ਮਨਰੇਗਾ ਵਰਕਰਾਂ ਦੇ ਜਾਬ ਕਾਰਡਾਂ ਵਿੱਚ ਹੇਰ ਫੇਰ ਕਰਕੇ ਲੱਖਾਂ ਦਾ ਘਪਲਾ
Posted on:- 07-07-2014
- ਸ਼ਿਵ ਕੁਮਾਰ ਬਾਵਾ
ਪਹਾੜੀ ਖਿੱਤੇ ਦੇ ਪਿੰਡ ਰਾਮਪੁਰ ਬਿਲੜੋਂ ਵਿਖੇ ਮਨਰੇਗਾ ਵਰਕਰਾਂ ਦੇ ਜਾਬ ਕਾਰਡਾਂ ਵਿੱਚ ਹੇਰ ਫੇਰ ਹੋਣ ਕਾਰਨ ਲੱਖਾਂ ਰੁਪਏ ਦਹ ਘਪਲਾ ਸਾਹਮਣੇ ਆਇਆ ਹੈ। ਇਸ ਘਪਲੇ ਦਾ ਖੁਲਾਸਾ ਕਰਦਿਆਂ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੁਪਾਲ ਧੀਮਾਨ ਨੇ ਮਹਿਦਰ ਸਿੰਘ, ਸੀਮਾਂ ਰਾਣੀ, ਦਰਸ਼ਨ ਕੌਰ, ਰੇਸ਼ਮ ਕੌਰ, ਰਾਜਵੀਰ, ਸਰਬਜੀਤ ਸਿੰਘ, ਕਾਤਾ ਦੇਵੀ, ਸਤਿਆ ਦੇਵੀ, ਹਰਜਿੰਦਰ ਕੌਰ , ਗੁਰਦੇਵ ਕੌਰ ਆਦਿ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਿੰਡ ਦੇ ਮਨਰੇਗਾ ਮਜ਼ਦੂਰਾਂ ਦੇ ਜਾਬ ਕਾਰਡਾਂ ਵਿਚ ਮਨਰੇਗਾ ਕੰਮ ਦੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਵਲੋਂ ਖੁਦ ਹੀ ਵੱਡਾ ਹੇਰ ਫੇਰ ਕੀਤਾ ਗਿਆ ਹੈ ।
ਜਾਬ ਕਾਰਡਾਂ ਵਿੱਚ ਮਨਰੇਗਾ ਵਰਕਰਾਂ ਵਲੋਂ 2014-15 ਸਾਲ ਵਿਚ ਕੀਤੇ ਕੰਮ ਦਾ ਕੋਈ ਡਾਟਾ ਦਰਜ ਨਹੀਂ ਹੈ। ਉਹਨਾਂ ਦੱਸਿਆ ਕਿ ਮਨਰੇਗਾ ਵਰਕਰਾਂ ਨੂੰ ਇਹ ਪਤਾ ਹੀ ਨਹੀਂ ਕਿ ਉਨ੍ਹਾਂ ਨੇ ਕਿਹੜੀ ਤਰੀਖ ਤੋਂ ਕਿਹੜੀ ਤਰੀਖ ਤੱਕ ਕਿਹੜਾ ਕੰਮ ਕੀਤਾ ਅਤੇ ਉਹਨਾਂ ਦੀ ਕਿੰਨੀ ਮਿਹਨਤ ਬਣਦੀ ਹੈ। ਉਹਨਾਂ ਮਨਰੇਗਾ ਪੋਰਟਲ ਤੋਂ ਪ੍ਰਾਪਤ ਕੀਤੇ ਤੱਥਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ਨਾ ਦੇਵੀ ਦੇ ਜਾਬ ਕਾਰਡ ਨੰਬਰ 01 ,ਜਿਸਦਾ ਮਾਸਟਰੋਲ ਨੰਬਰ 292 