Thu, 21 November 2024
Your Visitor Number :-   7253182
SuhisaverSuhisaver Suhisaver

ਪੁਸਤਕ: ਔਰਤ ਮੁਕਤੀ ਦਾ ਮਾਰਗ

Posted on:- 18-03-2015

suhisaver

- ਡਾ. ਅਰਵਿੰਦਰ ਕੌਰ ਕਾਕੜਾ
ਸੰਪਰਕ: +91 94636 15536


ਸੰਪਾਦਕ : ਮਨਦੀਪ
ਪ੍ਰਕਾਸ਼ਕ: ਅਦਾਰਾ, ਇਨਕਲਾਬੀ ਨੌਜ਼ਵਾਨ
ਪੰਨੇ : 208 ਕੀਮਤ : 100 ਰੁਪਏ


ਮਨਦੀਪ ਦੁਆਰਾ ਸੰਪਾਦਿਤ ਪੁਸਤਕ, 'ਔਰਤ ਮੁਕਤੀ ਦਾ ਮਾਰਗ' ਜਿਸ ਵਿੱਚ ਔਰਤ ਵਰਗ ਦੀ ਮੁਕਤੀ ਦੇ ਸੁਆਲ ਨੂੰ ਸੰਬੋਧਨ ਹੁੰਦੀਆਂ ਵਿਚਾਰਧਾਰਕ ਸਿਆਸੀ ਵਿਸ਼ਲੇਸ਼ਣ ਦੀਆਂ ਬੁਨਿਆਦੀ ਲਿਖਤਾਂ ਨੂੰ ਪੰਜਾਬੀ 'ਚ ਅਨੁਵਾਦ ਕਰਕੇ ਛਾਪਿਆ ਗਿਆ ਹੈ। ਔਰਤ ਮੁਕਤੀ ਦੇ ਸਵਾਲ ਪ੍ਰਤੀ ਸਮਾਜ ਵਿੱਚ ਪ੍ਰਚਲਿਤ ਵੱਖ-ਵੱਖ ਪਹੁੰਚਾਂ ਦੇ ਮੱਦੇਨਜ਼ਰ, ਉਨਾਂ ਪਹੁੰਚਾਂ ਵਿੱਚ ਵਿਚਾਰ-ਚਰਚਾ ਨੂੰ ਉਤਸ਼ਾਹਤ ਕਰਨ ਅਤੇ ਇਕ ਮਜ਼ਬੂਤ ਸਿਧਾਂਤਕ ਅਧਾਰ ਮੁਹਈਆ ਕਰਵਾਉਣ ਦੇ ਮਕਸਦ ਨਾਲ ਮਨਦੀਪ ਨੇ ਇਸ ਪੁਸਤਕ ਦੀ ਸੰਪਾਦਕੀ ਕੀਤੀ ਹੈ। ਇਹ ਪੁਸਤਕ ਮਜ਼ਦੂਰ ਜਮਾਤ ਦੇ ਮਹਾਨ ਆਗੂਆਂ ਲੈਨਿਨ, ਏਂਗਲਜ਼, ਸਟਾਲਿਨ ਅਤੇ ਮਾਓ ਦੇ ਵਿਚਾਰਾਂ ਦੇ ਨਾਲ-ਨਾਲ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਮਾਰਕਸੀ ਵਿਚਾਰਾਂ 'ਚ ਪ੍ਰਪੱਕ ਔਰਤ ਆਗੂ ਕਲਾਰਾ ਜੈਟਕਿਨ, ਅਲੈਕਸਾਂਦਰਾ ਕੋਲਕਨਤਾਈ, ਮੈਰੀ ਲੋ ਗਰੀਨਬਰਗ, ਗਾਲੀਨਾ ਸਰਬਰੀਯਾਕੋਵਾ, ਨਦੇਜ਼ਦਾ ਕਰੁੱਪਸਕਾਇਆ, ਹੇਲੇਨ ਕੇਲੇਰ ਆਦਿ ਦੇ ਵਿਚਾਰਾਂ, ਇੰਟਰਵਿਯੂ, ਚਿੱਠੀ ਪੱਤਰ, ਸੰਘਰਸ਼ਮਈ ਜੀਵਨ ਬਾਰੇ ਜਾਣਕਾਰੀ ਮੁਹਈਆ ਕਰਦੀ ਹੈ।

