'ਕਾਰਪੋਰੇਟ-ਭਜਾਓ-ਕਿਸਾਨੀ ਬਚਾਓ' ਦਾ ਨਾਅਰਾ ਗੂੰਜਾਉਣਗੀਆਂ ਕਿਸਾਨ ਜਥੇਬੰਦੀਆਂ
Posted on:- 07-08-2020
ਚੰਡੀਗੜ੍ਹ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਦੇਸ਼-ਵਿਆਪੀ ਸੱਦੇ 'ਤੇ 10 ਅਗਸਤ ਨੂੰ ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਤੱਕ ਕੀਤੇ ਜਾ ਰਹੇ ਮਾਰਚਾਂ 'ਚ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਡੀਆਂ ਗਿਣਤੀਆਂ ਨਾਲ ਸ਼ਮੂਲੀਅਤ ਕਰੇਗੀ। ਪੰਜਾਬ ਭਰ 'ਚ ਚਲ ਰਹੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਗੁਰਮੀਤ ਸਿੰਘ ਭੱਟੀਵਾਲ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 27 ਜੁਲਾਈ ਦੇ ਟਰੈਕਟਰ ਮਾਰਚ ਦੇ ਐਕਸ਼ਨ ਵਿਚ ਮਿਲੇ ਕਿਸਾਨ ਸਮਰਥਣ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਅੰਦੋਲਣ ਨੂੰ ਹੋਰ ਵਿਸ਼ਾਲ ਤੇ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ।
ਜਿਸ ਤਹਿਤ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਪੰਜਾਬ ਚੈਪਟਰ 'ਚ ਸ਼ਾਮਿਲ ਭਾਕਿਯੂ-ਡਕੌਂਦਾ ਸਮੇਤ 10 ਕਿਸਾਨ ਜਥੇਬੰਦੀਆਂ ਵਲੋਂ 10 ਅਗਸਤ ਨੂੰ (9 ਅਗਸਤ ਨੂੰ 1942 ਦੇ ਅੰਗਰੇਜ਼ ਖ਼ਿਲਾਫ਼ ਭਾਰਤ ਛੱਡੋ-ਅੰਦੋਲਨ ਦੀ ਤਰਜ਼ 'ਤੇ) ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਦੇ ਖੇਤੀ ਧੰਦੇ ਨੂੰ ਹਵਾਲੇ ਕਰਨ ਲਈ 3 ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਕਾਰਪੋਰੇਟ ਭਜਾਓ ਕਿਸਾਨੀ ਬਚਾਓ ਦਾ ਅੰਦੋਲਣ ਦਾ ਬਿਗਲ 10 ਅਗਸਤ ਨੂੰ ਵਜਾਇਆ ਜਾਵੇਗਾ ਅਤੇ ਸੂਬੇ ਭਰ 'ਚ ਅਕਾਲੀ-ਭਾਜਪਾ ਸੰਸਦਾਂ ਅਤੇ ਵਿਧਾਇਕਾਂ ਦੇ ਘਰਾਂ ਤੱਕ ਵਾਹਨ-ਮਾਰਚ ਕਰਦਿਆਂ ਚਿਤਾਵਨੀ-ਪੱਤਰ ਦਿੱਤੇ ਜਾਣਗੇ । ਕਿਸਾਨ ਇਨ੍ਹਾਂ ਲੋਕ ਨੁਮਾਇੰਦਿਆਂ ਨੂੰ ਚਿਤਾਵਨੀ ਦੇਣਗੇ ਕਿ ਉਹ ਕਿਸਾਨ ਮਸਲਿਆਂ ਦੇ ਸਥਾਈ ਹੱਲ ਲਈ ਮੋਦੀ ਸਰਕਾਰ ’ਤੇ ਜ਼ੋਰ ਪਾਉਣ।
ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਐਕਟ 2020 ਵਾਪਸ ਲੈਣ, ਤੇਲ ਕੀਮਤਾਂ ਘਟਾਉਣ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਮਿਥਣ, ਕਿਸਾਨੀ ਕਰਜ਼ਿਆਂ ’ਤੇ ਲੀਕ ਫੇਰਨ, ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ ’ਤੇ ਨਿਰਭਰ ਕਿਸਾਨਾਂ ਅਤੇ ਗੰਨਾਂ ਉਤਪਾਦਕਾਂ ਦੀਆਂ ਮੰਗਾਂ ਮੰਨੀਆਂ ਜਾਣ। ਸੂਬਾ ਪ੍ਰਧਾਨ ਬੁਰਜ਼ਗਿੱਲ ਨੇ ਕਿਹਾ ਕਿ ਪੰਜਾਬ ਭਰ ਤੋਂ ਜਥੇਬੰਦੀਆਂ ਦੀਆਂ ਇਕਾਈਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਕਿਯੂ-ਡਕੌਂਦਾ ਦੇ ਕਾਰਕੁੰਨ ਕਰੀਬ 5000 ਵਾਹਨਾਂ ਨਾਲ ਸਾਂਝੇ-ਮਾਰਚਾਂ 'ਚ ਸ਼ਮੂਲੀਅਤ ਕਰਨਗੇ।