26 ਮਈ ਨੂੰ ਪਿੰਡ ਪੱਧਰ ’ਤੇ ਮੋਦੀ-ਸਰਕਾਰ ਅਤੇ ਖੇਤੀ ਕਾਨੂੰਨਾਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ
Posted on:- 15-05-2021
ਸੰਘਰਸ਼ ਦੇ 6 ਮਹੀਨੇ : ਘਰਾਂ ਉਪਰ ਕਾਲੇ ਝੰਡੇ ਲਾ ਕੇ ਪ੍ਰਗਟਾਇਆ ਜਾਵੇਗਾ ਰੋਸ
ਕਿਸਾਨ-ਜਥੇਬੰਦੀਆਂ ਵੱਲੋਂ ਸ਼ਹੀਦ ਸੁਖਦੇਵ, ਅਭੈ ਸਿੰਘ ਸੰਧੂ ਅਤੇ ਮਹਿੰਦਰ ਟਿਕੈਤ ਨੂੰ ਸ਼ਰਧਾਂਜ਼ਲੀਆਂ
ਚੰਡੀਗੜ੍ਹ : ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਪੱਕੇ-ਧਰਨਿਆਂ ਦੇ 227ਵੇਂ ਦਿਨ ਸ਼ਹੀਦ ਭਗਤ ਦੇ ਸਾਥੀ ਸ਼ਹੀਦ ਸੁਖਦੇਵ ਦੇ ਨੂੰ ਜਨਮਦਿਹਾੜੇ ਮੌਕੇ, ਕਿਸਾਨ-ਆਗੂ ਮਹਿੰਦਰ ਟਿਕੈਤ ਦੀ 10ਵੀਂ ਬਰਸੀ ਮੌਕੇ ਅਤੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਦੇ ਵਿਛੋੜੇ 'ਤੇ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ 26 ਮਈ ਨੂੰ ਪਿੰਡ ਪੱਧਰ ’ਤੇ ਮੋਦੀ ਸਰਕਾਰ ਤੇ ਖੇਤੀ ਕਾਨੂੰਨਾਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਘਰਾਂ ਉਪਰ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਜ਼ੋਰ ਨਾਲ ਕੀਤੀ ਜਾਵੇਗੀ। ਕਿਉਂਕਿ ਜਿੱਥੇ 26 ਮਈ ਨੂੰ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋ ਰਹੇ ਹਨ, ਨਾਲ ਹੀ ਮੋਦੀ-ਸਰਕਾਰ ਦਾ 7 ਸਾਲ ਦਾ ਕਾਰਜ਼ਕਾਲ ਪੂਰਾ ਹੋ ਰਿਹਾ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਲੰਬੀ ਤਿਆਰੀ ਕੀਤੀ ਹੋਣ ਕਰਕੇ ਹਰ ਕਦਮ ਨਾਲ ਅੰਦੋਲਨ ਹੇਠਲੀ ਪੱਧਰ ’ਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਕਿਸਾਨ ਸਮਝ ਚੁੱਕੇ ਹਨ ਕਿ ਜਿਵੇਂ ਕਰੋਨਾ ਦੇ ਟੀਕੇ ਨੂੰ ਲੈ ਕੇ ਦੋ ਕੰਪਨੀਆਂ ਦੀ ਅਜਾਰੇਦਾਰੀ ਕੇਂਦਰ ਸਰਕਾਰ ਦੀ ਸ਼ਹਿ ’ਤੇ ਸਪਸ਼ਟ ਦਿਖਾਈ ਦੇ ਰਹੀ ਹੈ ਉਸੇ ਤਰ੍ਹਾਂ ਤਿੰਨੋਂ ਖੇਤੀ ਕਾਨੂੰਨ ਲਾਗੂ ਹੋਣ ਮਗਰੋਂ ਵੱਡੇ ਸਨਅਤਕਾਰ ਖੇਤੀ ਜਿਣਸਾਂ ਦੀ ਜ਼ਖੀਰੇਬਾਜ਼ੀ ਕਰਕੇ ਦੇਸ਼ ਦੇ ਅੰਨ ਭੰਡਾਰ ਉਪਰ ਕਬਜ਼ਾ ਕਰ ਲੈਣਗੇ।
ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 227ਵੇਂ ਦਿਨ ਵੀ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸ਼ਮੂਲੀਅਤ ਜਾਰੀ ਹੈ।
ਪੰਜਾਬ ਭਰ 'ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ-ਆਗੂਆਂ ਨੇ ਦੁਹਰਾਇਆ ਕਿ ਸੰਘਰਸ਼ ਦੇ 6 ਮਹੀਨੇ ਬੀਤ ਜਾਣ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੇਰੁਖੀ ਧਾਰੀ ਹੋਈ ਹੈ, ਪਰ ਉਹ ਇਹ ਭੁੱਲ ਜਾਣ ਕੇ ਕਿਸਾਨ ਨਿਰਾਸ਼ ਹੋ ਕੇ ਘਰਾਂ ਨੂੰ ਵਾਪਿਸ ਚਲੇ ਜਾਣਗੇ, ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਖੇਤੀ-ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜਲੀ-ਸੋਧ ਬਿਲ-2020 ਤੁਰੰਤ ਰੱਦ ਕਰੇ।
ਇਸੇ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ 'ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ 'ਤੇ ਜਾਣਾ ਜਾਰੀ ਹੈ।
ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜਿਲ੍ਹਿਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਕਿਸਾਨਾਂ ਦੇ ਦਰਜ਼ਨਾਂ ਜਥੇ ਰਵਾਨਾ ਹੋਏ।