ਮਰੇ ਪਸ਼ੂਆਂ ਦੀਆਂ ਹੱਡੀਆਂ ਸਾੜ ਕੇ ਸੁਆਹ ਬਣਾਉਣ ਕਾਰਨ ਲੋਕ ਦੁੱਖੀ -ਸ਼ਿਵ ਕੁਮਾਰ ਬਾਵਾ
Posted on:- 08-06-2014
ਮਾਹਿਲਪੁਰ ਫਗਵਾੜਾ ਰੋਡ ਤੇ ਸਥਿਤ ਠੁਆਣਾ ਨੇੜੇ ਹੱਡਾ ਰੋੜੀ ਉਤੇ ਮਰੇ ਪਸ਼ੂਆਂ ਦੀਆਂ ਹੱਡੀਆਂ ਨੂੰ ਇਕੱਠਾ ਕਰਕੇ ਅੱਗ ਲਗਾ ਕੇ ਗੈਰ ਕਨੂੰਨੀ ਢੰਗ ਨਾਲ ਉਨ੍ਹਾਂ ਤੋਂ ਸੁਆਹ ਬਣਾ ਕੇ ਦੁਸਰੇ ਸੁਬਿਆਂ ਨੂੰ ਭੇਜਣ ਤੇ ਆਸ ਪਾਸ ਪ੍ਰਦੂਸ਼ਣ ਪੈਦਾ ਕਰਨ ਤੋਂ ਪਿੰਡ ਸਮੇਤ ਇਲਾਕੇ ਦੇ ਲੋਕ ਅਤਿ ਦੇ ਦੁੱਖੀ ਹਨ। ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਵਿਭਾਗ ਵਲੋਂ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਸਮੇਤ ਇਲਾਕੇ ਦੇ ਲੋਕਾਂ ਦਾ ਕਹਿਣ ਹੈ ਕਿ ਉਕਤ ਧੰਦਾ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਇਸ ਕੰਮ ਨੂੰ ਕਰਨ ਵਾਲੇ ਵਿਅਕਤੀ ਰਾਤ ਦੇ ਹਨੇਰੇ ਤੇ ਹੱਡਾਂ ਰੋੜੀ ਦੇ ਆਲੇ ਦੁਆਲੇ ਪੈਦਾ ਹੋਈਆਂ ਝਾੜੀਆਂ ਦਾ ਲਾਭ ਲੈ ਕੇ ਕੰਮ ਕਰਦੇ ਹਨ। ਪਰ ਖੁਲ੍ਹੀ ਹਵਾ ਵਿਚ ਸੜ ਰਹੇ ਹੱਡਾਂ ਕਾਰਨ ਧੂਏਂ ਦੀ ਬਦਬੂ ਦੂਰ ਦੂਰ ਤੱਕ ਜਾਂਦੀ ਹੈ ਜਿਸ ਸਦਕਾ ਆਸ ਪਾਸ ਰਹਿੰਦੇ ਲੋਕਾਂ ਲਈ ਵੱਡੀ ਮੁਸੀਬਤ ਪੈਦਾ ਹੋ ਰਹੀ ਹੈ।
ਲੋਕਾਂ ਦਾ ਕਹਿਣ ਹੈ ਕਿ ਇਥੇ 3 ਕੁ ਸਾਲ ਪਹਿਲਾਂ ਉਕਤ ਧੰਦਾ ਸ਼ਰੂ ਕੀਤਾ ਗਿਆ ਸੀ ਜਿਸ ਦੇ ਸਬੰਧ ਵਿਚ ਉਨ੍ਹਾਂ ਵਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਧਿਆਨ ਹੇਠ ਲਿਆਕੇ ਇਸ ਗੈਰ ਕਨੂੰਨੀ ਕੰਮ ਨੂੰ ਬੰਦ ਕਰਵਾਇਆ ਗਿਆ ਸੀ। ਉਹਨਾਂ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਰਕੇ ਇਹ ਕੰਮ ਦੁਬਾਰਾ ਸ਼ੁਰੂ ਕਰ ਦਿਤਾ ਗਿਆ ਹੈ। ਸਭ ਤੋਂ ਵੱਧ ਨੁਕਸਾਨ ਭੱਠੇ ਉਤੇ ਕੰਮ ਕਰਦੀ ਲੇਬਰ ਤੇ ਆਸ ਪਾਸ ਰਹਿੰਦੇ ਲੋਕਾਂ ਤੇ ਕੰਮ ਕਰਦੇ ਕਿਸਾਨਾ ਦਾ ਹੋ ਰਿਹਾ ਹੈ। ਫਿਰ ਇਸ ਹੱਡਾ ਰੋੜੀ ਉਤੇ ਐਨੇ ਅਵਾਰਾ ਕੁਤੇ ਹਨ ਕਿ ਹਮੇਸ਼ਾਂ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ। ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰਾਂ ਨੂੰ ਇੰਝ ਲਗਦਾ ਹੈ ਜਿਵੇਂ ਕਿ ਵਾਤਾਵਰਣ ਦੀ ਇਨ੍ਹਾਂ ਨੇ ਬਹੁਤ ਸੰਭਾਲ ਕਰ ਲਈ ਹੈ।
