ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਤੇ ਸੰਘਰਸ਼ ਕਰ ਰਹੀਆਂ ਧਿਰਾਂ ਦੇ ਹੱਕ ਵਿੱਚ ਕੈਲਗਰੀ ਤੋਂ ਆਵਾਜ਼ ਉਠੀ
Posted on:- 15-10-2019
ਕੈਲਗਰੀ: ਧਨੇਰ ਸੰਘਰਸ਼ ਕਮੇਟੀ ਪਿਛਲ਼ੇ ਇੱਕ ਮਹੀਨੇ ਤੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਰ ਰਹੀ ਹੈ। ਯਾਦ ਰਹੇ 3 ਸਤੰਬਰ ਨੂੰ ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਿਆ ਸੀ, ਇਸ ਤੋਂ ਪਹਿਲਾਂ 2011 ਵਿੱਚ ਹਾਈ ਕੋਰਟ ਨੇ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਯਾਦ ਰਹੇ 22 ਸਾਲ ਪਹਿਲਾਂ 29 ਜੁਲਾਈ 1997 ਨੂੰ ਇੱਕ ਕਾਲਜ ਜਾਂਦੀ ਲੜਕੀ ਨੂੰ ਸਿਆਸੀ ਸ਼ਹਿ ਪ੍ਰਾਪਤ ਕੁਝ ਗੁੰਡਿਆਂ ਵਲੋਂ ਅਗਵਾ ਕਰਕੇ ਗੈਗ ਰੇਪ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਲੰਬੇ ਲੋਕ ਸੰਘਰਸ਼ ਤੋਂ ਬਾਅਦ ਇਸ ਰੇਪ ਤੇ ਕਤਲ ਕੇਸ ਦੇ ਦੋਸ਼ੀਆਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਦੋਸ਼ੀਆਂ ਵਿੱਚੋਂ ਇੱਕ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ, ਜਿਸਦੇ ਦੋਸ਼ ਵਿੱਚ ਕਿਰਨਜੀਤ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਸੰਘਰਸ਼ਸ਼ੀਲ ਆਗੂਆਂ ਤੇ ਪੁਲਿਸ ਨੇ ਇਸ ਕਤਲ ਦਾ ਝੂਠਾ ਕੇਸ ਪਾ ਦਿੱਤਾ ਸੀ, ਪਰ ਹੇਠਲੀ ਅਦਾਲਤ ਨੇ ਸਭ ਕਥਿਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸਨੂੰ ਬਾਅਦ ਵਿੱਚ ਲੋਕ ਸੰਘਰਸ਼ ਕਾਰਨ ਰਾਜਪਾਲ ਵਲੋਂ ਰੱਦ ਕਰਨਾ ਪਿਆ ਸੀ, ਪਰ ਬਾਅਦ ਵਿੱਚ ਹਾਈ ਕੋਰਟ ਨੇ ਦੋ ਕਥਿਤ ਦੋਸ਼ੀ ਤਾਂ ਬਰੀ ਕਰ ਦਿੱਤੇ ਸਨ, ਪਰ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਹਾਲ ਕਰ ਦਿੱਤੀ, ਜਿਸਨੂੰ ਹੁਣ ਸੁਪਰੀਮ ਕੋਰਟ ਨੇ ਵੀ ਬਹਾਲ ਰੱਖਿਆ ਹੈ। ਜਿਸ ਲਈ ਅਨੇਕਾਂ ਲੋਕ ਪੱਖੀ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ।
ਇਸ ਸਾਰੇ ਘਟਨਾਕਰਮ ਬਾਰੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਮਾਸਟਰ ਭਜਨ ਸਿੰਘ, ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਹਰਚਰਨ ਸਿੰਘ ਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਦੇ ਹਰਬੰਸ ਸਿੰਘ ਵਲੋਂ ਜਿਥੇ ਮਨਜੀਤ ਧਨੇਰ ਤੇ ਪੁਲਿਸ ਵਲੋਂ ਪਾਏ ਗਾਏ ਝੂਠੇ ਕੇਸਾਂ ਤੇ ਝੂਠੇ ਗਵਾਹਾਂ ਦੇ ਅਧਾਰ ਤੇ ਹਾਈ ਕਰੋਟ ਅਤੇ ਸੁਪਰੀਮ ਕੋਰਟ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਦੀ ਨਿਖੇਧੀ ਕੀਤੀ ਗਈ, ਉਥੇ ਮਨਜੀਤ ਧਨੇਰ ਦੀ ਬਿਨਾਂ ਸ਼ਰਤ ਰਿਹਾਈ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਹਮਾਇਤ ਕੀਤੀ ਗਈ ਤੇ ਉਨ੍ਹਾਂ ਦਾ ਹਰ ਤਰ੍ਹਾਂ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ।ਯਾਦ ਰਹੇ ਬਰਨਾਲਾ ਜ਼ੇਲ ਵਿੱਚ ਬੰਦ ਮਨਜੀਤ ਧਨੇਰ ਦੀ ਰਿਹਾਈ ਲੋਕ ਜ਼ੇਲ ਦੇ ਬਾਹਰ ਧਰਨੇ ਮੁਜ਼ਾਹਰੇ ਕਰ ਰਹੇ ਹਨ।