ਸੀਨੀਅਰ ਪੱਤਰਕਾਰ ਨੂੰ ਹਿਰਾਸਤ ਵਿਚ ਲੈਣ ਵਾਲੇ ਪੁਲਿਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਜਾਵੇ : ਜਮਹੂਰੀ ਅਧਿਕਾਰ ਸਭਾ
Posted on:- 19-04-2020
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਥਾਣੇ ਦੇ ਐੱਸਐੱਸਓ ਵੱਲੋਂ ਸੀਨੀਅਰ ਪੱਤਰਕਾਰ ਦਵਿੰਦਰਪਾਲ ਨੂੰ ਹਿਰਾਸਤ ਵਿਚ ਲੈ ਕੇ ਜ਼ਲੀਲ ਕਰਨ, ਉਸ ਨਾਲ ਬਦਤਮੀਜ਼ੀ ਕਰਨ ਅਤੇ ਗਾਲੀਗਲੋਚ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਕ ਸੀਨੀਅਰ ਪੱਤਰਕਾਰ ਨਾਲ ਚੰਡੀਗੜ੍ਹ ਵਿਚ ਕੀਤੀ ਗਈ ਇਸ ਸ਼ਰਮਨਾਕ ਹਰਕਤ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੌਕਡਾਊਨ ਦੌਰਾਨ ਮਿਲੇ ਬੇਥਾਹ ਅਧਿਕਾਰਾਂ ਕਾਰਨ ਪੁਲਿਸ ਆਮ ਨਾਗਰਿਕਾਂ ਨਾਲ ਕਿਵੇਂ ਦੁਹਵਿਹਾਰ ਕਰ ਕਰਦੀ ਹੋਵੇਗੀ। ਦਵਿੰਦਰਪਾਲ ਵੱਲੋਂ ਆਪਣਾ ਪ੍ਰੈੱਸ ਸ਼ਨਾਖ਼ਤੀ ਕਾਰਡ ਦਿਖਾਉਣ ਦੇ ਬਾਵਜੂਦ ਉਸ ਨੂੰ ਧੱਕੇ ਨਾਲ ਗੱਡੀ ਵਿਚ ਸੁੱਟ ਕੇ ਥਾਣੇ ਲਿਜਾਇਆ ਗਿਆ ਅਤੇ ਮੁਜਰਿਮਾਂ ਵਾਂਗ ਜ਼ਮੀਨ ਉੱਪਰ ਬਿਠਾ ਕੇ ਜ਼ਲੀਲ ਕੀਤਾ ਗਿਆ।
ਬਾਦ ਵਿਚ ਪੁਲਿਸ ਅਧਿਕਾਰੀ ਨੇ ਆਪਣੀ ਘਿਣਾਉਣੀ ਹਰਕਤ ਨੂੰ ਜਾਇਜ਼ ਠਹਿਰਾਉਣ ਲਈ ਝੂਠੀ ਕਹਾਣੀ ਘੜ ਲਈ ਕਿ ਉਹ ਤਾਂ ਸੜਕ ਉੱਪਰ ਸੈਰ ਕਰਕੇ ਲੌਕਡਾਊਨ ਦਾ ਉਲੰਘਣ ਕਰ ਰਿਹਾ ਸੀ। ਇਹ ਹੋਰ ਵੀ ਚਿੰਤਾਜਨਕ ਹੈ ਕਿ ਸੀਨੀਅਰ ਪੱਤਰਕਾਰ ਨੂੰ ਨਜਾਇਜ਼ ਹੀ ਹਿਰਾਸਤ ਵਿਚ ਲਏ ਜਾਣ ਦਾ ਪਤਾ ਲੱਗ ਜਾਣ ਦੇ ਬਾਵਜੂਦ ਦੋਸ਼ੀ ਥਾਣੇਦਾਰ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦਕਿ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਉਸ ਨੂੰ ਮੁਅੱਤਲ ਕਰਨਾ ਚਾਹੀਦਾ ਸੀ ਅਤੇ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਸੀ। ਕੋਰੋਨਾ ਮਹਾਂਮਾਰੀ ਦੇ ਇਸ ਬੇਹੱਦ ਨਾਜ਼ੁਕ ਦੌਰ ਵਿੱਚ ਪੱਤਰਕਾਰ ਅਤੇ ਪ੍ਰੈੱਸ ਦੇ ਹੋਰ ਕਾਮੇ ਜ਼ੋਖ਼ਮ ਲੈ ਕੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾ ਰਹੇ ਹਨ, ਜੇ ਸੀਨੀਅਰ ਪੱਤਰਕਾਰ ਵੀ ਪੁਲਿਸ ਦੀਆਂ ਧੱਕੇਸਾਹੀਆਂ ਅਤੇ ਮਨਮਾਨੀਆਂ ਤੋਂ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕਾਂ ਦੇ ਹੱਕਾਂ ਦੀ ਢਾਲ ਕੌਣ ਬਣੇਗਾ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਸੀਨੀਅਰ ਪੱਤਰਕਾਰ ਨੂੰ ਨਜਾਇਜ਼ ਤੌਰ ਤੇ ਹਿਰਾਸਤ ਵਿਚ ਲੈਣ ਵਾਲੇ ਥਾਣੇਦਾਰ ਨੂੰ ਤੁਰੰਤ ਬਰਖ਼ਾਸਤ ਕਰਕੇ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਲੌਕਡਾਊਨ ਦੇ ਬਹਾਨੇ ਪੁਲਿਸ ਨੂੰ ਦਿੱਤੇ ਮਨਮਾਨੀਆਂ ਦੇ ਅਧਿਕਾਰ ਤੁਰੰਤ ਵਾਪਸ ਲਏ ਜਾਣ। ਨਾਗਰਿਕਾਂ ਨੂੰ ਤੰਗ-ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦਾ ਸਿਲਸਿਲਾ ਬੰਦ ਕੀਤਾ ਜਾਵੇ ਅਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਸਮਝਣ ਲਈ ਉਹਨਾਂ ਨਾਲ ਇਨਸਾਨਾਂ ਵਾਲਾ ਸਲੂਕ ਕਰਨ।