Thu, 21 November 2024
Your Visitor Number :-   7253565
SuhisaverSuhisaver Suhisaver

ਸੂਹੀ ਸਵੇਰ ਮੀਡੀਆ ਦੀ ਨੌਵੀਂ ਵਰ੍ਹੇਗੰਢ ’ਤੇ ਹੋਇਆ ਸਲਾਨਾ ਸਮਾਗਮ

Posted on:- 01-03-2021

suhisaver

ਸੂਹੀ ਸਵੇਰ ਮੀਡੀਆ ਦੀ ਨੌਵੀਂ ਵਰ੍ਹੇਗੰਢ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਸਲਾਨਾ ਸਮਾਗਮ ’ਚ ਮੀਡੀਆ ਵਿਚ ਜਨ ਅੰਦੋਲਨਾਂ ਦੀ ਪੇਸ਼ਕਾਰੀ ਵਿਸ਼ੇ ਉੱਪਰ ਬਹੁਤ ਹੀ ਮਹੱਤਵਪੂਰਨ ਚਰਚਾ ਕਰਵਾਈ ਗਈ। ਜਿਸ ਵਿਚ ਮੁੱਖ ਬੁਲਾਰੇ ਵਜੋਂ ਸੁਪ੍ਰਿਯਾ ਸ਼ਰਮਾ ਕਾਰਜਕਾਰੀ ਸੰਪਾਦਕ ਸਕ੍ਰੋਲ ਡਾਟ ਇਨ ਅਤੇ ਮਨੀਸ਼ਾ ਪਾਂਡੇ ਕਾਰਜਕਾਰੀ ਸੰਪਾਦਕ ਨਿਊਜ਼ ਲਾਂਡਰੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੂਹੀ ਸਵੇਰ ਮੀਡੀਆ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆ ਨੂੰ ਕਹਿੰਦਿਆਂ ਮੁੱਖ ਵਿਸ਼ੇ ਬਾਰੇ ਅਤੇ ਦਿੱਤੇ ਜਾਣ ਵਾਲੇ ਜਾਣਕਾਰੀ ਦਿੱਤੀ ਅਤੇ ਮੁੱਖ ਬੁਲਾਰਿਆਂ ਦਾ ਤੁਆਰਫ਼ ਕਰਾਇਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਨੇ ਮੀਡੀਆ ਦੀ ਭੂਮਿਕਾ, ਮੀਡੀਆ ਅੰਦਰ ਆ ਰਹੀਆਂ ਤਬਦੀਲੀਆਂ ਅਤੇ ਸੱਤਾਧਾਰੀ ਧਿਰ ਦੇ ਪ੍ਰਚਾਰ ਦਾ ਟੂਲ ਬਣੇ ਮੁੱਖਧਾਰਾ ਮੀਡੀਆ ਆਦਿ ਪੱਖਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।


