ਕਰੋਨਾ ਬਹਾਨੇ ਪੰਜਾਬ ਸਰਕਾਰ ਵੱਲੋਂ ਜਮਹੂਰੀ ਹੱਕਾਂ 'ਤੇ ਹੱਲਾ
Posted on:- 15-07-2020
ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸੂਬੇ ਵਿੱਚ ਹੋਣ ਵਾਲ਼ੇ ਜਨਤਕ ਇਕੱਠਾਂ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਨਵੇਂ ਨਿਰਦੇਸ਼ਾਂ ਤਹਿਤ ਸਮਾਜਿਕ ਸਮਾਗਮਾਂ ਵਿੱਚ ਪੰਜ ਵਿਅਕਤੀਆਂ ਜਦੋਂਕਿ ਵਿਆਹ ਸਮਾਗਮ ਵਿੱਚ ਮੌਜੂਦਾ ਪੰਜਾਹ ਦੀ ਥਾਂ ਹੁਣ 30 ਵਿਅਕਤੀਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਪਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਆਖਿਆ ਗਿਆ ਹੈ।
ਇਸ ਮੁਤਾਬਕ ਕੋਈ ਵੀ ਰੈਲੀ, ਮੁਜ਼ਾਹਰਾ ਕਰਨ ਵਾਲ਼ੀਆਂ ਜਥੇਬੰਦੀਆਂ, ਲੋਕਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਮਾਨਵਜੋਤ, ਪੀ ਐੱਸ ਯੂ ਲਲਕਾਰ ਦੇ ਆਗੂ ਗੁਰਪ੍ਰੀਤ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ।
ਜ਼ਿਕਰਯੋਗ ਹੈ ਕੇਂਦਰ ਦੀ ਮੋਦੀ ਸਰਕਾਰ ਵਾਂਗੂੰ, ਹੁਣ ਪੰਜਾਬ ਸਰਕਾਰ ਵੀ ਕਰੋਨਾ ਨੂੰ ਪੂਰੀ
ਤਰ੍ਹਾਂ ਆਪਣੇ ਹਿੱਤ ਪੂਰਨ ਲਈ ਵਰਤਣ ਲੱਗੀ ਹੈ । ਕਰੋਨਾ ਦੇ ਪਰਦੇ ਹੇਠ ਜਿਸ ਤਰ੍ਹਾਂ
ਮੋਦੀ ਸਰਕਾਰ ਨੇ ਪਿਛਲੇ ਦੋ ਮਹੀਨੇ ਵਿੱਚ ਅਨੇਕਾਂ ਲੋਕ ਵਿਰੋਧੀ ਫ਼ੈਸਲੇ ਪਾਸ ਕੀਤੇ ਨੇ
,ਉਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਵੀ ਆਪਣਾ ਉੱਲੂ ਸਿੱਧਾ ਕਰਨ 'ਤੇ ਲੱਗੀ ਹੋਈ ਹੈ । ਇੱਕ
ਪਾਸੇ ਜਿੱਥੇ ਸਰਕਾਰੀ ਬੱਸਾਂ ਪੂਰੀ ਸਮਰੱਥਾ 'ਤੇ ਚੱਲ ਰਹੀਆਂ ਨੇ, ਓਥੇ ਦੂਜੇ ਪਾਸੇ
ਅਜਿਹੀ ਰੋਕ ਲਾਉਣਾ ਸਾਫ਼ ਦੱਸਦਾ ਹੈ ਕਿ ਪੰਜਾਬ ਸਰਕਾਰ ਦਾ ਅਸਲ ਨਿਸ਼ਾਨਾ ਹੋਰ ਹੈ। ਇਸ
ਫ਼ੈਸਲੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਵੱਲੋਂ ਮੋਦੀ ਸਰਕਾਰ ਦਾ ਕੀਤਾ
ਜਾਂਦਾ ਵਿਰੋਧ ਵੀ ਜ਼ੁਬਾਨੀ ਜਮ੍ਹਾਂ ਖ਼ਰਚ ਹੀ ਹੈ, ਜਦਕਿ ਹੁਣ ਖ਼ੁਦ ਕੈਪਟਨ ਸਰਕਾਰ ਉਸੇ ਰਾਹ
'ਤੇ ਹੀ ਤੁਰ ਰਹੀ ਹੈ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਲੋਕਾਂ ਅੰਦਰ ਖੇਤੀ
ਆਰਡੀਨੈਂਸਾਂ, ਨਿੱਜੀ ਸਕੂਲਾਂ ਦੀ ਲੁੱਟ, ਥਰਮਲ ਬੰਦ ਕਰਨ, ਮਾਈਕਰੋ ਫਾਇਨਾਂਸ ਕੰਪਨੀਆਂ
ਦੀ ਲੁੱਟ ਆਦਿ ਜਿਹੇ ਮਸਲਿਆਂ ਵਿਰੁੱਧ ਬਹੁਤ ਰੋਸ ਧੁਖ ਰਿਹਾ ਹੈ ।ਆਉਣ ਵਾਲ਼ੇ
ਸਮੇਂ ਵਿੱਚ ਪੰਜਾਬ ਸਰਕਾਰ ਵੱਲ਼ੋਂ ਮਾੜੀ ਵਿੱਤੀ ਹਾਲਤ ਦਾ ਵਾਸਤਾ ਪਾ ਕੇ ਹੋਰ ਵੀ ਮਜ਼ਦੂਰ
ਵਿਰੋਧੀ, ਮੁਲਾਜ਼ਮ ਵਿਰੋਧੀ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ । ਅਜਿਹੇ ਵਿੱਚ ਸਰਕਾਰਾਂ ਦਾ
ਕੋਈ ਵਿਰੋਧ ਨਾ ਕਰ ਸਕੇ ਇਸ ਲਈ ਅਜਿਹਾ ਲੋਕ ਵਿਰੋਧੀ ਨਿਰਦੇਸ਼ ਜਾਰੀ ਕੀਤਾ ਗਿਆ ਹੈ ।
ਅਸੀਂ ਪੰਜਾਬ ਦੀਆਂ ਸਮੂਹ ਲੋਕ ਪੱਖੀ, ਜਮਹੂਰੀ-ਜਨਤਕ ਜਥੇਬੰਦੀਆਂ, ਲੋਕਾਂ ਨੂੰ ਅਪੀਲ
ਕਰਦੇ ਹਾਂ ਕਿ ਉਹ ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੈਸਲੇ ਦਾ ਵਿਰੋਧ ਕਰਨ ਲਈ ਅੱਗੇ ਆਉਣ
।ਜਾਰੀ ਕਰਤਾ
ਨੌਜਵਾਨ ਭਾਰਤ ਸਭਾ,
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ),
ਕਾਰਖਾਨਾ ਮਜ਼ਦੂਰ ਯੂਨੀਅਨ,
ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ,
ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ)