜ ’ਤੇ ਸਿੰਘਪੁਰ ਤੋਂ ਕਾਹਨਪੁਰਖੂਹੀ ਦੇ ਵਿਚਕਾਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ ’ਤੇ ਪੈਂਦੇ ‘ਹਰੋਂ ਦਾ ਪੋਅ’ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਉਂਣ ’ਤੇ ਜਾਣ ਵਾਲੇ ਰਾਹਗੀਰ ਪੁਰਾਣੇ ਸਮਿਆਂ ਤੋਂ ਇਥੇ ਖੜ੍ਹ ਕੇ ਆਪਣੀ ਪਿਆਸ ਬੁਝਾ ਕੇ ਅੱਗੇ ਜਾਂਦੇ ਸਨ।

ਹਰੋ ਮਾਈ ਸ਼ਿਵਾਲਿਕ ਪਹਾੜੀਆਂ ਤੇ ਵਸੇ ਇਲਾਕਾ ਬੀਤ ਦੇ ਪਿੰਡ ਕੰਬਾਲਾ (ਸੇਖੋਵਾਲ ਬੀਤ) ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਵਸਨੀਕ ਸੀ ਤੇ ਝਿਉਰ ਬਰਾਦਰੀ (ਕਯਸ਼ਪ) ਨਾਲ ਸਬੰਧ ਰੱਖਦੀ ਸੀ। ਮਾਈ ਹਰੋ ਕੋਈ 150 ਸੌ ਸਾਲ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ’ਤੇ ਲੰਘਣ ਵਾਲੇ ਯਾਤਰੀਆਂ ਨੂੰ 4-5 ਕਿਲੋਮੀਟਰ ਦੂਰ ਸੁਆ ’ਚੋਂ ਆਪਣੇ ਸਿਰ ’ਤੇ ਘੜੇ ਚੁੱਕ ਕੇ ਪਾਣੀ ਲਿਆ ਕੇ ਪਿਲਾਉਂਦੀ ਸੀ, ਜਦੋਂ ਕਿ ਉਸ ਸਮੇਂ ਉਸ ਦੇ ਆਪਣੇ ਪਿੰਡ ’ਚ ਵੀ ਪੀਣ ਵਾਲਾ ਪਾਣੀ ਬੜੀ ਮੁਸ਼ਕਿਲ ਨਾਲ ਹੀ ਨਸੀਬ ਹੁੰਦਾ ਸੀ।

ਇਹ ਸਿਲਸਿਲਾ ਲਗਾਤਾਰ ਕਾਫੀ ਸਮਾਂ ਚਲਦਾ ਰਿਹਾ। ਮੀਂਹ ਹੋਵੇ ਜਾ ਧੁੱਪ ਹਰੋ ਮਾਈ ਨੇ ਯਾਤਰੀਆਂ ਨੂੰ ਪਾਣੀ ਪਿਲਾਉਣ ਦਾ ਕਾਰਜ ਜਾਰੀ ਰੱਖਿਆ ਅਤੇ ਆਪਣੇ ਆਖਰੀ ਸਾਹਾਂ ਤੱਕ ਇਸ ਭੱਲੇ ਦੇ ਕੰਮ ਨੂੰ ਰੁਕਣ ਨਾ ਦਿਤਾ। ਸਿਆਣੇ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਲਾਮ ਲਸ਼ਕਰ ਨਾਲ ਜਦੋਂ ਖਾਲਸੇ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਸੱਜਦਾ ਕਰਨ ਜਾਂਦੇ ਸਨ ਤਾਂ ‘ਹਰੋ ਮਾਈ ਦੇ ਪੋਅ’ ’ਤੇ ਰੁੱਕ ਕੇ ਵਿਸ਼ਰਾਮ ਕਰਦੇ ਤੇ ਪਾਣੀ ਪੀ ਕੇ ਜ਼ਰੂਰ ਜਾਂਦੇ ਸਨ, ਜਿਸ ਨਾਲ ਇਸ ਸਥਾਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਹਰੋ ਮਾਈ ਦੇ ਇਸ ਦੁਨੀਆ ਨੂੰ ਅਲਵਿੰਦਾ ਕਹਿਣ ਤੋਂ ਬਾਅਦ ਉਸ ਸਥਾਨ ਦਾ ਨਾਮ ‘ਹਰੋ ਦਾ ਪੋਅ’ ਪੈ ਗਿਆ ਤੇ ਹਰੋ ਮਾਈ ਵੱਲੋਂ ਦਿਤੀ ਸੇਧ ਨੂੰ ਜਾਰੀ ਰੱਖਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਕਾਰਜ ਕਾਫੀ ਸਮਾਂ ਉਸੇ ਤਰ੍ਹਾਂ ਜਾਰੀ ਰੱਖਿਆ। ਅੱਜ ਵੀ ਹਰੋ ਮਾਈ ਦੇ ਸਮੇਂ ਦੀਆਂ ਕੱਚੀਆਂ ਕੰਧਾਂ ਬਣਾ ਕੇ ਪਾਏ ਟੀਨ ਦੇ ਪੱਤਰੇ ਉਸੇ ਤਰ੍ਹਾਂ ਕਾਇਮ ਹਨ, ਜਿਨ੍ਹਾਂ ਨੂੰ ਮਾਈ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਮੇਂ-ਸਮੇਂ ’ਤੇ ਮਿੱਟੀ ਤੇ ਗੋਹੇ ਦਾ ਲੇਪ ਕਰਕੇ ਨਵਾ ਰੂਪ ਦਿਤਾ ਜਾਂਦਾ ਹੈ।

ਇਸ ਮੌਕੇ ਪਰਿਵਾਰ ਦੀ ਸਭ ਤੋਂ ਬਜ਼ੁਰਗ ਔਰਤ ਰਤਨੀ ਦੇਵੀ ਜੋ ਕਿ 75 ਕੁ ਸਾਲ ਦੀ ਉਮਰ ਭੋਗ ਚੁੱਕੀ ਹੈ ਨੇ ਦੱਸਿਆ ਕਿ ਮਾਈ ਹਰੋ ਨੇ ਸਵੇਰੇ ਤੜਕਸਾਰ ਉਠ ਕੇ ਪੋਅ ’ਤੇ ਪਹੁੰਚ ਕੇ ਉਥੋਂ ਘੜੇ ਲੇ ਕੇ ਸੂਆ ਜਿਹੜਾ ਕਿ ਇਥੋਂ 5-6 ਕਿਲੋਮੀਟਰ ਦੂਰ ਪੈਂਦਾ ਸੀ, ਉਥੋਂ ਜਾ ਕੇ 3-3 ਘੜੇ ਚੁੱਕ ਕੇ ਲਿਆਉਣੇ ਤੇ ਰਾਹਗੀਰਾਂ ਨੂੰ ਪਾਣੀ ਪਿਲਾਉਣਾ। ਇਸ ਨੇਕ ਕੰਮ ’ਚ ਮਾਈ ਦਾ ਸਾਥ ਉਸ ਦੇ ਪਤੀ ਕਿਰਪਾ ਰਾਮ ਵੀ ਦਿੰਦਾ ਸੀ, ਜੋ ਕਿ ਬੈਹਗੀ ’ਚ ਪਾਣੀ ਲਿਆਉਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਬੱਸ ਤਾਂ ਕੋਈ ਟਾਮੀ-ਟਾਮੀ ਆਉਂਦੀ ਸੀ, ਲੋਕ ਤਕਰੀਬਨ ਪੈਦਲ ਹੀ ਆਉਂਦੇ ਜਾਂਦੇ ਸਨ। ਰਤਨੀ ਦੇਵੀ ਨੇ ਦੱਸਿਆ ਕਿ ਇਸ ਨੇਕ ਕਾਰਜ ਲਈ ਮਾਈ ਹਰੋ ਨੂੰ ਸਰਕਾਰੀ ਤੌਰ ’ਤੇ 5 ਰੁਪਏ ਹਰ ਮਹੀਨੇ ਦਿਤੇ ਜਾਂਦੇ ਸਨ ਅਤੇ ਉਨ੍ਹਾਂ ਦੀ ਮੌਤ ਹੋ ਜਾਣ ਤੋਂ ਬਾਅਦ ਕਾਫੀ ਸਮਾਂ 70 ਰੁਪਏ ਪਰਿਵਾਰ ਨੂੰ ਮਿਲਦੇ ਰਹੇ ਜੋ ਕਿ ਹੁਣ ਕਈ ਸਾਲ ਤੋਂ ਬੰਦ ਹਨ। ਹਰੋ ਮਾਈ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ’ਚ ਉਨ੍ਹਾਂ ਪੜਪੋਤਰੇ ਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਹਨ ਨੇ ਸਰਕਾਰ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਹਰੋ ਮਾਈ ਨੇ ਸ਼੍ਰੀ ਆਨੰਦਪੁਰ ਸਾਹਿਬ ਤੇ ਬੀਤ ਨੂੰ ਆਣ-ਜਾਣ ਵਾਲੇ ਯਾਤਰੀਆਂ ਨੂੰ ਪਾਣੀ ਪਿਲਾਉਣ ’ਚ ਆਪਣੀ ਸਾਰੀ ਜ਼ਿੰਦਗੀ ਲਗਾ ਦਿਤੀ ਅਤੇ ਉਨ੍ਹਾਂ ਦੇ ਨਾਮ ਤੇ ਬਸ ਸਟਾਪ ਦਾ ਨਾਮ ‘ਹਰੋ ਦਾ ਪੋਅ’ ਉਸ ਸਮੇਂ ਸਰਕਾਰ ਵੱਲੋਂ ਕੀਤਾ ਗਿਆ ਅਤੇ ਹਰੇਕ ਬਸ ਦੀ ਦਿੱਤੀ ਜਾਂਦੀ ਟਿੱਕਟ ਤੇ ਹਰੋ ਦਾ ਪੋਅ ਅਕਿੰਤ ਕੀਤਾ ਗਿਆ, ਪਰ ਮੌਕੇ ਦੀਆਂ ਸਰਕਾਰਾਂ ਨੇ ਬੀਤ ਇਲਾਕੇ ਦੀ ਪੁਰਾਤਨ ਥਰੋਹਰ ਨੂੰ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਮੌਜੂਦਾ ਸੂਬੇ ਦੀ ਅਕਾਲੀ-ਭਾਜਪਾ ਦੀ ਸਰਕਾਰ ਇਤਿਹਾਸਕ ਅਤੇ ਪੁਰਾਣੀਆਂ ਯਾਦਗਾਰਾਂ ਨੂੰ ਬਣਾਉਣ ਲਈ ਪੱਬਾ ਭਾਰ ਹੋਈ ਪਈ ਹੈ।

ਹਰੋ ਮਾਈ ਦੇ ਪੜਪੋਤਰੇ ਵਿਜੇ ਕੁਮਾਰ ਕਯਸ਼ਪ ਨੇ ਦੱਸਿਆ ਕਿ ਅਸੀਂ ਹਰੋ ਮਾਈ ਪੋਅ ਦੇ ਨਾਮ ’ਤੇ ਕਮੇਟੀ ਰਜਿਸਟਰਡ ਕਰਵਾਈ ਹੋਈ ਹੈ ਤੇ ਅਸੀਂ ਇਸ ਪੁਰਾਣੀ ਇਤਿਹਾਸਕ ਧਰੋਹਰ ਨੂੰ ਨਵਾਂ ਰੂਪ ਦੇਣ ਲਈ ਉਚ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਾਂ ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਦੇਣਾ ਉਚਿਤ ਨਹੀਂ ਸਮਝਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਆਪਣੀ ਕਮੇਟੀ ਤੇ ਇਲਾਕਾ ਬੀਤ ਦੇ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਉਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਾਂਗੇ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੁਰਾਣੇ ਸਮਿਆਂ ’ਚ ਜਦੋਂ ਬੀਤ ਇਲਾਕੇ ’ਚ ਸੜਕਾਂ ਪੱਕੀਆਂ ਨਹੀਂ ਸਨ ਤੇ ਲੋਕਾਂ ਦੇ ਆਉਣ ਜਾਣ ਲਈ ਸਿਰਫ ਕੱਚੀਆਂ ਪੰਗਡੀਆਂ ਸਨ ਅਤੇ ਇਲਾਕੇ ਅੰਦਰ ਸ਼ਾਇਦ ਕੋਈ ਬਸ ਨਹੀਂ ਸੀ ਲੱਗੀ ਹੋਈ। ਉਸ ਸਮੇਂ ਬੀਤ ਇਲਾਕੇ ਦੇ ਲੋਕ ਪੈਦਲ ਚੱਲ ਕੇ ਹਰੋ ਦੇ ਪੋਅ ’ਤੇ ਆ ਕੇ ਬਸ ਲੈਂਦੇ ਸਨ। ਹਰੋ ਮਾਈ ਉਨ੍ਹਾਂ ਯਾਤਰੀਆਂ ਲਈ ਪੀਣ ਵਾਲਾ ਪਾਣੀ ਸਿਰ ਤੇ ਘੜਾ ਭਰਕੇ ਪੰਗਡੀਆਂ ਤੋਂ ਹੁੰਦੀ ਹੋਈ ਉਨ੍ਹਾਂ ਲਈ ਪਾਣੀ ਪਹੁੰਚਾਉਂਦੀ ਸੀ। ਥਕਾਵਟ ਨਾਲ ਚੱਕਨਾ ਚੂਰ ਹੋਏ ਯਾਤਰੀ ਹਰੋ ਮਾਈ ਦਾ ਲਿਆਦਾ ਪਾਣੀ ਪੀ ਕੇ ਉਸ ਨੂੰ ਅਸ਼ੀਸਾਂ ਦਿੰਦੇ ਸਨ ਕਿ ਤੇ ਪਰਿਵਾਰ ਵਧੇ ਫੁਲੇ ਜੋ ਕਿ ਉਨ੍ਹਾਂ ਲੋਕਾਂ ਦੀਆਂ ਦਿਤੀਆਂ ਦੁਆਵਾਂ ਨਾਲ ਅੱਜ ਹਰੋ ਮਾਈ ਦਾ ਪਰਿਵਾਰ ਪਿੰਡ ਕੰਬਾਲਾ ਬੀਤ ਵਿਖੇ ਆਪਣੇ ਰਹਿਣ ਬਸੇਰੇ ਬਣਾ ਕੇ ਰਹਿ ਰਿਹਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