ਸਨਮਾਨਯੋਗ ਹਾਲਤ ਮੁਹੱਈਆ ਕਰਵਾਏ ਸਰਕਾਰ-ਇਨਕਲਾਬੀ ਕੇਂਦਰ
ਬਰਨਾਲਾ : ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਸੰਸਾਰ ਭਰ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਮੌਤਾਂ ਅਤੇ ਪ੍ਰਭਾਵਿਤ ਮਰੀਜ਼ਾਂ ਦਾ ਗ੍ਰਾਫ ਵਧਦਾ ਹੀ ਜਾ ਰਿਹਾ ਹੈ। ਸਾਡੇ ਮੁਲਕ ਅੰਦਰ ਵੀ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਪੰਜ ਹਜਾਰ ਤੋਂ ਟੱਪ ਚੁੱਕੀ ਹੈ। ਮੌਤਾਂ ਦਾ ਅੰਕੜਾ ਡੇਢ ਸੌ ਨੂੰ ਪਾਰ ਕਰ ਗਿਆ ਹੈ। ਕੋਰੋਨਾ ਵਾਇਰਸ ਨੇ ਹੁਣ ਆਪਣੀ ਦਸਤਕ ਸਭ ਤੋਂ ਗਰੀਬ ਤਬਕੇ ਮੁੰਬਈ ਦੀਆਂ ਝੋਂਪੜ ਬਸਤੀ ਵਿੱਚ ਦੇ ਦਿੱਤੀ ਹੈ। ਮੁਲਕ ਅੰਦਰ ਇਹ ਉਹ ਥਾਵਾਂ ਹਨ ਜਿੱਥੇ ਕਰੋੜਾਂ ਕਰੋੜ ਲੋਕ ਵਸਦੇ ਹਨ। ਇੱਥੇ ਜਿੰਦਗੀ ਦੀਆਂ ਹੋਰ ਬੁਨਿਆਦੀ ਲੋੜਾਂ ਸਮੇਤ ਮੈਡੀਕਲ ਸਹੂਲਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਾਡੇ ਮੁਲਕ ਅੰਦਰ ਮੈਡੀਕਲ ਸਹੂਲਤਾਂ ਦੀ ਘਾਟ ਕਿਸੇ ਕੋਲੋਂ ਗੁੱਝੀ ਨਹੀਂ। ਮਾਸਕ, ਦਸਤਾਨੇ, ਟੈਸਟ ਕਿੱਟਾਂ, ਵਰਦੀਆਂ, ਲੈਬਾਰਟਰੀਆਂ, ਵੈਂਟੀਲੇਟਰਾਂ ਤੋਂ ਸੱਖਣਾ ਮੈਡੀਕਲ ਅਮਲਾ ਜੰਗ ਲੜ੍ਹ ਰਿਹਾ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਜਦੋਂ ਤੋਂ ਇਹ ਮਹਾਂਮਾਰੀ ਖਿਲਾਫ ਜੰਗ ਸ਼ੁਰੂ ਹੋਈ ਹੈ, ਸਾਡੀ ਜਥੇਬੰਦੀ ਨੇ ਇਹ ਬੁਨਿਆਦੀ ਲੋੜਾਂ ਦੀ ਪੂਰਤੀ ਵੱਲ ਧਿਆਨ ਦਿਵਾਉਂਦਿਆਂ ਮੰਗ ਕੀਤੀ ਸੀ ਕਿ ਲੋੜੀਂਦੇ ਸਾਜੋਸਮਾਨ ਤੋਂ ਵਗੈਰ ਜੰਗ ਲੜੀ ਨਹੀਂ ਵੀ ਜਾ ਸਕਦੀ , ਜੰਗ ਜਿੱਤਣੀ ਤਾਂ ਦੂਰ ਦੀ ਗੱਲ ਹੈ। ਜਦ ਇਹਨਾਂ ਮਸਲਿਆਂ ਦੀ ਚਰਚਾ ਮੁਲਕ ਪੱਧਰ ਤੇ ਹੋਣ ਲੱਗੀ ਤਾਂ ਕੁੰਭਕਰਨੀ ਨੀਂਦ ਸੁੱਤੀਆਂ ਸਰਕਾਰਾਂ ਜਾਗੀਆਂ।