ਪੰਜਾਬ ਭਰ ਦੇ ਬੁੱਧੀਜੀਵੀ ਲੋਕ-ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ 14 ਅਕਤੂਬਰ ਨੂੰ ਬਰਨਾਲਾ ਵਿਖੇ ਆਵਾਜ਼ ਬੁਲੰਦ ਕਰਨਗੇ
Posted on:- 09-10-2019
ਚੰਡੀਗੜ੍ਹ : ਕਿਰਨਜੀਤ ਅਗਵਾ, ਜ਼ਬਰ ਜਨਾਹ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਝੂਠੇ ਕਤਲ ਕੇਸ 'ਚ ਦਿੱਤੀ ਉਮਰ ਕੈਦ ਸਜ਼ਾ ਖਿਲਾਫ ਲੋਕ ਸੰਘਰਸ਼ ਹੁਣ ਹੋਰ ਨਵਾਂ ਵੇਗ ਫੜਦਾ ਜਾ ਰਿਹਾ ਹੈ। ਬੀਤੇ ਦਿਨੀਂ ਬਰਨਾਲਾ ਜੇਲ੍ਹ ਮੂਹਰੇ ਬੀਤੀ 30 ਸਤੰਬਰ ਤੋਂ ਚੱਲ ਰਹੇ ਪੱਕੇ ਮੋਰਚੇ 'ਚ ਸੂਬੇ ਭਰ ਵਿਚੋਂ ਹਜ਼ਾਰਾ ਔਰਤਾਂ ਨੇ ਭਾਗ ਲੈ ਕੇ ਘੰਟਾ ਘਰ ਜੇਲ੍ਹ ਦਾ ਘਿਰਾਓ ਕਰਕੇ ਇਕ ਨਵਾਂ ਤੇ ਵਿਲੱਖਣ ਇਤਿਹਾਸਕ ਸਿਰਜਿਆ ਹੈ, ਉਸੇ ਤਰ੍ਹਾਂ ਹੁਣ ਪੰਜਾਬ ਭਰ ਦੇ ਅਗਾਂਹਵਧੂ, ਲੋਕਪੱਖੀ, ਬੁੱਧੀਜੀਵੀਆਂ, ਚਿੰਤਕਾਂ, ਲੇਖਕਾਂ, ਰੰਗਕਰਮੀਆਂ ਨੇ 14 ਅਕਤੂਬਰ ਨੂੰ ਵੱਡੀ ਗਿਣਤੀ ਵਿਚ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਹੋਈ ਮੀਟਿੰਗ ਉਪਰੰਤ ਪੰਜਾਬ ਲੋਕ ਸਭਿਆਚਾਰ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ, ਪ.ਲ.ਸ. ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਗਸੀਰ ਜੀਦਾ, ਉੱਘੇ ਕਹਾਣੀਕਾਰ ਅਤਰਜੀਤ, ਚਿੰਤਕ ਨਰਭਿੰਦਰ ਨੇ ਪੰਜਾਬ ਦੇ ਸਮੂਹ ਸਾਹਿਤਕਾਰਾਂ, ਚਿੰਤਕਾਂ, ਰੰਗਕਰਮੀਆਂ ਨੂੰ ਅਪੀਲ ਕੀਤੀ ਹੈ ਕਿ 14 ਅਕਤੂਬਰ ਨੂੰ ਸਵੇਰੇ 10:30 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਹੁੰਚਣ।
ਉਨ੍ਹਾਂ ਦੱਸਿਆ ਕਿ ਉੱਥੇ ਸਮੂਹ ਇੱਕਤਰਤਾ ਮਾਰਚ ਕਰਕੇ ਪੱਕੇ ਮੋਰਚੇ ਵਿਚ ਸ਼ਾਮਲ ਹੋਵੇਗੀ।ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ, ਔਰਤਾਂ ਲੰਮੇ ਸਮੇਂ ਤੋਂ ਮੈਦਾਨ ਵਿਚ ਲੰਮੀ ਲੜਾਈ ਲੜ ਰਹੇ ਹਨ, ਤਾਂ ਕਲਮਾਂ ਵਾਲਿਆਂ ਲਈ , ਲੋਕ ਕਲਾ ਦੇ ਸਿਰਜਕਾਂ ਲਈ ਪਾਸੇ ਬੈਠੇ ਰਹਿਣਾ ਕਿ ਗੁਨਾਹ ਗਿਣਿਆ ਜਾਵੇਗਾ।ਉਨ੍ਹਾਂ ਕਿਹਾ ਕਿ ਲੋਕ ਦਰਦਾਂ ਨੂੰ ਸ਼ਬਦਾਂ ਤੇ ਕਲਾ ਰਾਹੀਂ ਚਿਤਰਣ ਵਾਲੇ ਚਿੱਤਰਿਆਂ ਲਈ ਇਨਸਾਫ ਲਈ ਸੰਘਰਸ਼ ਵਿਚ ਸ਼ਾਮਲ ਹੋਣਾ ਸਮੇਂ ਦੀ ਪੁਰਜ਼ੋਰ ਮੰਗ ਹੈ।ਉਨ੍ਹਾਂ ਸਮੂਹ ਸਾਹਿਤ ਸਭਾਵਾਂ, ਕੇਂਦਰੀ ਲੇਖਕ ਸਭਾਵਾਂ, ਪੰਜਾਬੀ ਸਾਹਿਤ ਅਕੈਡਮੀ, ਇਪਟਾ, ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ, ਰੰਗ ਮੰਚ ਦੇ ਕਾਰਕੁੰਨਾਂ, ਨਿਰਦੇਸ਼ਕਾਂ, ਫਿਲਮਸਾਜਾਂ ਨੂੰ ਇਸ ਮਾਰਚ 'ਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।