26 ਜੂਨ ਨੂੰ ਬਰਨਾਲਾ ਵਿਖੇ ਕੱਢਿਆ ਜਾਵੇਗਾ ਵਿਸ਼ਾਲ ਮਾਰਚ
Posted on:- 22-06-2019
ਬਰਨਾਲਾ :ਹਿੰਦੂਤਵੀ ਫਾਸ਼ਿਸ਼ਟ ਵਿਰੋਧੀ ਫੋਰਮ ਵੱਲੋਂ 26 ਜੂਨ ਐਮਰਜੈਂਸੀ ਵਿਰੋਧੀ ਦਿਵਸ ਸਬੰਧੀ ਰੈਲੀ/ਮੁਜਾਹਰਾ ਕਰਨ ਸਬੰਧੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸਾਥੀ ਨਰਾਇਣ ਦੱਤ,ਗੁਰਮੇਲ ਮਾਛੀਕੇ,ਖੁਸ਼ਮੰਦਰਪਾਲ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ 26 ਜੂਨ 2019 ਨੂੰ ਸਵੇਰ 9.30 ਵਜੇ ਹਸਪਤਾਲ ਪਾਰਕ ਬਰਨਾਲਾ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੀਤਾ ਜਾਵੇਗਾ। ਆਗੂਆਂ ਦੱਸਿਆ ਕਿ 26 ਜੂਨ 1975 ਤੋਂ ਬਾਅਦ ਭਾਵੇਂ 44 ਸਾਲ ਦਾ ਵਡੇਰਾ ਸਮਾਂ ਬੀਤ ਗਿਆ ਹੈ। ਪਰ ਜਿਸ ਤਰ੍ਹਾਂ ਉਸ ਸਮੇਂ ਦੀ ਇੰਦਰਾ ਹਕੂਮਤ ਨੇ ਸੰਘਰਸ਼ਸ਼ੀਲ ਲੋਕਾਂ,ਕਲਮਕਾਰਾਂ,ਲੇਖਕਾਂ,ਜਮਹੂਰੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਹਜ਼ਾਰਾਂ ਦੀ ਤਾਦਾਦ 'ਚ ਜੇਲ੍ਹੀਂ ਸੁੱਟਿਆ ਸੀ,ਬਿਲਕੁਲ ਉਸੇ ਹੀ ਤਰ੍ਹਾਂ ਅੱਜ ਦੇ ਹਾਕਮਾਂ ਨੇ ਅਣਐਲਾਨੀ ਐਮਰਜੈਂਸੀ ਲਗਾ ਰੱਖੀ ਹੈ।
ਲੋਕਾਂ ਦੀ ਗੱਲ ਕਰਨ ਵਾਲੀ ਹਰ ਆਵਾਜ਼ ਨੂੰ ਬੰਦ ਕਰਨ ਲਈ ਯੂ.ਏ.ਪੀ.ਏ(ਦੇਸ਼ ਧ੍ਰੋਹ) ਵਰਗੇ ਬਦਨਾਲ ਕਾਲੇ ਕਾਨੂੰਨਾਂ ਰਾਹੀਂ ਸੰਘਰਸ਼ ਕਰਨ ਵਾਲੇ ਕਿਸਾਨਾਂ-ਮਜ਼ਦੂਰਾਂ,ਬੇਰੁਜ਼ਗਾਰ ਨੌਜਵਾਨਾਂ, ਵਿਦਿਆਰਥੀਆਂ,ਆਦਿਵਾਸੀਆਂ, ਦਲਿਤਾਂ,ਘੱਟਗਿਣਤੀਆਂ ਸਮੇਤ ਇਨ੍ਹਾਂ ਤਬਕਿਆਂ ਦੇ ਪੱਖ'ਚ ਆਵਾਜ਼ ਉਠਾਉਣ ਵਾਲੇ ਬੱਧੀਜੀਵੀਆਂ, ਲੇਖਕਾਂ,ਕਲਮਕਾਰਾਂ, ਜਮਹੂਰੀ ਕਾਰਕੁਨਾਂ,ਵਕੀਲਾਂ ਆਦਿ ਨੂੰ ਸਾਲਾਂ ਬੱਧੀ ਸਮੇਂ ਜੇਲ੍ਹੀਂ ਡੱਕਿਆ ਹੋਇਆ ਹੈ। ਮੋਦੀ ਹਕੂਮਤ ਦਾ ਵਿਰੋਧ ਕਰਨ ਵਾਲੀ ਹਰ ਲੋਕ ਪੱਖੀ ਆਵਾਜ ਨੂੰ ਅਰਬਨ ਨਕਸਲ ਦਾ ਨਾਂ ਦਿੱਤਾ ਜਾ ਰਿਹਾ ਹੈ। ਇਸ ਕਰਕੇ ਅੱਜ ਦਾ ਦੌਰ ਪਹਿਲਾਂ ਦੇ ਕਿਸੇ ਦੌਰ ਨਾਲੌਂ ਵੀ ਵੱਧ ਭਿਆਨਕ ਹੈ। ਆਰਥਿਕ ਸੰਕਟ ਹਾਕਮਾਂ ਵੱਲੌਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਹਾਕਮ ਇਸ ਆਰਥਿਕ ਸੰਕਟ ਦਾ ਬੋਝ ਆਮ ਲੋਕਾਈ ਉੱਪਰ ਜਬਰੀ ਮੜ੍ਹ ਰਹੇ ਹਨ। ਅਜਿਹੇ ਜਬਰ-ਜੁਲਮ ਦੇ ਤੌਰ ਤਰੀਕਿਆਂ ਦੇ ਬਾਵਜੂਦ ਵੀ ਲੋਕਾਂ ਦੇ ਹੱਕੀ ਸੰਘਰਸ਼ ਵੇਗ ਫੜ ਰਹੇ ਹਨ। ਇਸ ਲਈ ਹਕੂਮਤੀ ਗੱਦੀ ਉੱਪਰ ਭਾਵੇਂ ਕਿਸੇ ਵੀ ਰੰਗ,ਝੰਡੇ ਵਾਲੀ ਪਾਰਟੀ ਰਾਜ ਕਰਨ ਲੱਗ ਪਵੇ, ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀਆਂ ਨੀਤੀਆਂ ਉਹੀ ਰਹਿੰਦੀਆਂ ਹਨ। ਲੋਕਾਂ ਕੋਲ ਹੱਕੀ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਕਰਨਾ ਸਮੇਂ ਦੀ ਲੋੜ ਹੈ। ਇਸ ਲਈ ਆਗੂਆਂ ਨੇ ਸਭਨਾਂ ਇਨਸਾਫਪਸੰਦ ਜਮਹੂਰੀ ਸ਼ਕਤੀਆਂ, ਕਿਸਾਨਾਂ-,ਮਜ਼ਦੂਰਾਂ,ਨੌਜਵਾਨਾਂ, ਵਿਦਿਆਰਥੀਆਂ, ਸਾਹਿਤਕਾਰਾਂ,ਲੇਖਕਾਂ, ਰੰਗਕਰਮੀਆਂ ਨੂੰ 26 ਜੂਨ ਨੂੰ ਸਵੇਰ 9.30 ਹਸਪਤਾਲ ਪਾਰਕ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦੌ ਜ਼ੋਰਦਾਰ ਅਪੀਲ ਕੀਤੀ।- ਨਰਾਇਣ ਦੱਤ
ਸੰਪਰਕ: +91 84275 11770