ਮਨਦੀਪ ਨੇ ਇਸ ਪੁਸਤਕ ਨੂੰ ਸੁਚੱਜੇ ਢੰਗ ਨਾਲ ਵਿਉਂਤਿਆ ਹੈ ਜਿਸ ਤਹਿਤ ਸਮੁੱਚੇ ਵਿਚਾਰਾਂ ਨੂੰ ਪੰਜ ਭਾਗਾਂ ਵਿੱਚ ਵੰਡ ਕੇ ਤੇ ਉਨ੍ਹਾਂ ਨੂੰ ਢੁਕਵੇਂ ਸਿਰਲੇਖ ਦੇ ਕੇ ਸਾਨੂੰ ਪੜਣਯੋਗ ਸਮੱਗਰੀ ਮੁਹਈਆ ਕਰਵਾਈ ਹੈ। ਸਾਰੇ ਭਾਗ ਇਕ ਦੂਜੇ ਨਾਲ ਬੱਝਵੇ ਤੇ ਵਿਚਾਰ-ਚਰਚਾ ਨੂੰ ਅੱਗੇ ਤੋਰਨ ਵਾਲੇ ਹਨ। ਸੰਪਾਦਕ ਖ਼ੁਦ ਇਨਕਲਾਬੀ ਨੌਜਵਾਨ ਮੰਚ ਦਾ ਕਾਰਕੁੰਨ ਹੈ। ਔਰਤ ਸਮੱਸਿਆ ਤੇ ਉਸ ਪ੍ਰਤੀ ਪਹੁੰਚ ਦੇ ਸਵਾਲ ਤੇ ਉਸਨੇ ਪੁਸਤਕ ਦੀ ਭੂਮਿਕਾ ਦੇ ਰੂਪ ਵਿੱਚ ਆਪਣੇ ਅਦਾਰੇ “ਇਨਕਲਾਬੀ ਨੌਜਵਾਨ“ ਦੀ ਪਹੁੰਚ ਨੂੰ ਸਪੱਸ਼ਟ ਕਰਦੇ ਹੋਏ, ਮਗਰੋ ਜਾ ਕੇ ਔਰਤ ਮੁਕਤੀ ਅੰਦੋਲਨ ਦੀ ਇਤਿਹਾਸਕ ਪਿੱਠਭੂਮੀ ਤੇ ਉਸਦੇ ਸਿਧਾਂਤਕ ਮੁਹਾਂਦਰੇ ਦੇ ਵਿਕਾਸ ਨੂੰ ਨਾਲੋ-ਨਾਲ ਜੋੜ ਕੇ ਇਸ ਸਵਾਲ ਦੇ ਬੁਨਿਆਦੀ ਮਸਲੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੰਮ ਲਈ ਉਸਨੇ ਸਿਧਾਂਤਕ ਲੇਖਾਂ, ਵਿਚਾਰਾਂ ਤੇ ਜੁਝਾਰੂ ਵੀਰਾਂਗਣਾ ਦੇ ਚੇਤੰਨ ਸੰਘਰਸ਼ਮਈ ਜੀਵਨ, ਚਿੱਠੀਆਂ ਆਦਿ ਦਾ ਸਹਾਰਾ ਲਿਆ ਹੈ।

