ਪੱਤਰਕਾਰਾਂ ਉੱਪਰ ਹਮਲੇ ਆਰ.ਐੱਸ.ਐੱਸ.-ਭਾਜਪਾ ਦੀ ਫਿਰਕੂ ਸਿਆਸਤ ਦਾ ਨਤੀਜਾ ਜਮਹੂਰੀ ਅਧਿਕਾਰ ਸਭਾ
Posted on:- 13-08-2020
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਉੱਤਰ-ਪੂਰਬੀ ਦਿੱਲੀ ਵਿਚ ਹਜੂਮ ਵੱਲੋਂ ਤਿੰਨ ਪੱਤਰਕਾਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਔਰਤ ਪੱਤਰਕਾਰ ਉੱਪਰ ਜਿਨਸੀ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਹੈ। ਕਾਰਵਾਂ ਮੈਗਜ਼ੀਨ ਦੇ ਇਹ ਪੱਤਰਕਾਰ ਉਸ ਇਲਾਕੇ ਵਿਚ ਮੁਸਲਿਮ ਘੱਟਗਿਣਤੀ ਵਿਰੁੱਧ ਫਰਵਰੀ ਹਿੰਸਾ ਦੇ ਤੱਥਾਂ ਦੀ ਲਗਾਤਾਰ ਛਾਣਬੀਣ ਰਿਪੋਰਟਾਂ ਸਾਹਮਣੇ ਲਿਆ ਰਹੇ ਹਨ। ਹਮਲੇ ਸਮੇਂ ਉਹ 5 ਅਗਸਤ ਦੀ ਰਾਤ ਨੂੰ ਸੁਭਾਸ਼ ਮੁਹੱਲੇ ਵਿਚ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਮਸਜਿਦ ਉੱਪਰ ਭਗਵੇਂ ਝੰਡੇ ਲਹਿਰਾਉਣ ਅਤੇ ਇਸ ਸੰਬੰਧ 'ਚ ਥਾਣੇ ਰਿਪੋਰਟ ਲਿਖਵਾਉਣ ਗਈਆਂ ਮੁਸਲਿਮ ਔਰਤਾਂ ਨਾਲ ਪੁਲਸੀਆਂ ਵੱਲੋਂ ਬਦਤਮੀਜ਼ੀ ਅਤੇ ਜਿਨਸੀ ਛੇੜਛਾੜ ਕੀਤੇ ਜਾਣ ਦੀ ਰਿਪੋਰਟ ਬਣਾ ਰਹੇ ਸਨ।
ਅੱਜ ਜਦੋਂ ਕਾਰਪੋਰੇਟ ਕੰਟਰੋਲ ਵਾਲੇ ਮੀਡੀਆ ਵੱਲੋਂ ਦੱਬੇ-ਕੁਚਲੇ ਲੋਕਾਂ, ਹਾਸ਼ੀਆਗ੍ਰਸਤ ਧਾਰਮਿਕ ਘੱਟਗਿਣਤੀਆਂ ਦੇ ਅਸਲ ਮੁੱਦੇ ਰਾਸ਼ਟਰਵਾਦ ਦੇ ਸ਼ੋਰ ਵਿਚ ਦਬਾ ਦਿੱਤੇ ਗਏ ਹਨ, ਇਹ ਕਾਰਵਾਂ ਮੈਗਜ਼ੀਨ ਵਰਗੇ ਨਿਧੜਕ ਮੀਡੀਆ ਸਮੂਹ ਹੀ ਹਨ ਜੋ ਜ਼ਮੀਨੀਂ ਹਕੀਕਤ ਦੀ ਡੂੰਘੀ ਛਾਣਬੀਣ ਕਰਕੇ ਪੱਤਰਕਾਰੀ ਦਾ ਫਰਜ਼ ਨਿਭਾ ਰਹੇ ਹਨ। ਕਾਰਵਾਂ ਦੇ ਪੱਤਰਕਾਰਾਂ ਉੱਪਰ ਹਮਲਾ ਸੱਤਾਧਾਰੀ ਆਰ.ਐੱਸ.ਐੱਸ.-ਭਾਜਪਾ ਦੀ ਬਹੁਗਿਣਤੀਵਾਦੀ ਧੌਂਸਬਾਜ਼ ਸਿਆਸਤ ਦਾ ਨਤੀਜਾ ਹੈ।
ਸੱਤਾਧਾਰੀ ਧਿਰ ਵੱਲੋਂ ਸੀਏਏ-ਐੱਨਆਰਸੀ ਵਿਰੁੱਧ ਅੰਦੋਲਨਾਂ ਨੂੰ ਦਬਾਉਣ ਲਈ ਦਿੱਲੀ ਪੁਲਿਸ ਦੀ ਮਿਲੀਭੁਗਤ ਨਾਲ ਉੱਤਰ-ਪੂਰਬੀ ਦਿੱਲੀ ਵਿਚ ਯੋਜਨਾਬੱਧ ਹਿੰਸਾ ਕਰਵਾਈ ਗਈ ਅਤੇ ਹੁਣ ਨਾਲ ਮਜ਼ਲੂਮ ਮੁਸਲਿਮ ਫਿਰਕੇ ਨੂੰ ਇਨਸਾਫ਼ ਹਾਸਲ ਕਰਨ ਲਈ ਕਾਨੂੰਨੀ ਚਾਰਾਜੋਈ ਕਰਨ ਤੋਂ ਅਤੇ ਪੱਤਰਕਾਰਾਂ ਨੂੰ ਇਸ ਦੀ ਰਿਪੋਰਟਿੰਗ ਕਰਨ ਤੋਂ ਡਰਾ-ਧਮਕਾ ਕੇ ਰੋਕਿਆ ਜਾ ਰਿਹਾ ਹੈ। ਇਸ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਉੱਪਰ ਹਮਲਾ ਉਹਨਾਂ ਨੂੰ ਦਹਿਸ਼ਤਜ਼ਦਾ ਕਰਕੇ ਖ਼ਾਮੋਸ਼ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ। ਪੁਲਿਸ ਦੀ ਮਿਲੀਭੁਗਤ ਦੀ ਪੁਸ਼ਟੀ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਪੱਤਰਕਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬਜਾਏ ਸਥਾਨਕ ਥਾਣੇ ਦੇ ਅਧਿਕਾਰੀਆਂ ਵੱਲੋਂ ਪੀੜਤ ਪੱਤਰਕਾਰਾਂ ਅਤੇ ਹਜੂਮੀ ਹਮਲਾਵਰਾਂ ਦੋਨਾਂ ਪੱਖਾਂ ਦੀ ਜਾਂਚ ਕਰਨ ਦੇ ਬਹਾਨੇ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਪੂਰੇ ਦੇਸ਼, ਖ਼ਾਸ ਕਰਕੇ ਭਾਜਪਾ ਸਰਕਾਰ ਹੇਠਲੇ ਰਾਜਾਂ ਵਿਚ ਪੱਤਰਕਾਰਾਂ ਨੂੰ ਦਬਾਉਣ ਲਈ ਉਹਨਾਂ ਉੱਪਰ ਹਿੰਸਕ ਹਮਲੇ ਕਰਕੇ ਅਤੇ ਝੂਠੇ ਕੇਸਾਂ ਵਿਚ ਫਸਾ ਕੇ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਸਮੂਹ ਲੋਕਪੱਖੀ ਤਾਕਤਾਂ ਨੂੰ ਜਮਹੂਰੀ ਹੱਕਾਂ ਅਤੇ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਹਨਾਂ ਮੰਗ ਕੀਤੀ ਕਿ ਪੱਤਰਕਾਰਾਂ ਉੱਪਰ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਹਜੂਮਾਂ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਜਾਵੇ ਅਤੇ ਪ੍ਰੈੱਸ ਦੀ ਆਜ਼ਾਦੀ ਉੱਪਰ ਫਾਸ਼ੀਵਾਦੀ ਹਮਲੇ ਬੰਦ ਕੀਤੇ ਜਾਣ।-ਬ੍ਰੂਟਾ ਸਿੰਘ