ਪਰਜਿੰਦਰ ਕਲੇਰ ਦੀਆਂ ਚਾਰ ਰਚਨਾਵਾਂ
Posted on:- 05-08-2021
ਜਦ ਮੇਰਾ ਚਿਹਰਾ ਪੜ੍ਹ ਹੋਵੇ
ਸਮਝਾਂਗੇ ਪਿਆਰ ਮੁਕੰਮਲ ਏ
ਜੋ ਵੀ ਹੋਇਆ ਚੰਗਾ ਹੋਇਆ
ਰੱਬ ਤੇ ਇਤਬਾਰ ਮੁਕੰਮਲ ਏ
ਜਿਸ ਥਾਂ ਤੇ ਇੱਜਤ ਮਾਣ ਮਿਲੇ
ਜਾਣਾ ਹਰ ਵਾਰ ਮੁਕੰਮਲ ਏ
ਗ਼ਮ ਘੁੱਟ ਜੋ ਲੈਣ ਕਲਾਵੇ ਵਿੱਚ
ਬਾਹਾਂ ਦਾ ਹਾਰ ਮੁਕੰਮਲ ਏ
ਪੰਛੀ ਵਾਂਗਰ ਮੁੜ ਆਵੇਂ ਜੇ
ਕਰਨਾ ਇੰਤਜ਼ਾਰ ਮੁਕੰਮਲ ਏ
2.
ਚੱਲੋ ਅਪਣੀ ਮੁਹੱਬਤ ਦਾ,
ਮੈਂ ਅੱਜ ਇਜ਼ਹਾਰ ਕਰਦੀ ਹਾਂ,
ਉਹਦੀ ਸੂਰਤ ਬੜੀ ਸੋਹਣੀ,
ਮੈਂ ਜਾਨ ਨਿਸਾਰ ਕਰਦੀ ਹਾਂ।
ਨਾ ਅਣਦੇਖਾ ਕਰਾਂ ਓਹਨੂੰ,
ਹੈ ਏਦਾਂ ਦੀ ਕਸ਼ਿਸ਼ ਓਸ ਵਿੱਚ,
ਉਹ ਸ਼ੀਸੇ ਪਾਰ ਬਹਿ ਜਾਵੇ,
ਨਜ਼ਰ ਉਸ ਪਾਰ ਕਰਦੀ ਹਾਂ l
ਬੁਲੰਦੀ ਤੇ ਉਹ ਜਾ ਪਹੁੰਚੇ,
ਕਰਾਂ ਅਰਦਾਸ ਇਹ ਹਰ ਪਲ,
ਓਹਦੇ ਕਾਬਿਲ ਮੈਂ ਹੋ ਜਾਵਾਂ,
ਖੁੱਦ ਨੂੰ ਤਿਆਰ ਕਰਦੀ ਹਾਂ l
ਕੋਈ ਲਿਖਤਾਂ ਚ ਲੱਭਦਾ ਏ,
ਕੋਈ ਮੈਨੂੰ ਵੀ ਪੁੱਛ ਲੈਂਦਾ,
ਕੇ ਸਭ ਨਿਕਲੋ ਭੁਲੇਖੇ ਚੋਂ,
ਮੈਂ ਖੁਦ ਨੂੰ ਪਿਆਰ ਕਰਦੀ ਹਾਂ l
3.
ਸਾਵਣ ਦੀ ਮੈਂ ਝੜੀ ਬੋਲਦੀ ਆਕੇ ਪਿੱਪਲੀ ਪੀਂਘਾਂ ਪਾ ਲੋ
ਛੱਡ ਪੁਰਾਣੇ ਝਗੜੇ ਸਾਰੇ ਆਪਣੇ ਰੁੱਸੜੇ ਯਾਰ ਮਨਾ ਲੋ
ਕਾਲੇ ਕਾਲੇ ਬੱਦਲ ਛਾ ਗਏ ਗਰਮੀ ਦੂਰ ਭਜਾਵਣ ਦੇ ਲਈ
ਘੁੰਡ ਸ਼ਰਮ ਵਾਲਾ ਰੱਖ ਪਾਸੇ ਆਓ ਆਕੇ ਮੀਂਹ ਵਿੱਚ ਨ੍ਹਾ ਲੋ
ਖੁਸ਼ੀਆਂ, ਹਾਸੇ, ਰੰਗ, ਤਮਾਸ਼ੇ ਨੱਚਦੇ ਟੱਪਦੇ ਵਿਹੜੇ ਦੇ ਵਿੱਚ
ਬਾਗਾਂ ਦੇ ਵਿੱਚ ਕੋਇਲ ਕੂਕੇ ਗੀਤ ਖੁਸ਼ੀ ਦੇ ਤੁਸੀਂ ਵੀ ਗਾ ਲੋ
ਮੀਂਹ ਦੀਆਂ ਪਹਿਲੀਆਂ ਬੂੰਦਾਂ ਦੇਖੋ ਆ ਗਈਆਂ ਨੇ ਧਰਤੀ ਤੇ
ਜੀ ਆਇਆਂ ਇਨ੍ਹਾਂ ਪਰੀਆਂ ਦਾ ਰੱਲਕੇ ਸਾਰੇ ਜਸ਼ਨ ਮਨਾ ਲੋ
ਇੱਕ ਸੁਨੇਹਾ ਕੁੜੀਓ ਤੁਹਾਨੂੰ ਦਿਨ ਨਾ ਮੁੜਦੇ ਬਚਪਨ ਦੇ
ਕੱਲ ਦੀ ਕੱਲ ਤੇ ਛੱਡ ਕੇ ਚਿੰਤਾ ਆਓ ਰੱਜ ਕੇ ਗਿੱਧਾ ਪਾ ਲੋ
4.
ਹਰ ਗੱਲ ਉਤੇ ਇੰਝ ਇਤਰਾਨਾ ਬੱਸ ਵੀ ਕਰ l
ਨਿਤ ਦੇ ਰੋਸੇ ਫ਼ਿਰ ਮੁਸਕਰਾਉਣਾ ਬੱਸ ਵੀ ਕਰ l
ਹੁਣ ਤੱਕ ਪੀੜ ਪੁਰਾਣੀ ਵੀ ਨਾ ਖ਼ਤਮ ਹੋਈ,
ਜ਼ਖਮ ਨਵਾਂ ਤੇ ਦਰਦ ਪੁਰਾਣਾ ਬੱਸ ਵੀ ਕਰ l
ਕਿੰਨਾ ਅਲੱਗ ਏ ਅੰਦਾਜ਼ ਅਪਣੀ ਮੁਹੱਬਤ ਦਾ,
ਰੁੱਸ ਜਾਣਾ ਤੇਰਾ ਮੇਰਾ ਮਨਾਉਣਾ ਬੱਸ ਵੀ ਕਰ l
ਬੈਠੀ ਦਰਾਂ ‘ਚ ਕਰ ਕਰ ਉਡੀਕਾਂ ਥੱਕ ਗਈ ਹਾਂ,
ਅਪਣੇ ਘਰ ਦਾ ਰਸਤਾ ਭੁੱਲ ਜਾਣਾ ਬੱਸ ਵੀ ਕਰ l
ਦਿਲ ਤੋੜ ਦੇਣਾ ਹਰ ਰੋਜ਼ ਮੇਰਾ ਹਾਸੇ ਦੇ ਵਿੱਚ,
ਗ਼ਲਤੀ ਤੇ ਗ਼ਲਤੀ ਉਸਤੇ ਬਹਾਨਾ ਬੱਸ ਵੀ ਕਰ l