ਨਕੁਲ ਸਿੰਘ ਸਾਹਨੀ ਦੀ ਮੂਵੀ 'ਮੁਜ਼ੱਫਰਨਗਰ ਬਾਕੀ ਹੈ…' ਕੈਲਗਰੀ ਵਿੱਚ 15 ਨਵੰਬਰ ਨੂੰ ਦਿਖਾਈ ਜਾਵੇਗੀ
Posted on:- 14-10-2019
ਕੈਲਗਰੀ: ਉੱਘੇ ਡਾਕੂਮੈਂਟਰੀ ਮੂਵੀ ਨਿਰਦੇਸ਼ਕ ਨਕੁਲ ਸਿੰਘ ਸਾਹਨੀ ਦੀ ਪ੍ਰਸਿੱਧ ਡਾਕੂਮੈਂਟਰੀ 'ਮੁਜ਼ੱਫਰਨਗਰ ਬਾਕੀ ਹੈ---' ਕੈਲਗਰੀ ਵਿੱਚ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਦਿਖਾਈ ਜਾਵੇਗੀ। ਇਹ ਮੂਵੀ ਪ੍ਰੌਗਰੈਵਿ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਦਿਖਾਈ ਜਾਵੇਗੀ। ਇਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਇਸ ਮੂਵੀ ਦਾ ਸ਼ੋਅ ਬਿਲਕੁਲ ਮੁਫਤ ਹੋਵੇਗਾ ਅਤੇ ਇਹ ਮੂਵੀ ਫਾਲਕਨਰਿਜ਼ ਕਮਿਉਨਿਟੀ ਹਾਲ ਵਿੱਚ 15 ਨਵੰਬਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਦਿਖਾਈ ਜਾਵੇਗੀ। ਯਾਦ ਰਹੇ ਨਕੁਲ ਸਾਹਨੀ ਵਲੋਂ ਇਹ ਮੂਵੀ ਭਾਰਤੀ ਸੂਬੇ ਯੂਪੀ ਦੇ ਸ਼ਹਿਰ ਮੁਜ਼ੱਫਰਨਗਰ ਵਿੱਚ 2013 ਵਿੱਚ ਹੋਏ ਹਿੰਦੂ-ਮੁਸਲਿਮ ਦੰਗਿਆਂ (ਕਤਲੇਆਮ) ਅਧਾਰਿਤ ਹੈ।ਜਿਸ ਵਿੱਚ 100 ਦੇ ਕਰੀਬ ਵਿਅਕਤੀ ਮਾਰੇ ਗਏ ਸਨ ਤੇ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ ਅਤੇ ਕਰੋੜਾਂ ਦੀ ਜਾਇਦਾਦ ਤਬਾਹ ਹੋਈ ਸੀ।
ਇਸ ਤੋਂ ਪਹਿਲਾਂ ਨਕੁਲ ਵਲੋਂ ਜਾਤ-ਪਾਤ, ਔਰਤਾਂ ਦੇ ਹੱਕਾਂ, ਅਣਖ ਦੇ ਨਾਮ ਤੇ ਕਤਲ, ਕਿਰਤੀਆਂ ਦੇ ਹੱਕਾਂ ਆਦਿ ਵਿਸ਼ਿਆਂ ਤੇ 'ਇੱਜ਼ਤ ਨਗਰੀ ਦੀਆਂ ਅਸੱਭਿਆ ਬੇਟੀਆਂ', 'ਕੈਰਾਨ ਆਫਟਰ ਦੀ ਹੈਡਲਾਈਨਜ਼', 'ਸਵਿਤਰੀਜ਼ ਸਿਸਟਰਜ਼' ਵਰਗੀਆਂ ਵੱਖ-ਵੱਖ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਡਾਕੂਮੈਂਟਰੀਆਂ ਬਣਾਈਆਂ ਜਾ ਚੁੱਕੀਆਂ ਹਨ।ਦੋਨੋਂ ਸੰਸਥਾਵਾਂ ਵਲੋਂ ਸਾਰੇ ਦਰਸ਼ਕਾਂ ਨੂੰ ਇਹ ਮੂਵੀ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।