ਨੇ 01- 03- 2014 ਤੋਂ ਲੈ ਕੇ 16- ੦6-2014 ਤੱਕ ਕੁਲ 28 ਦਿਨ ਕੰਮ ਕੀਤਾ ਅਤੇ ਉਸ ਦੀ ਕੁੱਲ ਉਜਰਤ 5382 ਰੁਪਏ ਬਣੀ, ਜਾਬ ਕਾਰਡ ਨੰਬਰ16 ਮਹਿੰਦਰ ਕੌਰ, ਮਾਸਟਰੋਲ ਨੰਬਰ 293,399,117,229 ਦੇ ਤਹਿਤ 01- 03 -2014 ਤੋਂ ਲੇ ਕੇ 16- 06 -2014 ਤੱਕ ਕੁੱਲ 39 ਦਿਨ ਕੰਮ ਕੀਤਾ ਤੇ ਉਸ ਦੀ ਉਜਰਤ 7544 ਰੁਪਏ ਬਣੀ, ਇੰਦਰਜੀਤ ਕੌਰ ਜਾਬ ਕਾਰਡ ਨੰਬਰ 17, ਮਾਸਟਰੋਲ ਨੰਬਰ349,117, 229 ਨੇ 01- 01- 2014 ਤੋਂ ਲੈ ਕੇ 16- 06 -2014 ਤੱਕ ਕੁੱਲ 27 ਦਿਨ ਕੰਮ ਕੀਤਾ ਤੇ ਕੁੱਲ ਉਜਰਤ 5352 ਰੁਪਏ ਬਣੀ, ਸੁਰਿੰਦਰ ਕੌਰ ਜਾਬ ਕਾਰਡ ਨੰਬਰ 02, ਮਾਸਟਰੋਲ ਨੰਬਰ 292,399,117,229 ਦੇ ਤਹਿਤ ਕੁੱਲ 35 ਦਿਨ ਕੰਮ ਕੀਤਾ ਅਤੇ 6728 ਰੁਪਏ ਉਜਰਤ ਬਣੀ। ਪਿੰਡ ਦੇ ਵਰਕਰਾਂ ਦੀ ਕੁੱਲ ਉਜਰਤ 2,22,536 ਰੁਪਏ ਬਣੀ ਤੇ ਮਟੀਰੀਅਲ ਦੇ 40 ਪ੍ਰਤੀਸ਼ਤ ਪੈਸੇ ਅਲੱਗ ਹਨ।
ਇਸੇ ਤਰ੍ਹਾਂ ਹੋਰ ਅਨੋਕਾਂ ਮਨਰੇਗਾ ਵਰਕਰਾਂ ਨੇ ਕੰਮ ਕੀਤਾ ਤੇ ਉਨ੍ਹਾਂ ਨੂੰ ਅਪਣੇ ਕੀਤੇ ਕੰਮ ਤੇ ਉਜਰਤ ਬਾਰੇ ਕੁੱਝ ਵੀ ਪਤਾ ਨਹੀਂ ਦਸਿਆ ਗਿਆ। ਅਜਿਹੇ ਹੋਰ ਬਹੁਤ ਸਾਰੇ ਵਰਕਰ ਹੋਰ ਹਨ ਜਿਨ੍ਹਾਂ ਨੂੰ ਕੀਤੇ ਕੰਮ ਦੀ ੳੂਜਰਤ ਮਿਲੀ ਹੀ ਨਹੀਂ। ਮਨਰੇਗਾ ਐਕਟ 2005 ਦੇ ਅਨੁਸਾਰ ਹਰ ਕੀਤੇ ਕੰਮ ਦੀ ਉਜਰਤ 15 ਦਿਨਾਂ ਵਿਚ ਮਿਲਣੀ ਤਹਿ ਹੈ। ਸ੍ਰੀ ਧੀਮਾਨ ਨੇ ਦੱਸਿਆ ਕਿ ਉਹਨਾਂ ਸਾਰੇ ਡੇਟੇ ਦੀ ਖੁਦ ਜਾਂਚ ਪੜਤਾਲ ਕੀਤੀ । ਉਹਨਾਂ ਕਿਹਾ ਕਿ ਮਨਰੇਗਾ ਵਰਕਰਾਂ ਦੀ ਅਨਪੜ੍ਹਤਾ ਤੇ ਮਨਰੇਗਾ ਐਕਟ 2005 ਸਬੰਧੀ ਨਾ ਜਾਣਕਾਰੀ ਹੋਣ ਦਾ ਲਾਭ ਪੜ੍ਹੇ ਲਿੱਖੇ ਅਧਿਕਾਰੀ ਮਿਲੀ ਭੁਗਤ ਨਾਲ ਲੈ ਰਹੇ ਹਨ। ਉਹਨਾਂ ਦੱਸਿਆ ਕਿ ਸਾਰੇ ਜ਼ਿਲੇ ਦੇ ਮਨਰੇਗਾ ਵਰਕਰਾਂ ਨੂੰ ਨਵੇਂ ਜਾਬ ਕਾਰਡ ਜਾਰੀ ਹੋ ਚੁੱਕੇ ਹਨ ਤੇ ਇਥੇ ਪੁਰਾਣੇ ਜਾਬਕਾਰਡਾਂ ਵਿਚ ਬਿਨ੍ਹਾਂ ਕੰਮ ਦੇ ਸਾਰੇ ਇੰਦਰਾਜ ਕਰਨ ਤੋਂ ਬਿਨ੍ਹਾਂ ਹੀ ਝੂਠੀਆਂ ਤਸੱਲੀਆਂ ਅਤੇ ਧਰਵਾਸ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ।
ਇਥੇ ਇਸੇ ਤਰ੍ਹਾਂ ਸਾਲ 2009 -2010 ਦੇ ਜਾਬ ਕਾਰਡਾਂ ਵਿਚ ਕੁੱਝ 2011- 2012 ਦੇ ਵੀ ਇੰਦਰਾਜ ਦਰਜ ਹਨ। ਉਹਨਾਂ ਦੋਸ਼ ਲਾਇਆ ਕਿ ਉਕਤ ਘਪਲਿਆਂ ਨੂੰ ਸੋਚ ਸਮਝ ਕੇ ਪੂਰੀ ਯੋਜਨਾ ਅਨੁਸਾਰ ਰੰਗਤ ਦੇ ਕੇ ਸਾਰੀਆਂ ਹੱਦਾਂ ਟੱਪੀਆਂ ਗਈਆਂ ਹਨ। ਮਨਰੇਗਾ ਵਰਕਰਾਂ ਲਈ ਆਨ ਲਾਇਨ ਵਧੀਆ ਢਾਚੇ ਦਾ ਪ੍ਰਬੰਧ ਪ੍ਰੰਤੂ ਇਸ ਬਾਰੇ ਉਹਨਾਂ ਨੂੰ ਕੁੱਝ ਵੀ ਜਾਣਕਾਰੀ ਨਹੀਂ ਹੈ । ਉਹਨਾਂ ਕਿਹਾ ਕਿ ਆਨ ਲਾਇਨ ਵੀ ਅਧੂਰਾ ਡਾਟਾ ਅਪ ਲੋਡ ਕੀਤਾ ਜਾਂਦਾ ਹੈ ਅਤੇ ਉਪਰਲੇ ਅਧਿਕਾਰੀ ਅਜਿਹਾ ਕਰਨ ਵਾਲਿਆਂ ਨਾਲ ਮਿਲੇ ਹੋਏ ਹਨ। ਪਿੰਡਾਂ ਵਿਚ ਆਮਤੋਰ ਤੇ ਹਾਲੇ ਵੀ ਗਰੀਬ ਲੋਕਾਂ ਨੂੰ ਗੁਲਾਮਾਂ ਵਾਲੀ ਜਿੰਦਗੀ ਜਿੳੂਣੀ ਪੈ ਰਹੀ ਹੈ। ਮਨਰੇਗਾ ਐਕਟ 2005 ਅਨੁਸਾਰ ਸੈਕਸ਼ਨ 27 ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਜਿਸ ਪਿੰਡ ਦੇ ਵਿਕਾਸ ਕੰਮਾਂ ਵਿਚ ਭਿ੍ਰਸ਼ਟਾਚਾਰ ਹੁੰਦਾ ਉਸ ਪਿੰਡ ਦੀ ਗ੍ਰਾਂਟ ਸਰਕਾਰ ਬੰਦ ਕਰ ਸਕਦੀ ਹੈ ਪ੍ਰੰਤੂ ਅਜਿਹਾ ਹੁੰਦਾ ਹੀ ਨਹੀਂ ਹੈ। ਸਰਕਾਰ ਦੀ ਉਕਤ ਕਾਰਵਾਈ ਗਲਤ ਹੈ ਕਿਉਕਿ ਇਸ ਨਾਲ ਭਿ੍ਰਸ਼ਟਾਚਾਰ ਕਰਨ ਵਾਲੇ ਨੂੰ ਤਾਂ ਕੋਈ ਸਜਾ ਨਹੀਂ ਸਗੋਂ ਇਸ ਨਾਲ ਮਨਰੇਗਾ ਵਰਕਰਾਂ ਦੀ ਮਜਦੂਰੀ ਹੀ ਖੋਹ ਲਈ ਜਾਂਦੀ ਹੈ। ਮਨਰੇਗਾ ਵਰਕਰਾਂ ਨੂੰ ਜਾਬ ਕਾਰਡ ਇਹ ਕਹਿ ਕੇ ਨਾ ਦੇਣੇ ਕਿ ਅਸੀਂ ਸੰਭਾਲ ਕੇ ਰੱਖਾਂਗੇ ਵੀ ਅਪਣੇ ਆਪ ਵਿਚ ਭਿ੍ਰਸ਼ਟਾਚਾਰ ਨੂੰ ਸ਼ਹਿ ਦੇਣਾ ਹੈ। ਸ੍ਰੀ ਧੀਮਾਨ ਨੇ ਦੱਸਿਆ ਕਿ ਉਹ ਉਕਤ ਮਾਮਲਾ ਮਨਰੇਗਾ ਜਨ ਲੋਕ ਪਾਲ ਦੇ ਧਿਆਨ ਵਿੱਚ ਲਿਆ ਰਹੇ ਹਨ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਉਹ ਮਲਰੇਗਾ ਦੇ ਢਾਂਚੇ ਨੂੰ ਪਾਰਦਰਸ਼ਕ ਬਣਾ ਕੇ ਰੱਖਣ ਲਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਵੇ।
ਇਸ ਸਬੰਧ ਵਿੱਚ ਪਿੰਡ ਦੀ ਪੰਚਾਇਤ ਦਾ ਕਹਿਣ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੋਇਆ । ਪਿੰਡ ਦਾ ਅਥਾਹ ਵਿਕਾਸ ਹੋਇਆ ਹੈ ਜਿਹਨਾਂ ਵਿੱਚ ਸਕੂਲ ਦਾ ਖੇਡ ਮੈਦਾਨ, ਸ਼ਮਸ਼ਾਨ ਘਾਟ, ਪਲਾਂਟੇਸ਼ਨ ਵਰਕ, ਫਾਇਰ ਸੁਰਖਿਅਤਾ ਆਦਿ ਲੱਖਾਂ ਰੁਪਏ ਦੇ ਕੰਮ ਕਰਵਾਏ ਗਏ ਹਨ। ਮਨਰੇਗਾ ਦੇ ਕੰਮ ਵਿੱਚ ਕੋਈ ਘਪਲੇਬਾਜ਼ੀ ਨਹੀਂ ਹੋਈ। ਕੁੱਝ ਲੋਕ ਪਿੰਡ ਦੀ ਪੰਚਾਇਤ ਨੂੰ ਬਦਨਾਮ ਕਰ ਰਹੇ ਹਨ। ਇਸ ਸਬੰਧ ਵਿੱਚ ਐਸ ਡੀ ਐਮ ਦਫਤਰ ਗੜ੍ਹਸ਼ੰਕਰ ਦੇ ਅਧਿਕਾਰੀਆਂ ਦਾ ਕਹਿਣ ਹੈ ਕਿ ਇਸ ਸਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਦੋ ਪਿੰਡ ਹਨ, ਸ਼ਿਕਾਇਤ ਕਿਹੜੇ ਪਿੰਡ ਦੀ ਹੈ ਬਾਰੇ ਸ਼ਿਕਾਇਤ ਮਿਲਣ ’ਤੇ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇਗੀ।