ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਸਮਰਥਨ 'ਚ ਮੀਟਿੰਗ
Posted on:- 28-11-2019
ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਅਤੇ ਸੰਘਰਸ਼ ਦੀ ਨਵੀਂ ਵਿਉਂਤਬੰਦੀ ਲਈ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਇਨਸਾਫ਼-ਪਸੰਦ ਜਥੇਬੰਦੀਆਂ ਦੀ ਬੇਰੁਜ਼ਗਾਰ ਅਧਿਆਪਕਾਂ ਨਾਲ ਸਾਂਝੀ ਮੀਟਿੰਗ ਗ਼ਦਰ ਭਵਨ, ਸੰਗਰੂਰ ਵਿਖੇ ਹੋਈ। ਮੀਟਿੰਗ ਦੌਰਾਨ 30 ਨਵੰਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਕੀਤੇ ਜਾਣ ਵਾਲੇ ਅਰਥੀ ਫੂਕ ਮੁਜ਼ਾਹਰਿਆਂ ਦੀ ਤਿਆਰੀ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ, ਬੇਰੁਜ਼ਗਾਰ ਈ ਟੀ ਟੀ ਅਧਿਆਪਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬੇਰੁਜ਼ਗਾਰ ਅਧਿਆਪਕਾਂ ਦੇ ਹੌਸਲੇ ਬੁਲੰਦ ਹੋਏ ਹਨ, ਜਥੇਬੰਦੀਆਂ ਦਾ ਸਹਿਯੋਗ ਉਹਨਾਂ ਦੇ ਸੰਘਰਸ਼ ਨੂੰ ਯੋਗ ਅਗਵਾਈ ਦੇਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਇਹ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਵੱਡੇ-ਵੱਡੇ ਮੋਰਚੇ ਜਿੱਤੇ ਹਨ, ਹੁਣ ਇਹ ਸੰਘਰਸ਼ ਵੀ ਹੋਰ ਤੇਜ਼ ਹੋਵੇਗਾ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਾਅਦੇ ਮੁਤਾਬਿਕ 8 ਦਸੰਬਰ ਤੱਕ ਅਧਿਆਪਕ ਭਰਤੀ ਦੀਆਂ ਸ਼ਰਤਾਂ ਬਦਲਣ ਦਾ ਅਲਟੀਮੇਟਮ ਦਿੱਤਾ ਹੈ, ਅਜਿਹਾ ਨਾ ਹੋਣ 'ਤੇ ਮੁੜ ਕੋਠੀ ਦੇ ਘਿਰਾਓ ਦੀ ਚਿਤਾਵਨੀ ਵੀ ਦਿੱਤੀ ਹੈ। 2 ਦਸੰਬਰ ਤੋਂ 8 ਦਸੰਬਰ ਤੱਕ ਯੂਨੀਅਨ ਨੇ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ ਪ੍ਰਦਰਸ਼ਨ ਦਾ ਪ੍ਰੋਗਰਾਮ ਵੀ ਉਲੀਕਿਆ ਹੈ। ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਬਲਬੀਰ ਚੰਦ ਲੌਂਗੋਵਾਲ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਫਕੀਰ ਸਿੰਘ ਟਿੱਬਾ, ਐਸ ਐਸ ਏ/ ਰਮਸਾ ਯੂਨੀਅਨ ਦੇ ਜਗਸੀਰ ਜੀਦਾ, 6060 ਅਧਿਆਪਕ ਯੂਨੀਅਨ ਦੇ ਰਘਬੀਰ ਭਵਾਨੀਗੜ੍ਹ, ਰੁਜ਼ਗਾਰ ਅਧਿਕਾਰ ਅੰਦੋਲਨ ਦੇ ਹਰਭਗਵਾਨ ਭੀਖੀ, ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਗੁਰਦੀਪ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ, ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਆਗੂ ਹਰਜਿੰਦਰ ਝੁਨੀਰ, ਤਰਕਸ਼ੀਲ ਸੁਸਾਇਟੀ ਦੇ ਪਰਮਵੇਦ, ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਗੁਰਦੀਪ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਗੋਬਿੰਦ ਛਾਜਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਚੌਂਦਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਆਇਸਾ ਦੇ ਪ੍ਰਦੀਪ ਗੁਰੂ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਆਲ ਇੰਡੀਆ ਰੈਡੀਕਲ ਪੀਪਲਜ਼ ਫੋਰਮ ਦੇ ਸੁਖਦਰਸ਼ਨ ਨੱਤ ਹਾਜ਼ਰ ਸਨ। ਜਦੌਂਕਿ ਭਾਰਤੀ ਕਿਸਾਨ ਯੂਨੀਅਨ-ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਅਧਿਆਪਕ ਸੰਘਰਸ਼ ਕਮੇਟੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਬੇਰੁਜ਼ਗਾਰ ਲਾਇਨਮੈਨ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਆਂਗਣਵਾੜੀ ਵਰਕਰਜ਼ ਯੂਨੀਅਨ-ਸੀਟੂ ਨੇ ਆਪਣੇ ਸੁਨੇਹਾ ਭੇਜਦਿਆਂ 30 ਨਵੰਬਰ ਦੇ ਅਰਥੀ ਫੂਕ ਮੁਜ਼ਾਹਰਿਆਂ 'ਚ ਵੱਡੀ ਗਿਣਤੀ 'ਚ ਸ਼ਾਮਲ ਹੋਣ ਦਾ ਵਿਸ਼ਵਾਸ ਦਿਵਾਇਆ।