ਉਹਨਾਂ ਨੇ ਵਿਸਤਾਰ ਵਿਚ ਚਰਚਾ ਕੀਤੀ ਕਿ ਮੀਡੀਆ ਦੀ ਪੇਸ਼ਕਾਰੀ ਜਨਅੰਦੋਲਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਸੱਚੀ ਪੱਤਰਕਾਰੀ ਕਰਨਾ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ ਅਤੇ ਹੁਣ ਦੇਸ਼ ਦੀ ਰਾਜਧਾਨੀ ਵੀ ਪੱਤਰਕਾਰੀ ਲਈ ਸੁਰੱਖਿਅਤ ਨਹੀਂ ਹੈ ਜਿਵੇਂ ਪਹਿਲਾਂ ਸਮਝਿਆ ਜਾਂਦਾ ਸੀ। ਨਿਰਪੱਖ, ਤੱਥਪੂਰਨ ਅਤੇ ਸੱਤਾ ਵਿਰੋਧੀ ਪੱਤਰਕਾਰੀ ਕਰਨ ਵਾਲਿਆਂ ਨੂੰ ਗਿਣ-ਮਿਥਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਮੂਲੀ ਰਿਪੋਰਟਿੰਗ ਨੂੰ ਲੈ ਕੇ ਸਖ਼ਤ ਧਾਰਾਵਾਂ ਲਗਾ ਕੇ ਸੰਗੀਨ ਕੇਸ ਬਣਾਏ ਜਾ ਰਹੇ ਹਨ। ਸੱਤਾਧਾਰੀ ਧਿਰ ਵੱਲੋਂ ਆਪਣੇ ਆਈ.ਟੀ. ਸੈੱਲ ਅਤੇ ਮੁੱਖਧਾਰਾ ਮੀਡੀਆ ਰਾਹੀਂ ਅਵਾਮ ਦੀ ਬਰੇਨ ਵਾਸ਼ਿੰਗ ਇਸ ਕਦਰ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਆਪਣੀ ਜ਼ਿੰਦਗੀ ਦੇ ਅਨੁਭਵਾਂ ਰਾਹੀਂ ਸੋਚਣ ਸਮਝਣ ਦੀ ਸਮਰੱਥਾ ਨੂੰ ਹੀ ਬੁਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਪੱਤਰਕਾਰੀ ਦਾ ਫਰਜ਼ ਅੱਜ ਦੇ ਸੱਚ ਨੂੰ ਰਿਕਾਰਡ ਕਰਨਾ ਹੈ। ਉਹਨਾਂ ਚਿੰਤਾ ਜ਼ਾਹਿਰ ਕੀਤੀ ਕਿ ਬੇਸ਼ੱਕ ਆਉਣ ਵਾਲੇ ਸਮੇਂ ’ਚ ਮੀਡੀਆ ਉੱਪਰ ਨਕੇਲ ਹੋਰ ਕੱਸੀ ਜਾਵੇਗੀ, ਲੇਕਿਨ ਪੱਤਰਕਾਰ ਨੂੰ ਆਪਣੇ ਪੇਸ਼ੇਵਰ ਫਰਜ਼ ਨੂੰ ਪਛਾਣਦੇ ਹੋਏ ਆਪਣੀ ਅਸਲ ਭੂਮਿਕਾ ਜਾਰੀ ਰੱਖਣੀ ਹੋਵੇਗੀ। ਸੱਤਾਧਾਰੀ ਧਿਰ ਦਾ ਮੁੱਖਧਾਰਾ ਮੀਡੀਆ ਉੱਪਰ ਦਬਾਓ ਇਸ ਕਦਰ ਹੈ ਕਿ ਮੀਡੀਆ ਪਹਿਲਾਂ ਤਾਂ ਮੁੱਦਿਆਂ ਅਤੇ ਅੰਦੋਲਨਾਂ ਨੂੰ ਨਜ਼ਰਅੰਦਾਜ਼ ਕਰਦਾ ਹੈ, ਅਗਲੇ ਪੜਾਅ ’ਚ ਤੱਥਾਂ ਨੂੰ  ਤੋੜ ਮਰੋੜ ਕੇ ਅੰਦੋਲਨਾਂ ਬਾਰੇ ਝੂਠਾ ਬਿਰਤਾਂਤ ਸਿਰਜਿਆ ਜਾਂਦਾ ਹੈ ਜਿਵੇਂ ਕਿ ਮੌਜੂਦਾ ਕਿਸਾਨ ਅੰਦੋਲਨ ਵਿਚ ਦੇਖਿਆ ਗਿਆ। ਇਸ ਲਈ ਸੱਚਾ ਮੀਡੀਆ ਖੜ੍ਹਾ ਕਰਨ ਲਈ ਸਿਰਫ਼ ਨਿਊਜ਼ ਪ੍ਰਤੀ ਉਦਾਸੀਨ ਰਹਿਣ ਦੀ ਬਜਾਏ ਤੱਥਪੂਰਨ ਰਿਪੋਰਟਾਂ ਨੂੰ ਉਤਸ਼ਾਹਤ ਕਰਨ ਅਤੇ ਹੋਰ ਹਿੱਸਿਆਂ ਤੱਕ ਲਿਜਾਣ ਦੀ ਭੂਮਿਕਾ ਨਿਭਾਉਣੀ ਹੋਵੇਗੀ।
ਇਸ ਮੌਕੇ ਸੂਹੀ ਸਵੇਰ ਮੀਡੀਆ ਪੁਰਸਕਾਰ 2021 ਲਹਿੰਦੇ ਪੰਜਾਬ ਦੀ ਸੰਸਥਾ ‘ਸੈਂਟਰ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼’ ਨੂੰ ਦਿੱਤਾ ਗਿਆ। ਹਾਜ਼ਰੀਨ ਨੂੰ ਪ੍ਰੋਫੈਸਰ ਜਗਮੋਹਣ ਸਿੰਘ, ਲੇਖਕ ਅਤੇ ਕਾਲਮਨਵੀਸ ਸੁਕੀਰਤ, ਸੀਨੀਅਰ ਪੱਤਰਕਾਰ ਰਾਜੀਵ ਖੰਨਾ ਅਤੇ ਜਮਹੂਰੀ ਕਾਰਕੁੰਨ ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ। ਮੁੱਖ ਬੁਲਾਰਿਆਂ ਵੱਲੋਂ ਹਾਜ਼ਰੀਨ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਅਤੇ ਸ਼ਪੱਸ਼ਟੀਕਰਨ ਦਿੱਤੇ ਗਏ ਅਤੇ ਇਹ ਸਮਾਗਮ ਮੀਡੀਆ ਦੀ ਭੂਮਿਕਾ ਬਾਰੇ ਬਹੁਤ ਹੀ ਸੰਜੀਦਾ ਸੰਵਾਦ ਹੋ ਨਿੱਬੜਿਆ।

ਇਸ ਮੌਕੇ ਕਮਲਜੀਤ ਖੰਨਾ, ਨਰੈਣ ਦੱਤ, ਇਤਿਹਾਸਕਾਰ ਰਾਕੇਸ਼ ਕੁਮਾਰ, ਜਨ ਸੰਘਰਸ਼ ਮੰਚ ਹਰਿਆਣਾ ਦੀ ਆਗੂ ਸੁਦੇਸ਼ ਕੁਮਾਰੀ, ਕਵਿਤਾ ਵਿਦਰੋਹੀ, ਤਰਕਸ਼ੀਲ ਆਗੂ ਸੁਰਜੀਤ ਦੌਧਰ, ਮੁਕੇਸ਼ ਮਲੌਦ, ਸੁਖਵਿੰਦਰ ਲੀਲ੍ਹ, ਰੰਗਕਰਮੀ ਬਲਵੀਰ ਬੱਲੀ, ਜਗਦੇਵ ਕਲਸੀ, ਸੁਰਿੰਦਰ ਸ਼ਰਮਾ, ਕਵਿਤਾ ਵਿਦਰੋਹੀ , ਸਾਹਿਤਕਾਰ ਬਲਬੀਰ ਪਰਵਾਨਾ ਅਤੇ ਹਰਕੇਸ਼ ਚੌਧਰੀ ਸਮੇਤ ਬਹੁਤ ਸਾਰੀਆਂ ਜਮਹੂਰੀ ਅਤੇ ਲੋਕਪੱਖੀ ਸ਼ਖਸੀਅਤਾਂ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