ਮੌਜੂਦਾ ਸਮੇਂ ਜਦੋਂ ਦੇਸ ਅੰਦਰ ਔਰਤ ਸਵਾਲ ਇਕ ਭਖਵਾਂ ਤੇ ਵਿਚਾਰਸ਼ੀਲ ਸਵਾਲ ਬਣਿਆ ਹੋਇਆ ਹੈ। ਜਦੋਂ ਇਸ ਸਵਾਲ ਦੇ ਬਹਿਸ-ਮੁਹਾਬਸੇ ਵਿੱਚ ਵੱਖੋ-ਵੱਖਰੇ ਵਿਚਾਰ ਉਤਪੰਨ ਹੋ ਰਹੇ ਹਨ। ਜਦੋਂ ਔਰਤਾਂ ਸਾਹਮਣੇ ਪਿਤਰੀ ਸੱਤਾ ਦੀਆਂ ਪੀਡੀਆ ਹੁੰਦੀਆਂ ਗੰਢਾਂ ਅਤੇ ਉਨ੍ਹਾਂ ਵਿਰੁੱਧ ਵੱਧਦੀ ਹਿੰਸਾ ਦਾ ਸਵਾਲ ਉਭਰਵੇਂ ਰੂਪ 'ਚ ਸਾਹਮਣੇ ਆ ਰਿਹਾ ਹੈ। ਜਦੋਂ ਮੋਦੀ ਹਕੂਮਤ ਤੇ ਉਸਦੇ ਭਗਵਾਂ ਬ੍ਰਿਗੇਡ ਵਲੋਂ ਫ਼ਾਸੀਵਾਦੀ ਰੁਝਾਨਾਂ ਤਹਿਤ ਔਰਤਾਂ ਤੇ ਪਿਤਰੀ ਸੱਤਾ ਦੀਆਂ ਪਿਛਾਖੜੀ ਕਦਰਾਂ-ਕੀਮਤਾਂ ਨੂੰ ਜ਼ੋਰ-ਸ਼ੋਰ ਨਾਲ ਥੋਪਣ ਦੇ ਯਤਨ ਤੇਜ਼ ਕੀਤੇ ਜਾ ਰਹੇ ਹਨ। ਉਸ ਸਮੇਂ ਮਨਦੀਪ ਦੁਆਰਾ ਸੰਪਾਦਿਤ 'ਔਰਤ ਮੁਕਤੀ ਦਾ ਮਾਰਗ' ਇਸ ਪੁਸਤਕ ਦੀ ਬੇਹੱਦ ਮਹੱਤਤਾ ਹੈ। ਇਹ ਪੁਸਤਕ ਸੱਚਮੁੱਚ ਹੀ ਮੁੱਲਵਾਨ ਬਣਦੀ ਹੈ, ਜਦੋਂ ਸਾਡੀ ਔਰਤ ਲਹਿਰ ਅਜੇ ਕੰਮਜੋਰ ਹੈ।

ਇਹ ਲਿਖਤ ਉਨ੍ਹਾਂ ਔਰਤ ਆਗੂਆਂ ਲਈ ਵੀ ਪੂਰਨ ਤੌਰ ਤੇ ਸਹਾਈ ਹੋ ਸਕਦੀ ਹੈ ਤੇ ਉਹ ਔਰਤ ਸੰਘਰਸ਼ ਵਿਚਲੀਆਂ ਬਰੀਕੀਆਂ ਬਾਰੇ ਪੂਰੀ ਤਰਾਂ ਜਾਗਰੂਕ ਹੋ ਕੇ ਔਰਤਾਂ ਦੀ ਚੇਤਨਮਈ ਅਗਵਾਈ ਵੀ ਦੇ ਸਕਦੀਆਂ ਹਨ। ਮਨਦੀਪ ਦਾ ਇਹ ਸੱਚਮੁੱਚ ਵੱਡਮੁੱਲਾ ਕਦਮ ਹੈ ਜੋ ਉਸ ਨੇ ਔਰਤ ਮੁਕਤੀ ਦੇ ਲਈ ਚੁੱਕਿਆ ਹੈ। ਇਸ ਪੁਸਤਕ ਦੀ ਸੱਚਮੁੱਚ ਹੀ ਗੰਭੀਰ ਲੋੜ ਸੀ। ਸਮੁੱਚੀ ਪੁਸਤਕ ਹੀ ਪੜਣਯੋਗ ਤੇ ਸਾਂਭਣਯੋਗ ਕਿਰਤ ਹੈ। ਔਰਤ ਸਵਾਲ ਤੇ ਕੰਮ ਕਰ ਰਹੇ ਸਾਰੇ ਪ੍ਰਗਤੀਸ਼ੀਲ, ਜਮੂਹਰੀ ਤੇ ਇਨਕਲਾਬੀ ਹਲਕਿਆਂ ਦੇ ਕਾਰਕੁੰਨਾਂ ਨੂੰ ਇਹ ਪੁਸਤਕ ਜਰੂਰ ਪਰ ਜ਼ਰੂਰ ਪੜਣੀ ਚਾਹੀਦੀ ਹੈ। ਇਸ ਪੁਸਤਕ ਦਾ ਵਿਚਾਰਧਾਰਿਕ ਸਾਹਿਤ ਵਿਚ ਸੁਆਗਤ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