ਪਾਣੀ ਪੀਣ ਲਈ ਘੜਿਆਂ ’ਤੇ ਕੱਟਕੇ ਰੱਖੀਆਂ ਨੇ ‘ਸ਼ਰਾਬ’ ਵਾਲੀਆਂ ਬੋਤਲਾਂ
ਬੁਢਲਾਡਾ: ਲੋਕ ਸਭਾ ਚੋਣਾਂ ਚ ਰੁੱਝੇ ਪ੍ਰਸ਼ਾਸਨ ਨੂੰ ਮੰਡੀਆਂ ਚ ਰੁਲ ਰਹੇ ਕਿਸਾਨਾਂ ਦਾ ਉੱਕਾ ਹੀ ਖਿਆਲ ਨਹੀਂ।ਹਾਲਾਤ ਇਹ ਹਨ ਕਿ ਕਈ ਥਾਈ ਇੰਸਪੈਕਟਰਾਂ ਨੇ ਖਰੀਦ ਮੰਡੀਆਂ ਤੋ ਹਾਲੇ ਤੱਕ ਦੂਰੀ ਬਣਾਈ ਹੋਈ ਹੈ।ਕੁਝ ਅਨਾਜ ਮੰਡੀਆਂ ਚ ਬੈਠੇ ਕਿਸਾਨਾਂ ਨੂੰ ਤਾਂ ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਜਿਸ ਖਰੀਦ ਕੇਦਰ ਚ ਉਹ ਆਪਣੀ ਕਣਕ ਵੇਚਣ ਆਏ ਹਨ ਉਥੇ ਖਰੀਦ ਕਿਸ ਏਜੰਸੀ ਦੀ ਹੈ।ਸ਼ੇਰਖਾਂ ਵਾਲਾ ਦੇ ਖਰੀਦ ਕੇਦਰ ਚ ਬੈਠੇ ਮੰਘਾਣੀਆਂ ਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਦਿਨ ਮੰਡੀ ਚ ਆਪਣੀ ਕਣਕ ਵੇਚਣ ਲਈ ਬੈਠੇ ਹਨ ਪਰ ਅਜੇ ਤੱਕ ਇਥੇ ਕੋਈ ਖਰੀਦ ਅਧਿਕਾਰੀ ਨਹੀਂ ਪੁੱਜਿਆ।ਉਨਾਂ ਇਥੋ ਤੱਕ ਕਿਹਾ ਕਿ ਮੰਡੀ ਚ ਕਿਸਾਨ ਆਪਣੀ ਕਣਕ ਲਈ ਬੈਠੇ ਹਨ ਪਰ ਉਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਸ ਕੇਂਦਰ ਦੀ ਖਰੀਦ ਕਿਹੜੀ ਏਜੰਸੀ ਕੋਲ ਹੈ।ਦੂਜੇ ਪਾਸੇ ਬਿਗੜ ਰਹੇ ਮੌਸਮੀ ਮਿਜਾਜ ਨੂੰ ਦੇਖ ਕਾਹਲੀ ਨਾਲ ਫਸਲ ਕੱਟਕੇ ਅਨਾਜ ਮੰਡੀਆਂ ਚ ਲਿਆਂਦੀ ਕਣਕ ਚ ਨਮੀ ਦਾ ਮਾਤਰਾ ਵੱਧ ਹੋਣ ਕਾਰਨ ਪ੍ਰਾਈਵੇਟ ਖਰੀਦਦਾਰਾਂ ਨੇ ਅਜੇ ਤੱਕ ਕਿਸੇ ਵੀ ਮੰਡੀ ਚ ਆਪਣਾ ਖਾਤਾ ਨਹੀਂ ਖੋਲਿਆ।ਮਾਰਕੀਟ ਕਮੇਟੀ ਬੋਹਾ ਦੀ ਗੱਲ ਕਰੀਏ ਤਾਂ ਮੁੱਖ ਯਾਰਡ ਸਮੇਤ ਇਸ ਅਧੀਨ ਆਉਦੇ 13 ਖਰੀਦ ਕੇਦਰਾਂ ਚ ਸਾਲ 2013 ਦੌਰਾਨ 20 ਅਪ੍ਰੈਲ ਤੱਕ 13690 ਟਨ ਕਣਕ ਦੀ ਆਮਦ ਹੋਈ ਸੀ ਜਿਹੜੀ ਅੱਜ ਘਟਕੇ ਕੇਵਲ 6435 ਰਹਿ ਗਈ ਹੈ।ਪਿਛਲੇ ਵਰੇ 20 ਅਪ੍ਰੈਲ ਤੱਕ ਖਰੀਦ ਕੇਦਰਾਂ ਚ ਹੋਈ ਕਣਕ ਦੀ ਆਮਦ ਨਾਲੋਂ ਇਸ ਵਰੇ 53 ਫੀਸਦੀ ਕਮੀ ਦਰਜ ਕੀਤੀ ਗਈ ਹੈ।
ਖਰੀਦ ਕੇਦਰਾਂ ਦੀ ਲਿਫਟਿੰਗ ‘ਜ਼ੀਰੋ’:
ਮਾਰਕੀਟ ਕਮੇਟੀ ਬੋਹਾ ਦੇ ਮੁੱਖ ਯਾਰਡ ਸਮੇਤ ਇਸ ਅਧੀਨ ਆਉਦੇ 13 ਅਨਾਜ ਖਰੀਦ ਕੇਦਰਾਂ ਚ ਖਰੀਦੀ 6435 ਟਨ ਕਣਕ ਚੋ ਇੱਕ ਦਾਣਾ ਵੀ ਲਿਫਟਿੰਗ ਨਹੀਂ ਕੀਤਾ ਗਿਆ।ਜਿਸ ਨਾਲ ਆਉਣ ਵਾਲੇ ਦਿਨਾਂ ਚ ਮੰਡੀਆਂ ਦਾ ਇਹ ਸੰਕਟ ਵੱਡਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹੈ।