ਕਰਜਾ ਮਾਫ਼ੀ ਨੂੰ ਲੈ ਕੇ ਸਰਸਾ ਵਿੱਚ ਹੋਇਆ ਧਰਨਾ
Posted on:- 04-09-2020
ਸਰਸਾ : ਸੂਖਮ ਵਿੱਤੀ ਕਰਜ਼ਿਆਂ ਸਮੇਤ ਕਿਰਤੀ ਤਬਕੇ ਦੇ ਸਾਰੇ ਕਰਜ਼ੇ ਮਾਫ਼ ਕਰਾਉਣ, ਨਰੇਗਾ ਦਾ ਕੰਮ ਨਿਯਮਤ ਤੌਰ 'ਤੇ ਚਾਲੂ ਕਰਨ ਅਤੇ ਪਿਛਲੇ ਬਕਾਏ ਜਾਰੀ ਕਰਨ ਅਤੇ ਪਿਛਲੇ ਛੇ ਮਹੀਨੇ ਦੇ ਬਿਜਲੀ ਦੇ ਬਿਲ ਮਾਫ਼ ਕਰਾਉਣ ਦੀਆਂ ਮੰਗਾਂ ਨੂੰ ਲੈਕੇ ਨੌਜਵਾਨ ਭਾਰਤ ਸਭਾ ਦੀ ਜ਼ਿਲ੍ਹਾ ਕਮੇਟੀ ਸਿਰਸਾ ਵੱਲੋਂ ਪਿਛਲੇ ਦਿਨਾਂ ਵਿੱਚ ਪੂਰੇ ਜ਼ਿਲ੍ਹੇ ਦੇ ਲਗਭਗ 40 ਦੇ ਕਰੀਬ ਪਿੰਡਾਂ ਵਿੱਚ ਮੁਹਿੰਮ ਚਲਾਕੇ ਲਾਮਬੰਦੀ ਕੀਤੀ ਗਈ। ਇਹਨਾਂ ਮਸਲਿਆਂ ਦੇ ਹੱਲ ਲਈ, ਪੂਰੇ ਜ਼ਿਲ੍ਹੇ ਵਿਚੋਂ ਵੱਖ-ਵੱਖ ਪਿੰਡਾਂ ਤੋਂ ਔਰਤਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚਕੇ ਸਭਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸਿਰਸਾ ਦੇ ਦਫਤਰ ਮੂਹਰੇ ਧਰਨਾ ਲਾਕੇ ਰੋਸ ਮੁਜ਼ਾਹਰਾ ਕਰਕੇ ਆਵਦਾ ਮੰਗ ਪੱਤਰ ਸੌਂਪਿਆ| ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਤ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਆਗੂ ਪਾਵੇਲ ਨੇ ਕਿਹਾ ਕਿ ਮੋਦੀ ਹਕੂਮਤ ਧਨਾਢਾਂ ਦੇ ਹਜ਼ਾਰਾਂ ਕਰੋੜ ਮਾਫ਼ ਕਰ ਰਹੀ ਹੈ ਪਰ ਆਮ ਲੋਕਾਂ ਤੋਂ 31 ਅਗਸਤ ਤੱਕ ਕਿਸ਼ਤਾਂ ਨਾ ਭਰਾਉਣ ਦੇ ਨਿਰਦੇਸ਼ ਦੇ ਬਾਵਜੂਦ ਵੀ ਜਬਰੀ ਕਿਸ਼ਤਾਂ ਭਰਾਈਆਂ ਗਈਆਂ ਹਨ।
ਨੌਜਵਾਨ ਭਾਰਤ ਸਭਾ ਦੇ ਜਥੇਬੰਦਕ ਸਕੱਤਰ ਛਿੰਦਰਪਾਲ ਨੇ ਇਕੱਠ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਕਰੋਨਾ ਅਤੇ ਪੁਰਨਬੰਦੀ ਨੇ ਲੋਕਾਂ ਦੇ ਰੁਜ਼ਗਾਰ ਬੰਦ ਕਰ ਦਿੱਤੇ ਹਨ। ਕਿਰਤੀ ਤਬਕਾ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੈ। ਉਸੇ ਵੇਲੇ ਮਾਈਕਰੋ ਫਾਇਨਾਂਸ ਕਰਜ਼ਿਆਂ ਦੀਆਂ ਕਿਸ਼ਤਾਂ ਉਹਨਾਂ ਤੇ ਵਾਧੂ ਬੋਝ ਬਣੀਆਂ ਹੋਈਆਂ ਹਨ ਅਤੇ ਧੱਕੇ ਨਾਲ ਲੋਕਾਂ ਤੋਂ ਕਿਸ਼ਤਾਂ ਵਸੂਲ ਰਹੀਆਂ ਹਨ। ਇਸ ਮੌਕੇ ਨਰੇਗਾ ਦਾ ਕੰਮ ਬੰਦ ਹੋਣ ਕਰਕੇ ਵੀ ਲੋਕਾਂ ਦੀ ਮੁਸ਼ਕਿਲਾਂ ਹੋਰ ਵਧ ਗਇਆਂ ਹਨ। ਬੁਲਾਰਿਆਂ ਦੱਸਿਆ ਕਿ ਬਹੁਤ ਵਧ ਕੇ ਆਏ ਬਿਜਲੀ ਬਿੱਲਾਂ ਨੇ ਲੋਕਾਂ 'ਤੇ ਵਾਧੂ ਬੋਝ ਪਾਇਆ ਹੈ। ਪਰ ਸਰਕਾਰ ਇਸ ਮੌਕੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ, ਸਰਮਾਏਦਾਰਾਂ ਦੀ ਸੇਵਾ ਚ ਲੀਨ ਹਨ। ਇਸ ਦੌਰਾਨ ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦੇ ਆਗੂ ਕੁਲਵਿੰਦਰ ਨੇ ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਰਤੀਆਂ ਦੇ ਹੱਥੋਂ ਸਿੱਖਿਆ ਦਾ ਹੱਕ ਖੋਹਣ ਤੇ ਲੱਗੀ ਹੋਈ ਹੈ। ਇਸ ਮੌਕੇ ਪੀਟੀਆਈ ਜਥੇਬੰਦੀ ਤੋਂ ਸਤਿਆਪਾਲ ਨੇ ਵੀ ਭਾਜਪਾ ਹਕੂਮਤ ਵੱਲੋਂ ਕੀਤੇ ਜਾ ਰਹੇ ਨਿੱਜੀਕਰਨ ਅਤੇ ਮੁਲਾਜ਼ਮਾਂ ਨੂੰ ਹਟਾਉਣ ਦੀਆਂ ਕੋਝੀਆਂ ਚਾਲਾਂ ਬਾਰੇ ਇੱਕਠ ਨੂੰ ਜਾਣੂ ਕਰਵਾਇਆ। ਜਮਹੂਰੀ ਅਧਿਕਾਰ ਸਭਾ ਤੋਂ ਡਾ ਸੁਖਦੇਵ ਹੁੰਦਲ, ਸਰਵ ਕਰਮਚਾਰੀ ਸੰਘ ਦੇ ਮਦਨ ਲਾਲ, ਹਰਿਆਣਾ ਅਧਿਆਪਕ ਸੰਘ ਦੇ ਬੀਰ ਸਿੰਘ, ਕਿਸਾਨ ਸਭਾ ਦੇ ਸੁਵਰਨ ਸਿੰਘ ਵਿਰਕ ਨੇ ਵੀ ਆਪਣੀ ਗੱਲ ਰੱਖੀ| ਅਖੀਰ ਵਿਚ ਕੋਰੋਨਾ ਸਮੇਂ ਦੌਰਾਨ ਸਰਕਾਰਾਂ ਦੇ ਲੋਕਾਂ ਪ੍ਰਤੀ ਬੇਰੁਖੀ ਭਰੇ ਰਵਈਏ ਖਿਲਾਫ਼, ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਨਿਜੀਕਰਣ ਦੀਆਂ ਨੀਤੀਆਂ ਖਿਲਾਫ਼, ਲਿਆਂਦੇ ਗਏ 3 ਖੇਤੀ ਆਰਡੀਨੈਂਸਾਂ ਖਿਲਾਫ਼, ਬਿਜਲੀ ਸੋਧ ਬਿਲ ਨੂੰ ਵਾਪਸ ਕਰਾਉਣ ਲਈ, ਲੋਕਾਂ ਦੇ ਟੈਕਸ ਤੋਂ ਇਕੱਠੇ ਕਰਕੇ ਵੱਡੇ ਵੱਡੇ ਕਾਰਪੋਰੇਟਾਂ ਨੂੰ ਦਿੱਤੇ ਜਾਂਦੇ ਵਿੱਤੀ ਪੈਕਜਾਂ, ਛੋਟਾਂ ਖਿਲਾਫ਼, ਮਲੇ ਬੰਦ ਅਤੇ ਲੋਕਾਂ ਲਈ ਸਰਕਾਰੀ ਖਜ਼ਾਨੇ ਨੂੰ ਖੋਲਣ ਦੀ ਮੰਗ ਕਰਦੇ ਹੋਏ, ਕੋਰੋਨਾ ਦੇ ਨਾਂ ਤੇ ਲੋਕਾਂ, ਜਮਹੂਰੀ ਕਾਰਕੁੰਨਾਂ ਤੇ ਸਿਆਸੇ ਹਮਲੇ ਬੰਦ ਕਰਣ, ਹਸਪਤਾਲਾਂ ਵਿਚ ਓਪੀਡੀ ਖੋਲਣ, ਲੌਕ ਡਾਊਨ ਖੋਲ ਕੇ ਕੰਮਾਂ ਨੂੰ ਬਹਾਲ ਕੀਤੇ ਜਾਣ, ਹੋਏ ਨੁਕਸਾਨ ਦੀ ਭਰਪਾਈ ਕਰਨ, ਅਤੇ ਲੋਕਾਂ ਵਿਚ ਫਿਰਕੂ ਜ਼ਹਿਰ ਘੋਲਣ ਖਿਲਾਫ਼ ਸਮੂਹ ਇਕੱਠ ਵੱਲੋਂ ਮਤੇ ਪਾਸ ਕੀਤੇ ਗਏ| ਇਸ ਦੌਰਾਨ ਨੌਜਵਾਨ ਭਾਰਤ ਦੇ ਕੁਲਦੀਪ, ਜਗਰੂਪ, ਪਰਮਜੀਤ, ਗੁਰਲਾਲ, ਹਰੀ, ਸੰਦੀਪ, ਵਕੀਲ, ਵਿਕਾਸ, ਦਿਨੇਸ਼, ਪ੍ਰਗਟ, ਗੁਰਦੀਪ, ਗੁਰਭੇਜ, ਰਾਜੂ, ਪ੍ਰਭੂ ਆਦਿ ਸਮੇਤ ਵੱਡੀ ਗਿਣਤੀ ਵਿੱਚ 40 ਪਿੰਡਾਂ ਤੋਂ ਆਈਆਂ ਔਰਤਾਂ ਹਾਜ਼ਰ ਸਨ।ਜਾਰੀਕਰਤਾ
ਪਾਵੇਲ, ਜ਼ਿਲ੍ਹਾ ਕਮੇਟੀ ਸਰਸਾ
ਨੌਜਵਾਨ ਭਾਰਤ ਸਭਾ