ਮਾਹਿਲਪੁਰ ਦੇ ਪਿੰਡਾਂ ਨੂੰ ਲੱਗੀਆਂ ਪੰਜਾਬ ਰੋਡਵੇਜ਼ ਦੀਆਂ ਸੱਤ ਬੱਸਾਂ ਚੋਂ ਚਾਰ ਬੰਦ
Posted on:- 24-02-2014
-ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਕੰਢੀ ਖਿੱਤੇ ਸਮੇਤ ਹੋਰ ਪਿੰਡਾਂ ਨੂੰ ਮਾਹਿਲਪੁਰ ਤੋਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਪੰਜਾਬ ਦੀਆਂ ਸੱਤ ਬੱਸਾਂ ਵਿੱਚੋਂ ਤਿੰਨ ਮੁਕੰਮਲ ਤੌਰ ਤੇ ਬੰਦ ਅਤੇ ਚਾਰ ਉਚ ਅਧਿਕਾਰੀਆਂ ਵਲੋਂ ਨਿਜੀ ਬੱਸ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਉਹਨਾਂ ਨੂੰ ਜਾਣ ਬੁੱਝਕੇ ਛੁੱਟੀ ਤੇ ਭੇਜਣ ਅਤੇ ਵਿਭਾਗ ਨੂੰ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਘਾਟਾ ਪੈਣ ਅਤੇ ਪੇਂਡੂ ਲੋਕਾਂ ਦੇ ਵੱਡੇ ਪੱਧਰ ਤੇ ਖੱਜਲ ਖੁਆਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਰੋਡਵੇਜ਼ ਦੀਆਂ ਬੇਨਿਯਮੀਆਂ ਅਤੇ ਅਣਗਹਿਲੀਆਂ ਕਾਰਨ ਬੰਦ ਹੋ ਰਹੇ ਬੱਸ ਰੂਟਾਂ ਤੋਂ ਆਮ ਜਨਤਾ ਬੇਹੱਦ ਪ੍ਰੇਸ਼ਾਨ ਹੋ ਰਹੀ ਹੈ।
ਮਾਹਿਲਪੁਰ ਤੋਂ ਫਗਵਾੜਾ ਜਾਣ ਲਈ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਰੂਟ ਚੱਲਦੇ ਹਨ,ਜਿਹਨਾਂ ਵਿੱਚੋਂ ਤਿੰਨ ਰੂਟ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਹਨ। ਬਾਕੀ ਬੱਚਦੇ ਚਾਰ ਰੂਟਾਂ ’ ਤੇ ਵੀ ਡਰਾਈਵਰ ਅਤੇ ਕੰਡਕਟਰ ਵਧੇਰੇ ਕਰਕੇ ਛੁੱਟੀ ’ਤੇ ਰਹਿੰਦੇ ਹਨ। ਕਈ ਵਾਰੀ ਇਸ ਰੂਟ ’ਤੇ ਕਈ ਕਈ ਦਿਨ ਇੱਕ ਹੀ ਬੱਸ ਚਲਾਈ ਜਾਂਦੀ ਹੈ। ਜਿਸ ਨਾਲ ਆਮ ਜਨਤਾ ਨੂੰ ਸਫਰ ਕਰਨ ਲਈ ਪ੍ਰੇਸ਼ਾਨੀ ਹੁੰਦੀ ਹੈ ਅਤੇ ਨਿੱਜੀ ਬੱਸ ਕੰਪਨੀਆਂ ਨੂੰ ਵਧੇਰੇ ਲਾਭ ਪਹੁੰਚਦਾ ਹੈ, ਜਿਸ ਲਈ ਸਿੱਧੇ ਤੌਰ ਤੇ ਰੋਡਵੇਜ਼ ਦੇ ਡਿਊਟੀ ਸੈਕਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿੳੂਟੀ ਸੈਕਸ਼ਨ ਵਲੋਂ ਨਿੱਜੀ ਬੱਸ ਕੰਪਨੀਆਂ ਨੂੰ ਕਥਿੱਤ ਲਾਭ ਪਹੰੁਚਾਉਣ ਲਈ ਜਾਣ ਬੁੱਝਕੇ ਤਿੰਨ ਤਿੰਨ ਡਰਾਈਵਰ ਕੰਡਕਟਰਾਂ ਨੂੰ ਛੁੱਟੀ ਭੇਜ ਦਿੱਤਾ ਜਾਂਦਾ ਹੈ। ਜਦਕਿ ਛੁੱਟੀ ਗਏ ਉਕਤ ਮੁਲਾਜ਼ਮਾਂ ਦੀ ਥਾਂ ਬਦਲਵੇਂ ਪ੍ਰਬੰਧ ਕੀਤੇ ਹੀ ਨਹੀਂ ਜਾਂਦੇ ਅਤੇ ਨਾ ਹੀ ਨਵੀਂਆਂ ਬੱਸਾਂ ਭੇਜੀਆਂ ਜਾਂਦੀਆਂ ਹਨ। ਉਕਤ ਸੱਤ ਰੂਟਾਂ ਵਿੱਚੋਂ ਇੱਕ ਵਿਸ਼ੇਸ਼ ਰੂਟ ਜੇਜੋਂ ਦੋਆਬਾ ਤੋਂ ਜਲੰਧਰ ਦਾ ਵੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਬੰਦ ਕੀਤਾ ਹੋਇਆ ਹੈ।
ਇਹਨਾਂ ਬੱਸ ਰੂਟਾਂ ਦੇ ਬਿਨਾ ਕਾਰਨ ਬੰਦ ਹੋਣ ਨਾਲ ਕੰਢੀ ਖੇਤਰ ਦੇ ਲੋਕਾਂ ਨੂੰ ਆਵਾਜਾਈ ਲਈ ਵਧੇਰੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਡਿਊਟੀ ਸੈਕਸ਼ਨ ਵਲੋਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਿੱਜੀ ਬੱਸ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਆਨੇ ਬਹਾਨੇ ਰੋਡਵੇਜ਼ ਦੀਆਂ ਬੱਸਾਂ ਖੜ੍ਹੀਆਂ ਕਰਵਾ ਦਿੱਤੀਆਂ ਜਾਂਦੀਆਂ ਹਨ॥ਉਹਨਾਂ ਦੱਸਿਆ ਕਿ ਰੋਡਵੇਜ਼ ਨੂੰ ਘਾਟਾ ਪੈਣ ਦਾ ਕਾਰਨ ਵਿਭਾਗ ਦੇ ਭਿ੍ਰਸ਼ਟ ਅਧਿਕਾਰੀਆਂ ਦੀਆਂ ਕਥਿੱਤ ਬੇਈਮਾਨੀਆਂ ਹੀ ਹਨ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਸਾਂ ਦੇ ਬੰਦ ਪਏ ਉਕਤ ਰੂਟ ਜਲਦੀ ਚਾਲੂ ਕੀਤੇ ਜਾਣ ਅਤੇ ਰੂਟ ਬੰਦ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਉਹਨਾਂ ਦਾ ਕਹਿਣ ਹੈ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਡਿਊਟੀ ਸੈਕਸ਼ਨ ਵਲੋਂ ਨਿਜੀ ਬੱਸ ਕੰਪਨੀਆਂ ਤੋਂ ਪੈਸੇ ਲੈ ਕੇ ਰੋਡਵੇਜ਼ ਦੀਆਂ ਬੱਸਾਂ ਆਨੇ ਬਹਾਨੇ ਖੜ੍ਹੀਆਂ ਕਰਵਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਨਿਜੀ ਬੱਸਾਂ ਵਾਲਿਆਂ ਦੇ ਮਾਲਿਕਾਂ ਨੂੰ ਵੱਧ ਲਾਭ ਮਿਲ ਸਕੇ। ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਜੇਜੋਂ ਜਲੰਧਰ ਅਤੇ ਮਾਹਿਲਪੁਰ ਤੋਂ ਫਗਵਾੜਾ ਰੂਟ ਕੰਢੀ ਖੇਤਰ ਦੇ ਲੋਕਾਂ ਲਈ ਆਵਾਜ਼ਾਈ ਲਈ ਮਹੱਤਵਪੂਰਨ ਸਥਾਨ ਰੱਖਦੇ ਹਨ। ਇਹ ਰੂਟ ਬੰਦ ਹੋਣ ਨਾਲ ਕੰਢੀ ਖੇਤਰ ਦੇ ਪੇਂਡੂ ਲੋਕਾਂ ਨੂੰ ਵੱਡੀ ਮਾਤਰਾ ਵਿੱਚ ਖੱਜ਼ਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਨੂੰ ਘਾਟਾ ਪੈਣ ਦਾ ਵੱਡਾ ਕਾਰਨ ਲੰਮੇ ਸਮੇਂ ਤੋਂ ਚੱਲਦੇ ਵੱਖ ਵੱਖ ਰੂਟਾਂ ਦਾ ਬੰਦ ਹੋਣਾ ਵੀ ਹੈ। ਉਹਨਾਂ ਸਰਕਾਰ ਅਤੇ ਸਟੇਟ ਟ੍ਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਬੰਦ ਪਏ ਰੂਟਾਂ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜ਼ਿਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧ ਵਿੱਚ ਪੰਜਾਬ ਰੋਡਵੇਜ਼ ਦੇ ਉਚ ਅਧਿਕਾਰੀਆਂ ਨੇ ਸੰਪਰਕ ਕਰਨ ਤੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜੋ ਸਰਕਾਰ ਚਲਾਉਣ ਵਾਲੇ ਕਹਿੰਦੇ ਹਨ ,ਵਿਭਾਗ ਦੇ ਉਚ ਅਧਿਕਾਰੀ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਉਹੀ ਹੁਕਮ ਕਰਦੇ ਹਨ। ਮਜ਼ਬੂਰੀਬਸ ਥੱਲੇ ਦੇ ਮੁਲਾਜ਼ਮਾਂ ਨੂੰ ਕਰਨਾ ਪੈਂਦਾ ਹੈ। ਇਸ ਸਬੰਧ ਵਿੱਚ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਬੀਬੀ ਸ਼ੁਭਾਸ਼ ਚੋਧਰੀ ਦਾ ਕਹਿਣ ਹੈ ਕਿ ਸਰਕਾਰ ਚਲਾਉਣ ਵਾਲੇ ਵੱਡੇ ਸਿਆਸੀ ਆਗੂਆਂ ਦੀਆਂ ਖੁਦ ਦੀਆਂ ਆਪਣੀਆਂ ਨਿਜੀ ਬੱਸ ਕੰਪਨੀਆਂ ਹਨ । ਇਸ ਲਈ ਆਪਣੇ ਧੰਦੇ ਨੂੰ ਚਮਕਾਉਣ ਲਈ ਉਹ ਸਰਕਾਰੀ ਬੱਸਾਂ ਨੂੰ ਬੱਸ ਅੱਡਿਆਂ ਵਿੱਚ ਜਾਂ ਖਰਾਬ ਹੋਣ ਦਾ ਬਹਾਨਾ ਬਣਾਕੇ ਵਰਕਸ਼ਾਪਾਂ ਵਿੱਚ ਖੜ੍ਹੀਆਂ ਕਰਨ ਲਈ ਮਜ਼ਬੂਰ ਕਰਦੇ ਹਨ। ਅਜਿਹੇ ਸਿਆਸੀ ਆਗੂਆਂ ਕਾਰਨ ਸਰਕਾਰ ਨੂੰ ਰੋਜ਼ਾਨਾ ਲੱਖਾਂ ਦਾ ਘਾਟਾ ਸਹਿਣਾ ਪੈ ਰਿਹਾ ਹੈ ਜਦਕਿ ਉਹਨਾਂ ਦੀ ਆਪਣੀ ਟ੍ਰਾਂਸਪੋਰਟ ਦੀ ਸਾਰੇ ਰੂਟਾਂ ਤੇ ਚਾਂਦੀ ਹੈ।