ਇਸ ਸਮੇਂ ਸਭ ਤੋਂ ਵੱਡਾ ਖਤਰਾ ਦੇਸ਼ ਵਾਸੀਆਂ ਨੂੰ ਹਵਾ ਦੀ ਗੁਣਵਤਾ ਵਿਚ ਆ ਰਹੀ ਗਿਰੁਵਟ ਤੋਂ ਹੈ ਪਰ ਹਵਾਂ ਦੀ ਗੁਣਵਤਾ ਬਣਾ ਕੇ ਰਖਣਾ ਵਾਤਾਵਰਣ ਦੇ ਇੰਜੀਨੀਅਰਾਂ ਦਾ ਫਰਜ਼ ਹੈ ਪਰ ਇਸ ਵਿਭਾਗ ਨੂੰ ਵੀ ਬਾਕੀ ਦੇ ਸਰਕਾਰੀ ਵਿਭਾਗ ਵਾਂਗ ਭਿ੍ਰਸ਼ਟਾਚਾਰ ਦਾ ਵੱਡਾ ਜੰਗ ਲਗਾ ਹੋਇਆ ਹੈ, ਜਿਨ੍ਹਾਂ ਦੀ ਮਿਹਰਬਾਨੀ ਸਦਕਾ ਕੁਦਰਤੀ ਸਰੋਤਾਂ ਦੀ ਵੱਡੇ ਪੱਧਰ ਤੇ ਤਬਾਹੀ ਹੋ ਰਹੀ ਹੈ। ਲੋਕਾਂ ਦਾ ਕਹਿਣ ਹੈ ਕਿ ਵਾਤਾਵਰਣ ਐਕਟ ਦੇ ਅਨੁਸਾਰ ਘਾਹ ਫੂਸ ਨੂੰ ਸਾੜਣਾ ਖੁਲੀ ਹਵਾ ਵਿਚ ਗੈਰ ਕਨੂੰਨੀ ਹੈ ਤੇ ਫਿਰ ਮਰੇ ਪਸ਼ੂਆਂ ਦੀਆਂ ਹੱਡੀਆਂ ਨੂੰ ਸਾੜਣਾ ਕਿਵੇਂ ਮਾਨਤਾ ਪ੍ਰਾਪਤ ਹੋ ਸਕਦਾ ਹੈ।
ਭੜਕੇ ਹੋਏ ਪੇਂਡੂ ਲੋਕਾਂ ਨੇ ਜਦੋਂ ਉਕਤ ਮਾਮਲਾ ਸਬੰਧਤ ਵਧੀਕ ਇੰਜੀਨੀਅਰ ਦੇ ਧਿਆਨ ਹੇਠ ਲਿਆਣਾ ਚਾਹਿਆ ਤਾਂ ਉਨ੍ਹਾਂ ਨੇ ਅਪਣਾ ਮੋਬਾਇਲ ਹੀ ਨਹੀਂ ਚੁੱਕਿਆ।
ਉਹਨਾਂ ਜਦ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਲਿਖਤੀ ਸ਼ਕਾਇਤ ਭੇਜੋ ਤੇ ਫਿਰ ਕਾਰਵਾਈ ਲਈ ਸਲਾਹ ਮਸ਼ਵਰਾ ਕੀਤਾ ਜਾਵੇਗਾ। ਉਹਨਾਂ ਕਿਹਾ ਵਿਭਾਗ ਦੇ ਉਕਤ ਇੰਜੀਨੀਅਰਾਂ ਉਤੇ ਲੱਖਾਂ ਰੁਪਏ ਖਰਚਿਆ ਜਾਂਦਾ ਹੈ ਕਿ ਇਹ ਲੋਕਾਂ ਨੂੰ ਸਿਹਤਮੰਦ ਹਵਾ ਮੁਹੱਈਆ ਕਰਵਾ ਸਕਣ ਪ੍ਰੰਤੂ ਉਹ ਇਸ ਪਾਸੇ ਕੋਈ ਧਿਆਨ ਹੀ ਨਹੀਂ ਦੇ ਰਹੇ। ਉਹਨਾ ਕਿਹਾ ਕਿ ਅਜ਼ਾਦੀ ਦੇ 67 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤਕ ਹੱਡਾ ਰੋੜੀਆਂ ਦਾ ਸਾਰਾ ਢਾਚਾਂ ਜਿਉ ਦੀ ਤਿਉ ਹੀ ਚੱਲਿਆ ਆ ਰਿਹਾ ਹੈ ਤੇ ਖੁਲੀ ਹਵਾ ਵਿਚ ਹੱਡਾ ਰੋੜੀਆਂ ਸੜਕਾਂ ਕਿਨਾਰੇ ਬਣ ਰਹੀਆਂ ਹਨ, ਜਿਨ੍ਹਾਂ ਨੂੰ ਨਵੀਂ ਤਕਨੀਕ ਦੇ ਤਹਿਤ ਮਾਡਰਨ ਨਾਇਜ ਕਰਨਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਇਹ ਵੀ ਹੈ ਇਨ੍ਹਾਂ ਹੱਡਾ ਰੋਡੀਆਂ ਉਤੇ ਅਵਾਰਾ ਕੁੱਤਿਆਂ ਦਾ ਇਕੱਠਾ ਹੋਣਾ ਹੋਰ ਵੀ ਲੋਕਾਂ ਲਈ ਘਾਤਕ ਹੈ। ਲੋਕਾਂ ਨੇ ਦੱਸਿਆ ਕਿ ਉਹਨਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਫੋਟੋਆਂ ਸਮੇਤ ਭੇਜ ਕੇ ਵਾਤਾਵਰਣ ਬਚਾਉਣ ਅਤੇ ਇਸ ਗੈਰ ਕਨੂੰਨੀ ਧੰਦੇ ਤੁਰੰਤ ਬੰਦ ਕਰਨ ਦੀ ਮੰਗ ਕੀਤੀ।
harman
Bohat waidya