ਰਾਮੂਵਾਲੀਆ ਭਰਾਵਾਂ ਵੱਲੋਂ 1984 ਦੇ ਸਾਕਾ ਨੀਲਾ ਤਾਰਾ ਬਾਰੇ ਸਨਸਨੀਖ਼ੇਜ਼ ਖੁਲਾਸਾ
Posted on:- 25-02-2014
ਅਸੀਂ ਬਲਵੰਤ ਸਿੰਘ ਰਾਮੂਵਾਲੀਆ ਦੇ ਸਕੇ ਭਰਾ ਹਾਂ, ਅਤੇ ਉਸ ਦੇ ਸਿਆਸੀ ਜੀਵਨ ਦੌਰਾਨ ਉਸ ਦੇ ਬਹੁਤ ਹੀ ਕਰੀਬ ਹੋ ਕੇ ਵਿਚਰੇ ਹਾਂ। 1972 ਤੋਂ ਅਸੀਂ ਕੈਨੇਡਾ ਦੇ ਵਸਨੀਕ ਹਾਂ। ਟਰਾਂਟੋ `ਚ ਸਰਕਾਰੀ ਸਕੂਲਾਂ `ਚ 28 ਸਾਲ ਵਿਦਿਅਕਾਰੀ ਕਰਨ ਤੋਂ ਬਾਅਦ ਦੋ ਸਾਲ ਤੋਂ ਸੇਵਾ-ਮੁਕਤੀ ਦਾ ਜੀਵਨ ਬਤੀਤ ਕਰ ਰਹੇ ਹਾਂ। ਅਸੀਂ ਆਪਣੀ ਆਤਮਾ ਤੋਂ ਬੋਝ ਲਾਹੁਣ ਲਈ ਸਿੱਖਾਂ ਅਤੇ ਪੰਜਾਬੀਆਂ ਸਾਹਮਣੇ ਇਹ ਖੁਲਾਸਾ ਕਰਨਾ ਚਾਹੁੰਦੇ ਹਾਂ ਕਿ ਨੀਲਾ ਤਾਰਾ ਹਮਲੇ ਦੀ ਹਕੀਕਤ ਬਾਰੇ ਸਾਡਾ ਸਕਾ ਭਰਾ ਬਲਵੰਤ ਸਿੰਘ ਰਾਮੂਵਾਲੀਆ ਕੀ ਕਹਿੰਦਾ ਰਿਹਾ ਹੈ। ਸਿੱਖਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਸਿਆਸੀ ਲੋਕ ਆਪਣੀਆਂ ਖੁਦਗਰਜ਼ੀਆਂ ਲਈ ਕਿਵੇਂ ਲੋਕਾਂ ਦਾ ਘਾਣ ਕਰਾਉਂਦੇ ਹਨ, ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣਦੇ ਹਨ, ਤੇ ਫਿ਼ਰ ਇੱਕ ਪਾਰਟੀ `ਚੋਂ ਦੂਜੀ `ਚ ਛਾਲ਼ ਮਾਰ ਕੇ ‘ਏਕ ਜੋਤ ਦੋ ਮੂਰਤੀ’ ਬਣ ਜਾਂਦੇ ਹਨ।
ਦਰਬਾਰ ਸਾਹਿਬ ਉੱਪਰ ਹੋਏ ਹਮਲੇ ਨੇ ਸਿੱਖਾਂ ਦਾ ਸਾਰੇ ਹਿੰਦੋਸਤਾਨ ਵਿੱਚ ਘਾਣ ਕਰਵਾ ਦਿੱਤਾ, ਜਵਾਨੀਆਂ ਨੂੰ ਗੁੰਮਰਾਹ ਕਰ ਕੇ ਘਰਾਂ ਦੇ ਘਰ ਉਜਾੜ ਦਿੱਤੇ, ਪਰ ਸਿੱਖਾਂ ਸਾਹਮਣੇ ਇਸ ਹਮਲੇ ਦੇ ਅਸਲੀ ਕਲਾਕਾਰਾਂ ਦੀ ਪਛਾਣ ਤੀਹ ਸਾਲ ਛੁਪੀ ਰਹੀ। ਦਰਬਾਰ ਸਾਹਿਬ ਉੱਪਰ ਹੋਏ ਹਮਲੇ ਵਿੱਚ ਬਾਦਲ, ਟੌਹੜਾ, ਲੌਂਗੋਵਾਲ ਅਤੇ ਬਰਨਾਲਾ ਦੀ ਕਥਿਤ ਸ਼ਮੂਲੀਅਤ ਵਾਲੀ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ, ਅਤੇ ਲੌਂਗੋਵਾਲ ਤੇ ਟੌਹੜਾ ਦੀਆਂ ਆਰ. ਕੇ. ਧਵਨ ਨੂੰ ਲਿਖੀਆਂ ਚਿੱਠੀਆਂ ਨੇ ਬੀਤੇ ਦਿਨੀਂ ਮੀਡੀਆ ਵਿੱਚ ਲਿਆਂਦੀ ਹੈ, ਬਲਵੰਤ ਸਿੰਘ ਰਾਮੂਵਾਲੀਆ ਨੇ ਇਹੀ ਗੱਲ 1984 ਦੇ ਹਮਲੇ ਤੋਂ ਫੌਰਨ ਬਾਅਦ ਹੀ ਸਾਡੇ ਪਰਵਾਰਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਸੀ। 1983-84 ਵਾਲ਼ੇ ਮੋਰਚੇ ਸਮੇਂ ਸੰਤ ਲੌਂਗੋਵਾਲ ਵੱਲੋਂ ਚਿੱਠੀਆਂ ਅਤੇ ਪ੍ਰੈਸ ਬਿਆਨ ਲਿਖਣ, ਅਤੇ ਚੌਵੀ ਘੰਟੇ ਸੰਤ ਲੌਂਗੋਵਾਲ ਦੇ ਸੰਗੀ ਤੇ ਵਿਸ਼ਵਾਸ਼ਪਾਤਰ ਰਾਮੂਵਾਲੀਆ ਜੀ ਅਕਸਰ ਹੀ ਦੁਹਰਾਉਂਦੇ ਰਹੇ ਹਨ ਕਿ ਸੰਤ ਭਿੰਡਰਾਂਵਾਲਿਆਂ ਦੇ ਸਾਥੀ, ਅਕਾਲ ਤਖ਼ਤ ਉੱਪਰ ਕਬਜ਼ਾ ਕਰਨ ਤੋਂ ਬਾਅਦ, ਜਦੋਂ ਏ ਕੇ 47 ਬੰਦੂਕਾਂ ਨਾਲ਼ ਲੈਸ ਹੋ ਕੇ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਗਸ਼ਤਾਂ ਕਰਨ ਲੱਗੇ, ਤਾਂ ਅਕਾਲੀਆਂ ਅੰਦਰ ਡੂੰਘਾ ਸਹਿਮ ਛਾਅ ਗਿਆ ਸੀ। ਲਗਾਤਾਰ 18-20 ਸਾਲ, ਅਸੱਭਿਅਕ ਸ਼ਬਦਾਵਲੀ `ਚ ਸਮੁੱਚੇ ਬਾਦਲ ਪਰਵਾਰ ਦੀ ਬਦਖੋਹੀ ਕਰਨ ਵਾਲੇ ਰਾਮੂਵਾਲੀਆ ਅਨੁਸਾਰ ਬਾਦਲ ਸਾਹਿਬ ਤੇ ਮਰਹੂਮ ਖਜ਼ਾਨਾ ਮੰਤਰੀ ਬਲਵੰਤ ਸਿੰਘ ਤਾਂ ਦਰਬਾਰ ਸਾਹਿਬ ਵਿੱਚ ਆਉਣ ਤੋਂ ਹੀ ਕੰਨੀਂ ਕਤਰਾਉਣ ਲੱਗ ਪਏ ਸਨ।
ਰਾਮੂਵਾਲੀਆ ਕਿਹਾ ਕਰਦੇ ਸਨ ਕਿ ਅਕਾਲੀ ਦਲ ਦੀ ਸਹਿਮੀ ਤੇ ਮਾਯੂਸ ਹੋਈ ਹਾਈਕਮਾਂਡ ਅਕਸਰ ਹੀ ਵਿਚਾਰਾਂ ਕਰਦੀ ਸੀ ਕਿ ਸੰਤ ਭਿੰਡਰਾਂਵਾਲਿ਼ਆਂ ਦੇ ਹਥਿਆਰਬੰਦ ਦਸਤੇ ਅਕਾਲੀ ਦਲ ਦੇ ਪ੍ਰਮੁੱਖ ਲੀਡਰਾਂ ਦਾ ਜਾਨੀ ਨੁਕਸਾਨ ਕਰ ਦੇਣਗੇ, ਜਿਸ ਤੋਂ ਭੈਅ-ਭੀਤ ਹੋਏ ਅਕਾਲੀ ਵਰਕਰ ਸਿਆਸਤ ਛੱਡ ਕੇ ਘਰੋ-ਘਰੀ ਬਹਿ ਜਾਣਗੇ। ਰਾਮੂਵਾਲੀਆ ਕਿਹਾ ਕਰਦੇ ਸਨ ਕਿ ਇਹਨਾਂ ਅਕਾਲੀ ਲੀਡਰਾਂ (ਬਾਦਲ, ਟੌਹੜਾ, ਬਰਨਾਲਾ, ਲੌਂਗੋਵਾਲ) ਨੇ, ਅਹਿਮ ਕਾਂਗਰਸੀ ਨੇਤਾਵਾਂ ਅਤੇ ਉੱਚ-ਅਧਿਕਾਰੀਆਂ ਰਾਹੀਂ, ਇੰਦਰਾ ਗਾਂਧੀ ਨੂੰ, ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਕਰਨ ਲਈ ਰਾਜ਼ੀ ਕਰ ਲਿਆ ਸੀ ਤਾਂ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਸੰਤ ਜਰਨੈਲ ਸਿੰਘ ਦੇ ਹਥਿਆਰਬੰਦ ਦਸਤਿਆਂ ਤੋਂ “ਮੁਕਤ” ਕਰਾਇਆ ਜਾਵੇ। ਰਾਮੂਵਾਲੀਆ ਅਕਸਰ ਹੀ ਇਹ ਵੀ ਕਿਹਾ ਕਰਦੇ ਸਨ ਕਿ “ਪਰਕਾਸ਼ ਸਿੰਘ ਬਾਦਲ ਸਾਨੂੰ ਫਸਾਅ ਕੇ ਆਪ ਯੂ. ਪੀ. ਜਾ ਬੈਠਾ ਤੇ ਸਾਨੂੰ ਇਹ ਹੁਕਮ ਲਾ ਗਿਆ ਸੀ ਕਿ ਤੁਸੀਂ ਤੇਜਾ ਸਿੰਘ ਸਮੁੰਦਰੀ ਕੰਪਲੈਕਸ ਵਿੱਚ ਹੀ ਰਹਿਣਾ ਹੈ ਤਾਂ ਕਿ ਸਿੱਖਾਂ ਵਿੱਚ ਇਹ ਪਰਚਾਰ ਸ਼ੁਰੂ ਨਾ ਹੋ ਜਾਵੇ ਕਿ ਅਕਾਲੀ ਲੀਡਰਸਿ਼ਪ ਡਰ ਕੇ ਦੌੜ ਗਈ।” ਸ. ਰਾਮੂਵਾਲੀਆ ਇਹ ਵੀ ਕਿਹਾ ਕਰਦੇ ਸਨ ਕਿ ਬਾਦਲ ਸਾਹਿਬ ਵੱਲੋਂ ਟੌਹੜਾ, ਲੌਂਗੋਵਾਲ, ਰਾਮੂਵਾਲੀਆ, ਬੀਬੀ ਅਮਰਜੀਤ ਕੌਰ ਨੂੰ ਇਹ ਵਿਸ਼ਵਾਸ਼ ਦੁਆਇਆ ਗਿਆ ਸੀ ਕਿ ਹਮਲਾ ਹੋਣ ਦੀ ਸੂਰਤ ਵਿੱਚ ਫੌਜ ਇਹਨਾਂ ਲੀਡਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ਼ ‘ਗ੍ਰਿਫਤਾਰ’ ਕਰ ਕੇ ਬਚਾਵੇਗੀ, ਤੇ ਸੰਤ ਭਿੰਡਰਾਂਵਾਲਿਆਂ ਨੂੰ ਖੁਦੇੜਨ ਲਈ ਅਕਾਲ ਤਖ਼ਤ ਨੂੰ ਹੀ ਨਿਸ਼ਾਨਾ ਬਣਾਏਗੀ।
ਰਾਮੂਵਾਲੀਆ ਜੀ ਦੱਸਿਆ ਕਰਦੇ ਸਨ ਕਿ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਏਨਾ ਖੂਨ ਵਹੇਗਾ ਅਤੇ ਦੁਨੀਆਂ ਭਰ ਵਿੱਚ ਸਿੱਖਾਂ ਨੂੰ ਜ਼ਲੀਲ ਹੋਣਾ ਪਵੇਗਾ। ਸਾਬਕਾ ਲੋਕ ਭਲਾਈ ਪਾਰਟੀ ਦੇ ਮੁਖੀ ਕਿਹਾ ਕਰਦੇ ਸਨ ਕਿ ਦਰਬਾਰ ਸਾਹਿਬ ਵਿੱਚ ਆਪਣੇ ਅੱਖੀਂ ਦੇਖੇ ਖੂਨ ਦੇ ਛੱਪੜਾਂ ਅਤੇ ਲਾਸ਼ਾਂ ਦੇ ਢੇਰਾਂ ਦਾ ਚੇਤਾ ਕਰ ਕੇ ਉਹਨਾਂ ਦੀ ਆਤਮਾ ਲਾਹਨਤਾਂ ਪਾਉਂਦੀ ਰਹਿੰਦੀ ਸੀ ਜਿਸ ਕਰ ਕੇ ਉਹ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਇਹ ਸੱਚ ਇਕ ਕਿਤਾਬ ਰਾਹੀਂ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਸਨ ਕਿ ਇਹ ਹਮਲਾ ਅਤੇ ਇਸ ਤੋਂ ਬਾਅਦ ਹੋਈ ਸਿੱਖਾਂ ਦੀ ਜ਼ਲਾਲਤ ਲਈ ਇੰਦਰਾ ਗਾਂਧੀ ਦੇ ਨਾਲ਼ ਨਾਲ਼ ਅਕਾਲੀ ਦਲ ਦੀ ਚੋਟੀ ਦੀ ਲੀਡਰਸਿ਼ਪ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ। ਪਰ ਉਹ ਡਰਦੇ ਸਨ ਕਿ ਅਜੇਹੀ ਕਿਤਾਬ ਤੋਂ ਬਾਅਦ ਉਹਨਾਂ ਨੂੰ ਜਿਸਮਾਨੀ ਤੌਰ ਤੇ ਖ਼ਤਮ ਕਰਾ ਦਿੱਤਾ ਜਾਵੇਗਾ।
ਵੱਲੋਂ: ਡਾਕਟਰ ਰਛਪਾਲ ਸਿੰਘ ਰਾਮੂੰਵਾਲੀਆ, ਇਕਬਾਲ ਸਿੰਘ ਰਾਮੂੰਵਾਲੀਆ ਫੋਨ ਨੰਬਰ ਕੈਨਡਾ -001-905-843-9073 ਮਿਤੀ: 19.02.2014
sunny
badal da asli chehra benkab te Ramoo daasli sach vee ayiaa sahmne